20ਵੀਂ ਸਦੀ ਦੇ ਮੱਧ ਵਿੱਚ ਜਦੋਂ ਵਿਗਿਆਨ ਜਗਤ ਇਸ ਪਰੰਪਰਾਗਤ ਧਾਰਨਾ ‘ਤੇ ਪੂਰੀ ਤਰ੍ਹਾਂ ਯਕੀਨ ਕਰੀ ਬੈਠਾ ਸੀ ਕਿ ਰੋਸ਼ਨੀ ਸਿਰਫ਼ ਇੱਕ ਸਿੱਧੀ ਰੇਖਾ ਵਿੱਚ ਹੀ ਸਫ਼ਰ ਕਰ ਸਕਦੀ ਹੈ, ਉਦੋਂ ਪੰਜਾਬ ਦੇ ਇੱਕ ਨੌਜਵਾਨ ਨੇ ਇਸ ਸਦੀਆਂ ਪੁਰਾਣੇ ਵਿਗਿਆਨਕ ਸਿਧਾਂਤ ਨੂੰ ਚੁਣੌਤੀ ਦਿੱਤੀ। ਅੱਜ ਦੇ ਹਾਈ-ਟੈਕ ਯੁੱਗ ਵਿੱਚ ਮੋਬਾਈਲ ਫੋਨ, ਵੀਡੀਓ ਕਾਲਿੰਗ ਅਤੇ ਤੇਜ਼ ਰਫ਼ਤਾਰ 5ਜੀ (5G) ਨੈੱਟਵਰਕ ਨੇ ਪਰਵਾਸ ਕਰ ਚੁੱਕੇ ਲੋਕਾਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਉਨ੍ਹਾਂ ਦੀ ਜਨਮ ਭੋਇੰ ਨਾਲ ਜੋੜ ਰੱਖਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਪੂਰੀ ਇਨਫਰਮੇਸ਼ਨ ਤਕਨਾਲੋਜੀ (IT) ਕ੍ਰਾਂਤੀ ਦੀ ਬੁਨਿਆਦ ਇੱਕ ਪੰਜਾਬੀ ਵਿਗਿਆਨੀ ਦੀ ਸੋਚ ‘ਤੇ ਟਿਕੀ ਹੋਈ ਹੈ? ਇਹ ਮਹਾਨ ਸਖ਼ਸ਼ੀਅਤ ਸਨ ਡਾ. ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ‘ਫਾਈਬਰ ਆਪਟਿਕਸ ਦਾ ਪਿਤਾਮਾ’ ਕਿਹਾ ਜਾਂਦਾ ਹੈ।
31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਜਨਮੇ ਨਰਿੰਦਰ ਸਿੰਘ ਕਪਾਨੀ ਦੇ ਦਿਮਾਗ ਵਿੱਚ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦੀ ਹਲਚਲ ਸੀ। ਆਗਰਾ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜਦੋਂ ਉਨ੍ਹਾਂ ਦੇ ਫਿਜ਼ਿਕਸ ਦੇ ਪ੍ਰੋਫੈਸਰ ਨੇ ਪੜ੍ਹਾਇਆ ਕਿ “ਰੋਸ਼ਨੀ ਸਿਰਫ਼ ਸਿੱਧੀ ਲਕੀਰ ਵਿੱਚ ਚੱਲਦੀ ਹੈ,” ਤਾਂ ਕਪਾਨੀ ਦੇ ਦਿਲ-ਦਿਮਾਗ ਨੇ ਇਸ ਨੂੰ ਚੁਣੌਤੀ ਦਿੱਤੀ।
