1705 ਈਸਵੀ ਛੇ ਤੇ ਸੱਤ ਪੋਹ ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਗੜ੍ਹ ਸਾਹਿਬ ਦੇ ਕਿਲ੍ਹੇ ਨੂੰ ਅਲਵਿਦਾ ਕਹਿਣਾ ਪਿਆ। ਬਹੁਤ ਸਾਰੀ ਸੈਨਾ ਨੇ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਦੁਸ਼ਮਣਾਂ ਦੀ ਸੈਨਾ ਨੇ ਆਨੰਦਪੁਰ ਸਾਹਿਬ ਸ਼ਹਿਰ ਦੇ ਘਰਾਂ ਨੂੰ ਤਬਾਹ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਏ ਗਏ ਕਿਲਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਸ਼ਹਿਰ ਅੰਦਰ ਬਣੇ ਸਾਰੇ ਸਥਾਨ ਜੋ ਸਿੱਖ ਗੁਰੂਆਂ ਨਾਲ ਸੰਬੰਧਿਤ ਸਨ ਤਬਾਹ ਕਰ ਦਿੱਤੇ ਗਏ। ਰਾਜਾ ਅਜਮੇਰ ਚੰਦ ਦੀ ਫੌਜ ਨੇ ਭਾਵੇਂ ਅਨੰਦਪੁਰ ਸਾਹਿਬ ਸ਼ਹਿਰ ਤਬਾਹ ਕਰ ਦਿੱਤਾ ਸੀ, ਪਰ ਰਾਜਾ ਅਜਮੇਰ ਚੰਦ ਇੱਥੇ ਸ਼ਹਿਰ ਵਿੱਚ ਨਾ ਠਹਿਰਿਆ, ਕਿਉਂਕਿ ਉਸ ਨੂੰ ਗੁਰੂ ਦੇ ਵਾਪਸ ਆਉਣ ਦਾ ਡਰ ਸੀ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮਹਾਤਮਾ ਭਾਈ ਗੁਰਬਖਸ਼ ਦਾਸ ਨੂੰ ਜੋ ਮਹਾਦੇਵ ਉਦਾਸੀ ਸਾਧੂ ਦਾ ਚੇਲਾ ਸੀ ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦਾ ਰਖਵਾਲਾ ਥਾਪ ਗਏ ਸਨ। ਗੁਰਬਖਸ਼ ਦਾਸ ਨੂੰ ਹੀ ਸੀਸਗੰਜ ਸਾਹਿਬ ਤੇ ਗੁਰੂ ਕੇ ਮਹਿਲਾਂ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਸੀ। ਗੁਰਬਖਸ਼ ਦਾਸ ਇਹਨਾਂ ਸਥਾਨਾਂ ਤੇ ਗੁਰੂ ਦੀ ਬੰਦਗੀ ਕਰਦਾ ਰਿਹਾ। ਰੋਜ਼ ਇਹਨਾਂ ਸਥਾਨਾਂ ਤੇ ਦੀਵਾ ਜਲਾਉਂਦਾ ਰਿਹਾ। ਮੁਗਲਾਂ ਤੇ ਪਹਾੜੀ ਰਾਜਿਆਂ ਦੇ ਬਚਨਾਂ ਮੁਤਾਬਕ ਗੁਰੂ ਜੀ ਨਾਲ ਉਹਨਾਂ ਨੇ ਕੁਰਾਨ ਦੀਆਂ ਸੋਹਾਂ ਖਾ ਕੇ ਇਕਰਾਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਤੇ ਪਰਿਵਾਰ ਸਮੇਤ ਅਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡ ਦੇਣ ਤਾਂ ਉਹਨਾਂ ਦੀ ਸੈਨਾ ਬਿਨਾਂ ਕਿਸੇ ਰੋਕ ਟੋਕ ਤੋਂ ਗੁਰੂ ਜੀ ਨੂੰ ਇੱਥੋਂ ਜਾਣ ਦੇਵੇਗੀ। ਛੇ ਤੇ ਸੱਤ ਪੋਹ ਦੀ ਰਾਤ ਨੂੰ ਗੁਰੂ ਜੀ ਨੇ ਆਪਣੇ ਪਰਿਵਾਰ ਤੇ ਸਿੱਖਾਂ ਸਮੇਤ ਕਿਲ੍ਹਾ ਛੱਡਿਆ ਹੀ ਸੀ ਮੁਗਲ ਸੈਨਾ ਤੇ ਪਹਾੜੀ ਸੈਨਾ ਨੇ ਆਪਣੇ ਕੀਤੇ ਕੌਲ ਨਾ ਨਿਭਾਏ ਤੇ ਪਿੱਛੋਂ ਆਪਣੀ ਸੈਨਾ ਸਮੇਤ ਗੁਰੂ ਜੀ ਤੇ ਉਹਨਾਂ ਦੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਗੁਰੂ ਜੀ ਦੇ ਸਿੱਖ ਲੜਦੇ ਸ਼ਹੀਦੀਆਂ ਪਾਉਂਦੇ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ। ਸਰਸਾ ਪੂਰੇ ਰੋਹ ਵਿੱਚ ਸੀ। ਪਾਣੀ ਇੰਨਾ ਜਿਆਦਾ ਸੀ ਕਿ ਕਿਸੇ ਨੂੰ ਵੀ ਵਹਾਅ ਕੇ ਲੈ ਜਾਂਦਾ। ਪਿੱਛੋਂ ਭਾਰੀ ਫੌਜ ਆਉਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ। ਤੇਜ ਵਹਾਅ ਕਾਰਨ ਗੁਰੂ ਜੀ ਦਾ ਪਰਿਵਾਰ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰੇ ਸਿੱਖ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਏ। ਗੁਰੂ ਜੀ ਦਾ ਖਜ਼ਾਨਾ ਜੋ ਕਿ ਉਹਨਾਂ ਦੀਆਂ ਲਿਖਤਾਂ ਸੀ, ਇਸ ਸਰਸੇ ਦੇ ਵਹਾਅ ਦੇ ਵਿੱਚ ਰੁੜ ਗਿਆ । ਬਹੁਤ ਸਾਰੇ ਸਿੱਖ ਸਰਸਾ ਦੇ ਕੰਢੇ ਮੁਗਲਾਂ ਤੇ ਪਹਾੜੀ ਸੈਨਾ ਦੇ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ। ਗੁਰੂ ਜੀ 40 ਸਿੱਖਾਂ ਦੇ ਨਾਲ ਰੋਪੜ ਵੱਲ ਨੂੰ ਹੋ ਤੁਰੇ। ਮਹਿਲ ਮਾਤਾਵਾਂ ਤੇ ਭਾਈ ਮਨੀ ਸਿੰਘ ਦਿੱਲੀ ਵੱਲ ਹੋ ਤੁਰੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਤਲੁਜ ਅਤੇ ਸਰਸਾ ਦੇ ਸਾਂਝੇ ਪੱਤਣ ਤੇ ਕੁੰਮੇ ਮਾਸ਼ਕੀ ਦੀ ਝੁੰਗੀ ਵਿੱਚ ਪਹੁੰਚੇ। ਇਸੇ ਝੁੰਗੀ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਮੁਸਾਫਰੀ ਦੀ ਪਹਿਲੀ ਰਾਤ ਕੱਟੀ।

ਸਰਸਾ ਨਦੀ ਦੇ ਕੰਢੇ ਵਿਛੋੜਾ ਪੈ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਦੇ ਨਾਲ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ ਤਾਂ ਚਮਕੌਰ ਸਾਹਿਬ ਦੇ ਵਿੱਚ ਚੌਧਰੀ ਰੂਪ ਚੰਦ ਜੋ ਕਿ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ, ਉਸ ਦੀ ਗੜ੍ਹੀ ਵਿੱਚ ਪਹੁੰਚ ਗਏ। ਚੌਧਰੀ ਰੂਪ ਚੰਦ ਦੇ ਵੱਡੇ ਵਡੇਰੇ ਮਹਿਮੂਦ ਗਜਨਵੀ ਦੇ ਸਮੇਂ ਰਾਜਸਥਾਨ ਤੋਂ ਇੱਥੇ ਆਏ ਸਨ। ਚੌਧਰੀ ਰੂਪ ਚੰਦ ਜਦੋਂ ਵੀ ਕਦੇ ਮਾਤਾ ਨੈਣਾ ਦੇਵੀ ਦੇ ਮੱਥਾ ਟੇਕਣ ਲਈ ਜਾਂਦਾ ਤਾਂ ਰਾਹ ਵਿੱਚ ਉਹ ਗੁਰੂ ਘਰ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਵਿੱਚ ਠਹਿਰਦਾ ਸੀ। ਚੌਧਰੀ ਰੂਪ ਚੰਦ ਦੇ ਗੁਰੂ ਪਰਿਵਾਰ ਨਾਲ ਵੀ ਗੂੜੇ ਸੰਬੰਧ ਸਨ। ਇਤਿਹਾਸਕ ਪੰਨਿਆਂ ਤੋਂ ਪਤਾ ਲੱਗਦਾ ਹੈ ਕਿ ਚੌਧਰੀ ਰੂਪ ਚੰਦ ਇੱਕ ਤਕੜਾ ਜ਼ਿਮੀਂਦਾਰ ਸੀ ਤੇ ਉਸ ਕੋਲ 60 ਤੋਂ 65 ਪਿੰਡਾਂ ਦੀ ਜਗੀਰ ਵੀ ਸੀ। ਜਦੋਂ ਪਾਣੀ ਠੱਲ ਗਿਆ ਪਹਾੜੀ ਤੇ ਮੁਗਲਾਂ ਦੀਆਂ ਫੌਜਾਂ ਆ ਚਮਕੌਰ ਨੂੰ ਘੇਰ ਬੈਠੀਆਂ। ਗੁਰੂ ਜੀ ਤੇ ਉਹਨਾਂ ਦੇ ਸਿੱਖ ਤੇ ਵੱਡੇ ਦੋਵੇਂ ਸਾਹਿਬਜ਼ਾਦੇ ਗੜ੍ਹੀ ਦੇ ਅੰਦਰ ਸਨ।

ਚਮਕੌਰ ਜੰਗ ਮਚ ਪਈ। ਚਮਕੌਰ ਦਾ ਇਹ ਯੁੱਧ ਸੰਸਾਰ ਦੀਆਂ ਬੇਜੋਰ, ਬੇਮਿਸਾਲ ਅਤੇ ਅਣਗੋਲੀਆਂ ਜੰਗਾਂ ਵਿੱਚੋਂ ਇੱਕ, ਅਤੀ ਮਹੱਤਵਪੂਰਨ ਮਨੁੱਖੀ ਰੂਹਾਂ ਨੂੰ ਗਰਮਾਉਣ ਵਾਲਾ ਅਤੇ ਸੁੱਤੀਆਂ ਕੌਮਾਂ ਨੂੰ ਜਗਾਉਣ ਵਾਲਾ ਯੁੱਧ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੇ ਨਾਲ ਤੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਗੜ੍ਹੀ ਦੇ ਅੰਦਰ ਵਸੇਰਾ ਤਾਂ ਕਰ ਲਿਆ, ਪਰ ਉਹਨਾਂ ਦੇ ਮੁੱਖ ਤੇ ਇੱਕ ਚਿੰਤਾ ਸੀ। ਇਹ ਚਿੰਤਾ ਮੁਗਲਾਂ ਜਾਂ ਪਹਾੜੀ ਰਾਜਿਆਂ ਦੀ ਸੈਨਾ ਦੀ ਨਹੀਂ ਸਗੋਂ ਕੇ ਪਿਛਲੇ 20 ਤੋਂ 22 ਸਾਲਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਅਣਥੱਕ ਮਿਹਨਤ ਜੋ ਕਵੀਆਂ ਦੀ ਤੇ ਉਹਨਾਂ ਦੀ ਆਪਣੀ ਦਿਮਾਗੀ ਨਿਚੋੜ ਭਾਵ ਸਾਹਿਤਿਕ ਭੰਡਾਰ ਗੁਰੂ ਜੀ ਦੀਆਂ ਹੱਥ ਲਿਖਤਾਂ ਜਾਂ ਉਹ ਸਾਰਾ ਧਾਰਮਿਕ ਖਜ਼ਾਨਾ ਜੋ ਸਰਸਾ ਦੇ ਵਿੱਚ ਭੇਟ ਹੋ ਗਿਆ ਸੀ, ਉਸ ਬਾਰੇ ਸੀ। ਇਹੋ ਗੁਰੂ ਜੀ ਦੀ ਪਰੇਸ਼ਾਨੀ ਤੇ ਹੈਰਾਨੀ ਦਾ ਵੱਡਾ ਕਾਰਨ ਬਣਿਆ ਹੋਇਆ ਸੀ। ਪਹਾੜੀ ਰਾਜਿਆਂ ਦੀ ਤੇ ਮੁਗਲਾਂ ਦੀ ਫੌਜ ਚੜ ਆਈ ਤਾਂ ਚਮਕੌਰ ਦੀ ਗੜ੍ਹੀ ਵਿੱਚ ਬੈਠੇ ਗੁਰੂ ਜੀ ਲੜਾਈ ਦੀਆਂ ਵਿਉਂਤਾਂ ਸੋਚਦੇ ਰਹੇ। ਬੜੇ ਸਾਬਤ ਕਦਮ ਬੜੇ ਹੌਸਲੇ ਅਤੇ ਦਿਲ ਨਾਲ ਉਹਨਾਂ ਨੇ ਮੋਰਚਾਬੰਦੀ ਕਰ ਦਿੱਤੀ। ਸਵੇਰ ਹੁੰਦੇ ਸਾਰ ਦਗੜ-ਦਗੜ ਦੁਸ਼ਮਣਾਂ ਦੇ ਟੋਲੇ ਪਹੁੰਚਣੇ ਸ਼ੁਰੂ ਹੋ ਗਏ। ਜੰਗ ਮਚ ਪਈ ਗੜ੍ਹੀ ਅੰਦਰ ਇੱਕ ਗੁਰੂ ਸਾਹਿਬ ਦੋ ਸਾਹਿਬਜ਼ਾਦੇ ਤੇ ਸਿਰਫ 40 ਸਿੱਖ ਸਨ। ਗੜ੍ਹੀ ਬਾਹਰ ਲੱਖਾਂ ਦੀ ਗਿਣਤੀ ਵਿੱਚ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫੌਜ। ਪੰਜ-ਪੰਜ ਦੇ ਜਥਿਆਂ ਦੀ ਸ਼ਕਲ ਵਿੱਚ ਸਿੱਖ ਗੜ੍ਹੀ ਤੋਂ ਬਾਹਰ ਆਉਂਦੇ। ਗੁਰੂ ਦਾ ਥਾਪੜਾ ਲੈ ਅਲੌਕਿਕ ਢੰਗ ਨਾਲ ਬੜੇ ਚਿਰ ਤੱਕ 25 ਸਿੰਘਾਂ ਨੇ ਕਈ ਹਜ਼ਾਰ ਮੁਗਲ ਤੇ ਪਹਾੜੀ ਫੌਜ ਦੇ ਸੈਨਿਕ ਮੌਤ ਦੇ ਘਾਟ ਉਤਾਰੇ ਤੇ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਆਪਣੇ ਸਿੱਖ ਭਰਾਵਾਂ ਨੂੰ ਸ਼ਹੀਦ ਹੁੰਦੇ ਵੇਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤਿਆਰ ਹੋ ਉੱਠੇ ਅਤੇ ਪਿਤਾ ਜੀ ਤੋਂ ਆਗਿਆ ਮੰਗੀ ਹੇ ਸੱਚੇ ਪਾਤਸ਼ਾਹ ਗੁਰ ਪਿਤਾ ਮੈਨੂੰ ਆਗਿਆ ਬਖਸ਼ੋ ਮੈਂ ਵੀ ਆਪਣੇ ਸਿੱਖ ਭਰਾਵਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਮੁਗਲ ਤੇ ਪਹਾੜੀ ਸੈਨਾ ਦਾ ਸਾਹਮਣਾ ਕਰਾ। ਮੁਹੰਮਦ ਅਬਦੁਲ ਦੇ ਲਫ਼ਜ਼ਾਂ ਵਿਚ:
ਨਾਮ ਕਾ ਅਜੀਤ ਹੂੰ ਜੀਤਾ ਨਹੀ ਜਾਊਂਗਾ ।
ਜੀਤਾ ਗਿਆ ਤੋਂ ਹਾਰ ਕੇ, ਜੀਤਾ ਨਾ ਆਊਂਗਾ ।
ਗੁਰੂ ਜੀ ਨੇ ਬੜੀ ਪ੍ਰਸੰਨਤਾ ਨਾਲ ਉਹਨਾਂ ਨੂੰ ਸ਼ਸਤਰ ਸਜਾਏ ਘੋੜੇ ਉੱਤੇ ਸਵਾਰ ਕਰਾਇਆ ਤੇ ਥਾਪੀ ਦੇ ਕੇ ਪੰਜ ਹੋਰ ਸਿੰਘ ਨਾਲ ਦੇ ਕੇ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਜਿਨਾਂ ਵਿੱਚੋਂ ਇੱਕ ਭਾਈ ਮੋਹਕਮ ਸਿੰਘ ਪਿਆਰੇ ਵੀ ਸਨ। ਯੋਗੀ ਅਲਾ ਯਾਰ ਖਾਨ ਨੇ ਇਸ ਨਜ਼ਾਰੇ ਨੂੰ ਇਉਂ ਬਿਆਨ ਕੀਤਾ ਹੈ:

ਗੋਬਿੰਦ ਕੇ ਦਿੱਲਦਾਰ ਕਿਲ੍ਹੇ ਸੇ ਨਿਕਲੇ ਆਏ।
ਵਹੁ ਦੇਖੀਏ ਸਰਕਾਰ ਕਿਲ੍ਹੇ ਸੇ ਨਿਕਲ ਆਏ।
ਘੋੜੇ ਪੈ ਹੋ ਅਸਵਾਰ ਕਿਲ੍ਹੇ ਸੇ ਨਿਕਲ ਆਏ।
ਲੇ ਹਾਥ ਮੈਂ ਤਲਵਾਰ ਕਿਲ੍ਹੇ ਸੇ ਨਿਕਲ ਆਏ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਤਲਵਾਰ ਨੇ ਬਾਹਰ ਆ ਕੇ ਜੋ ਧੂੰਮ ਮਚਾਈ ਉਸ ਬਾਬਤ ਯੋਗੀ ਅਲਾ ਯਾਰ ਖਾਨ ਨੇ ਲਿਖਿਆ ਹੈ:
ਤਲਬਾਰ ਸੀ, ਤਲਬਾਰ ਥੀ ਕਿਆ ਜਾਨੀਏ ਕਿਆ ਥੀ ।
ਖੂੰਖਾਰ ਥੀ, ਖੂੰਨ ਬਾਜ ਥੀ ਆਫਤ ਥੀ ਬੱਲਾ ਥੀ ।
ਥੀ ਆਬ ਯਾ ਫੌਲਾਦ ਪੈ ਬਿਜਲੀ ਕੀ ਜੱਲਾ ਥੀ ।
‘ਯਮ ਰਾਜ’ ਕੀ ਅੰਮਾਂ ਥੀ ਵਹੁ ਸ਼ਮਸ਼ੇਰ ਕੱਜ਼ਾ ਥੀ ।

ਜੰਗ ਦੇ ਮੈਦਾਨ ਵਿੱਚ ਆਫਤ ਮਚਾਉਂਦੇ ਤਲਵਾਰ ਘੁਮਾਂਦੇ ਤੇ ਸੈਂਕੜੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੇ ਹੋਇਆ ਨਾਲ ਦੇ ਸਿੰਘਾਂ ਸਣੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ ਤੇ ਗੁਰੂ ਜੀ ਨੇ ਆਪਣੀ ਅੱਖੀ ਸਭ ਕੁਝ ਵੇਖਿਆ ਸੀ। ਜਦੋਂ ਆਪਣੇ ਵੱਡੇ ਭਰਾਤਾ ਜੀ ਨੂੰ ਬਹਾਦਰੀ ਨਾਲ ਲੜਦੇ ਵੇਖਿਆ ਸ਼ਹੀਦ ਹੁੰਦੇ ਵੇਖਿਆ ਤਾਂ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਵੀ ਗੁਰੂ ਜੀ ਤੋਂ ਆਗਿਆ ਮੰਗੀ। ਤਦ ਗੁਰੂ ਪਿਤਾ ਨੇ ਉਸੇ ਤਰ੍ਹਾਂ ਕਮਰਕੱਸਾ ਕਰਾਏ, ਤਲਵਾਰ ਅਤੇ ਕਮਾਨ ਸਜਾ ਕੇ ਘੋੜੇ ਉੱਤੇ ਸਵਾਰ ਕਰਵਾਇਆ ਤੇ ਥਾਪੀ ਦੇ ਕੇ ਪੰਜ ਹੋਰ ਸਿੰਘਾਂ ਦੇ ਸਮੇਤ ਐਸੇ ਪਿਆਰ ਭਰੇ ਬਚਨ ਨਾਲ ਮੈਦਾਨੇ ਜੰਗ ਵਿੱਚ ਭੇਜ ਦਿੱਤਾ। ਯੋਗੀ ਅਲਾ ਯਾਰ ਖਾਨ ਨੇ ਇਸ ਤਰ੍ਹਾਂ ਲਿਖਿਆ ਹੈ:
