ਰਵਾਇਤੀ ਖੇਤੀ ਤੋਂ ਹਟ ਕੇ ਨਵੀਂ ਸੋਚ ਦੀ ਮਿਸਾਲ
ਪੰਜਾਬ ਵਿੱਚ ਅੱਜ ਜਿੱਥੇ ਖੇਤੀਬਾੜੀ ਲਾਗਤਾਂ ਦੇ ਵਧਣ, ਪਾਣੀ ਦੇ ਡਿੱਗ ਰਹੇ ਪੱਧਰ ਅਤੇ ਰਵਾਇਤੀ ਫਸਲੀ ਚੱਕਰ (ਕਣਕ-ਝੋਨੇ) ਕਾਰਨ ਕਿਸਾਨੀ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਹੈ, ਉੱਥੇ ਹੀ ਕੁਝ ਅਜਿਹੇ ਅਗਾਂਹਵਧੂ ਕਿਸਾਨ ਵੀ ਹਨ ਜੋ ਆਪਣੀ ਮਿਹਨਤ ਅਤੇ ਨਵੀਂ ਸੋਚ ਸਦਕਾ ਖੇਤੀ ਨੂੰ ਲਾਭਦਾਇਕ ਧੰਦਾ ਬਣਾ ਰਹੇ ਹਨ। ਅਜਿਹੀ ਹੀ ਇੱਕ ਪ੍ਰੇਰਣਾਦਾਇਕ ਮਿਸਾਲ ਬਣ ਕੇ ਉੱਭਰੇ ਹਨ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਹਥੋਆ ਦੇ ਪ੍ਰਗਤੀਸ਼ੀਲ ਕਿਸਾਨ ਗੁਰਸਿਮਰਨ ਸਿੰਘ।
ਗੁਰਸਿਮਰਨ ਸਿੰਘ ਕੋਲ ਮਹਿਜ਼ ਚਾਰ ਏਕੜ ਜ਼ਮੀਨ ਹੈ, ਪਰ ਉਨ੍ਹਾਂ ਨੇ ਵਿਭਿੰਨਤਾ ਅਧਾਰਿਤ ਖੇਤੀ ਅਪਣਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਫ਼ਲ ਖੇਤੀ ਲਈ ਜ਼ਮੀਨ ਦਾ ਵੱਡਾ ਰਕਬਾ ਹੋਣਾ ਜ਼ਰੂਰੀ ਨਹੀਂ, ਸਗੋਂ ਸਹੀ ਯੋਜਨਾਬੰਦੀ, ਦੂਰਅੰਦੇਸ਼ੀ ਸੋਚ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੀ ਇੱਛਾ ਹੀ ਅਸਲ ਕੁੰਜੀ ਹੈ। ਗੁਰਸਿਮਰਨ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਲੇਰਕੋਟਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਾਇਆ। ਉਨ੍ਹਾਂ ਦੀ ਵਿਗਿਆਨਕ ਰਹਿਨੁਮਾਈ ਹੇਠ ਗੁਰਸਿਮਰਨ ਨੇ ਆਪਣੇ 4 ਏਕੜ ਦੇ ਖੇਤ ਨੂੰ ਇੱਕ ਸ਼ਾਨਦਾਰ ਬਹੁ-ਫਸਲੀ ਮਾਡਲ ਵਜੋਂ ਵਿਕਸਿਤ ਕੀਤਾ। ਅੱਜ ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਕਿਸਮਾਂ ਦੀਆਂ ਵਪਾਰਕ ਫਸਲਾਂ, ਦੁਰਲੱਭ ਔਸ਼ਧੀ ਬੂਟਿਆਂ (Medicinal Plants) ਅਤੇ ਉੱਚ ਗੁਣਵੱਤਾ ਵਾਲੇ ਫਲਦਾਰ ਪੌਦਿਆਂ ਦੀ ਸਫ਼ਲ ਕਾਸ਼ਤ ਕਰ ਰਹੇ ਹਨ। ਇਸ ਵਿਭਿੰਨਤਾ ਸਦਕਾ ਉਨ੍ਹਾਂ ਨੂੰ ਕਿਸੇ ਇੱਕ ਫਸਲ ਦੇ ਖ਼ਰਾਬ ਹੋਣ ਜਾਂ ਬਾਜ਼ਾਰ ਵਿੱਚ ਮੰਦਵਾੜਾ ਆਉਣ ਦਾ ਕੋਈ ਡਰ ਨਹੀਂ ਰਹਿੰਦਾ।
ਬਾਗਬਾਨੀ ਵਿੱਚ ਨਵੇਂ ਪ੍ਰਯੋਗ: ਐਵੋਕਾਡੋ, ਪੀਕਨ ਅਤੇ ਕੈਲੀਫੋਰਨੀਆ ਬਦਾਮ

ਗੁਰਸਿਮਰਨ ਸਿੰਘ ਦੇ ਬਾਗ ਵਿੱਚ ਆਮ ਫਲਾਂ ਦੀ ਬਜਾਏ ਅਜਿਹੇ ਫਲਦਾਰ ਪੌਦੇ ਲਗਾਏ ਗਏ ਹਨ, ਜਿਨ੍ਹਾਂ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਕੀਮਤ ਅਤੇ ਮੰਗ ਹੈ। ਉਨ੍ਹਾਂ ਦੇ ਬਾਗ ਵਿੱਚ ਮੁੱਖ ਤੌਰ ‘ਤੇ ਐਵੋਕਾਡੋ (Avocado), ਪੀਕਨ ਨੱਟ (Pecan Nut), ਜਪਾਨੀ ਫਲ (Persimmon) ਅਤੇ ਕੈਲੀਫੋਰਨੀਆ ਬਦਾਮ, ਨਿੰਬੂ, ਅਮਰੂਦ ਅਤੇ ਚੀਆ ਸੀਡ (Chia Seeds) ਸ਼ਾਮਲ ਹਨ। ਸੁਪਰਫੂਡ ਮੰਨਿਆ ਜਾਣ ਵਾਲਾ ਐਵੋਕਾਡੋ ਫਲ ਗੁਰਸਿਮਰਨ ਦੀ ਸਭ ਤੋਂ ਵੱਧ ਲਾਭਦਾਇਕ ਫਸਲ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 500 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ ਲਗਭਗ 300 ਰੁਪਏ ਪ੍ਰਤੀ ਫਲ ਤੱਕ ਮਿਲ ਜਾਂਦੀ ਹੈ। ਪੀਕਨ ਨੱਟ ਇੱਕ ਉੱਚ ਗੁਣਵੱਤਾ ਵਾਲਾ ਸੁੱਕਾ ਮੇਵਾ ਹੈ, ਜਿਸ ਦੀ ਭਾਰਤ ਵਿੱਚ ਮੰਗ ਲਗਾਤਾਰ ਵਧ ਰਹੀ ਹੈ। ਜਪਾਨੀ ਫਲ ਅਤੇ ਕੈਲੀਫੋਰਨੀਆ ਬਦਾਮ ਦੀ ਸਫ਼ਲ ਕਾਸ਼ਤ ਕਰਕੇ ਗੁਰਸਿਮਰਨ ਨੇ ਪੰਜਾਬ ਦੀ ਜਲਵਾਯੂ ਵਿੱਚ ਇੱਕ ਨਵਾਂ ਸਫ਼ਲ ਤਜਰਬਾ ਕੀਤਾ ਹੈ। ਇਸ ਤੋਂ ਇਲਾਵਾ, ਨਿੰਬੂ, ਅਮਰੂਦ ਅਤੇ ਚੀਆ ਸੀਡ ਫਸਲਾਂ ਰਾਹੀਂ ਉਹ ਸਾਲ ਭਰ ਨਕਦ ਆਮਦਨ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਵਪਾਰਕ ਪੱਧਰ ‘ਤੇ ਬਾਂਸ ਦੀ ਖੇਤੀ ਵੀ ਸ਼ੁਰੂ ਕੀਤੀ ਹੈ। ਬਾਂਸ ਦੀ ਵਰਤੋਂ ਕਈ ਉਦਯੋਗਾਂ ਵਿੱਚ ਹੁੰਦੀ ਹੈ ਅਤੇ ਇਸ ਦੀ ਲਗਾਤਾਰ ਵਧਦੀ ਮੰਗ ਉਨ੍ਹਾਂ ਲਈ ਆਮਦਨ ਦਾ ਇੱਕ ਪੱਕਾ ਅਤੇ ਲੰਮੇ ਸਮੇਂ ਦਾ ਸਰੋਤ ਬਣ ਗਈ ਹੈ।
ਮਧੂ ਮੱਖੀ ਪਾਲਣ ਦੇ ਦੋਹਰੇ ਲਾਭ

