Babu Rajab Ali

ਸਤਰੰਗੀ ਪੀਂਘ ਵਰਗਾ ਲੋਕ ਕਵੀ ਬਾਬੂ ਰਜਬ ਅਲੀ

ਮਾਲਵਾ ਦੇਸ਼ ਸ਼ਬਦ ਤੁਹਾਨੂੰ ਭਾਵੇਂ ਓਪਰਾ ਲੱਗੇ, ਪਰ ਇਸ ਖਿੱਤੇ ਦੀ ਨਿਵੇਕਲੀ ਕਾਵਿ ਪਰੰਪਰਾ ਦੇ ਇਤਿਹਾਸ ਵਿੱਚ ਇਸ ਧਰਤੀ ਨੂੰ ਦੇਸ਼ ਦਾ ਨਾਮ ਹੀ ਪੁਰਖਿਆ ਨੇ ਦਿੱਤਾ ਹੈ। ‘ਜੰਗਲ ਦੇਸ਼ ਨਾ ਵਿਆਹੀਂ ਮੇਰੀ ਮਾਂ’ ਵਾਲਾ ਰੁਦਨ ਕਰਨ ਵਾਲੀ ਧੀ ਅਤੇ ਉਸ ਧੀ ਦੇ ਵੀਰਾਂ, ਬਾਬੁਲਾਂ ਦੀ ਵੇਦਨਾ ਨੂੰ ਇਥੋਂ ਦੀ ਲੋਕ ਕਾਵਿ ਪਰੰਪਰਾ ਵਿੱਚੋਂ ਸਭ ਤੋਂ ਖ਼ੂਬਸੂਰਤ ਢੰਗ ਨਾਲ ਕਵੀਸ਼ਰੀ ਨੇ ਸੰਭਾਲਿਆ ਹੈ। ਮਾਲਵੇ ਦੀ ਕਵੀਸ਼ਰੀ ਪਰੰਪਰਾ ਬਾਰੇ ਜਾਣਕਾਰੀ ਗ੍ਰਹਿਣ ਕਰਦਿਆਂ ਮੈਨੂੰ ਹਰ ਵਾਰ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਮੈਂ ਬੱਦਲ ਵਰ੍ਹਨ ਮਗਰੋਂ ਅੰਬਰੀਂ ਪਈ ਸਤਰੰਗੀ ਪੀਂਘ ਨੂੰ ਨਿਹਾਰ ਰਿਹਾ ਹੋਵਾਂ। ਕਵੀਸ਼ਰੀ ਚਾਹੇ ਮਹਿਰਾਜ਼ ਵਾਲੇ ਭਾਈ ਭਗਵਾਨ ਸਿੰਘ ਦੀ ਹੋਵੇ ਜਾਂ ਕਰਨੈਲ ਸਿੰਘ ਪਾਰਸ ਰਾਮੂਵਾਲੀਏ ਦੀ, ਕਿਸ਼ੋਰ ਚੰਦ ਬੱਦੋਵਾਲੀਏ ਦੀ ਕਿੱਸਾਕਾਰੀ ਦੇ ਸਮਾਨ-ਅੰਤਰ ਤੁਰਦੀ ਬਾਬੂ ਰਜਬ ਅਲੀ ਦੀ ਕਵੀਸ਼ਰੀ, ਮੈਨੂੰ ਹਮੇਸ਼ਾ ਮੰਤਰ ਮੁਗਧ ਕਰਦੀ ਰਹੀ ਹੈ।