ਭਰਾਈ ਸੀ ਆਵਾਜ਼ ਮੈ ਬੋਲੇ ਗੁਰੂ ਗੋਬਿੰਦ ਸਿੰਘ ।
ਪਾਲਾ ਹੈ ਤੁਮੇਂ ਨਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ।
ਰੋਕਾ ਨਹੀ ਆਗਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ।
ਇਸ ਨੰਨ੍ਹੇ ਸੇ ਜਾਨ ਬਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ।
ਲੋ ! ਆਉ ਤੱਨ ਪਾਕ ਪੈ ਹਥਿਆਰ ਸਜਾ ਦੇਂ ।
ਛੋਟੀ ਸੀ, ਕਮਾਂ-ਨੰਨ੍ਹੀ ਸੀ ਤਲਵਾਰ ਸਜਾ ਦੇਂ ।
ਲੋ ! ਜਾਉ ਸਿਧਾਰੋ ਤੁੰਮੇ ਕਰਤਾਰ ਕੋ ਸੌਂਪਾ ।
ਮਰ ਜਾਉ-ਯਾ ਮਾਰੋ ! ਤੁੰਮੇ ਕਰਤਾਰ ਕੋ ਸੌਂਪਾ ।
ਰੱਬ ਕੋ ਨ ਬਿਸਾਰੋ ! ਤੁੰਮੇ ਕਰਤਾਰ ਕੋ ਸੌਂਪਾ ।
ਸਿੱਖੀ ਕੋ ਉਭਾਰੋ ! ਤੁੰਮੇ ਕਰਤਾਰ ਕੋ ਸੌਂਪਾ ।
ਵਾਹਿਗੁਰੂ ਅੱਬ ਜੰਗ ਕੀ ਤੁਮੇਂ ਹਿੰਮਤ ਬਖਸ਼ੇਂ ।
ਪਿਆਸੇ ਹਰ ਜਾਤ ਜਾਮੇਂ ਸ਼ਹਾਦਤ ਤੁਮੇਂ ਬਖਸ਼ੇਂ ।

ਪਿਆਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅੰਤਿਮ ਅਸੀਸਾਂ ਪਾ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਸਾਥੀਆਂ ਸਮੇਤ ਗੜ੍ਹੀ ਤੋਂ ਨਿਕਲ ਮੈਦਾਨੇ ਜੰਗ ਵਿੱਚ ਆ ਗਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਦੇ ਜੈਕਾਰੇ ਗਜਾਏ ਅਤੇ ਦੁਸ਼ਮਣਾਂ ਉੱਤੇ ਟੁੱਟ ਪਏ। ਦੁਸ਼ਮਣ ਤਾਂ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਲੜਦੇ ਸਨ ਪਰ ਇਹ ਤਾਂ ਮਰਨ ਲਈ ਨਿਕਲੇ ਸਨ। ਜਿੱਧਰ ਵੀ ਜਾਂਦੇ ਬਿਜਲੀ ਦੀ ਤਰ੍ਹਾਂ ਜਾ ਪੈਂਦੇ ਤਾਂ ਕਿ ਵੱਧ ਤੋਂ ਵੱਧ ਨੂੰ ਮਾਰ ਕੇ ਉਹਨਾਂ ਦੀਆਂ ਰੂਹਾਂ ਨੂੰ ਦੋਜਖ ਦੇ ਰਾਹੇ ਪਾਂਦੇ। ਆਪਣੀ ਉਮਰ ਤੋਂ ਤੇ ਉਮੀਦ ਤੋਂ ਵੱਧ ਜੰਗ ਦੇ ਵਿੱਚ ਜੌਹਰ ਦਿਖਾਂਦੇ ਹੋਇਆ ਅੰਤ ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸੂਰਮਗਤੀ ਪ੍ਰਾਪਤ ਕਰ ਲਈ। ਨਾਲ ਦੇ ਸਿੰਘ ਵੀ ਸੈਂਕੜਿਆਂ ਨੂੰ ਮਾਰ ਕੇ ਪੁਰਜਾ-ਪੁਰਜਾ ਕਟ ਮਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਵਾਕ ਨੂੰ ਸਫਲ ਕਰ ਗਏ ਤੇ ਅਮਰ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੜ੍ਹੀ ਦੀ ਉਤਲੀ ਸਿਖਰ ਤੇ ਬੈਠ ਕੇ ਇਹ ਸਭ ਕੁਝ ਆਪਣੀ ਅੱਖੀ ਵੇਖਿਆ ਅਤੇ ਦਿਲੋਂ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਸਾਹਿਬਜ਼ਾਦਿਆਂ ਦੀ ਜਨਨੀ ਦੀ ਕੁੱਖ ਅੱਜ ਸਫਲ ਹੋਈ ਹੈ।

ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ,
ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ
ਹੁਣ ਸ਼ਾਮ ਦਾ ਵੇਲਾ ਸੀ ਤੇ ਇੰਨੀਆਂ ਸ਼ਹੀਦੀਆਂ ਦੇ ਨਾਲ ਸੂਰਜ ਸ਼ਰਮਾ ਕੇ ਛੁਪ ਗਿਆ। ਸੰਸਾਰ ਉੱਤੇ ਅੰਧੇਰ ਛਾ ਰਿਹਾ ਸੀ। ਦੁਸ਼ਮਣ ਦੀ ਫੌਜ ਦਾ ਫੈਸਲਾ ਸੀ ਕਿ ਸਵੇਰ ਹੁੰਦੇ ਸਾਰ ਹੀ ਗੜ੍ਹੀ ਉੱਤੇ ਧਾਵਾ ਬੋਲ ਕੇ ਗੁਰੂ ਜੀ ਨੂੰ ਜਿੰਦਾ ਫੜ ਲਿਆ ਜਾਏਗਾ ਜਾ ਮਾਰ ਮੁਕਾ ਦਿੱਤਾ ਜਾਵੇਗਾ। ਗੁਰੂ ਜੀ ਨੇ ਆਪਣੇ ਸਿੱਖਾਂ ਨਾਲ ਬੈਠ ਕੇ ਨਿਸ਼ਚੇ ਕਰ ਲਿਆ ਕਿ ਪਹੁ ਫੁੱਟ ਦੇ ਸਾਰ ਹੀ ਗੜ੍ਹੀ ਦੇ ਅੰਦਰੋਂ ਹੱਲਾ ਬੋਲਾਂਗੇ, ਮਾਰਾਂਗੇ ਜਾਂ ਮਰਾਂਗੇ। ਗੁਰੂ ਜੀ ਨੇ ਆਪਣਾ ਇਰਾਦਾ ਦੱਸ ਦਿੱਤਾ। ਮੁਗਲ ਤੇ ਪਹਾੜੀ ਫੌਜਾਂ ਦੇ ਵਿੱਚ ਪਹੁੰਚ ਕੇ ਭੜਥੂ ਮਚਾ ਦੇਣਾ ਅਤੇ ਜੂੰਝ ਮਰਨਾ ਹੈ ਗੁਰੂ ਜੀ ਦਾ ਇਹੋ ਇਰਾਦਾ ਸੀ। ਇਸ ਬਚਨ ਨੇ ਖਾਲਸਾ ਜੀ ਦੀ ਸੁੱਤੀ ਕਲਾ ਜਗਾ ਦਿੱਤੀ। ਆਪੋ ਵਿੱਚ ਮਿਲ ਬੈਠਣ ਪਿੱਛੋਂ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਹੇ ਪੰਥ ਦੇ ਵਾਲੀ ਸਤਿਗੁਰੂ ਤੇਰੀ ਖੇਲ ਨਿਰਾਲੀ ਹੈ, ਤੇਰੀਆਂ ਤੂੰ ਹੀ ਜਾਣੇ! ਤੁਸੀਂ ਫਰਮਾਇਆ ਸੀ, ਮੈਂ ਦੇਖਣ ਆਇਓ ਜਗਤ ਤਮਾਸਾ, ਉਹ ਆਪ ਨੇ ਘਰ ਫੂਕ ਤਮਾਸ਼ਾ ਦੇਖ ਲਿਆ ਹੈ। ਪਰ ਸਾਡੇ ਪਾਸੋਂ ਇਹ ਨਹੀਂ ਦੇਖਿਆ ਜਾਣਾ ਕਿ ਜੋ ਨੀਚੋ ਊਚ ਕਰੇ ਮੇਰਾ ਗੋਬਿੰਦ, ਉਹ ਸਾਡੀਆਂ ਅੱਖਾਂ ਸਾਹਮਣੇ ਸ਼ਹੀਦ ਹੋ ਜਾਏ। ਐਸਾ ਅਸੀਂ ਸਹਿ ਨਹੀਂ ਸਕਦੇ। ਆਪ ਪਾਸੋਂ ਮਰ ਕੇ ਅਮਰ ਹੋ ਜਾਣ ਦੀ ਜਾਂਚ ਅਸੀਂ ਸਿੱਖ ਚੁੱਕੇ ਹਾਂ। ਫਿਰ ਵੀ ਸਾਡੀ ਖਾਹਿਸ਼ ਹੈ ਕਿ ਅਸੀਂ ਪਹਿਲਾਂ ਸ਼ਹੀਦ ਹੋ ਜਾਈਏ ਤੇ ਇਸ ਵਿਸ਼ਵਾਸ ਵਿੱਚ ਸ਼ਹੀਦੀ ਪਾਈਏ ਜੋ ਆਪ ਜੀ ਜਿੰਦੇ ਹੋ ਜਿੰਦੇ ਰਹੋਗੇ ਤੇ ਸਾਡੇ ਜਿਹੇ ਹੋਰ ਬੇਅੰਤ ਸਿੰਘ ਸਜਾ ਸਕੋਗੇ। ਇਸ ਵਾਸਤੇ ਅੱਜ ਰਾਤ ਨੂੰ ਜਿਵੇਂ ਜਾਣੋ ਗੜ੍ਹੀ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ਪੰਥ ਦੀ ਅਮਾਨਤ ਜਾਣ ਕੇ ਬਚਾ ਲਵੋ। ਇਹੋ ਸਾਡੀ ਬੇਨਤੀ ਹੈ। ਗੁਰੂ ਮਹਾਰਾਜ ਨੇ ਕਿਸੇ ਹਾਲਾਤ ਵਿੱਚ ਵੀ ਸਿੱਖਾਂ ਦੀ ਇਸ ਬੇਨਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਗੁਰੂ ਤੁਹਾਡਾ ਇਹ ਜਗਤ ਉਲਾਹਮਾ ਲੈਣ ਨੂੰ ਤਿਆਰ ਨਹੀਂ ਹੈ ਕਿ ਪਿਤਾ ਔਰ ਪੁੱਤਰਾਂ ਨੂੰ ਅਤੇ ਹਜ਼ਾਰਾਂ ਸਿੱਖਾਂ ਨੂੰ ਧਰਮ ਦੀ ਵੇਦੀ ਉੱਤੇ ਕੁਰਬਾਨ ਕਰਕੇ ਆਪ ਜਾਨ ਬਚਾ ਕੇ ਨਿਕਲ ਗਿਆ ਹੈ। ਫਿਰ ਵੀ ਸਰੀਰ ਤਿਆਗਣਾ ਹੀ ਹੈ ਅਤੇ ਐਸਾ ਸਮਾਂ ਫਿਰ ਮਿਲੇ ਕਿ ਨਾ ਮਿਲੇ। ਮੈਂ ਚਾਹੁੰਦਾ ਰਿਹਾ ਸੀ:
‘ਜੱਬ ਆਵ ਕੀ ਔਧ ਨਿਦਾਨ ਬਨੇ ਅੱਤ ਹੀ ਰੱਣ ਮੈਂ ਤੱਬ ਜੁੱਝ ਮਰੂੰ’
ਗੁਰੂ ਜੀ ਨੇ ਫਰਮਾਇਆ ਕਿ ਐਸੇ ਸਮੇਂ ਕਿਸੇ ਕਿਸਮਤ ਵਾਲੇ ਸੂਰਮੇ ਨੂੰ ਪ੍ਰਾਪਤ ਹੁੰਦੇ ਹਨ। ਅੱਜ ਇਹ ਸਮਾਂ ਹੈ ਮੈਂ ਇਹਨੂੰ ਗਵਾ ਨਹੀਂ ਸਕਦਾ। ਸਿੱਖ ਗੁਰੂ ਜੀ ਦੇ ਇਸ ਉੱਤਰ ਨੂੰ ਸੁਣ ਕੇ ਲਾਜਵਾਬ ਹੋ ਗਏ। ਪਰ ਮਨ ਸਾਰਿਆਂ ਦਾ ਬੇਚੈਨ ਸੀ। ਇਹੋ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਹੋਵੇ ਗੁਰੂ ਜੀ ਇੱਥੋਂ ਨਿਕਲ ਜਾਣ ਤਾਂ ਅਸੀਂ ਤਸੱਲੀ ਨਾਲ ਲੜਦੇ ਹੋਏ ਆਪਣੇ ਪ੍ਰਾਣ ਤਿਆਗ ਸਕਾਂਗੇ ਤੇ ਸ਼ਹੀਦੀ ਪਾ ਸਕਾਂਗੇ। ਸਿੱਖਾਂ ਦੇ ਮਨ ਵਿੱਚ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਾਹਮਣੇ ਸਾਡਾ ਗੁਰੂ ਸ਼ਹੀਦ ਹੋਵੇ। ਸਾਰੇ ਸਿੱਖਾਂ ਨੇ ਰਲ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਧਿਆਨ ਕੀਤਾ ਕਿ ਆਪ ਨੇ ਹੀ ਫਰਮਾਇਆ ਸੀ:
‘ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੇ ਮਰ ਚਲੀਐ’
ਗੁਰੂ ਜੀ ਆਪੇ ਕੋਈ ਯੁੱਕਤੀ ਦੱਸੋ, ਕਿ ਅਸੀਂ ਬਾਜਾਂ ਵਾਲੇ ਨੂੰ ਆਪਣੀ ਗੱਲ ਮਨਾ ਕੇ ਇਥੋਂ ਜਿੰਦੇ ਬਾਹਰ ਕੱਢ ਸਕੀਏ:
ਬਿਰਥੀ ਕਦੈ ਨ ਹੋਵਈ ਜਨ ਕੀ ਅਰਦਾਸਿ,
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣ ਤਾਸਿ ॥
ਐਸੀ ਅਰਦਾਸ ਕਰਦੇ ਸਾਰ ਪੰਜਾਂ ਦੇ ਮਨ ਵਿੱਚ ਬਿਜਲੀ ਦੇ ਕਰੰਟ ਵਾਂਗੂ ਖਿਆਲ ਉੱਠਿਆ ਕਿ ਅਸੀਂ ਪੰਜ ਸਿੰਘ ਗੁਰੂ ਖਾਲਸਾ ਹੋ ਪ੍ਰਵਾਨ ਚੜੇ ਹਾਂ ਇਸ ਵੇਲੇ ਤੱਕ ਗੁਰੂ ਨੇ ਅਡੋਲ ਰੱਖਿਆ ਹੈ। ਇਸ ਲਈ ਪੰਜ ਖਾਲਸਾ ਗੁਰੂ ਹੈ। ਪੰਜਾਂ ਨੂੰ ਗੁਰੂ ਖਾਲਸਾ ਮੰਨ ਕੇ ਉਹਨਾਂ ਮਿਨਤ ਨਾਲ ਅੰਮ੍ਰਿਤ ਮੰਗਿਆ ਸੀ। ਉਹਨਾਂ ਪੰਜਾਂ ਇਹ ਫੈਸਲਾ ਕੀਤਾ, ਅਗਰ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਹੈ ਤਾਂ ਅਸੀਂ ਫਿਰ ਖਾਲਸਾ ਗੁਰੂ ਅਕਾਲ ਪੁਰਖ ਕੀ ਫੌਜ ਹਾਂ ਤਾਂ ਫੌਜੀ ਕਮਾਂਡ ਵਾਂਗੂੰ ਹੁਕਮ ਦੇ ਕੇ ਉਹਨਾਂ ਨੂੰ ਮਨਾਣਾ ਚਾਹੀਦਾ। ਇੱਕ ਇੱਕ ਸਿੰਘ ਨੇ ਆਪਣੇ ਦਿਲ ਦੀ ਗੱਲ ਸਾਹਮਣੇ ਰੱਖੀ ਤੇ ਦੱਸਿਆ ਅਤੇ ਸਰਬ ਸੰਮਤੀ ਨਾਲ ਗੁਰਮਤਾ ਪਾਸ ਕਰਕੇ ਇਹਨਾਂ ਨੇ ਗੁਰੂ ਸਾਹਿਬ ਪਾਸ ਜਾ ਕੇ ਐਸਾ ਹੁਕਮ ਸੁਣਾਇਆ। ਇਹ ਹੁਕਮ ਗੋਬਿੰਦ ਸਿੰਘ ਜੀਓ ਆਪ ਨੇ ਗੁਰੂ ਹੋ ਕੇ ਸਾਨੂੰ ਸਭ ਕੁਝ ਮਨਾਇਆ ਹੈ, ਪਰ ਅਸੀਂ ਅੱਜ ਖਾਲਸਾ ਗੁਰੂ ਰੂਪ ਵਿੱਚ ਆਪ ਨੂੰ ਹੁਕਮ ਕਰਦੇ ਹਾਂ ਕਿ ਜਿਵੇਂ ਹੋ ਸਕੇ ਥੋੜੇ ਚਿਰ ਤੱਕ ਇਸ ਗੜ੍ਹੀ ਤੋਂ ਨਿਕਲ ਜਾਈਏ ਤੇ ਕਿਸੇ ਸੁਰੱਖਿਤ ਥਾਂ ਟਿਕ ਕੇ ਚਿਰ ਤੱਕ ਪੰਥ ਦੀ ਅਗਵਾਈ ਕਰਦੇ ਰਹੀਏ। ਦੱਸੋ ਕੀ ਜਵਾਬ ਹੈ ਇਸ ਗੁਰੂ ਖਾਲਸਾ ਦੇ ਹੁਕਮ ਨੂੰ ਗੁਰੂ ਜੀ ਵਾਸਤੇ ਮੋੜਨਾ ਔਖਾ ਹੋ ਗਿਆ ਸੀ। ਆਪਣੇ ਸਾਰੇ ਵਿਕਾਰ ਤੇ ਸਾਰੇ ਵਿਚਾਰ ਸਿਰ ਨਿਵਾਉਂਦੇ ਹੋਏ ਗੁਰੂ ਖਾਲਸਾ ਦੇ ਅਰਪਣ ਕਰ ਦਿੱਤੇ ਤੇ ਮੈਂ-ਮੇਰੀ ਦਾ ਭੇਦ ਮਿਟਾ ਕੇ ਆਖਿਆ, ਗੁਰੂ ਖਾਲਸਾ ਜੀ ਬੇਨਤੀ ਪ੍ਰਵਾਨ ਨਹੀਂ ਸੀ ਪਰ ਹੁਕਮ ਪ੍ਰਵਾਨ ਹੈ। ਜਿਵੇਂ ਆਪ ਦੀ ਮਰਜ਼ੀ ਇਹ ਖੁਸ਼ੀ ਵਿੱਚ ਸਿੰਘਾਂ ਨੇ ਪੰਜ ਜੈਕਾਰੇ ਛੱਡੇ। ਜਿਨਾਂ ਦਾ ਅਸਰ ਬਾਹਰ ਦੇ ਦੁਸ਼ਮਣਾਂ ਵਿੱਚ ਇਹ ਹੋਇਆ ਜੋ ਉਹਨਾਂ ਨੇ ਜਾਣਿਆ ਕਿ ਗੁਰੂ ਜੀ ਪਾਸ ਅਜੇ ਕਾਫੀ ਸਿੰਘ ਹਨ। ਹੋ ਸਕਦਾ ਹੈ ਉਹ ਰਾਤ ਨੂੰ ਟੁੱਟ ਪੈਣ ਤੇ ਫੱਟੜ ਸ਼ੇਰ ਵਾਂਗੂੰ ਬਹੁਤੀ ਮਾਰ ਕਰਨ। ਜਿਸ ਤੇ ਜੋ ਨੇੜੇ ਸਨ ਉਹ ਗੜ੍ਹੀ ਤੋਂ ਕੁਝ ਦੂਰ ਦੁਰਾਡੇ ਹੋ ਬੈਠੇ। ਕਿ ਪਹਿਲਾਂ ਸਾਡੇ ਉੱਤੇ ਵਾਰ ਨਾ ਹੋ ਜਾਏ।

ਜੈਕਾਰੇ ਸਮਾਪਤ ਕਰਨ ਤੋਂ ਪਿੱਛੋਂ ਕਲਗੀਆਂ ਵਾਲੇ ਪਾਸ ਲੱਖਾਂ ਨਿਆਮਤਾਂ ਵਿੱਚੋਂ ਇੱਕੋ ਇੱਕ ਕੀਮਤੀ ਕਲਗੀਜਿੱਗਾ ਸੀਸ ਉੱਤੇ ਸਜਾਇਆ ਬਾਕੀ ਸੀ। ਉਹ ਆਪਣੀ ਸੂਰਤ ਨਾਲ ਮਿਲਦੇ ਜੁਲਦੇ ਭਾਈ ਸੰਗਤ ਸਿੰਘ ਜੀ ਦੇ ਸੀਸ ਉੱਤੇ ਸਜਾ ਕੇ ਪੰਜਾਂ ਦੇ ਅੱਗੇ ਪਿੱਛੇ ਪ੍ਰਤੱਖਣਾ ਕੀਤੀਆਂ ਤੇ ਨਮਸਕਾਰ ਕਰਕੇ ਸਰੀਰਕ ਗੁਰਿਆਈ ਖਾਲਸਾ ਪੰਥ ਨੂੰ ਬਖਸ਼ ਦਿੱਤੀ। ਆਖਿਆ ਗੁਰਬਾਣੀ ਗੁਰੂ ਕੀ ਆਤਮਾ ਤੇ ਪੰਥ ਦੇ ਪੰਚ ਪ੍ਰਵਾਨ ਗੁਰੂ ਕਾ ਸਰੀਰ ਹੋਏਗਾ। ਹੁਣ ਗੁਰੂ ਸਾਹਿਬ ਨੇ ਭਾਈ ਸੰਗਤ ਸਿੰਘ ਜੀ ਨੂੰ ਗੜ੍ਹੀ ਦੇ ਇੱਕ ਕੋਨੇ ਉੱਤੇ ਚੇਤੰਨ ਕਰਕੇ ਮੋਰਚੇ ਵਿੱਚ ਬਿਠਾ ਦਿੱਤਾ। ਫਿਰ ਗੁਰੂ ਸਾਹਿਬ ਜੀ ਬਾਕੀ ਦੇ ਤਿੰਨ ਸਿੰਘ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨਾਂ ਸਿੰਘਾਂ ਸਮੇਤ ਅਰਦਾਸਾਂ ਸੋਧ ਪੈਦਲ ਗੜ੍ਹੀ ਤੋਂ ਬਾਹਰ ਹੋਣ ਵਾਸਤੇ ਕਮਰਕੱਸੇ ਕਰ ਲਏ। ਸਾਹਮਣੇ ਦੇ ਇੱਕ ਦਰਵਾਜ਼ੇ ਅੱਗੇ ਬਹੁਤ ਕਰੜਾਈ ਦੇਖੀ ਤਾਂ ਪਿਛਲੇ ਪਾਸੋਂ ਬਾਹਰ ਹੋਣ ਤੋਂ ਪਹਿਲਾਂ ਸਿੰਘਾਂ ਨੂੰ ਇੱਕ ਤਾਰੇ ਦੀ ਸੇਧ ਦੱਸ ਕੇ ਸਮਝਾ ਦਿੱਤਾ ਸੀ ਕਿ ਵੱਖ ਵੱਖ ਵੀ ਹੋ ਜਾਈਏ ਅੱਗੇ ਜਾ ਕੇ ਕਿਤੇ ਮਿਲ ਸਕੀਏ। ਐਸਾ ਕਰਨ ਪਿੱਛੋਂ ਗੜ੍ਹੀ ਤੋਂ ਬਾਹਰ ਹੋਏ ਤੇ ਤੁਰ ਪਏ। ਜਾਂਦੀ ਬੇਰੀ ਤਿੰਨ ਵਾਰ ਤਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਗੁਰੂ ਨੇ ਪੁਕਾਰਿਆ ਕਿ ਹਿੰਦੂਆਂ ਦਾ ਪੀਰ ਨਿਕਲ ਚੱਲਿਆ ਜੇ ਕੋਈ ਪਕੜ ਸਕਦੇ ਹੋ ਤਾਂ ਪਕੜੋ।

ਇੱਕੋ ਇੱਕ ਤੇਗ ਲੱਖਾਂ ਸ਼ਸਤਰਾਂ ਵਰਗੀ ਗੁਰੂ ਜੀ ਜੀ ਦਾ ਸਾਥ ਕਰਦੀ ਹੈ। ਹੁਕਮਾਂ ਅਨੁਸਾਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹਮਜੋਲੀ ਬਣ ਗੁਰੂ ਜੀ ਦੇ ਹੁਕਮਾਂ ਤੇ ਪੈਰਾਂ ਦੇਣ ਲਈ ਪਿੱਛੇ ਹੋ ਤੁਰਦੇ ਹਨ। ਸ਼ਹੀਦ ਹੋਏ ਸਿੰਘਾਂ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀਆਂ ਲਾਸ਼ਾਂ ਨੂੰ ਮੁਕੱਦਸੀ ਨਜ਼ਰਾਂ ਨਾਲ ਸ਼ਰਧਾ ਤੇ ਉਮਾਹ ਨਾਲ ਅਣਡਿੱਠੇ ਪੈਂਡੇ ਤੇ ਹੋ ਤੁਰਦੇ ਹਨ। ਅੱਗੇ ਕੀ ਹੋਵੇਗਾ ਕੌਣ ਜਾਣੇ? ਹਨੇਰੇ ਤੇ ਮੁਗਲਈ ਸੱਤਾਂ ਨੂੰ ਨੰਗੀ ਤਲਵਾਰ ਦੇ ਸਹਾਰੇ ਵੰਗਾਰਦੇ ਹੋਏ ਅੱਗੇ ਅੱਗੇ ਪੈਂਡਾ ਗਸ਼ਣ ਲੱਗਦੇ ਹਨ। ਜੋ ਟੱਕਰਿਆ ਸੋਧਿਆ। ਪੋਹ ਦੀ ਸੁਨੜੀ ਰਾਤ ਕਈ ਦਿਨਾਂ ਦਾ ਮੁਗਲਈ ਜੁਲਮ ਤੇ ਕਹਿਰ ਹਾਰ ਹੁੱਟ ਜਾਂਦਾ ਹੈ। ਚਾਰੇ ਪਾਸੇ ਜੰਗਲ ਹੀ ਜੰਗਲ ਚਾਨਣ ਹੀ ਰਿਸ਼ਮ ਨਾਲ ਨਾਲ ਤੁਰ ਰਹੀ ਹੈ। ਗੁਰੂ ਜੀ ਦੇ ਪੈਰਾਂ ਦਾ ਚਾਨਣ ਠੇਡੇ ਖਾਣ ਤੋਂ ਸੰਭਲ ਸੰਭਲ ਪੱਬ ਧਰਦਾ ਜਾ ਰਿਹਾ ਹੈ। ਦੋਵੇਂ ਸਿੰਘ ਵੀ ਇਸ ਸਿਰ ਆਈ ਘੜੀ ਵੇਲੇ ਅਗੜ ਪਿਛੜ ਹੋ ਜਾਂਦੇ ਹਨ। ਘੋੜਿਆਂ ਤੇ ਸਵਾਰ ਹੋਣ ਵਾਲਾ ਕਲਗੀਧਰ ਪਾਤਸ਼ਾਹ ਨੰਗੇ ਪੈਰਾਂ ਦਾ ਬਾਦਸ਼ਾਹ ਬਣ ਤੁਰਦਾ ਜਾ ਰਿਹਾ ਹੈ। ਤੇਗ ਦੀ ਲਿਸ਼ਕ ਅੱਗੇ ਕਿਸੇ ਦੀ ਜੁਰਤ ਨਹੀਂ ਕਿ ਅੜਿਕਾ ਬਣੇ। ਜਾਪ ਜਪਿਆ ਜਾ ਰਿਹਾ ਹੈ ਰਾਤ ਮੁੱਕਣ ਤੇ ਹੈ। ਪ੍ਰੰਤੂ ਗੁਰੂ ਜੀ ਕੋਈ ਨਵਾਂ ਇਤਿਹਾਸ ਲਿਖਣ ਲਈ ਤੁਰਦੇ ਜਾ ਰਹੇ ਹਨ। ਮਿਥਿਆ ਪੰਧ ਮੁੱਕ ਜਾਂਦਾ ਹੈ। ਮਾਛੀਵਾੜੇ ਦਾ ਜੰਗਲ ਆਪਣੇ ਪੀਰ ਦੀ ਉਡੀਕ ਚ ਲੱਗਿਆ ਹੋਇਆ। ਥਕਾਵਟ ਪਹਾੜ ਬਣ ਜਾਂਦੀ ਹੈ ਆਖਰ ਨੀਂਦ ਲੈਣ ਦਾ ਪਹਿਰ ਗੁਰੂ ਜੀ ਨੂੰ ਅਕੀਦਤ ਦੇਣ ਲੱਗਦਾ ਹੈ। ਇਸ ਬੀਆਬਾਨ ਨੂੰ ਕਿਵੇਂ ਗੁਰੂ ਜੀ ਦੀ ਇੰਤਜ਼ਾਰ ਲੱਗੀ ਹੋਵੇ। ਚਰਨ ਸ਼ੋਹ ਪ੍ਰਾਪਤ ਕਰਨ ਲਈ। ਨਾ ਘੋੜਾ ਨਾ ਸ਼ਾਹੀ ਜੋੜਾ ਨਾ ਤਾਜ ਨ ਬਾਜ ਦੋ ਜਹਾਨਾਂ ਦਾ ਵਾਲੀ ਸੁੰਨੀ ਜੰਗਲੀ ਧਰਤੀ ਤੇ ਨਿਧੜਕ ਬੇਖੌਫ ਟਿੰਡ ਦਾ ਸਿਰਹਾਣਾ ਲਈ ਸੁੱਤਾ ਪਿਆ ਹੈ। ਨੰਗੀ ਤਲਵਾਰ ਸੱਜੇ ਹੱਥ ਸਾਥ ਦੇ ਰਹੀ ਹੈ। ਪਿੱਛੇ ਆ ਰਹੇ ਸਿੰਘ ਖਜਲ ਖੁਆਰ ਹੁੰਦੇ ਆਖਰ ਦਿਸ਼ਾ ਲੱਭਦੇ ਲੱਭਦੇ ਮਾਛੀਵਾੜਾ ਜੰਗਲ ਪੁੱਜ ਜਾਂਦੇ ਹਨ। ਆਖਰ ਗੁਰੂ ਜੀ ਦੇ ਸੱਜੇ ਹੱਥ ਅੰਗੂਠੇ ਤੇ ਪਹਿਨਿਆ ਗੁਲਿਸਤਾਨ ਦਾ ਨਗ ਚਮਕਦਾ ਜੰਗਲ ਦੇ ਹਨੇਰ ਚ ਨਜ਼ਰ ਪੈਂਦਾ ਹੈ। ਦੋਵੇਂ ਸਿੰਘ ਲਿਸ਼ਕ ਦੀ ਸੇਧ ਵੱਲ ਹੋ ਤੁਰਦੇ ਹਨ। ਵਾਹ ਸਭ ਕੁਝ ਕੁਰਬਾਨ ਤੇ ਤਿਆਗ ਕਰਨ ਵਾਲੇ ਗੁਰੂ ਦੇ ਦਰਸ਼ਨ ਹੁੰਦੇ ਹਨ। ਮਲਕੜੇ ਮਲਕੜੇ ਗੁਰੂ ਦੇ ਚਰਨਾਂ ਚ ਜਾ ਹਾਜ਼ਰ ਹੁੰਦੇ ਹਨ। ਜੋਤ ਖੁੱਲਦੀ ਹੈ ਦਰਸ਼ਨ ਦੀਦਾਰੇ ਹੁੰਦੇ ਹਨ। ਅਦੁਤੀ ਖੁਸ਼ੀ ਫੈਲ ਜਾਂਦੀ ਹੈ। ਬਿਨਾਂ ਬੋਲਿਆਂ ਵਾਰਤਾਲਾਪ ਮੁਕੰਮਲ ਹੁੰਦੀ ਹੈ। ਗੁਰੂ ਜੀ ਦੇ ਮੁਖਾਰਬਿੰਦੋ ਸ਼ਬਦ ਉਦੇ ਹੁੰਦੇ ਹਨ:
“ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ ।।
ਅਜਿਹੇ ਕਹਿਰ ਦੇ ਪਹਿਰ ਅਕਾਲ-ਪੁਰਖ ਨੂੰ ਸ਼ਿਕਵਾ ਕਰਨ ਦੀ ਥਾਂ ਸ਼ੁਕਰਾਨੇ ਦੇ ਬੋਲ ਜੰਗਲ ਦੀਆਂ ਪੌਣਾਂ ‘ਚ ਖਿੰਡ ਜਾਂਦੇ ਹਨ। ਸੋਚਦਾ ਹਾਂ ਕਿ ਮਾਛੀ ਵਾਲੇ ਤੋਂ ਖਿਦਰਾਣੇ ਦੀ ਢਾਬ ਤੋਂ ਅਗਾਂਹ ਸਾਹਿਬ ਨੂੰ ਵਰੋਸਾਂਦੇ ਹੋਏ ਗੁਰੂ ਜੀ ਦਾ ਪੰਧ ਅਜੇ ਆਰੰਭ ਹੋਣਾ ਸੀ। ਕਰਿਸ਼ਮੇ ਹੋਣੇ ਸਨ। ਨਾਨਕ ਦੀ ਜੋਤ ਤੋਂ ਦਸਮ ਜੋਤ ਦੇ ਪੰਥ ਸੁਹੇਲੇ ਨੇ ਸੰਪੂਰਨਤਾ ਦਾ ਰੂਪ ਧਾਰ ਕੇ ਗੁਰੂ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ਨਦਰੀ ਪੈਂਡਿਆਂ ‘ਚ ਸਮੋ ਜਾਣਾ ਸੀ।
ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸੂਰਬੀਰਾਂ ਦੀ ਸੂਚੀ:

ਭਾਈ ਜਵਾਹਰ ਸਿੰਘ ਅੰਮ੍ਰਿਤਸਰ, ਭਾਈ ਰਤਨ ਸਿੰਘ ਮਾਣਕਪੁਰ, ਭਾਈ ਮਾਣਕ ਸਿੰਘ ਜੀ ਮਾਣਕੋ ਦੁਆਬਾ, ਭਾਈ ਕਿਰਪਾਲ ਸਿੰਘ ਕਰਤਾਰਪੁਰ, ਭਾਈ ਦਿਆਲ ਸਿੰਘ ਰਾਮਦਾਸ, ਭਾਈ ਗੁਰਦਾਸ ਸਿੰਘ ਅੰਮ੍ਰਿਤਸਰ, ਭਾਈ ਠਾਕਰ ਸਿੰਘ ਤਾਰਾ, ਭਾਈ ਪ੍ਰੇਮ ਸਿੰਘ ਮਨੀ ਮਾਜਰਾ, ਭਾਈ ਹਰਦਾਸ ਸਿੰਘ ਗਵਾਲੀਅਰ, ਭਾਈ ਸੰਗੋ ਸਿੰਘ ਮਾਛੀਵਾੜਾ, ਭਾਈ ਨਿਹਾਲ ਸਿੰਘ ਮਾਛੀਵਾੜਾ, ਭਾਈ ਗੁਲਾਬ ਸਿੰਘ ਮਾਛੀਵਾੜਾ, ਭਾਈ ਮਹਿਤਾਬ ਸਿੰਘ ਰੂਪਨਗਰ, ਭਾਈ ਖੜਕ ਸਿੰਘ ਰੂਪਨਗਰ, ਭਾਈ ਟੇਕ ਸਿੰਘ ਰੂਪਨਗਰ, ਭਾਈ ਤੁਲਸਾ ਸਿੰਘ ਰੂਪਨਗਰ, ਭਾਈ ਸਹਿਜ ਸਿੰਘ ਰੂਪਨਗਰ, ਭਾਈ ਚੜ੍ਹਤ ਸਿੰਘ ਰੂਪਨਗਰ, ਭਾਈ ਝੰਡਾ ਸਿੰਘ ਰੂਪਨਗਰ, ਭਾਈ ਸੁਜਾਨ ਸਿੰਘ ਰੂਪਨਗਰ, ਭਾਈ ਗੰਡਾ ਸਿੰਘ ਪੇਸ਼ਾਵਰ, ਭਾਈ ਕਿਸ਼ਨ ਸਿੰਘ, ਭਾਈ ਬਿਸ਼ਨ ਸਿੰਘ, ਭਾਈ ਗੁਰਦਿੱਤ ਸਿੰਘ, ਭਾਈ ਕਰਮ ਸਿੰਘ ਭਰਤਪੁਰ, ਭਾਈ ਰਣਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਜੈਮਲ ਸਿੰਘ, ਭਾਈ ਗੰਗਾ ਸਿੰਘ ਜੁਆਲਾਮੁਖੀ, ਭਾਈ ਸ਼ੇਰ ਸਿੰਘ ਆਲਮਗੀਰ, ਭਾਈ ਸਰਦੂਲ ਸਿੰਘ, ਭਾਈ ਸੁੱਖਾ ਸਿੰਘ, ਭਾਈ ਪੰਜਾਬ ਸਿੰਘ ਖੰਡੂ, ਭਾਈ ਦਮੋਦਰ ਸਿੰਘ, ਭਾਈ ਭਗਵਾਨ ਸਿੰਘ, ਭਾਈ ਸਰੂਪ ਸਿੰਘ ਕਾਬਲ, ਭਾਈ ਜਵਾਲਾ ਸਿੰਘ, ਭਾਈ ਸੰਤ ਸਿੰਘ ਪੋਠੋਹਾਰ, ਭਾਈ ਆਲਮ ਸਿੰਘ, ਭਾਈ ਸੰਗਤ ਸਿੰਘ, ਭਾਈ ਕੋਠਾ ਸਿੰਘ, ਅਤੇ ਭਾਈ ਮਦਨ ਸਿੰਘ ਜੀ। ਇਹਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ।



Leave a Comment