ਆਪਣੀ ਆਮਦਨ ਨੂੰ ਹੋਰ ਵਧਾਉਣ ਅਤੇ ਖੇਤੀ ਨੂੰ ਕੁਦਰਤੀ ਸੰਤੁਲਨ ਦੇਣ ਲਈ ਗੁਰਸਿਮਰਨ ਸਿੰਘ ਨੇ ਮਧੂ ਮੱਖੀ ਪਾਲਣ ਨੂੰ ਇੱਕ ਸਹਾਇਕ ਧੰਦੇ ਵਜੋਂ ਅਪਣਾਇਆ ਹੈ। ਇਸ ਦੇ ਉਨ੍ਹਾਂ ਨੂੰ ਦੋਹਰੇ ਫਾਇਦੇ ਮਿਲ ਰਹੇ ਹਨ; ਸ਼ੁੱਧ ਜੈਵਿਕ ਸ਼ਹਿਦ ਅਤੇ ਮੋਮ ਦੇ ਉਤਪਾਦਨ ਰਾਹੀਂ ਉਨ੍ਹਾਂ ਨੂੰ ਵਾਧੂ ਮੁਨਾਫ਼ਾ ਹੁੰਦਾ ਹੈ। ਖੇਤ ਵਿੱਚ ਮਧੂ ਮੱਖੀਆਂ ਹੋਣ ਕਾਰਨ ਫਲਦਾਰ ਬੂਟਿਆਂ ਅਤੇ ਹੋਰ ਫਸਲਾਂ ਵਿੱਚ ਪਰਾਗਣ ਦੀ ਪ੍ਰਕਿਰਿਆ ਬਹੁਤ ਬਿਹਤਰ ਹੁੰਦੀ ਹੈ, ਜਿਸ ਨਾਲ ਫਲਾਂ ਦੀ ਗੁਣਵੱਤਾ ਅਤੇ ਕੁੱਲ ਉਤਪਾਦਨ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
“ਸੋਨਾਮੋਤੀ” ਕਣਕ ਜਿਹੜੀ ਵਿਕਦੀ ਹੈ 9,000 ਰੁਪਏ ਪ੍ਰਤੀ ਕੁਇੰਟਲ
ਹਾੜੀ ਦੇ ਸੀਜ਼ਨ ਦੌਰਾਨ ਗੁਰਸਿਮਰਨ ਸਿੰਘ ਰਵਾਇਤੀ ਕਣਕ ਬੀਜਣ ਦੀ ਬਜਾਏ ਪੁਰਾਤਨ ਅਤੇ ਜੈਵਿਕ ਕਿਸਮ “ਸੋਨਾਮੋਤੀ” ਕਣਕ ਦੀ ਕਾਸ਼ਤ ਕਰਦੇ ਹਨ। ਇਹ ਕਣਕ ਆਪਣੇ ਉੱਚ ਪੌਸ਼ਟਿਕ ਤੱਤਾਂ ਅਤੇ ਸਿਹਤ ਲਾਭਾਂ ਲਈ ਜਾਣੀ ਜਾਂਦੀ ਹੈ। ਉਹ ਇਸ ਦੀ ਖੇਤੀ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਕਰਦੇ ਹਨ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਰਸਾਇਣਕ ਖਾਦ ਜਾਂ ਕੀਟਨਾਸ਼ਕ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਿਹਤ ਪ੍ਰਤੀ ਜਾਗਰੂਕ ਖਪਤਕਾਰਾਂ ਵੱਲੋਂ ਇਸ ਕਣਕ ਦੀ ਭਾਰੀ ਮੰਗ ਹੈ, ਜਿਸ ਸਦਕਾ ਇਹ ਬਾਜ਼ਾਰ ਵਿੱਚ ਲਗਭਗ 9,000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਦੀ ਹੈ। ਇਹ ਰਵਾਇਤੀ ਕਣਕ ਦੇ ਸਰਕਾਰੀ ਰੇਟ ਨਾਲੋਂ ਕਈ ਗੁਣਾ ਵਧੇਰੇ ਹੈ।
ਖੇਤੀਬਾੜੀ ਅਤੇ ਬਾਗਬਾਨੀ ਦੇ ਨਾਲ-ਨਾਲ ਗੁਰਸਿਮਰਨ ਸਿੰਘ ਇੱਕ ਆਧੁਨਿਕ ਨਰਸਰੀ ਵੀ ਚਲਾ ਰਹੇ ਹਨ। ਇਸ ਨਰਸਰੀ ਵਿੱਚ ਉਹ ਵੱਖ-ਵੱਖ ਉੱਚ ਮੁੱਲ ਵਾਲੀਆਂ ਫਸਲਾਂ, ਵਿਦੇਸ਼ੀ ਫਲਾਂ ਅਤੇ ਔਸ਼ਧੀ ਪੌਦਿਆਂ ਦੇ ਉੱਚ ਗੁਣਵੱਤਾ ਵਾਲੇ ਬੂਟੇ ਖੁਦ ਤਿਆਰ ਕਰਦੇ ਹਨ। ਇਹ ਨਰਸਰੀ ਆਸ-ਪਾਸ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੌਦਿਆਂ ਦੀ ਵਿਕਰੀ ਉਨ੍ਹਾਂ ਦੀ ਮਾਸਿਕ ਆਮਦਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸਥਿਰ ਸਰੋਤ ਹੈ। ਗੁਰਸਿਮਰਨ ਸਿੰਘ ਸਿਰਫ਼ ਖੁਦ ਮੁਨਾਫ਼ਾ ਨਹੀਂ ਕਮਾ ਰਹੇ, ਬਲਕਿ ਉਹ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੋਰਨਾਂ ਕਿਸਾਨਾਂ ਦਾ ਮਾਰਗਦਰਸ਼ਨ ਵੀ ਕਰ ਰਹੇ ਹਨ। ਉਨ੍ਹਾਂ ਦੇ ਫਾਰਮ ‘ਤੇ ਅਕਸਰ ਆਸ-ਪਾਸ ਦੇ ਇਲਾਕਿਆਂ ਤੋਂ ਕਿਸਾਨ ਵਿਭਿੰਨਤਾ ਖੇਤੀ ਦੇ ਗੁਰ ਸਿੱਖਣ ਆਉਂਦੇ ਹਨ। ਉਹ ਨੌਜਵਾਨ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਚੱਕਰ ਵਿੱਚੋਂ ਨਿਕਲ ਕੇ ਉੱਚ ਮੁੱਲ ਵਾਲੀਆਂ ਫਸਲਾਂ, ਬਾਗਬਾਨੀ ਅਤੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ।
ਸਾਨੂੰ ਬਾਜ਼ਾਰ ਦੀ ਮੰਗ ਮੁਤਾਬਕ ਆਪਣੀ ਫ਼ਸਲ ਚੁਣਨੀ ਚਾਹੀਦੀ- ਗੁਰਸਿਮਰਨ ਸਿੰਘ

ਆਪਣੇ ਤਜ਼ਰਬੇ ਸਾਂਝੇ ਕਰਦਿਆਂ ਗੁਰਸਿਮਰਨ ਸਿੰਘ ਦਾ ਕਹਿਣਾ ਹੈ, “ਜੇਕਰ ਕਿਸਾਨ ਵੀਰ ਸਿਰਫ਼ ਕਣਕ-ਝੋਨੇ ‘ਤੇ ਨਿਰਭਰ ਰਹਿਣ ਦੀ ਬਜਾਏ ਬਾਗਬਾਨੀ, ਜੈਵਿਕ ਖੇਤੀ, ਨਰਸਰੀ ਅਤੇ ਮਧੂ ਮੱਖੀ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਇੱਕੋ ਸਮੇਂ ਅਪਣਾਉਣ, ਤਾਂ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਖੇਤੀ ਨੂੰ ਇੱਕ ਲਾਭਕਾਰੀ, ਸੁਰੱਖਿਅਤ ਅਤੇ ਟਿਕਾਊ ਕਾਰੋਬਾਰ ਵਿੱਚ ਬਦਲਿਆ ਜਾ ਸਕਦਾ ਹੈ। ਸਾਨੂੰ ਬਾਜ਼ਾਰ ਦੀ ਮੰਗ ਮੁਤਾਬਕ ਆਪਣੀ ਫ਼ਸਲ ਚੁਣਨੀ ਚਾਹੀਦੀ ਹੈ।” ਪਿੰਡ ਹਥੋਆ ਦੇ ਇਸ ਨੌਜਵਾਨ ਕਿਸਾਨ ਦੀ ਇਹ ਵੱਡੀ ਸਫ਼ਲਤਾ ਪੰਜਾਬ ਦੇ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਇੱਕ ਚਾਨਣ ਮੁਨਾਰਾ ਹੈ। ਇਹ ਮਾਡਲ ਸਾਬਤ ਕਰਦਾ ਹੈ ਕਿ ਜੇਕਰ ਵਿਗਿਆਨਕ ਤਰੀਕੇ ਅਤੇ ਸਹੀ ਮੰਡੀਕਰਨ ਨਾਲ ਖੇਤੀ ਕੀਤੀ ਜਾਵੇ, ਤਾਂ 4 ਏਕੜ ਵਰਗੇ ਛੋਟੇ ਰਕਬੇ ਵਿੱਚੋਂ ਵੀ ਲੱਖਾਂ ਰੁਪਏ ਦੀ ਸਾਲਾਨਾ ਸ਼ੁੱਧ ਆਮਦਨ ਹਾਸਲ ਕੀਤੀ ਜਾ ਸਕਦੀ ਹੈ।



Leave a Comment