ਬਾਬੂ ਰਜਬ ਅਲੀ ਲੰਮਾ ਸਮਾਂ ਜਗਰਾਉਂ ਨੇੜੇ ਅਖਾੜਾ ਪਿੰਡ ਵੱਲ ਜਾਂਦੇ ਪੁਲ ਨੇੜਲੀ ਕੋਠੀ ਵਿੱਚ ਰਿਹਾ ਹੈ। ਮੇਰਾ ਸੁਝਾਅ ਹੈ ਕਿ ਅਖਾੜਾ ਨੇੜੇ ਬਣੇ ਪੁਲ ਨੂੰ “ਬਾਬੂ ਰਜਬ ਅਲੀ ਪੁਲ “ ਦਾ ਨਾਮ ਦੇ ਦਿੱਤਾ ਜਾਵੇ। ਲੱਗ ਪਗ ਦੋ ਸਾਲ ਪਹਿਲਾਂ ਜਗਰਾਉਂ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਤੇ ਇਸ ਪੁਲ ਦੀ ਉਸਾਰੀ ਕਰਵਾ ਰਹੇ ਇੰਜੀਨੀਅਰ ਤੇ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ ਤੋਂ ਰਸਮੀ ਪ੍ਰਵਾਨਗੀ ਲੈਣੀ ਚਾਹੀਦੀ ਹੈ। ਸਰਬਜੀਤ ਨੇ ਹਾਮੀ ਤਾਂ ਭਰੀ ਸੀ, ਸ਼ਾਇਦ ਪ੍ਰਵਾਨਗੀ ਲੈ ਹੀ ਲਈ ਹੋਵੇ। ਬਾਬੂ ਰਜਬ ਅਲੀ ਸਾਰੀ ਉਮਰ ਕਵਿਤਾ ਰਾਹੀਂ ਮਨ ਤੋਂ ਮਨ ਤੀਕ ਅਣਦਿਸਦੇ ਪੁਲ ਹੀ ਤਾਂ ਉਸਾਰਦਾ ਰਿਹਾ।

ਬਾਬੂ ਰਜਬ ਅਲੀ ਦੀ ਸ਼ਾਇਰੀ ਤੋਂ ਮੈਂ 1973 ਵਿੱਚ ਪਹਿਲੀ ਵਾਰ ਵਾਕਿਫ ਹੋਇਆ ਸਾਂ। ਲੁਧਿਆਣੇ ਰਹਿੰਦੇ ਵਿਦਵਾਨ ਡਾ. ਆਤਮ ਹਮਰਾਹੀ ਅਤੇ ਕੋਟ ਕਪੂਰੇ ਵਾਲੇ ਵੀਰ ਡਾ. ਰੁਲੀਆ ਸਿੰਘ ਸਿੱਧੂ ਦੇ ਸਾਂਝੇ ਯਤਨਾਂ ਸਦਕਾ ਗੁਰਦੇਵ ਸਿੰਘ ਸਾਹੋਕੇ ਵਾਲਿਆਂ ਦੇ ਕਵੀਸ਼ਰੀ ਜਥੇ ਪਾਸੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਬਾਬੂ ਰਜਬ ਅਲੀ ਦੀ ਲਿਖੀ ਕਵੀਸ਼ਰੀ ਨੇ ਵੰਨ-ਸੁਵੰਨੇ ਰੰਗ ਪੇਸ਼ ਕੀਤੇ। ਪੰਜਾਬ ਦੇ ਮੁੱਖ ਮੰਤਰੀ ਵਜੋਂ ਗਿਆਨੀ ਜ਼ੈਲ ਸਿੰਘ ਅਤੇ ਉਘੇ ਵਿਦਵਾਨ ਡਾ. ਅਤਰ ਸਿੰਘ ੧੯੭੫ ਵਿੱਚ ਪਾਕਿਸਤਾਨ ਫੇਰੀ ਦੌਰਾਨ ਬਾਬੂ ਰਜਬ ਅਲੀ ਨੂੰ ਮਿਲੇ। ਕੁਝ ਮਹੀਨਿਆਂ ਬਾਅਦ ਰਜਬ ਅਲੀ ਸਾਨੂੰ ਅਲਵਿਦਾ ਕਹਿ ਗਏ।

