ਓਹ ਦਿਨ ਕਿਵੇਂ ਭੁਲਾਵਾਂ ?
ਅੱਜ ਤੋਂ ਲਗਭਗ ਤਿੰਨ ਦਹਾਕੇ ਪਹਿਲਾਂ ਦੀਆਂ ਗੱਲਾਂ ਨੇ। ਉਹਨੀਂ ਦਿਨੀਂ ਪਟਿਆਲੇ ਸ਼ੇਰਾਂ ਵਾਲੇ ਗੇਟ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਵਿਚ ਮੈਂ ਕੱਚੇ ਮਾਲੀ-ਕਮ-ਵਾਟਰ ਕੈਰੀਅਰ ਵਜੋਂ ਡੀਸੀ ਰੇਟਾਂ ਉਤੇ ਕੰਮ ਕਰ ਰਿਹਾ ਸਾਂ। ਅਜੀਤ ਸਿੰਘ ਕੱਕੜ ਵਿਭਾਗ ਦੇ ਡਾਇਰੈਕਟਰ ਸਨ। ਪੰਜਾਬ ਸਰਕਾਰ ਨੇ ਵਿਭਾਗ ਵਿਚ ਦੋ ਪੱਕੇ ਮਾਲੀ ਭਰਤੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। ਕੱਕੜ ਸਾਹਿਬ ਦੀ ਦਿਲੀ ਚਾਹਤ ਸੀ ਕਿ ਉਹ ਆਪਣੀ ਸੇਵਾਮੁਕਤੀ ਤੋਂ ਪਹਿਲਾਂ ਪਹਿਲਾਂ ਮੈਨੂੰ ਮਾਲੀ ਪੱਕਾ ਕਰ ਜਾਣ ਤੇ ਬਾਅਦ ਵਿਚ ਤਰੱਕੀ ਕਰ ਕੇ ਸੇਵਾਦਾਰ ਬਣ ਜਾਵੇ। ਸਰਕਾਰੀ ਵਿਭਾਗ ਵਿਚ ਸੇਵਾਦਾਰੀ ਦੇ ਨਾਲ ਨਾਲ ਸਾਹਿਤ ਦੀ ਸੇਵਾਦਾਰੀ ਵੀ ਕਰੀ ਜਾਵੇਗਾ। ਇਹੋ ਜਿਹੇ ਮਨੋਭਾਵ ਉਹ ਰਖਦੇ ਸਨ।
ਇਕ ਦਿਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਰਛਪਾਲ ਸਿੰਘ ਗਿੱਲ ਕੱਕੜ ਸਾਹਿਬ ਕੋਲ ਬੈਠੇ ਹੋਏ ਸਨ। ਮੈਨੂੰ ਬੁਲਾਇਆ। ਮੈਂ ਦੋਵਾਂ ਨੂੰ ਸਾਂਝੀ ਸਤਿ ਸ੍ਰੀ ਅਕਾਲ ਆਖ ਕੇ ਸਾਹਮਣੇ ਖੜ੍ਹੋ ਗਿਆ। ਕੱਕੜ ਸਾਹਿਬ ਗਿੱਲ ਸਾਹਿਬ ਨੂੰ ਕਹਿੰਦੇ, ” ਇਸਨੂੰ ਮਾਲੀ ਪੱਕਾ ਕਰਨ ਵਾਸਤੇ ਕਿਸੇ ਨਰਸਰੀ ਤੋਂ ਇਸਦਾ ਤਜਰਬਾ ਸਰਟੀਫੀਕੇਟ ਬਣਵਾ ਦਿਓ, ਇੰਟਰਵਿਊ ਦੇਣ ਸਮੇਂ ਐਪਲੀਕੇਸ਼ਨ ਦੇ ਨਾਲ ਲਗਾ ਲਵੇ, ਭਰਤੀ ਕਰਨਾ ਸੌਖਾ ਰਹੇਗਾ, ਵਿਚਾਰੇ ਦਾ ਭਲਾ ਹੋ ਜਾਏ।”
ਗਿੱਲ ਸਾਹਿਬ ਬੋਲੇ, “ਮੈਂ ਕਰਦਾ ਹਾਂ ਇਹ ਕੰਮ, ਨਾਲ ਹੀ ਇਸਦਾ ਨਾਂ ਰੋਜਗਾਰ ਦਫਤਰ ਵਿਚ ਵੀ ਦਰਜ ਕਰਵਾ ਦੇਈਏ, ਜਦ ਆਪਾਂ ਮੰਗੀਏ ਤਾਂ ਰੋਜ਼ਗਾਰ ਦਫਤਰ ਇਹਦਾ ਨਾਂ ਭੇਜ ਦੇਵੇ। ਕਾਕਾ, ਤੂੰ ਚੱਲ ਮੇਰੇ ਕਮਰੇ ‘ਚ— ਆਇਆ ਮੈਂ।”
ਮੈਂ ਉਨਾਂ ਦੇ ਕਮਰੇ ਮੂਹਰੇ ਜਾ ਖਲੋਇਆ। ਕੁਝ ਮਿੰਟਾਂ ਵਿਚ ਹੀ ਗਿੱਲ ਸਾਹਬ ਆ ਗਏ। ਉਨਾਂ ਕਿਹਾ ਕਿ ਪਰਦੇਸੀ ਜੀ ਨੂੰ ਬੁਲਾ ਕੇ ਲਿਆ। ਗੁਰਚਰਨ ਸਿੰਘ ਪਰਦੇਸੀ ਸੀਨੀਅਰ ਸਹਾਇਕ ਸਨ ਤੇ ‘ਸਾਹਿਤ ਸਦਨ’ ਦੇ ਨਾਲ ਨਾਲ ਮਾਲੀਆਂ ਤੇ ਲਾਅਨ ਦੇ ਵੀ ਇੰਚਾਰਜ ਸਨ। ਪਰਦੇਸੀ ਜੀ ਵੀ ਆ ਗਏ। ਗਿੱਲ ਸਾਹਿਬ ਨੇ ਆਖਿਆ ਕਿ ਪਰਦੇਸੀ ਜੀ, ਫੁਹਾਰਾ ਚੌਂਕ ਵਿੱਚ ਮਾਡਰਨ ਫਰਨੀਚਰ ਵਾਲੇ ਸੰਤੋਖ ਸਿੰਘ ਕੋਲ ਚਲੇ ਜਾਓ ਇਹਦੇ ਨਾਲ, ਮੇਰਾ ਨਾਓਂ ਲੈ ਦੇਣਾ, ਆਪਣਾ ਮਿੱਤਰ ਐ ਓਹ, ਉਨਾਂ ਦੀ ਫੁੱਲਾਂ ਦੀ ਨਰਸਰੀ ਹੈ, ਇਸਦਾ ਮਾਲੀ ਦੇ ਕੰਮ ਵਜੋਂ ਤਜਰਬਾ ਸਰਟੀਫੀਕੇਟ ਬਣਾਉਣਾ ਹੈ। ਗਿੱਲ ਸਾਹਿਬ ਦੀ ਗੱਲ ਸੁਣ ਕੇ ਅਸੀਂ ਪੈਦਲ ਹੀ ਚੱਲ ਪਏ ਤੇ ਬਿਲਕੁਲ ਨੇੜੇ ਹੋਣ ਕਰਕੇ ਛੇਤੀ ਉਨਾਂ ਪਾਸ ਜਾ ਅੱਪੜੇ। ਪ੍ਰਭਾਵਸ਼ਾਲੀ ਦਿੱਖ ਵਾਲਾ ਇਕ ਸਰਦਾਰ ਬੈਠਾ ਮਿਲਿਆ। ਪਰਦੇਸੀ ਜੀ ਨੇ ਦੱਸਿਆ ਕਿ ਗਿੱਲ ਸਾਹਿਬ ਨੇ ਸਾਨੂੰ ਘੱਲਿਆ ਏ, ਏਹ ਕਾਕਾ ਨਰਿੰਦਰ ਕੁਮਾਰ ਸਾਡੇ ਦਫਤਰ ਵਿਚ ਕੱਚਾ ਮਾਲੀ ਏ ਤੇ ‘ਘੁਗਿਆਣਵੀ’ ਨਾਂ ਹੇਠ ਲੇਖਕ ਵੀ ਐ, ਲਿਖਦਾ ਪੜਦਾ ਰਹਿੰਦਾ ਏ, ਇਸਨੂੰ ਮਹਿਕਮਾ ਪੱਕਾ ਕਰਨਾ ਚਾਹੁੰਦਾ ਏ, ਆਪ ਜੀ ਤਰਫੋਂ ਜੇਕਰ ਤਜਰਬਾ ਸਰਟੀਫੀਕੇਟ ਬਣ ਜਾਏ, ਤਾਂ ਇਹਦਾ ਕੰਮ ਸੌਖਾਲਾ ਹੋ ਜਾਏਗਾ। ਸੰਤੋਖ ਸਿੰਘ ਹੱਸ ਪਏ। ਕੋਲ ਪਿਆ ਮੋਟਾ ਸਾਰਾ ਲੈਟਰਪੈਡ ਪਰਦੇਸੀ ਜੀ ਵੱਲ ਵਧਾਇਆ ਤੇ ਕਹਿੰਦੇ, “ਲਓ, ਲਿਖ ਲਵੋ, ਜੋ ਲਿਖਣਾ ਐਂ।” ਪਰਦੇਸੀ ਜੀ ਕੁਰਸੀ ਉਤੇ ਬੈਠ ਕੇ ਲਿਖਣ ਲੱਗ ਪਏ, ਕੋਲ ਖਲੋਤਾ ਮੈਂ ਦੇਖਦਾ ਰਿਹਾ। ਉਨਾਂ ਨੇ ਤਕਨੀਕੀ ਸ਼ਬਦਾਵਲੀ ਵਿੱਚ ਚਾਰ ਪੰਜ ਸਤਰਾਂ ਲਿਖੀਆਂ। ਸੰਤੋਖ ਸਿੰਘ ਨੇ ਦਰਾਜ ‘ਚੋਂ ਮੋਹਰ ਕੱਢੀ, ਠੱਪ ਕੇ ਦਸਖ਼ਤ ਕੀਤੇ। ਮੈਂ ਬਾਗੋ ਬਾਗ ਤੇ ਨਿਹਾਲੋ ਨਿਹਾਲ ਕਿ ਬਸ ਹੁਣ ਕੰਮ ਬਣ ਗਿਆ ਸਮਝੋ, ਪੱਕੀ ਨੌਕਰੀ ਲਗ ਜਾਏਗੀ, ਘਰ ਵਿਚ ਵਾਰੇ ਨਿਆਰੇ ਹੋ ਜਾਣਗੇ, ਜੀਂਦੇ ਰਹਿਣ ਰੱਬ ਵਰਗੇ ਅਫਸਰ। ਤੁਰੇ ਜਾਂਦੇ ਦੇ ਮੇਰੇ ਮੂੰਹੋਂ ਦੁਆ ਨਿਕਲੀ। ਮੈਨੂੰ ਖੁਸ਼ ਦੇਖ ਕੇ ਪਰਦੇਸੀ ਜੀ ਵੀ ਖੁਸ਼ ਹੋ ਰਹੇ ਸਨ। ਐਪਲੀਕੇਸ਼ਨ ਨਾਲ ਤਜ਼ਰਬਾ ਸਰਟੀਫੀਕੇਟ ਲੱਗ ਗਿਆ। ਥੋੜੇ ਦਿਨਾਂ ਬਾਅਦ ਚੰਡੀਗੜ੍ਹ ਤੋਂ ਚਿੱਠੀ ਆ ਗਈ ਕਿ ਕੁਝ ਕਾਨੂੰਨੀ ਅੜਚਣਾਂ ਕਰਕੇ ਪ੍ਰਵਾਨ ਕੀਤੀਆਂ ਮਾਲੀ ਦੀ ਪੋਸਟਾਂ ਵਾਪਿਸ ਮੋੜੀਆਂ ਜਾਂਦੀਆਂ ਹਨ। ‘ਨਹਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ’ ਵਾਲੀ ਗੱਲ ਹੋਈ। ਖੈਰ!
ਸੰਤੋਖ ਸਿੰਘ ਕਦੇ ਦਿਮਾਗ ‘ਚੋਂ ਨਾ ਨਿਕਲਿਆ। ਸਾਲਾਂ ਦੇ ਸਾਲ ਬੀਤ ਗਏ। ਇਕ ਸਮਾਂ ਆਇਆ ਕਿ ਮੇਰੇ ਚੰਗੇ ਲਿਹਾਜੀ ਤੇ ਪੜਨ ਲਿਖਣ ਦੇ ਸ਼ੌਕੀਨ ਡਾ ਹਰਕੇਸ਼ ਸਿੰਘ ਸਿੱਧੂ, ਜੋ ਡਿਪਟੀ ਕਮਿਸ਼ਨਰ ਸੰਗਰੂਰ ਲੱਗੇ ਹੋਏ ਸਨ, ਇਕ ਦਿਨ ਉਨਾਂ ਨਾਲ ਬੈਠਕੇ ਪਟਿਆਲੇ ਫੁਹਾਰਾ ਚੌਂਕ ਕੋਲੋਂ ਲੰਘਣ ਲੱਗੇ, ਤਾਂ ਉਹ ਡਰਾਈਵਰ ਨੂੰ ਬੋਲੇ, ” ਕਾਕਾ, ਸੰਤੋਖ ਸਿੰਘ ਨੂੰ ਮਿਲਵਾ ਦੇ।” ਜਦ ਸਾਡੀ ਗੱਡੀ ਉਨਾਂ ਦੇ ਬੂਹੇ ਅੱਗੇ ਜਾ ਕੇ ਰੁਕੀ, ਤਾਂ ਉਹ ਉੱਠ ਕੇ ਆਏ ਤੇ ਅੰਦਰ ਲੈ ਗਏ। ਸਿੱਧੂ ਸਹਿਬ ਨੇ ਮੇਰੀ ਜਾਣ ਪਛਾਣ ਕਰਵਾ ਰਹੇ ਸਨ, ਮੈਥੋਂ ਰਿਹਾ ਨਾ ਗਿਆ, ਮੈਂ ਆਖਿਆ ਕਿ ਸਰ, ਲਗਭਗ ਵੀਹ ਸਾਲ ਪਹਿਲਾਂ ਆਪ ਜੀ ਪਾਸੋਂ ਮਾਲੀ ਦਾ ਤਜਰਬਾ ਸਰਟੀਫੀਕੇਟ ਬਣਵਾ ਕੇ ਲਿਜਾਣ ਵਾਲਾ ਨਰਿੰਦਰ ਕੁਮਾਰ ਘੁਗਿਆਣਵੀ ਹਾਂ। ਉਹ ਮੁਸਕਰਾਏ ਤੇ ਕੁਰਸੀ ਉਤੋਂ ਉਠ ਕੇ ਜੱਫੀ ਪਾ ਲਈ, “ਵਾਹ ਵਾਹ, ਹਾਂ ਹਾਂ, ਯਾਦ ਆਇਆ, ਕਮਾਲ ਐ ਤੂੰ ਵੀ ਯਾਦ ਰੱਖਿਆ ਐ?”
ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ, ” ਸਰ, ਉਹ ਦਿਨ ਕਦੇ ਭੁਲਾਏ ਜਾ ਸਕਦੇ ਨੇ ਭਲਾ? ਭੁੱਲਦੇ ਨਹੀਂ ਭੁਲਾਏ ਓਹ ਦਿਨ।” ਵਿਦਾਇਗੀ ਵੇਲੇ ਸੰਤੋਖ ਸਿੰਘ ਨੇ ਇਕ ਖ਼ੂਬਸੂਰਤ ਡਾਇਰੀ ਦੇ ਇੱਕ ਪੈੱਨ ਦਿੰਦਿਆਂ ਆਖਿਆ, ” ਲਓ, ਐਹ ਲਓ, ਉਨਾਂ ਦਿਨਾਂ ਖ਼ੂਬਸੂਰਤ ਯਾਦਾਂ ਲਿਖਣਾ ਨਾ ਭੁੱਲਣਾ।” ਗੱਡੀ ਵਿੱਚ ਬੈਠਦੇ ਮੇਰੀਆਂ ਅੱਖਾਂ ਨਮ ਹੋ ਗਈਆਂ।



Leave a Comment