ਪੰਜਾਬੀ ਸਿਨੇਮਾ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੂਪੀ ਗਿੱਲ ਅਤੇ ਗਾਇਕ ਹਿੰਮਤ ਸੰਧੂ ਨੇ 79ਵੇਂ Cannes Film Festival 2026 ਦੇ ਵੱਕਾਰੀ ਰੈੱਡ ਕਾਰਪੇਟ ‘ਤੇ ਆਪਣੀ ਹਾਜ਼ਰੀ ਲਗਾਈ ਹੈ। ਦਰਅਸਲ, ਪੰਜਾਬੀ ਸਿਨੇਮਾ ਦੇ ਇਹ ਦੋਵੇਂ ਕਲਾਕਾਰ ਇੰਨੇ ਵੱਡੇ ਗਲੋਬਲ ਮੰਚ ‘ਤੇ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਹਨ। ਖ਼ਾਸ ਗੱਲ ਇਹ ਹੈ ਕਿ ਕਾਨਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਪਹਿਰਾਵੇ ‘ਤੇ ਗੁਰਮੁਖੀ ਲਿਪੀ ਦੀ ਅਜਿਹੀ ਬਾਕਮਾਲ ਪੇਸ਼ਕਾਰੀ ਦੇਖਣ ਨੂੰ ਮਿਲੀ, ਜਿਸ ਨੇ ਫ਼ਰਾਂਸ ਦੀ ਧਰਤੀ ‘ਤੇ ਵੀ ‘ਪਿੰਡ ਵਾਈਬਸ’ ਦੀ ਧੂਮ ਮਚਾ ਦਿੱਤੀ।
Cannes Film Festival ਕੀ ਹੈ?
ਕਾਨਸ ਫ਼ਿਲਮ ਫ਼ੈਸਟੀਵਲ ਦੁਨੀਆ ਦਾ ਸਭ ਤੋਂ ਵੱਡਾ ਅਤੇ ਵੱਕਾਰੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਹੈ, ਜੋ ਸਾਲ 1946 ਤੋਂ ਸਿਨੇਮਾ ਦੀ ਸਰਵਉੱਚ ਕਲਾ ਨੂੰ ਸਨਮਾਨਿਤ ਕਰ ਰਿਹਾ ਹੈ, ਜਿਥੇ ਸਭ ਤੋਂ ਵੱਡਾ ਇਨਾਮ ਵੱਕਾਰੀ ਪਾਮ ਡੀ’ਓਰ ਹੈ। ਹਰ ਸਾਲ ਫਰਾਂਸ ਦੇ ਕਾਨਸ ਵਿੱਚ ਆਯੋਜਿਤ ਕੀਤਾ ਜਾਣ ਵਾਲਾ, ਇਹ ਫੈਸਟੀਵਲ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੀਆਂ ਕੁਝ ਵਧੀਆ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ‘ਫ਼ਿਲਮ ਮਾਰਕੀਟ’ (Marché du Film) ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਮੰਚ ਹੈ। ਇਥੇ ਵੱਖ-ਵੱਖ ਦੇਸ਼ਾਂ ਦੇ ਨਿਰਮਾਤਾ ਅਤੇ ਸਟੂਡੀਓ ਆਪਣੀਆਂ ਫ਼ਿਲਮਾਂ ਨੂੰ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ ਡਿਸਟ੍ਰੀਬਿਊਟਰਸ ਨੂੰ ਵੇਚਣ ਅਤੇ ਪ੍ਰਮੋਟ ਕਰਨ ਲਈ ਆਉਂਦੇ ਹਨ। ਫ਼ਿਲਮ ਇੰਡਸਟਰੀ ਨਾਲ ਜੁੜੇ ਚੋਣਵੇਂ ਕਲਾਕਾਰਾਂ ਨੂੰ ਹੀ ਕਾਨਸ ਵਿੱਚ ਸੱਦਾ ਦਿੱਤਾ ਜਾਂਦਾ ਹੈ। ਕਾਨਸ ਦੇ ਵਕਾਰੀ ਸਟੇਜ ‘ਤੇ ਪੋਲੀਵੁੱਡ ਦੀ ਦਸਤਕ! ਇਹ ਸਾਫ਼ ਸੁਨੇਹਾ ਹੈ ਕਿ ਪੰਜਾਬੀ ਸਿਨੇਮਾ ਹੁਣ ਗਲੋਬਲ ਹੋ ਚੁੱਕਾ ਹੈ।
ਫ਼ਿਲਮ ‘ਚੜ੍ਹਦੀ ਕਲਾ’ ਦੀ ਸਕ੍ਰੀਨਿੰਗ

ਇਸ ਮਾਣਮੱਤੇ ਪਲ ਦਾ ਮੁੱਖ ਕਾਰਨ ਰੂਪੀ ਗਿੱਲ ਅਤੇ ਹਿੰਮਤ ਸੰਧੂ ਦੀ ਆਉਣ ਵਾਲੀ ਨਵੀਂ ਪੰਜਾਬੀ ਫ਼ਿਲਮ ‘ਚੜ੍ਹਦੀ ਕਲਾ’ ਹੈ। ਇਹ ਦੋਵੇਂ ਕਲਾਕਾਰ ਇਸ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਅਤੇ ਪ੍ਰਮੋਸ਼ਨ ਲਈ ਕਾਨਸ ਫ਼ਿਲਮ ਮਾਰਕੀਟ ਵਿੱਚ ਪਹੁੰਚੇ ਸਨ। ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਤ ਅਤੇ ਪਿੰਕੀ ਧਾਲੀਵਾਲ ਵੱਲੋਂ MAD 4 FILMS ਬੈਨਰ ਹੇਠ ਨਿਰਮਿਤ ਇਹ ਫ਼ਿਲਮ ਪੰਜਾਬੀ ਸੱਭਿਆਚਾਰ ਅਤੇ ਇਨਸਾਨੀ ਜਜ਼ਬੇ ਦੀ ਕਹਾਣੀ ਨੂੰ ਪੇਸ਼ ਕਰਦੀ ਹੈ। ਪੰਜਾਬੀ ਸਿਨੇਮਾ ਦਾ ਰਵਾਇਤੀ ਦਾਇਰੇ ਤੋਂ ਪਰੇ ਅਤੇ ਇੰਨੇ ਵੱਡੇ ਗਲੋਬਲ ਪਲੇਟਫਾਰਮ ‘ਤੇ ਕਦਮ ਰੱਖਣਾ ਇਹ ਸਾਬਤ ਕਰਦਾ ਹੈ ਕਿ ਸਾਡੀਆਂ ਕਹਾਣੀਆਂ ਵਿੱਚ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ।
ਰੂਪੀ ਗਿੱਲ ਦਾ ਰੈੱਡ ਕਾਰਪੇਟ ਲੁੱਕ: ਪੰਜਾਬੀ ਰਾਇਲਟੀ ਅਤੇ ਰਵਾਇਤੀ ਪਹਿਰਾਵਾ

ਕਾਨਸ ਦੇ ਰੈੱਡ ਕਾਰਪੇਟ ‘ਤੇ ਜਿੱਥੇ ਆਮ ਤੌਰ ‘ਤੇ ਪੱਛਮੀ ਦੇਸ਼ਾਂ ਦੇ ਮਹਿੰਗੇ ਗਾਊਨ, ਟਕਸੀਡੋ ਅਤੇ ਮਾਡਰਨ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ, ਉਥੇ ਹੀ ਸਟਾਈਲਿਸਟ ਜੋਤੀ ਸਿੰਘ ਵੱਲੋਂ ਡਿਜ਼ਾਈਨ ਕੀਤੇ ਰੂਪੀ ਗਿੱਲ ਦੇ ਪੰਜਾਬੀ ਰਵਾਇਤੀ ਪਹਿਰਾਵੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਇਸ ਲੁੱਕ ਨੇ ਅੰਤਰਰਾਸ਼ਟਰੀ ਮੀਡੀਆ ਅਤੇ ਫੈਸ਼ਨ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ। ਰੂਪੀ ਗਿੱਲ ਨੇ ਰੈੱਡ ਕਾਰਪੇਟ ਲਈ Ivory/Off-White ਰੰਗ ਦਾ ਬਹੁਤ ਹੀ ਖ਼ੂਬਸੂਰਤ ਕੁੜਤਾ ਅਤੇ ਖੁੱਲ੍ਹਾ ਸ਼ਰਾਰਾ/ਸਲਵਾਰ ਚੁਣਿਆ। ਇਸ ਪਹਿਰਾਵੇ ਦੇ ਨਾਲ, ਉਸਨੇ ਡਬਲ ਦੁਪੱਟਾ ਲਿਆ ਹੋਇਆ ਸੀ, ਜਿਸ ਨੂੰ ਪੰਜਾਬ ਦੇ ਪੁਰਾਣੇ ਸਮਿਆਂ ਦੇ ਸ਼ਾਹੀ ਅੰਦਾਜ਼ ਵਾਂਗ ਸਿਰ ‘ਤੇ ਬਹੁਤ ਹੀ ਸਲੀਕੇ ਨਾਲ ਸਜਾਇਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਇਹ ਲੁੱਕ ਪੰਜਾਬ ਦੀ ਅਮੀਰ ਵਿਰਾਸਤ ਅਤੇ ਪੁਰਾਤਨ ਸ਼ਾਹੀ ਪਰਿਵਾਰ ਦੀ ਯਾਦ ਦਿਵਾਉਂਦੀ ਸੀ।
ਕਣਕ ਦੀਆਂ ਬੱਲੀਆਂ , ਚੱਕਰ ਮੋਟਿਫ਼ ਅਤੇ ਗੁਰਮੁਖੀ ਅੱਖਰਾਂ ਦੀ ਖ਼ਾਸ ਕਢਾਈ
ਰੂਪੀ ਗਿੱਲ ਦੇ ਇਸ ਸ਼ਾਹੀ ਪਹਿਰਾਵੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿੱਚ ਲੁਕੇ ਹੋਏ ਪੰਜਾਬੀ ਤੱਤ ਸਨ।
ਕਣਕ ਦੀਆਂ ਬੱਲੀਆਂ (Wheat Motifs): ਪਹਿਰਾਵੇ ਅਤੇ ਖ਼ਾਸ ਕਰਕੇ ਪਹਿਲੇ ਦੁਪੱਟੇ ਉੱਪਰ ਸੁਨਿਹਰੇ ਰੰਗਾਂ ਨਾਲ ਕਣਕ ਦੀਆਂ ਬੱਲੀਆਂ ਦੇ ਡਿਜ਼ਾਈਨ ਬਣਾਏ ਗਏ ਸਨ। ਕਣਕ ਪੰਜਾਬ ਦੀ ਧਰਤੀ, ਕਿਸਾਨੀ ਅਤੇ ਖੁਸ਼ਹਾਲੀ ਦਾ ਸਭ ਤੋਂ ਵੱਡਾ ਪ੍ਰਤੀਕ ਹੈ, ਜਿਸ ਨੂੰ ਰੈੱਡ ਕਾਰਪੇਟ ‘ਤੇ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ।
ਚੱਕਰ ਮੋਟਿਫ਼ (Chakra Motifs): ਦੂਜੇ ਦੁਪੱਟੇ ‘ਤੇ ਚੱਕਰ ਦੇ ਡਿਜ਼ਾਈਨ ਸਨ, ਜੋ ਅਧਿਆਤਮਿਕਤਾ ਅਤੇ ਪੰਜਾਬੀ ਵਿਰਾਸਤ ਦਾ ਪ੍ਰਤੀਕ ਸਨ।
ਗੁਰਮੁਖੀ ਲਿਪੀ ਦੀ ਕਢਾਈ