ਉਹ ਸੋਚਦੇ ਸਨ ਕਿ ਰੋਸ਼ਨੀ ਨੂੰ ਵੀ ਵਿੰਗਾ-ਟੇਢਾ ਕੀਤਾ ਜਾ ਸਕਦਾ ਹੈ। 1952 ਵਿੱਚ ਉਹ ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਪੀਐੱਚ.ਡੀ. ਦੀ ਖੋਜ ਲਈ ਗਏ ਅਤੇ ਉੱਥੇ ਪ੍ਰਸਿੱਧ ਵਿਗਿਆਨੀ ਹੈਰੋਲਡ ਹੌਪਕਿਨਜ਼ ਦੀ ਦੇਖ-ਰੇਖ ਹੇਠ ਸਾਲ 1953 ਵਿੱਚ ਪਹਿਲੀ ਵਾਰ ਸ਼ੀਸ਼ੇ (ਫਾਈਬਰ) ਦੀਆਂ ਬਾਰੀਕ ਤਾਰਾਂ ਦੇ ਗੁੱਛੇ ਵਿੱਚੋਂ ਰੋਸ਼ਨੀ ਲੰਘਾ ਕੇ ਸਫ਼ਲ ਤਜਰਬਾ ਕੀਤਾ। ‘ਫਾਈਬਰ ਆਪਟਿਕਸ’ ਨਾਂ ਦੀ ਈਜਾਦ ਵੀ ਕਪਾਨੀ ਨੇ ਹੀ ਕੀਤੀ ਸੀ। ਇਸ ਕਾਢ ਨੇ ਅੱਗੇ ਚੱਲ ਕੇ ਪੂਰੀ ਦੁਨੀਆ ਦੇ ਸੰਚਾਰ ਪ੍ਰਬੰਧ ਦਾ ਚਿਹਰਾ-ਮੋਹਰਾ ਹਮੇਸ਼ਾ ਲਈ ਬਦਲ ਦਿੱਤਾ।
ਉਨ੍ਹਾਂ ਨੇ ਇਨਸਾਨੀ ਵਾਲ਼ ਤੋਂ ਵੀ ਬਾਰੀਕ ਸ਼ੀਸ਼ੇ ਦੇ ਰੇਸ਼ਿਆਂ (ਫਾਈਬਰ ਬੰਡਲ) ਰਾਹੀਂ ਉੱਚ-ਗੁਣਵੱਤਾ ਵਾਲੇ ਚਿੱਤਰਾਂ (Images) ਨੂੰ ਇੱਕ ਥਾਂ ਤੋਂ ਦੂਜੀ ਥਾਂ ਸਫ਼ਲਤਾਪੂਰਵਕ ਪਹੁੰਚਾਇਆ। ਇਸੇ ਕਾਢ ਨੂੰ ਅੱਜ ਦੁਨੀਆ ‘ਫਾਈਬਰ ਆਪਟਿਕਸ’ (Fibre Optics) ਦੇ ਨਾਂ ਨਾਲ ਜਾਣਦੀ ਹੈ। ਡਾ. ਕਪਾਨੀ ਨੇ ਭਵਿੱਖ ਦੇ ਨਵੀਨਤਾਕਾਰਾਂ (Innovators) ਲਈ ਇੱਕ ਅਜਿਹਾ ਰਾਹ ਪੱਧਰਾ ਕੀਤਾ, ਜਿਸ ਦੇ ਸਿਰ ‘ਤੇ ਅੱਜ ਦਾ ਆਧੁਨਿਕ ਡਿਜੀਟਲ ਸੰਸਾਰ ਅਤੇ ਹਾਈ-ਸਪੀਡ ਇੰਟਰਨੈੱਟ ਚੱਲ ਰਿਹਾ ਹੈ।
ਸਿਰਫ਼ ਇੰਟਰਨੈੱਟ ਹੀ ਨਹੀਂ, ਡਾ. ਕਪਾਨੀ ਦੀ ਕਾਢ ਨੇ ਮੈਡੀਕਲ ਸਾਇੰਸ ‘ਚ ਵੀ ਵੱਡਾ ਇਨਕਲਾਬ ਲਿਆਂਦਾ

ਅੱਜ ਦੁਨੀਆ ਭਰ ਦਾ ਇੰਟਰਨੈੱਟ, ਕੇਬਲ ਟੀਵੀ ਅਤੇ ਟੈਲੀਫੋਨ ਸਿਸਟਮ ਜਿਨ੍ਹਾਂ ਮੋਟੀਆਂ ਕੇਬਲਾਂ ਰਾਹੀਂ ਚੱਲਦਾ ਹੈ, ਉਹ ਸਾਡੇ ਵਾਲਾਂ ਨਾਲੋਂ ਵੀ ਬਾਰੀਕ ਫਾਈਬਰ ਤਾਰਾਂ ਦਾ ਸਮੂਹ ਹੁੰਦੀਆਂ ਹਨ। ਵੱਖ-ਵੱਖ ਕੰਪਨੀਆਂ ਨੇ ਇਹ ਕੇਬਲਾਂ ਸਮੁੰਦਰਾਂ ਹੇਠ ਵੀ ਵਿਛਾਈਆਂ ਹਨ, ਜੋ ਡੇਟਾ ਨੂੰ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਪਲਾਂ ਵਿੱਚ ਪਹੁੰਚਾਉਂਦੀਆਂ ਹਨ।
ਸਿਰਫ਼ ਇੰਟਰਨੈੱਟ ਹੀ ਨਹੀਂ, ਡਾ. ਕਪਾਨੀ ਦੀ ਇਸ ਕਾਢ ਨੇ ਮੈਡੀਕਲ ਸਾਇੰਸ ਵਿੱਚ ਵੀ ਵੱਡਾ ਇਨਕਲਾਬ ਲਿਆਂਦਾ। ਅੱਜ ਸਰੀਰ ਦੇ ਅੰਦਰੂਨੀ ਅੰਗਾਂ ਦੀ ਜਾਂਚ ਲਈ ਵਰਤੀ ਜਾਣ ਵਾਲੀ ਐਂਡੋਸਕੋਪੀ, ਲੇਜ਼ਰ ਸਰਜਰੀ, ਗੈਸਟਰੋਸਕੋਪੀ, ਅਤੇ ਕੈਂਸਰ ਦੇ ਇਲਾਜ ਲਈ ਵਰਤੀ ਜਾਂਦੀ ਫੋਟੋਡਾਇਨੈਮਿਕ ਥੈਰੇਪੀ ਦੇ ਪਿੱਛੇ ਵੀ ਡਾ. ਕਪਾਨੀ ਦੀ ਮਿਹਨਤ ਦਾ ਹੀ ਹੱਥ ਹੈ।
ਡਾ. ਕਪਾਨੀ ਦੀ ਸਵੈ-ਜੀਵਨੀ ‘ਦਿ ਮੈਨ ਹੂ ਬੈਂਟ ਲਾਈਟ’ (The Man Who Bent Light) ਨੂੰ ਪੜ੍ਹਦਿਆਂ ਸਾਨੂੰ ਮਨੁੱਖੀ ਦਿਮਾਗ ਦੀ ਉਸ ਮਹਾਨ ਉਡਾਣ ਦਾ ਅਹਿਸਾਸ ਹੁੰਦਾ ਹੈ, ਜਿਸ ਨੇ ਵਿਗਿਆਨ ਦੀਆਂ ਹੱਦਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ। ਇਹ ਕਿਤਾਬ ਸਿਰਫ਼ ਇੱਕ ਵਿਗਿਆਨੀ ਦੀ ਕਹਾਣੀ ਨਹੀਂ ਹੈ, ਬਲਕਿ ਇਹ ਇੱਕ ਅਜਿਹੇ ਉੱਦਮੀ ਦੀ ਦਾਸਤਾਨ ਹੈ, ਜਿਸ ਨੇ ਕਾਰੋਬਾਰ ਜਗਤ ਵਿੱਚ ਨਵੇਂ ਰਾਹ ਚੁਣੇ, ਇੱਕ ਅਜਿਹੇ ਕਲਾਕਾਰ ਦੀ ਕਹਾਣੀ ਹੈ ਜੋ ਹਾਦਸਾਤੀ ਤੌਰ ‘ਤੇ ਕਲਾ ਦੇ ਖੇਤਰ ਵਿੱਚ ਆਇਆ, ਅਤੇ ਇੱਕ ਅਜਿਹੇ ਪਰਉਪਕਾਰੀ (Philanthropist) ਇਨਸਾਨ ਦਾ ਬਿਰਤਾਂਤ ਹੈ, ਜਿਸ ਨੇ ਸਿੱਖ ਸੱਭਿਆਚਾਰ ਅਤੇ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਿਤ ਕੀਤਾ।
ਨੋਬੇਲ ਤੋਂ ਖੁੱਸਿਆ ਨਾਂ, ਪਰ ਦੁਨੀਆ ਨੇ ਮੰਨਿਆ ਲੋਹਾ