‘ਕੋਈ ਦੇਸ਼ ਪੰਜਾਬੋਂ ਸੋਹਣਾ ਨਾ’ ਲਿਖਣ ਵਾਲਾ ਬਾਬੂ ਰਜਬ ਅਲੀ ਆਪਣੇ ਪੰਜਾਬ ਦੀ ਹੱਦ ਮਾਲਵਾ ਦੇਸ਼ ਨੂੰ ਹੀ ਮੰਨਦਾ ਹੈ, ਕਿਉਂਕਿ ਨਹਿਰੀ ਮਹਿਕਮੇ ਦੀ ਮੁਲਾਜ਼ਮਤ ਕਰਦਿਆਂ ਉਹ ਇਸ ਧਰਤੀ ਦੇ ਚੱਪੇ-ਚੱਪੇ ਦਾ ਜਾਣੂੰ ਹੋ ਗਿਆ ਸੀ। ਇਥੋਂ ਦੀ ਸਮਾਜਿਕ, ਆਰਥਿਕ, ਧਾਰਮਿਕ ਅਤੇ ਭਾਈਚਾਰਕ ਮਰਿਆਦਾ ਬਾਰੇ ਉਸ ਦੀਆਂ ਬਾਰੀਕ-ਬੀਨੀ ਵਾਲੀਆਂ ਟਿੱਪਣੀਆਂ ਉਸ ਦੇ ਕਲਾਮ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਬਾਬੂ ਰਜਬ ਅਲੀ ਦਾ ਚੋਣਵਾਂ ਕਲਾਮ ਛਾਪਿਆ ਹੈ ਅਤੇ ਡਾ. ਆਤਮ ਹਮਰਾਹੀ ਨੇ ਵੀ ਬਾਬੂ ਰਜਬ ਅਲੀ ਦੇ ਕਲਾਮ ਨੂੰ ਸੰਪਾਦਤ ਕੀਤਾ ਹੈ। ਹੁਣ ਪਿਛਲੇ ਕੁਝ ਸਾਲਾਂ ਤੋਂ ਪੱਕਾ ਕਲਾਂ ਦੇ ਵਸਨੀਕ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੇ ਬਾਬੂ ਰਜਬ ਅਲੀ ਦੇ ਕਲਾਮ ਨੂੰ ਸੰਪਾਦਤ ਕਰਨ ਦਾ ਬੀੜਾ ਚੁੱਕਿਆ ਹੈ। ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਹੁਣ ਤੀਕ ਉਹ ਰੰਗੀਲਾ ਰਜਬ ਅਲੀ, ਬਾਬੂ ਰਜਬ ਅਲੀ ਦੇ ਕਿੱਸੇ, ਦਸਮੇਸ਼ ਮਹਿਮਾ, ਅਣਖੀਲਾ ਰਜਬ ਅਲੀ, ਅਨਮੋਲ ਰਜਬ ਅਲੀ, ਅਨੋਖਾ ਰਜਬ ਅਲੀ, ਅਨੂਠਾ ਰਜਬ ਅਲੀ ਅਤੇ ਅਲਬੇਲਾ ਰਜਬ ਅਲੀ ਨਾਂ ਦੀਆਂ ਕਿਤਾਬਾਂ ਸੰਪਾਦਿਤ ਕਰ ਚੁੱਕਾ ਹੈ।

ਰਜਬ ਅਲੀ ਦੇ ਕਲਾਮ ਦਾ ਇਕ ਹੋਰ ਸੰਗ੍ਰਹਿ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੇ ਤਿਆਰ ਕੀਤਾ ਹੈ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਕਿੱਸਾ ਜੰਗ ਮਹਾਂਭਾਰਤ, ਬਹਾਦਰੀ ਕਿੱਸਾ ਬੀਬੀ ਹਰਨਾਮ ਕੌਰ, ਕਿੱਸਾ ਹਰਫੂਲ ਸਿੰਘ ਸੂਰਮਾ, ਕਿੱਸਾ ਕਲੀਆਂ ਵਾਲੀ ਹੀਰ ਸ਼ਾਮਲ ਹਨ। ਬਾਬੂ ਰਜਬ ਅਲੀ ਇਨ੍ਹਾਂ ਪ੍ਰਸੰਗਾਂ ਨੂੰ ਪੇਸ਼ ਕਰਨ ਲੱਗਾ ਲੋਕ ਧਾਰਾ ਦਾ ਪੱਲਾ ਨਹੀਂ ਛੱਡਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪ੍ਰਸੰਗ ਲਿਖਣ ਲੱਗਿਆਂ ਉਹ ਲੋਕ ਧਾਰਾਈ ਹਵਾਲਿਆਂ ਨੂੰ ਮਾਹੌਲ ਉਸਾਰਨ ਵਿੱਚ ਖੂਬ ਵਰਤਦਾ ਹੈ। ਦੂਸਰੇ ਹੀ ਬੰਦ ਵਿੱਚ ਉਸ ਦਾ ਅੰਦਾਜ਼ ਵੇਖੋ :

ਚੰਦੂ ਮਗਰ ਹਕੂਮਤ ਤੇ ਅਫਰੇਵਾਂ ਧਨ ਦਾ ਹੈ।
ਗੁਰ ਨੂੰ ਦੱਸਦਾ ਮੋਰੀ ਆਪ ਚੁਬਾਰਾ ਬਣਦਾ ਹੈ।
ਛੱਡ ਕੇ ਮੰਗ ਫਰਜ਼ੰਦ ਦੀ ਬਹੁਤੀ ਕਰੀ ਦਲੇਰੀ ਗਏ।
ਤਪਦੀ ਤਵੀ ਤੇ ਗੁਰੂ ਅਰਜਨ ਬਹਿ ਕੇ ਮਾਲਾ ਫੇਰੀ ਗਏ।

ਕੇਸੀਂ ਗਰਮ ਬਰੇਤੀ ਗੇਰਨ ਸਿਖ਼ਰ ਦੁਪੈਰਿਆਂ ਨੂੰ।
ਦਿਲ ਠਰਦਾ ਹਿੱਕ ਤਪਦੀ ਲੱਗਦਾ ਸੇਕ ਮੁਛੈਰਿਆਂ ਨੂੰ।
ਬਲਿਹਾਰੇ ਹਿੱਕ ਕੱਢ ਕੇ ਰੋਕੀ ਜ਼ੁਲਮ ਹਨੇਰੀ ਗਏ।
ਤਪਦੀ ਤਵੀ ਤੇ ਗੁਰ ਅਰਜਨ ਬਹਿ ਮਾਲਾ ਫੇਰੀ ਗਏ।

ਬਾਬੂ ਰਜਬ ਅਲੀ ਇਹ ਲਿਖਦਿਆਂ ਭੁੱਲ ਭੁਲਾ ਜਾਂਦਾ ਹੈ ਕਿ ਉਹ ਇਸਲਾਮੀ ਘਰ ਵਿੱਚ ਜੰਮਿਆ ਜਾਇਆ ਹੈ। ਅਸਲ ਵਿੱਚ ਇਸਲਾਮ ਜਾਂ ਧਰਮ ਦੀ ਗਰਮੀ ਦਾ ਉਦੋਂ ਅਜੇ ਬਹੁਤਾ ਬੁਖਾਰ ਹੀ ਨਹੀਂ ਸੀ ਹੁੰਦਾ, ਜਿਨ੍ਹਾਂ ਵਕਤਾਂ ਵਿੱਚ ਇਤਿਹਾਸ ਦੇ ਰੂ-ਬਰੂ ਖਲੋ ਕੇ ਬਾਬੂ ਰਜਬ ਅਲੀ ਨੇ ਇਹ ਕਿੱਸਾ ਲਿਖਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ, ਮੁਸਲਿਮ, ਸਿੱਖ ਈਸਾਈ ਲਈ ਤੀਸਰੀ ਜਾਤ ਗੋਰਾ ਫਰੰਗੀ ਸੀ। ਉਹ ਹੀ ਦੁਸ਼ਮਣ ਸੀ ਅਤੇ ਉਸ ਦੇ ਖਿਲਾਫ਼ ਲੜਦੇ ਸੂਰਮਿਆਂ ਸ਼ਹੀਦ ਭਗਤ ਸਿੰਘ ਵਰਗਿਆਂ ਦੀਆਂ ਸ਼ਹੀਦੀਆਂ ਦੇ ਪ੍ਰਸੰਗ ਬਾਬੂ ਰਜਬ ਅਲੀ ਦੀ ਕਲਮ ਨੇ ਲਿਖੇ। ਆਪਣੇ ਸਮਕਾਲੀ ਦੇਸ਼ ਭਗਤੀ ਵਾਲੇ ਮਾਹੌਲ ਦੇ ਪੜੁੱਲ ਤੇ ਖਲੋ ਕੇ ਉਹ ਇਤਿਹਾਸ ਵੱਲ ਦੇਖਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਸ ਨੂੰ ਇਹ ਪ੍ਰੇਰਨਾ ਦਿੰਦੀ ਕਿ ਉਹ ਇਸ ਨੂੰ ਆਪਣੀ ਲਿਖਤ ਦਾ ਆਧਾਰ ਬਣਾਵੇ। ਛੰਦਾਬੰਦੀ ਦੇ ਵੰਨ-ਸੁਵੰਨੇ ਪ੍ਰਬੰਧ ਦੀ ਸਿਖਰਲੀ ਲਿਆਕਤ ਦਾ ਸਵਾਮੀ ਹੋਣ ਸਦਕਾ ਵੰਨ ਸੁਵੰਨਤਾ ਅਤੇ ਅਨੁਭਵ ਪ੍ਰਗਟਾਵਾ ਉਸ ਦੀ ਸ਼ਾਇਰੀ ਨੂੰ ਚਾਰ ਚੰਨ ਲਾਉਂਦੇ ਹਨ। ਇਹੀ ਕਾਰਨ ਹੈ ਕਿ ਮਾਲਵਾ ਦੇਸ਼ ਵਿੱਚ ਅੱਜ ਵੀ ਬਾਬੂ ਰਜਬ ਅਲੀ ਦਾ ਕਲਾਮ ਗਾਉਣ ਵਾਲੇ ਕਵੀਸ਼ਰਾਂ ਦੀ ਗਿਣਤੀ ੨੦੦ ਤੋਂ ਵੱਧ ਹੋਵੇਗੀ। ਬਾਬੂ ਰਜਬ ਅਲੀ ਦੇ ਗੀਤਾਂ ਨੂੰ ਮੁਹੰਮਦ ਸਦੀਕ ਵਰਗੇ ਪਰਪੱਕ ਗਵੱਈਆਂ ਨੇ ਵੀ ਗਾਇਆ ਅਤੇ ਸਤਿੰਦਰ ਸਰਤਾਜ ਵਰਗੇ ਅਸਲੋਂ ਨਵੇਂ ਸੁਰੀਲੇ ਪੁੱਤਰਾਂ ਨੇ ਵੀ।

ਕਿੱਸਾ ਜੰਗ ਮਹਾਂਭਾਰਤ ਦਾ ਲਿਖਣ ਵੇਲੇ ਵੀ ਬਾਬੂ ਰਜਬ ਅਲੀ ਸਾਨੂੰ ਪੰਜਾਬ ਦੀ ਮਿੱਟੀ ਦੇ ਕਣ-ਕਣ ਨਾਲ ਵਾਕਿਫ ਕਰਵਾਉਂਦਾ ਹੈ। ਇਤਿਹਾਸ ਦੇ ਪੁਰਾਤਨ ਪੱਤਰੇ ਫੋਲਦਿਆਂ ਉਹ ਸਾਨੂੰ ਇੰਝ ਵਾਰਤਾ ਸੁਣਾਉਂਦਾ ਹੈ, ਜਿਵੇਂ ਸਾਰਾ ਕੁਝ ਸਾਡੇ ਸਾਹਮਣੇ ਵਾਪਰਦਾ ਹੋਵੇ ਜਾਂ ਮਹਾਂਭਾਰਤ ਦੀ ਜੰਗ ਵੇਲੇ ਬਾਬੂ ਰਜਬ ਅਲੀ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਖੁਦ ਹਾਜ਼ਰ ਹੋਵੇ। ਹਵਾਲੇ ਵਜੋਂ ਇਹ ਸਤਰਾਂ ਵੇਖੋ :

ਕਹਿਣ ਲੱਗੇ ਮਾਪਿਆਂ ਨੂੰ ਵਿਆਹ ਕੇ ਡੋਬਤੀ।
ਪਾਂਡੋ ਬਲੀ ਲੈਗੇ ਜਿੱਤ ਕੇ ਦਰੋਪਤੀ।
ਭੀਸ਼ਮ ਪਿਤਾਮਾ ਨੇ ਮੰਗਾ ਕੇ ਪੋਤਿਆਂ ਨੂੰ।
ਮੇਵੇ ਵੰਡੇ ਰੋੜਾਂ ਤੋਂ ਉਠਾ ਕੇ ਤੋਤਿਆਂ ਨੂੰ।
ਅੱਧ ਰਾਜ ਵੰਡਤਾ ਧਰਿੱਤ ਤਾਏ ਜੀ।
ਦੁੱਖ-ਸੁੱਖ ਕਰਦੇ ਭਰਾ ਦੇ ਜਾਏ ਜੀ।
ਅਜੇ ਖੜ੍ਹੀ ਪਾਂਡੋ ਦੀ ਨਿਸ਼ਾਨੀ ਠੀਕ ਹੈ।
ਇੰਦਰ ਪ੍ਰਸਤ ਦਿੱਲੀ ਦੇ ਨਜ਼ੀਕ ਹੈ।

ਕੰਧ ਨਾਲ ਵੱਜਿਆ ਤੜੱਕ ਮੱਥਾ ਜੀ।
ਪੱਕੀ ਕੰਧ ਮੱਥੇ ‘ਚੋਂ ਚਟਾਕ ਲੱਥਾ ਜੀ।
ਆਖਦੀ ਦਰੋਪਤੀ ਕਰੇ ਕੀ ਅੰਧਾ ਜੀ।
ਕੰਧੀਂ ਮਾਰੇ ਟੱਕਰਾਂ ਸਦਾਈ ਬੰਦਾ ਜੀ।

ਬਾਬੂ ਰਜਬ ਅਲੀ ਕੋਲ ਸ਼ਬਦ ਸ਼ਕਤੀ ਦਾ ਅਥਾਹ ਭੰਡਾਰ ਹੈ। ਇਸ ਨੂੰ ਉਸ ਨੇ ਕਿਤਾਬਾਂ ਵਿੱਚੋਂ ਗ੍ਰਹਿਣ ਨਹੀਂ ਕੀਤਾ, ਸਗੋਂ ਲੋਕ ਵੇਦ ਵਿੱਚੋਂ ਪੜ੍ਹਿਆ ਹੈ। ਇਸੇ ਕਰ ਕੇ ਸ਼ਬਦ ਉਸ ਦੀ ਅਰਦਲ ਵਿੱਚ ਅਰਜ਼ਮੰਦਾਂ ਵਾਂਗ ਆਣ ਖੜੋਦੇ ਹਨ। ਉਹ ਸਥਾਨਕ ਨਾਇਕਾਂ ਬੀਬੀ ਹਰਨਾਮ ਕੌਰ ਦੀ ਬਹਾਦਰੀ ਅਤੇ ਹਰਫੂਲ ਸਿੰਘ ਸੂਰਮੇ ਦੀ ਵਾਰਤਾ ਲਿਖਣ ਵੇਲੇ ਵੀ ਲੋਕ ਵੇਦ ਦੇ ਹਵਾਲਿਆਂ ਤੋਂ ਮੁਕਤ ਨਹੀਂ ਹੁੰਦਾ। ਹਰਨਾਮ ਕੌਰ ਦੀ ਵੀਰਤਾ ਦੀ ਕਹਾਣੀ ਬਾਬੂ ਰਜਬ ਅਲੀ ਦੀ ਜ਼ੁਬਾਨੀ ਸੁਣੋ :

ਸੁਣੀਂਦਾ ਪੰਜਾਬ ‘ਚੋਂ ਲੜਾਕਾ ਮਾਲਵਾ
ਏਥੇ ਮਾਵਾਂ ਲੈਣ ਬੱਚਿਆਂ ਨੂੰ ਪਾਲ ਵਾਹ
ਕਾਕੀ ਹਰਨਾਮੀ ਜੰਮੀਂ ਇਨ੍ਹਾਂ ਝਾੜਾਂ ਦੀ
ਮਰਨੋਂ ਡਰੇਂ ਨਾ ਵੰਸ਼ਜ ਬਰਾੜਾਂ ਦੀ

