ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਕੜੀ ਤਹਿਤ ਕਾਂਗਰਸ ਨੇ ਸੰਗਰੂਰ ਦੇ ਪਿੰਡ ਫੱਗੂਵਾਲਾ ਤੋਂ ਆਪਣੀ ਸਿਆਸੀ ਮੁਹਿੰਮ ਦਾ ਆਗਾਜ਼ ਕੀਤਾ। ਇੱਥੇ ਕਰਵਾਈ ਗਈ ਵਿਸ਼ਾਲ ‘ਇਨਸਾਫ਼ ਰੈਲੀ’ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਨਸ਼ਿਆਂ, ਗੈਂਗਸਟਰਵਾਦ, ਖੇਤੀਬਾੜੀ ਅਤੇ ਉਦਯੋਗਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੀ ਗੱਲ ਰੱਖੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ
ਰੈਲੀ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੰਚ ’ਤੇ ਪਹਿਲੀ ਕਤਾਰ ਵਿੱਚ ਬਿਠਾਇਆ ਗਿਆ। ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਡਾਇਨਾਮਿਕ ਅਤੇ ਟੈਲੇਂਟਿਡ ਨੌਜਵਾਨ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਅੰਦਰ ਪੰਜਾਬ ਦੀ ਆਵਾਜ਼ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਜੋ ਕੁਝ ਹੋਇਆ, ਉਹ ਅੱਜ ਪੰਜਾਬ ਦਾ ਫੈਸ਼ਨ ਬਣ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਪੰਜਾਬ ਵਿੱਚ ਵਧ ਰਹੇ ਗੈਂਗਸਟਰਵਾਦ ਅਤੇ ਨੌਜਵਾਨਾਂ ਦੀ ਸੁਰੱਖਿਆ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਾ
ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਨਸ਼ਿਆਂ ਨੂੰ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਉਦਯੋਗ ਅਤੇ ਖੇਤੀਬਾੜੀ ਨਹੀਂ ਹੋਵੇਗੀ ਤਾਂ ਨਸ਼ੇ ਅਤੇ ਗੈਂਗਸਟਰਵਾਦ ਵਰਗੀਆਂ ਸਮੱਸਿਆਵਾਂ ਵਧਣਗੀਆਂ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੋਕ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਕਰ ਸਕਦੇ। ਉਨ੍ਹਾਂ ਨੇ ਗੁਜਰਾਤ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਫੜੇ ਜਾਣ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਨੂੰ ਵੀ ਘੇਰਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਗੈਂਗਸਟਰਾਂ ਨੂੰ ਲੈ ਕੇ ਵੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਜੇਲ੍ਹਾਂ ਵਿੱਚ ਗੈਂਗਸਟਰਾਂ ਨੂੰ ਪਾਲਿਆ ਜਾ ਰਿਹਾ ਹੈ।
ਪੀਐਮ ਮੋਦੀ ਨੂੰ 5 ਮਿੰਟ ਦੀ ਬਹਿਸ ਦਾ ਚੈਲੰਜ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਇਨਸਾਫ਼ ਰੈਲੀ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਆਹਮੋ-ਸਾਹਮਣੇ ਖੁੱਲ੍ਹੀ ਬਹਿਸ ਕਰਨ ਦੀ ਵੱਡੀ ਚੁਣੌਤੀ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨਾਲ ਸਿੱਧੀ ਡਿਬੇਟ ਕਰਨ ਤੋਂ ਬਚਦੇ ਹਨ। ਪੀਐਮ ਮੋਦੀ ਉਨ੍ਹਾਂ ਨਾਲ ਸਿਰਫ਼ 5 ਮਿੰਟ ਬਹਿਸ ਕਰ ਲੈਣ, ਤਾਂ ਛੇਵੇਂ ਮਿੰਟ ਵਿੱਚ ਇਹ ਸਾਫ਼ ਹੋ ਜਾਵੇਗਾ ਕਿ ਦੇਸ਼ ਦੇ ਹਿੱਤਾਂ ਖ਼ਿਲਾਫ਼ ਕੌਣ ਕੰਮ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਸੰਸਦ ਵਿੱਚ ਬੋਲਦੇ ਹਨ ਤਾਂ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ।
ਦਿੱਲੀ ਤੋਂ ਨਹੀਂ, ਪੰਜਾਬ ਤੋਂ ਚੱਲਣੀ ਚਾਹੀਦੀ ਹੈ ਪੰਜਾਬ ਦੀ ਸਰਕਾਰ
ਰਾਹੁਲ ਗਾਂਧੀ ਨੇ ਪੰਜਾਬ ਦੀ ਸਿਆਸਤ ਵਿੱਚ ਦਿੱਲੀ ਦੇ ਦਖ਼ਲ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਨਹੀਂ ਚਲਾਈ ਜਾ ਸਕਦੀ। ਪੰਜਾਬ ਦੀ ਸਰਕਾਰ ਪੰਜਾਬ ਵਿੱਚੋਂ ਹੀ ਚੱਲਣੀ ਚਾਹੀਦੀ ਹੈ।
ਉਨ੍ਹਾਂ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਿੱਧੇ ਸਿਆਸੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।
ਕਾਂਗਰਸ ਦੇ ਵੱਡੇ ਆਗੂਆਂ ਨੇ ਭਰੀ ਹਾਜ਼ਰੀ
ਇਨਸਾਫ਼ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਕਈ ਦਿੱਗਜ ਆਗੂ ਮੌਜੂਦ ਰਹੇ। ਇਨ੍ਹਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਆਗੂ ਸ਼ਾਮਲ ਸਨ।
ਰੈਲੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਿਆਸੀ ਰਣਨੀਤੀ ਦੇ ਆਗਾਜ਼ ਵਜੋਂ ਦੇਖਿਆ ਜਾ ਰਿਹਾ ਹੈ। ਨਸ਼ਾ, ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਅਤੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਮੁੱਦੇ ਪਾਰਟੀ ਦੇ ਚੋਣ ਏਜੰਡੇ ਦਾ ਅਹਿਮ ਹਿੱਸਾ ਬਣ ਸਕਦੇ ਹਨ।
ਸੰਗਰੂਰ ਦੀ ਇਸ ਇਨਸਾਫ਼ ਰੈਲੀ ਰਾਹੀਂ ਕਾਂਗਰਸ ਨੇ ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਚੋਣਾਂ ਲਈ ਆਪਣੀ ਸਰਗਰਮੀ ਤੇਜ਼ ਕਰਨ ਦਾ ਸੰਕੇਤ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਵੱਲੋਂ ਚੁੱਕੇ ਗਏ ਮੁੱਦੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਨੂੰ ਕਿੰਨਾ ਪ੍ਰਭਾਵਿਤ ਕਰਦੇ ਹਨ ਅਤੇ ਕਾਂਗਰਸ ਇਨ੍ਹਾਂ ਨੂੰ ਚੋਣ ਮੈਦਾਨ ਵਿੱਚ ਕਿਸ ਤਰ੍ਹਾਂ ਅੱਗੇ ਲੈ ਕੇ ਜਾਂਦੀ ਹੈ।



Leave a Comment