ਸਤੰਬਰ 2024 ਦੀ ਇੱਕ ਮੀਡੀਆ ਰਿਪੋਰਟ ਦੇ ਮੁਤਾਬਿਕ, ਵਿਗਿਆਨ ਜਗਤ ਦੇ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਡਾ. ਕਪਾਨੀ ਨੂੰ ਉਨ੍ਹਾਂ ਦੇ ਇਸ ਫੈਸਲਾਕੁਨ ਕੰਮ ਲਈ ਨੋਬੇਲ ਪੁਰਸਕਾਰ ਮਿਲਣਾ ਚਾਹੀਦਾ ਸੀ। ਹਾਲਾਂਕਿ, ਸਾਲ 2006 ਵਿੱਚ ਫਾਈਬਰ ਆਪਟਿਕਸ ਦਾ ਨੋਬੇਲ ਹਾਂਗਕਾਂਗ ਦੇ ਚਾਰਲਸ ਕੇ. ਕਾਉ ਨੂੰ ਦਿੱਤਾ ਗਿਆ, ਜਦਕਿ ਕਪਾਨੀ ਇਹ ਖੋਜ ਉਸ ਤੋਂ ਬਹੁਤ ਪਹਿਲਾਂ 1953 ਵਿੱਚ ਹੀ ਕਰ ਚੁੱਕੇ ਸਨ। ਪਰ ਕਪਾਨੀ ਨੇ ਕਦੇ ਕੋਈ ਵਾਦ-ਵਿਵਾਦ ਪੈਦਾ ਨਹੀਂ ਕੀਤਾ।
ਵੱਕਾਰੀ ‘ਫਾਰਚੂਨ’ ਮੈਗਜ਼ੀਨ ਨੇ 1999 ਵਿੱਚ ਉਨ੍ਹਾਂ ਨੂੰ ਦੁਨੀਆ ਦੇ ਉਨ੍ਹਾਂ 7 ‘ਅਣਗੌਲੇ ਨਾਇਕਾਂ’ (Unsung Heroes) ਵਿੱਚ ਸ਼ਾਮਲ ਕੀਤਾ, ਜਿਨ੍ਹਾਂ ਦੀ ਦੇਣ ਨੂੰ ਦੁਨੀਆ ਨੇ ਸਹੀ ਤਰੀਕੇ ਨਾਲ ਯਾਦ ਨਹੀਂ ਰੱਖਿਆ। ਇਸੇ ਤਰ੍ਹਾਂ ‘ਟਾਈਮਜ਼’ ਮੈਗਜ਼ੀਨ ਨੇ ਉਨ੍ਹਾਂ ਨੂੰ ਵੀਹਵੀਂ ਸਦੀ ਦੇ 10 ਸਰਵੋਤਮ ਵਿਗਿਆਨੀਆਂ ਵਿੱਚ ਜਗ੍ਹਾ ਦਿੱਤੀ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਾਲ 2012 ਵਿੱਚ ‘ਪਦਮ ਵਿਭੂਸ਼ਨ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਂ ‘ਤੇ ਵੱਖ-ਵੱਖ ਖੇਤਰਾਂ ਵਿੱਚ 120 ਪੇਟੈਂਟ ਰਜਿਸਟਰਡ ਸਨ।
ਡਾ. ਕਪਾਨੀ ਸਿਰਫ਼ ਇੱਕ ਵਿਗਿਆਨੀ ਹੀ ਨਹੀਂ ਸਨ, ਸਗੋਂ ਆਪਣੀ ਜਨਮ ਭੋਇੰ ਅਤੇ ਵਿਰਸੇ ਨਾਲ ਵੀ ਡੂੰਘੇ ਜੁੜੇ ਹੋਏ ਸਨ। ਵਿਗਿਆਨ ਦੇ ਨਾਲ-ਨਾਲ ਡਾ. ਕਪਾਨੀ ਦੇ ਦਿਲ ਵਿੱਚ ਆਪਣੇ ਸਿੱਖ ਵਿਰਸੇ ਅਤੇ ਸੱਭਿਆਚਾਰ ਲਈ ਬਹੁਤ ਡੂੰਘਾ ਪਿਆਰ ਸੀ। ਸਾਲ 1967 ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ‘ਸਿੱਖ ਫਾਊਂਡੇਸ਼ਨ’ (Sikh Foundation) ਦੀ ਸਥਾਪਨਾ ਕੀਤੀ। ਇਸ ਸੰਸਥਾ ਦੇ ਯਤਨਾਂ ਸਦਕਾ ਲੰਡਨ ਦੇ ਵਿਸ਼ਵ ਪ੍ਰਸਿੱਧ ‘ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ’ ਵਿੱਚ ਸਿੱਖ ਕਲਾ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਉਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਵਿੱਚ ਪਹਿਲੀ ਸਥਾਈ ‘ਸਿੱਖ ਆਰਟ ਗੈਲਰੀ’ ਸਥਾਪਿਤ ਕਰਕੇ ਪੱਛਮੀ ਦੇਸ਼ਾਂ ਨੂੰ ਸਿੱਖ ਇਤਿਹਾਸ ਦੇ ਸ਼ਾਨਾਮੱਤੇ ਪੰਨਿਆਂ ਤੋਂ ਜਾਣੂ ਕਰਵਾਇਆ।
ਜਦੋਂ 1984 ਦੇ ਮੰਦਭਾਗੇ ਦੌਰ ਦੌਰਾਨ ਦੁਨੀਆ ਭਰ ਵਿੱਚ ਸਿੱਖਾਂ ਦਾ ਅਕਸ ਪ੍ਰਭਾਵਿਤ ਹੋ ਰਿਹਾ ਸੀ, ਤਾਂ ਕਪਾਨੀ ਵੱਲੋਂ ਸਥਾਪਿਤ ‘ਸਿੱਖ ਫਾਊਂਡੇਸ਼ਨ’ ਨੇ ਦੁਨੀਆ ਦੇ ਬਿਹਤਰੀਨ ਮਿਊਜ਼ੀਅਮਾਂ (ਲੰਡਨ, ਨਿਊਯਾਰਕ, ਸਾਂ ਫਰਾਂਸਿਸਕੋ ਆਦਿ) ਵਿੱਚ ਸਿੱਖ ਇਤਿਹਾਸ ਨਾਲ ਸਬੰਧਿਤ ਬਹੁਤ ਮੁੱਲਵਾਨ ਪੇਂਟਿੰਗਾਂ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ। ਉਨ੍ਹਾਂ ਨੇ ਗ਼ੈਰ-ਰਾਜਸੀ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਸਿੱਖਾਂ ਦਾ ਅਸਲ ਅਤੇ ਸ਼ਾਨਦਾਰ ਇਤਿਹਾਸ ਪੇਸ਼ ਕੀਤਾ। ਉਨ੍ਹਾਂ ਨੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ‘ਸਿੱਖ ਸਟੱਡੀਜ਼ ਚੇਅਰਜ਼’ ਵੀ ਸਥਾਪਿਤ ਕੀਤੀਆਂ।
ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨਵੀਨਤਾਕਾਰ ਬਣ ਕੇ ਉੱਭਰੇ ਡਾ. ਕਪਾਨੀ

ਆਮ ਤੌਰ ‘ਤੇ ਲੋਕਾਂ ਦੇ ਮਨਾਂ ਵਿੱਚ ਕਿਸੇ ਇੰਜੀਨੀਅਰ ਜਾਂ ਵਿਗਿਆਨੀ ਦਾ ਅਕਸ ਬਹੁਤ ਗੰਭੀਰ ਜਾਂ ਖ਼ੁਸ਼ਕ ਹੁੰਦਾ ਹੈ, ਪਰ ਡਾ. ਕਪਾਨੀ ਇਸ ਦੇ ਬਿਲਕੁਲ ਉਲਟ ਸਨ। ਉਨ੍ਹਾਂ ਦੇ ਅੰਦਰ ਜੀਵਨ ਨੂੰ ਖ਼ੁਸ਼ੀ-ਖ਼ੁਸ਼ੀ ਜਿਊਣ ਦਾ ਇੱਕ ਅਨੋਖਾ ਜਜ਼ਬਾ ਸੀ। ਜ਼ਿੰਦਗੀ ਉਨ੍ਹਾਂ ਸਾਹਮਣੇ ਜੋ ਵੀ ਹਾਲਾਤ ਲੈ ਕੇ ਆਈ, ਉਨ੍ਹਾਂ ਨੇ ਉਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ। ਭਾਵੇਂ ਕਈ ਵਾਰ ਉਨ੍ਹਾਂ ਦੀਆਂ ਯੋਜਨਾਵਾਂ ਮੁਤਾਬਕ ਕੰਮ ਨਹੀਂ ਹੋਇਆ, ਫਿਰ ਵੀ ਉਹ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨਵੀਨਤਾਕਾਰ ਬਣ ਕੇ ਉੱਭਰੇ।
1950 ਦੇ ਦਹਾਕੇ ਵਿੱਚ ਡਾ. ਕਪਾਨੀ ਆਪਣੇ ਵਤਨ ਭਾਰਤ ਪਰਤਣਾ ਚਾਹੁੰਦੇ ਸਨ ਤਾਂ ਜੋ ਆਪਣੀ ਕਾਬਲੀਅਤ ਦਾ ਲਾਹਾ ਦੇਸ਼ ਨੂੰ ਦੇ ਸਕਣ, ਪਰ ਕੁਝ ਹਾਲਾਤ ਅਜਿਹੇ ਬਣੇ ਕਿ ਇਹ ਸੰਭਵ ਨਹੀਂ ਹੋ ਸਕਿਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਕ੍ਰਿਸ਼ਨਾ ਮੈਨਨ (ਰੱਖਿਆ ਮੰਤਰੀ) ਦੇ ਮੁੱਖ ਵਿਗਿਆਨਕ ਸਲਾਹਕਾਰ ਵਜੋਂ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਪਰ ਭਾਰਤੀ ਅਫ਼ਸਰਸ਼ਾਹੀ ਦੀ ਲਾਲ-ਫ਼ੀਤਾਸ਼ਾਹੀ (Bureaucratic red-tapism) ਨੇ ਇਸ ਪ੍ਰਕਿਰਿਆ ਨੂੰ ਇੰਨਾ ਉਲਝਾ ਦਿੱਤਾ ਕਿ ਇਹ ਵੱਡੀ ਨਿਯੁਕਤੀ ਅੱਧ ਵਿਚਕਾਰ ਹੀ ਲਟਕ ਗਈ ਅਤੇ ਦੇਸ਼ ਇੱਕ ਮਹਾਨ ਵਿਗਿਆਨੀ ਦੀਆਂ ਸੇਵਾਵਾਂ ਤੋਂ ਵਾਂਝਾ ਰਹਿ ਗਿਆ।
ਸਿਲੀਕਾਨ ਵੈਲੀ ਅਤੇ ਬਹੁਪੱਖੀ ਕਾਢਾਂ

ਸਾਲ 1959 ਵਿੱਚ ਜਦੋਂ ਡਾ. ਕਪਾਨੀ ਆਪਣੀ ਕੰਪਨੀ ਲਈ ਅੱਧਾ ਮਿਲੀਅਨ (ਪੰਜ ਲੱਖ) ਡਾਲਰ ਦਾ ਫੰਡ ਲੈਣ ਲਈ ਬੈਂਕ ਕੋਲ ਗਏ, ਤਾਂ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਕਿ ਉਹ ਬਦਲੇ ਵਿੱਚ ਕੰਪਨੀ ਦੀ ਸਿਰਫ਼ ‘ਮਾਇਨੋਰਿਟੀ ਸਟੇਕ’ (ਘੱਟ ਗਿਣਤੀ ਹਿੱਸੇਦਾਰੀ) ਹੀ ਦੇਣਗੇ ਕਿਉਂਕਿ ਉਹ “ਪੈਸੇ ਵਾਲੇ ਲੋਕਾਂ ‘ਤੇ ਜ਼ਿਆਦਾ ਭਰੋਸਾ ਨਹੀਂ ਕਰਦੇ।” ਉਨ੍ਹਾਂ ਦੇ ਇਸ ਅਥਾਹ ਆਤਮ-ਵਿਸ਼ਵਾਸ ਨੂੰ ਦੇਖ ਕੇ ਉਸੇ ਬੈਂਕ ਨੇ ਉਨ੍ਹਾਂ ਦੀ ਮਦਦ ਲਈ ਇੱਕ ਵੱਡੀ ਵੈਂਚਰ ਕੈਪੀਟਲ ਫਰਮ ਦਾ ਪ੍ਰਬੰਧ ਕਰ ਦਿੱਤਾ।
ਡਾ. ਕਪਾਨੀ ਦੀ ਖੋਜ ਅਤੇ ਕਾਢਾਂ ਦਾ ਘੇਰਾ ਸਿਰਫ਼ ਸੰਚਾਰ ਤੱਕ ਹੀ ਸੀਮਿਤ ਨਹੀਂ ਸੀ। ਉਨ੍ਹਾਂ ਨੇ ਫਾਈਬਰ ਆਪਟਿਕਸ ਸੰਚਾਰ ਤੋਂ ਇਲਾਵਾ ਲੇਜ਼ਰ ਤਕਨੀਕ ਅਤੇ ਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਨੇ ‘ਰੈਟੀਨਲ ਲੇਜ਼ਰ ਕੋਆਗੂਲੇਸ਼ਨ’ (Retinal laser coagulation) ਇਲਾਜ ਪ੍ਰਣਾਲੀ ਦੀ ਕਾਢ ਕੱਢੀ, ਜਿਸ ਨੇ ਅੱਖਾਂ ਦੇ ਆਪ੍ਰੇਸ਼ਨ ਅਤੇ ਅੰਨ੍ਹੇਪਣ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ। ਇਸ ਦੇ ਨਾਲ ਹੀ, ਉਹ ਅਮਰੀਕਾ ਦੀ ਮਸ਼ਹੂਰ ‘ਸਿਲੀਕਾਨ ਵੈਲੀ’ (Silicon Valley) ਵਿੱਚ ਆਪਣੀ ਕੰਪਨੀ ਨੂੰ ਪਬਲਿਕ ਲਿਮਟਿਡ (ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ) ਕਰਨ ਵਾਲੇ ਪਹਿਲੇ ਭਾਰਤੀ ਸਿੱਖ ਬਣੇ।
ਉਨ੍ਹਾਂ ਦੇ ਕਲਾਕਾਰ ਮਨ ਦੀ ਇੱਕ ਦਿਲਚਸਪ ਕਹਾਣੀ ਵੀ ਹੈ। ਇੱਕ ਵਾਰ ਆਪਣੇ ਦਫ਼ਤਰ ਵਿੱਚ ਘੁੰਮਦਿਆਂ, ਉਨ੍ਹਾਂ ਦੀ ਨਜ਼ਰ ਕੂੜੇਦਾਨ ਵਿੱਚ ਪਏ ਆਪਟੀਕਲ ਫਾਈਬਰ ਦੇ ਇੱਕ ਖ਼ਰਾਬ ਟੁਕੜੇ ‘ਤੇ ਪਈ। ਉਨ੍ਹਾਂ ਨੇ ਉਸ ਬੇਕਾਰ ਟੁਕੜੇ ਨੂੰ ਚੁੱਕਿਆ ਅਤੇ ਉਸ ਵਿੱਚ ਕੁਝ ਰੰਗ-ਬਰੰਗੀਆਂ ਲਾਈਟਾਂ ਜੋੜ ਕੇ ਉਸ ਨੂੰ ਇੱਕ ਬੇਹੱਦ ਖੂਬਸੂਰਤ ਮੂਰਤੀ (Sculpture) ਦਾ ਰੂਪ ਦੇ ਦਿੱਤਾ। ਆਉਣ ਵਾਲੇ ਸਾਲਾਂ ਵਿੱਚ, ਉਨ੍ਹਾਂ ਨੇ ਅਜਿਹੀਆਂ ਕਈ ਹੋਰ ਸ਼ਾਨਦਾਰ ਮੂਰਤੀਆਂ ਤਿਆਰ ਕੀਤੀਆਂ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ‘ਫਾਈਬਰ ਆਰਟ’ (Fibre Art) ਦੇ ਬਿਹਤਰੀਨ ਨਮੂਨਿਆਂ ਵਜੋਂ ਪ੍ਰਦਰਸ਼ਿਤ ਕੀਤਾ ਗਿਆ।
ਆਖ਼ਰੀ ਸਮਾਂ ਅਤੇ ਪਦਮ ਵਿਭੂਸ਼ਣ ਸਨਮਾਨ

ਡਾ. ਕਪਾਨੀ ਨੇ ਮਾਰਚ 2020 ਵਿੱਚ ਆਪਣੀ ਸਵੈ-ਜੀਵਨੀ ਲਿਖਣ ਦਾ ਕਾਰਜ ਪੂਰਾ ਕੀਤਾ ਅਤੇ ਇਸ ਦੇ ਕੁਝ ਮਹੀਨਿਆਂ ਬਾਅਦ ਹੀ 4 ਦਸੰਬਰ 2020 ਨੂੰ 94 ਸਾਲ ਦੀ ਉਮਰ ਵਿੱਚ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਵਿਗਿਆਨ ਅਤੇ ਮਨੁੱਖਤਾ ਲਈ ਪਾਏ ਅਣਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਦਿਆਂ, ਭਾਰਤ ਸਰਕਾਰ ਵੱਲੋਂ ਸਾਲ 2021 ਵਿੱਚ ਉਨ੍ਹਾਂ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ (Padma Vibhushan) ਨਾਲ ਨਿਵਾਜਿਆ ਗਿਆ।
ਵੈਸੇ, ‘ਦਿ ਮੈਨ ਹੂ ਬੈਂਟ ਲਾਈਟ’ ਇੱਕ ਅਜਿਹੇ ਹਸਮੁਖ, ਨਿਮਰ ਅਤੇ ਦੂਰਅੰਦੇਸ਼ੀ ਇਨਸਾਨ ਦਾ ਬੇਹੱਦ ਖੂਬਸੂਰਤ ਬਿਰਤਾਂਤ ਹੈ, ਜਿਸ ਨੇ ਨਾ ਸਿਰਫ਼ ਰੋਸ਼ਨੀ ਨੂੰ ਮੋੜਨ ਦਾ ਹੁਨਰ ਦਿਖਾਇਆ, ਬਲਕਿ ਉਸ ਰੋਸ਼ਨੀ ਦੇ ਸਿਰ ‘ਤੇ ਪੂਰੀ ਦੁਨੀਆ ਦੇ ਭਵਿੱਖ ਨੂੰ ਇੱਕ ਨਵੀਂ ਚਮਕ ਪ੍ਰਦਾਨ ਕੀਤੀ। ਹਰ ਇੱਕ ਪਾਠਕ ਅਤੇ ਨੌਜਵਾਨ ਲਈ ਇਹ ਪੁਸਤਕ ਪ੍ਰੇਰਣਾ ਦਾ ਇੱਕ ਅਮੁੱਲ ਖ਼ਜ਼ਾਨਾ ਹੈ।



Leave a Comment