ਇਸ ਪਹਿਰਾਵੇ ‘ਤੇ ਬਰੀਕ ਹੱਥ ਦੀ ਕਢਾਈ ਰਾਹੀਂ ਪੰਜਾਬੀ ਦੀ ਗੁਰਮੁਖੀ ਲਿਪੀ ਵਿੱਚ ‘ਚੜ੍ਹਦੀਕਲਾ’ ਲਿਖਿਆ ਹੋਇਆ ਸੀ। ਇੱਕ ਅੰਤਰਰਾਸ਼ਟਰੀ ਫੈਸ਼ਨ ਇਵੈਂਟ ਵਿੱਚ ਆਪਣੀ ਮਾਂ-ਬੋਲੀ ਨੂੰ ਮਾਣ ਨਾਲ ਪਹਿਨਣਾ ਆਪਣੇ ਆਪ ਵਿੱਚ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਸੀ।
ਮਹਾਰਾਣੀ ਜਿੰਦ ਕੌਰ ਤੋਂ ਪ੍ਰੇਰਿਤ ਰਵਾਇਤੀ ਸ਼ਾਹੀ ਗਹਿਣੇ

ਰੂਪੀ ਗਿੱਲ ਦੇ ਪਹਿਰਾਵੇ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਰਵਾਇਤੀ ਗਹਿਣਿਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਦੀ ਜਿਊਲਰੀ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਦੇ ਇਤਿਹਾਸਕ ਗਹਿਣਿਆਂ ਦੀ ਸ਼ੈਲੀ ਤੋਂ ਪ੍ਰੇਰਿਤ ਸੀ। ਰੂਪੀ ਗਿੱਲ ਨੇ ਕੁੰਦਨ, ਪੋਲਕੀ ਅਤੇ ਕੀਮਤੀ ਹਰੇ ਪੰਨਿਆਂ ਨਾਲ ਜੜਿਆ ਇੱਕ ਭਾਰੀ ਹਾਰ, ਹੱਥਫੁੱਲ, ਹਾਥ ਵਿੱਚ ਕੜਾ ਅਤੇ ਰਵਾਇਤੀ ਝੁਮਕੇ ਪਹਿਨੇ ਹੋਏ ਸਨ। ਇਸ ਗਹਿਣਿਆਂ ਦੇ ਸੁਮੇਲ ਨੇ ਉਨ੍ਹਾਂ ਨੂੰ ਰੈੱਡ ਕਾਰਪੇਟ ‘ਤੇ ਪੰਜਾਬੀ ਰਵਾਇਤਾਂ ਨਾਲ ਜੁੜਿਆ ਇੱਕ ਅਲੱਗ ਤੇ ਸ਼ਾਨਦਾਰ ਲੁੱਕ ਦਿੱਤਾ, ਜਿਸ ਕਰਕੇ ਉਹ ਆਪਣੀ ਸਾਦਗੀ ਅਤੇ ਅਮੀਰ ਸੱਭਿਆਚਾਰ ਕਾਰਨ ਸਭ ਤੋਂ ਵੱਖਰੀ ਨਜ਼ਰ ਆ ਰਹੀ ਸੀ।
ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦਾ ਹੁੰਗਾਰਾ: ਦਿਲਜੀਤ ਦੋਸਾਂਝ ਨਾਲ ਤੁਲਨਾ
ਜਿਵੇਂ ਹੀ ਕਾਨਸ 2026 ਦੇ ਰੈੱਡ ਕਾਰਪੇਟ ਤੋਂ ਰੂਪੀ ਗਿੱਲ ਅਤੇ ਹਿੰਮਤ ਸੰਧੂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਪ੍ਰਸ਼ੰਸਕਾਂ ਅਤੇ ਮਸ਼ਹੂਰ ਕਲਾਕਾਰਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਕਾਨਸ ਪਹੁੰਚ ਕੇ ਇਨ੍ਹਾਂ ਕਲਾਕਾਰਾਂ ਨੇ ਪੰਜਾਬੀਅਤ ਦਾ ਮਾਣ ਵਧਾਇਆ। ਜਿਥੇ ਅਦਾਕਾਰਾ ਰੂਪੀ ਗਿੱਲ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ- “ਪੰਜਾਬ ਦੀ ਮਿੱਟੀ, ਕਾਨਸ ਦੇ ਕਾਰਪੇਟ ‘ਤੇ”, ਉਥੇ ਹੀ ਗਾਇਕ ਹਿੰਮਤ ਸੰਧੂ ਨੇ ਆਪਣੀ ਪੱਗ ਦਾ ਮਾਣ ਵਧਾਉਂਦਿਆਂ ਸਾਂਝਾ ਕੀਤਾ- “ਪੱਗ ਸਿਰ ‘ਤੇ, ਪੰਜਾਬ ਦਿਲ ‘ਚ ਅਤੇ ਕਾਨਸ ਗਵਾਹ”।