ਇਸ ਧਰਤੀ ਦੀਆਂ ਧੀਆਂ ਦੀ ਵੀਰਤਾ ਨੂੰ ਵਰਨਣ ਕਰਨ ਲੱਗਾ ਉਹ ਇਸ ਗੱਲ ਨੂੰ ਕਦੀ ਨਹੀਂ ਵਿਸਾਰਦਾ ਕਿ ਉਹ ਵੀਰਤਾ ਦੀ ਗਾਥਾ ਕਹਿ ਰਿਹਾ ਹੈ, ਕਿਸੇ ਔਰਤ ਦੀ ਕਹਾਣੀ ਨਹੀਂ ਬਿਆਨ ਰਿਹਾ। ਸ਼ਾਇਦ ਇਸੇ ਕਰਕੇ ਡਾਕੂ ਲੁਟੇਰਿਆਂ ਦੀ ਨਫ਼ਰਤ ਅਤੇ ਦਲੇਰ ਧੀ ਲਈ ਆਦਰ ਮਾਣ ਦਾ ਮਾਹੌਲ ਉਸਾਰਦਾ ਹੈ। ਜੰਗਲ ਦੇਸ਼ ਮਾਲਵੇ ਦੀ ਬਹਾਦਰੀ ਦਾ ਇਹ ਕਿਣਕਾ ਸਾਡੇ ਸਾਹਮਣੇ ਔਰਤ ਨੂੰ ਬਲਵਾਨ ਹਿੱਸੇ ਵਜੋਂ ਪੇਸ਼ ਕਰਦਾ ਹੈ। ਇਹ ਉਹੀ ਧਰਤੀ ਹੈ, ਜਿਥੇ ਕਦੀ ਮਾਈ ਭਾਗੋ ਨੇ ਆਪਣੇ ਭਰਾਵਾਂ ਤੇ ਪੁੱਤਰਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡਣ ਤੇ ਵੰਗਾਰਿਆ ਸੀ। ਹਰਫੂਲ ਸੂਰਮੇ ਦੀ ਵਾਰਤਾ ਕਹਿਣ ਲੱਗਾ ਵੀ ਉਹ ਲੋਕ ਮੁਹਾਵਰੇ ਨੂੰ ਇਸ ਤਰ੍ਹਾਂ ਵਰਤਦਾ ਹੈ, ਜਿਵੇਂ ਵਿਰਸੇ ਦੀਆਂ ਅਨਮੋਲ ਸ਼ਬਦ ਲੜੀਆਂ ਉਸ ਦੀ ਲਿਖਤ ਨੂੰ ਉਡੀਕ ਰਹੀਆਂ ਹੋਣ। ਵੱਖ-ਵੱਖ ਛੰਦ ਘਟਨਾਵਾਂ ਮੁਤਾਬਕ ਤਬਦੀਲ ਹੁੰਦੇ ਹਨ। ਮਨੋਹਰ ਭਵਾਨੀ ਛੰਦ ਮੇਰੀ ਚੇਤਨਾ ਵਿੱਚ ਪਹਿਲਾਂ ਕਦੇ ਨਹੀਂ ਸੀ ਆਇਆ। ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਬਾਬੂ ਰਜਬ ਅਲੀ ਤੋਂ ਬਿਨਾਂ ਕਿਸੇ ਵੀ ਹੋਰ ਨੇ ਇਸ ਛੰਦ ਦੀ ਏਨੀ ਭਰਵੀਂ ਵਰਤੋਂ ਨਹੀਂ ਕੀਤੀ :

