Punjabs declining groundwater level

ਪੰਜਾਬ ਦਾ ਡਿੱਗ ਰਿਹਾ ਭੂ-ਜਲ ਪੱਧਰ ਵੱਡੀ ਚਿੰਤਾ; ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਲੋੜ

15 ਤੋਂ 20 ਫ਼ੀਸਦੀ ਪਾਣੀ ਦੀ ਬਚਤ ਅਤੇ 1500 ਰੁਪਏ ਪ੍ਰਤੀ ਏਕੜ ਸਰਕਾਰੀ ਪ੍ਰੋਤਸਾਹਨ ਰਾਸ਼ੀ ਦਾ ਲਾਹਾ ਲੈਣ ਦੀ ਅਪੀਲ

ਪੰਜਾਬ, ਜਿਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਹੈ, ਅੱਜ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਜਲ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸੂਬੇ ਦਾ ਧਰਤੀ ਹੇਠਲਾ ਪਾਣੀ ਦਿਨ-ਪ੍ਰਤੀ-ਦਿਨ ਬਹੁਤ ਹੀ ਚਿੰਤਾਜਨਕ ਪੱਧਰ ‘ਤੇ ਹੇਠਾਂ ਜਾ ਰਿਹਾ ਹੈ। ਵਿਗਿਆਨੀਆਂ ਅਤੇ ਮਾਹਿਰਾਂ ਮੁਤਾਬਕ ਜੇਕਰ ਪਾਣੀ ਦੀ ਬਰਬਾਦੀ ਨੂੰ ਤੁਰੰਤ ਨਾ ਰੋਕਿਆ ਗਿਆ, ਤਾਂ ਆਉਣ ਵਾਲੇ ਕੁਝ ਦਹਾਕਿਆਂ ਵਿੱਚ ਪੰਜਾਬ ਬੰਜਰ ਹੋਣ ਦੀ ਕਗਾਰ ‘ਤੇ ਪਹੁੰਚ ਜਾਵੇਗਾ।

highest water consumption
Pic Credit : Social Media

ਪੰਜਾਬ ਵਿੱਚ ਪਾਣੀ ਦੀ ਸਭ ਤੋਂ ਵੱਧ ਖਪਤ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੇ ਸੀਜ਼ਨ ਦੌਰਾਨ ਹੁੰਦੀ ਹੈ। ਰਵਾਇਤੀ ਤਰੀਕੇ (ਕੱਦੂ ਕਰਕੇ ਝੋਨਾ ਲਗਾਉਣਾ) ਵਿੱਚ ਖੇਤਾਂ ਨੂੰ ਕਈ-ਕਈ ਦਿਨ ਪਾਣੀ ਨਾਲ ਨੱਕੋ-ਨੱਕ ਭਰ ਕੇ ਰੱਖਣਾ ਪੈਂਦਾ ਹੈ, ਜਿਸ ਕਾਰਨ ਅਰਬਾਂ ਲੀਟਰ ਕੀਮਤੀ ਪਾਣੀ ਹਵਾ ਵਿੱਚ ਉੱਡ ਜਾਂਦਾ ਹੈ ਜਾਂ ਬੇਵਜ੍ਹਾ ਬਰਬਾਦ ਹੁੰਦਾ ਹੈ।

ਇਸ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਖੇਤੀਬਾੜੀ ਮਾਹਿਰਾਂ ਅਤੇ ਸਰਕਾਰ ਵੱਲੋਂ ‘ਝੋਨੇ ਦੀ ਸਿੱਧੀ ਬਿਜਾਈ’ ਖ਼ਾਸ ਕਰਕੇ ‘ਤੱਰ-ਵਤੱਰ ਵਿਧੀ’ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਪਾਣੀ ਬਚਾਉਣ ਦੇ ਨਾਲ-ਨਾਲ ਖੇਤੀ ਲਾਗਤ ਘਟਾਉਣ ਵਿੱਚ ਵੀ ਸੰਜੀਵਨੀ ਸਿੱਧ ਹੋ ਰਹੀ ਹੈ।

ਕੀ ਹੈ ਝੋਨੇ ਦੀ ‘ਤੱਰ-ਵਤੱਰ’ ਵਿਧੀ ਅਤੇ ਇਸ ਦੀ ਕਾਰਜ ਪ੍ਰਣਾਲੀ?