ਇੰਟਰਨੈੱਟ ‘ਤੇ ਲੋਕ ਰੂਪੀ ਗਿੱਲ ਦੇ ਇਸ ਕਦਮ ਦੀ ਤੁਲਨਾ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ‘Met Gala’ ਲੁੱਕ ਅਤੇ Coachella ਦੀ ਇਤਿਹਾਸਕ ਪੇਸ਼ਕਾਰੀ ਨਾਲ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਪੰਜਾਬੀ ਕਲਾਕਾਰਾਂ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ, ਉਹ ਪੱਛਮੀ ਰੰਗ ਵਿੱਚ ਰੰਗੇ ਜਾਣ ਦੀ ਬਜਾਏ ਆਪਣੀ ਪਛਾਣ, ਪੱਗ, ਪਹਿਰਾਵੇ ਅਤੇ ਮਾਂ-ਬੋਲੀ ਨੂੰ ਹੋਰ ਉੱਚਾ ਚੁੱਕਦੇ ਹਨ।
ਪੰਜਾਬੀ ਸਿਨੇਮਾ ਦੇ ਗਲੋਬਲ ਸਫ਼ਰ ਵਿੱਚ ਇੱਕ ਨਵਾਂ ਅਧਿਆਇ

ਕਾਨਸ ਫ਼ਿਲਮ ਫ਼ੈਸਟੀਵਲ ਵਿੱਚ ਪੋਲੀਵੁੱਡ ਦੀ ਇਹ ਮੌਜੂਦਗੀ ਸਿਰਫ ਇੱਕ ਫ਼ਿਲਮ ਦੀ ਪ੍ਰਮੋਸ਼ਨ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਪੂਰੀ ਇੰਡਸਟਰੀ ਲਈ ਇੱਕ ਵੱਡਾ ਮੀਲ ਪੱਥਰ ਹੈ। ਇਸ ਪ੍ਰਾਪਤੀ ਨੇ ਖੇਤਰੀ ਸਿਨੇਮਾ ਦੇ ਹੋਰ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਲਈ ਅੰਤਰਰਾਸ਼ਟਰੀ ਬਾਜ਼ਾਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਜ਼ਿਕਰਯੋਗ, ਬਿਹਤਰੀਨ ਕੰਟੈਂਟ ਦੇ ਦਮ ‘ਤੇ ਪੰਜਾਬ ਦੇ ਪਿੰਡਾਂ ਤੇ ਵਿਰਸੇ ਦੀਆਂ ਕਹਾਣੀਆਂ ਵੀ ਦੁਨੀਆ ਦੇ ਸਭ ਤੋਂ ਵੱਕਾਰੀ ਮੰਚ ‘ਤੇ ਸਨਮਾਨ ਪਾ ਸਕਦੀਆਂ ਹਨ। ਰੈੱਡ ਕਾਰਪੇਟ ‘ਤੇ ਪਹੁੰਚੇ ਪੰਜਾਬੀ ਸਿਤਾਰਿਆਂ ਦਾ ਇਹ ਕਦਮ ਭਵਿੱਖ ਵਿੱਚ ਪੋਲੀਵੁੱਡ ਦੇ ਗਲੋਬਲ ਸਫ਼ਰ ਨੂੰ ਹੋਰ ਮਜ਼ਬੂਤ ਕਰੇਗਾ।



Leave a Comment