ਪੀਲ਼ੀ ਹਲਦੀ ਤੋਂ ਕੀਤੀ,
ਦੁੱਖ ਦਰਜੀ ਨੇ ਸੀਤੀ, ਰੱਤ ਹਉਕਿਆਂ ਨੇ ਪੀਤੀ,
ਸੰਸਿਆਂ ਨੇ ਮਾਰਤੀ।
ਘੜੀ-ਘੜੀ ਸੌ-ਸੌ ਸਾਲ ਦੀ ਗੁਜ਼ਾਰਤੀ।
ਦਿਲੀ ਮੁੱਦਤਾਂ ਤੋਂ ਤਾਂਘਾਂ, ਉਚੀ-ਉਚੀ ਮਾਰੇ ਚਾਂਗਾਂ, ਵੱਜੀਆਂ ਵੈਰਾਗ ਸਾਂਗਾਂ,
ਕੋਮਲ ਸਰੀਰ ਦੇ । ਤੇਜੋ ਗਲ੍ਹ ਚਿੰਬੜੀ ਡਡਿਆਕੇ ਵੀਰ ਦੇ।

ਏਨਾ ਸੁੱਚਾ ਸੁਥਰਾ ਤੇ ਸੰਜਮੀ ਅਨੁਭਵ ਪ੍ਰਗਟਾਅ ਵਿਰਲੇ ਸ਼ਾਇਰਾਂ ਨੂੰ ਨਸੀਬ ਹੁੰਦਾ ਹੈ। ਬਾਬੂ ਰਜਬ ਅਲੀ ਸ਼ਬਦਾਂ ਨੂੰ ਰੰਗਾਂ ਵਾਂਗ ਵਰਤਦਾ ਹੈ। ਵੱਖ-ਵੱਖ ਰੰਗਾਂ ਵਿੱਚੋਂ ਚਿਹਰੇ ਉਘਾੜਦਾ ਹੈ। ਰੰਗਾਂ ਨੂੰ ਬੋਲਣ ਅਤੇ ਜੀਵੰਤ ਅੰਦਾਜ਼ ਵਿੱਚ ਵਿਚਰਨ ਵਿਧੀ ਸਿਖਾਉਂਦਾ ਹੈ। ਇਹ ਸ਼ਕਤੀ ਵਿਰਲੇ ਸਿਰਜਕਾਂ ਦੇ ਹਿੱਸੇ ਆਉਂਦੀ ਹੈ ਕਿ ਉਨ੍ਹਾਂ ਦੇ ਲਿਖੇ ਬੋਲ ਮਨ-ਇੱਛਤ ਨਤੀਜੇ ਮੁਤਾਬਕ ਅੱਗੇ ਤੁਰਨ। ਸਾਨੂੰ ਬਾਬੂ ਰਜਬ ਅਲੀ ਦੀ ਲਿਖਤ ਵਿੱਚੋਂ ਸਮਾਜ ਸ਼ਾਸਤਰੀ ਅਧਿਐਨ ਦੀਆਂ ਸੰਭਾਵਨਾਵਾਂ ਨੂੰ ਵੀ ਵੇਖਣਾ ਪਰਖਣਾ ਚਾਹੀਦਾ ਹੈ।

ਬਾਬੂ ਰਜਬ ਅਲੀ ਦੀ ਲਿਖਤ ਵਿੱਚ ਧਰਤੀ ਬੋਲਦੀ ਆਪਣੇ ਦੁੱਖ ਸੁੱਖ ਸੁਣਾਉਂਦੀ ਆਪਣੇ ਪੁੱਤਰਾਂ ਦੇ ਗੁਣਾਂ ਔਗੁਣਾਂ ਨੂੰ ਪੇਸ਼ ਕਰਦੀ ਹੈ।

Gurbhajan Singh Gill

Prof. Gurbhajan Singh Gill retired as Senior Editor from Punjab Agricultural University, Ludhiana, in 2013. He was President of Punjabi Sahit Academy, Ludhiana, from 2010 to 2014. Presently, he is Chairman of Punjabi Lok-Virasat Academy and associated with numerous Literature, Cultural and sports organisations. His passion for Punjabi Literature, language, and heritage created in him an urge to be part of the movement to promote the mother tongue, Punjabi. As a writer, he has raised concerns about the development of Punjabi on state, national, and international forums. He is a renowned writer contributing his poetic renderings and write-ups to various journals and newspapers around the world. He authored about 20 books, many of which are close to the hearts of Scholars, Poets, and Writers.

Post navigation

Leave a Comment

Leave a Reply

Your email address will not be published. Required fields are marked *