Tar Vattar method of paddy
Pic Credit : The Tribune

ਖੇਤੀਬਾੜੀ ਵਿਕਾਸ ਅਫਸਰ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਤੱਰ-ਵਤੱਰ ਵਿਧੀ ਸਿੱਧੀ ਬਿਜਾਈ ਦਾ ਸਭ ਤੋਂ ਉੱਨਤ ਅਤੇ ਸੁਰੱਖਿਅਤ ਤਰੀਕਾ ਹੈ। ਇਸ ਵਿਧੀ ਵਿੱਚ ਪਹਿਲਾਂ ਖੇਤ ਨੂੰ ਪਾਣੀ (ਰੌਣੀ) ਦਿੱਤਾ ਜਾਂਦਾ ਹੈ। ਜਦੋਂ ਖੇਤ ‘ਤੱਰ-ਵਤੱਰ’ (ਯਾਨੀ ਕਿ ਹਲਕੀ ਨਮੀ ਅਤੇ ਵਾਹੁਣ ਯੋਗ) ਹਾਲਤ ਵਿੱਚ ਆ ਜਾਂਦਾ ਹੈ, ਤਾਂ ਵਿਸ਼ੇਸ਼ ਡੀ.ਐਸ.ਆਰ. ਡਰਿੱਲ (DSR Drill) ਮਸ਼ੀਨ ਦੀ ਮਦਦ ਨਾਲ ਝੋਨੇ ਦੇ ਬੀਜ ਦੀ ਸਿੱਧੀ ਬਿਜਾਈ ਕਰ ਦਿੱਤੀ ਜਾਂਦੀ ਹੈ। ਬਿਜਾਈ ਦੇ ਤੁਰੰਤ ਬਾਅਦ ਖੇਤ ਵਿੱਚ ਨਦੀਨਾਂ (ਘਾਹ-ਫੂਸ) ਨੂੰ ਉੱਗਣ ਤੋਂ ਰੋਕਣ ਲਈ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਨਦੀਨਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ।

ਤੱਰ-ਵਤੱਰ ਵਿਧੀ, ਇਸ ਤਕਨੀਕ ਦੇ ਸਭ ਤੋਂ ਵੱਡੇ ਫਾਇਦੇ ਪਾਣੀ ਦੀ ਬਚਤ ਅਤੇ ਜ਼ਮੀਨੀ ਸਿਹਤ ਦੇ ਸੁਧਾਰ ਨਾਲ ਜੁੜੇ ਹੋਏ ਹਨ। ਇਸ ਤੱਰ-ਵਤੱਰ ਵਿਧੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਝੋਨੇ ਦੀ ਬਿਜਾਈ ਤੋਂ ਬਾਅਦ ਪਹਿਲਾ ਪਾਣੀ 21 ਦਿਨਾਂ (ਤਿੰਨ ਹਫ਼ਤਿਆਂ) ਬਾਅਦ ਲਗਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਰਵਾਇਤੀ ਝੋਨੇ ਵਾਂਗ ਖੇਤ ਵਿੱਚ ਪਾਣੀ ਖੜ੍ਹਾ ਰੱਖਣ ਦੀ ਬਿਲਕੁਲ ਲੋੜ ਨਹੀਂ ਪੈਂਦੀ, ਜਿਸ ਨਾਲ ਲਗਭਗ 15 ਤੋਂ 20 ਫ਼ੀਸਦੀ ਪਾਣੀ ਦੀ ਸਿੱਧੀ ਬਚਤ ਹੁੰਦੀ ਹੈ। ਕਿਉਂਕਿ ਇਸ ਵਿਧੀ ਵਿੱਚ ਖੇਤ ਨੂੰ ਕੱਦੂ (ਟਰੈਕਟਰ ਨਾਲ ਗਾਰਾ) ਨਹੀਂ ਕੀਤਾ ਜਾਂਦਾ, ਇਸ ਲਈ ਜ਼ਮੀਨ ਦੇ ਅੰਦਰੂਨੀ ਮਸਾਮ ਬੰਦ ਨਹੀਂ ਹੁੰਦੇ। ਨਤੀਜੇ ਵਜੋਂ, ਬਰਸਾਤ ਦਾ ਪਾਣੀ ਜ਼ਮੀਨ ਦੇ ਅੰਦਰ ਆਸਾਨੀ ਨਾਲ ਚਲਾ ਜਾਂਦਾ ਹੈ। ਮਾਹਿਰਾਂ ਅਨੁਸਾਰ ਇਸ ਨਾਲ ਧਰਤੀ ਹੇਠਲਾ ਪਾਣੀ 10 ਤੋਂ 12 ਫ਼ੀਸਦੀ ਜ਼ਿਆਦਾ ਰੀਚਾਰਜ ਹੁੰਦਾ ਹੈ, ਜੋ ਜ਼ਮੀਨੀ ਪਾਣੀ ਦੇ ਪੱਧਰ ਨੂੰ ਹੋਰ ਡੂੰਘਾ ਹੋਣ ਤੋਂ ਬਚਾਉਣ ਵਿੱਚ ਮਦਦਗਾਰ ਹੈ।

ਖ਼ਰਚੇ ਘੱਟ, ਮੁਨਾਫ਼ਾ ਵੱਧ

Less expenses more profits
Pic Credit : Skyhawktimes

ਆਪਣੇ ਖੇਤਾਂ ਵਿੱਚ ਸਿੱਧੀ ਬਿਜਾਈ ਕਰਨ ਵਾਲੇ ਅਗਾਂਹਵਧੂ ਕਿਸਾਨ ਲਵਰਿੰਦਰ ਸਿੰਘ ਮੁੰਡੀ ਨੇ ਆਪਣੇ ਨਿਜੀ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਵਿਧੀ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੀ ਹੈ; ਅੱਜ-ਕੱਲ੍ਹ ਝੋਨੇ ਦੀ ਲੁਆਈ ਵੇਲੇ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਕਿੱਲਤ ਹੁੰਦੀ ਹੈ ਅਤੇ ਲੁਆਈ ਦੇ ਰੇਟ ਬਹੁਤ ਵੱਧ ਜਾਂਦੇ ਹਨ। ਸਿੱਧੀ ਬਿਜਾਈ ਮਸ਼ੀਨ ਨਾਲ ਹੋਣ ਕਾਰਨ ਮਜ਼ਦੂਰਾਂ ਦੀ ਲੋੜ ਬਹੁਤ ਘੱਟ ਪੈਂਦੀ ਹੈ, ਜਿਸ ਨਾਲ ਪ੍ਰਤੀ ਏਕੜ ਹਜ਼ਾਰਾਂ ਰੁਪਏ ਦੀ ਬਚਤ ਹੁੰਦੀ ਹੈ।

plough the field
Pic Credit : Bhaskar

ਖੇਤ ਨੂੰ ਕੱਦੂ ਕਰਨ ਲਈ ਟਰੈਕਟਰ ਕਈ-ਕਈ ਘੰਟੇ ਚਲਾਉਣਾ ਪੈਂਦਾ ਹੈ, ਜਿਸ ਨਾਲ ਡੀਜ਼ਲ ਫੂਕਦਾ ਹੈ। ਸਿੱਧੀ ਬਿਜਾਈ ਵਿੱਚ ਕੱਦੂ ਨਾ ਕਰਨ ਕਰਕੇ ਡੀਜ਼ਲ ਅਤੇ ਟਿਊਬਵੈੱਲ ਚਲਾਉਣ ਵਾਲੀ ਬਿਜਲੀ ਦੋਵਾਂ ਦੀ ਵੱਡੀ ਬਚਤ ਹੁੰਦੀ ਹੈ। ਲਵਰਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੁੰਦੀ ਹੈ, ਉੱਥੇ ਜ਼ਮੀਨ ਦੀ ਸਖ਼ਤ ਪਰਤ (Hard Pan) ਨਹੀਂ ਬਣਦੀ। ਇਸ ਕਾਰਨ ਅਗਲੀ ਫਸਲ ਕਣਕ ਦੀਆਂ ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ ਜਾਂਦੀਆਂ ਹਨ, ਜਿਸ ਨਾਲ ਕਣਕ ਦਾ ਝਾੜ ਵੀ ਰਵਾਇਤੀ ਖੇਤਾਂ ਦੇ ਮੁਕਾਬਲੇ ਵਧੇਰੇ ਨਿਕਲਦਾ ਹੈ।

ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨਗੇ, ਉਨ੍ਹਾਂ ਨੂੰ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ (ਸਬਸਿਡੀ) ਦਿੱਤੀ ਜਾਵੇਗੀ।

ਅਧਿਕਾਰੀਆਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਿੱਤੀ ਸਹਾਇਤਾ ਦਾ ਲਾਭ ਲੈਣ ਲਈ ਕਿਸਾਨਾਂ ਵਾਸਤੇ ਖੇਤੀਬਾੜੀ ਵਿਭਾਗ ਦੇ ਨਿਰਧਾਰਿਤ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਬਿਜਾਈ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਵੱਲੋਂ ਖੇਤਾਂ ਦੀ ਮੌਕੇ ‘ਤੇ ਜਾ ਕੇ ਵੈਰੀਫਿਕੇਸ਼ਨ (ਪੜਤਾਲ) ਕੀਤੀ ਜਾਵੇਗੀ, ਜਿਸ ਉਪਰੰਤ 1500 ਰੁਪਏ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

ਸਿੱਧੀ ਬਿਜਾਈ ਵੇਲੇ ਰੱਖਣਯੋਗ ਸਾਵਧਾਨੀਆਂ

Precautions to be taken during direct sowing
Pic Credit : The Indian Express

ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ, ਸਿੱਧੀ ਬਿਜਾਈ ਨੂੰ ਸਫ਼ਲ ਬਣਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ; ਖੇਤ ਪੂਰੀ ਤਰ੍ਹਾਂ ਸਮਤਲ ਹੋਣਾ ਚਾਹੀਦਾ ਹੈ ਤਾਂ ਜੋ ਨਮੀ ਅਤੇ ਪਾਣੀ ਸਾਰੇ ਖੇਤ ਵਿੱਚ ਇੱਕਸਾਰ ਰਹੇ। ਬੀਜ ਹਮੇਸ਼ਾ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਹੀ ਲਿਆ ਜਾਵੇ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧਣਾ (Treat) ਜ਼ਰੂਰੀ ਹੈ।

ਬਿਜਾਈ ਦੇ ਤੁਰੰਤ ਬਾਅਦ (24 ਘੰਟਿਆਂ ਦੇ ਅੰਦਰ) ਨਮੀ ਵਾਲੇ ਖੇਤ ਵਿੱਚ ਨਦੀਨਨਾਸ਼ਕ ਸਪਰੇਅ ਬਹੁਤ ਧਿਆਨ ਨਾਲ ਅਤੇ ਸਹੀ ਮਾਤਰਾ ਵਿੱਚ ਕਰਨੀ ਚਾਹੀਦੀ ਹੈ, ਤਾਂ ਜੋ ਬਾਅਦ ਵਿੱਚ ਘਾਹ ਦੀ ਸਮੱਸਿਆ ਨਾ ਆਵੇ। ਕਈ ਵਾਰ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਲੋਹੇ (Iron) ਦੀ ਘਾਟ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ। ਇਸ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਫ਼ੇਰਸ ਸਲਫ਼ੇਟ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਅਹਿਮ ਜ਼ਰੀਆ ਝੋਨੇ ਦੀ ਸਿੱਧੀ ਬਿਜਾਈ

Direct sowing of paddy
Pic Credit : The Indian Express

ਝੋਨੇ ਦੀ ਸਿੱਧੀ ਬਿਜਾਈ ਸਿਰਫ ਪਾਣੀ ਬਚਾਉਣ ਦਾ ਇੱਕ ਤਰੀਕਾ ਨਹੀਂ, ਸਗੋਂ ਪੰਜਾਬ ਦੀ ਖੇਤੀ ਅਤੇ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਇੱਕ ਅਹਿਮ ਜ਼ਰੀਆ ਹੈ। ਪਿੰਡ ਸਿੱਲ ਦੇ ਕਿਸਾਨ ਲਵਰਿੰਦਰ ਸਿੰਘ ਮੁੰਡੀ ਵਰਗੇ ਅਗਾਂਹਵਧੂ ਸੋਚ ਵਾਲੇ ਕਿਸਾਨ ਅੱਜ ਦੇ ਸਮੇਂ ਦੇ ਅਸਲੀ ਨਾਇਕ ਹਨ, ਜੋ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ।

ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰੰਪਰਾਗਤ ਢੰਗਾਂ ਨੂੰ ਛੱਡ ਕੇ ਵਿਗਿਆਨਕ ਤਰੀਕੇ ਅਪਣਾਉਣ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ, ਪਾਣੀ ਦੀ ਬਚਤ ਕਰਨ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ 1500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਾ ਵੱਧ ਤੋਂ ਵੱਧ ਲਾਹਾ ਲੈਣ। ਜੇਕਰ ਅੱਜ ਅਸੀਂ ਪਾਣੀ ਬਚਾਵਾਂਗੇ, ਤਾਂ ਹੀ ਪੰਜਾਬ ਦਾ ਸੁਨਹਿਰੀ ਭਵਿੱਖ ਬਚੇਗਾ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *