ਧਰਮ ਨੂੰ ਜੀਵਨ ਜਾਂਚ ਦੇ ਰੂਪ ਵਿੱਚ ਅਪਣਾਉਣ ਵਾਲੇ ਆਪਣੇ ਆਪ ਅਤੇ ਆਪਣੇ ਆਲੇ ਦੁਆਲੇ ਲਈ ਮਹਾਨ ਤਬਦੀਲੀ ਦਾ ਸਰੂਪ ਹੁੰਦੇ ਹਨ। ਇਸ ਕ੍ਰਾਂਤੀਕਾਰੀ ਤਬਦੀਲੀ ਨਾਲ ਉਹ ਪਰਾਭੌਤਿਕ ਸੰਸਾਰ ਵਿੱਚ ਸੱਚ ਦੇ ਰੂਬਰੂ ਡੱਟ ਖਲੌਂਦੇ ਹਨ। ਫਲਸਰੂਪ ਉਹਨਾਂ ਦੇ ਧੜ ਅੰਦਰ ਅਨੋਖੀ ਵਿਸ਼ਾਲਤਾ ਅਤੇ ਬ੍ਰਹਿਮੰਡੀ ਚੇਤਨਤਾ ਉਪਜਦੀ ਹੈ। ਉਹ ਆਪਣੇ ਸਦੀਵੀ ਸੱਚ ਦੇ ਆਧਾਰ ਤੇ ਹੀ ਸਥੂਲ ਸੰਸਾਰ ਨੂੰ ਵੇਖਣ ਦਾ ਯਤਨ ਕਰਦੇ ਹਨ। ਇਸੇ ਮਨੋਰਥ ਹਿਤ ਆਪਣੇ ਰਹਿਬਰਾਂ ਦੁਆਰਾ ਨਿਰਧਾਰਿਤ ਕਦਰਾਂ ਕੀਮਤਾਂ ਨੂੰ ਤੋੜਨ ਵਾਲਿਆਂ ਵਿਰੁੱਧ ਸੰਘਰਸ਼ ਕਰਦੇ ਹੋਏ ਸੱਚ ਉੱਤੇ ਪਹਿਰਾ ਦਿੰਦੇ ਹਨ ਤੇ ਇਹਨਾਂ ਹੀ ਕਦਰਾਂ ਦੀ ਬਹਾਲੀ ਤੇ ਬਰਕਰਾਰੀ ਲਈ ਆਪਣੇ ਜੀਵਨ ਦੀ ਅਹੂਤੀ ਤੱਕ ਦੇ ਜਾਂਦੇ ਹਨ। ਅਜਿਹੇ ਹੀ ਮਹਾਬਲੀਆਂ ਵਿੱਚੋਂ ਇੱਕ ਬਾਬਾ ਦੀਪ ਸਿੰਘ ਹਨ। ਜਿਨਾਂ ਨੂੰ ਸ਼ਹੀਦ ਨਾਮ ਨਾਲ ਸਤਿਕਾਰਿਆ ਤੇ ਜਾਣਿਆ ਜਾਂਦਾ ਹੈ।
ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਮਤ 1739 ਜਨਵਰੀ 1682 ਈਸਵੀ ਨੂੰ ਮਾਤਾ ਜਿਉਣੀ ਦੀ ਕੁੱਖੋਂ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਭਗਤਾ ਦੇ ਘਰ ਹੋਇਆ। ਬਾਬਾ ਦੀਪ ਸਿੰਘ ਜੀ ਦੀ ਜਾਤ ਬਾਰੇ ਵੀ ਕਈ ਇਤਿਹਾਸਕਾਰਾਂ ਦੇ ਵਿੱਚ ਮੱਤਭੇਦ ਪਾਏ ਗਏ ਹਨ। ਗਿਆਨੀ ਨਿਰੰਜਣ ਸਿੰਘ ਅਨੁਸਾਰ ਉਹ ਸੰਧੂ ਜੱਟ ਹਨ। ਪਰ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 638 ਤੇ ਲਿਖਿਆ ਹੈ ਕਿ ਉਹ ਖਹਿਰਾ ਗੋਤ ਦੇ ਜੱਟ ਸਨ, ਜੋ ਵਧੇਰੇ ਪ੍ਰਮਾਣਿਕ ਹੈ। ਗਿਆਨੀ ਨਿਰੰਜਨ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੀ ਬੰਸਾਵਲੀ ਤਿਆਰ ਕੀਤੀ ਹੈ। ਬਾਬਾ ਦੀਪ ਸਿੰਘ ਜੋ ਕਿ ਸਾਰੀ ਉਮਰ ਜਤੀ ਰਹੇ ਉਹਨਾਂ ਦੇ ਭਰਾ ਭਾਈ ਲਾਲਾ ਜੀ, ਭਾਈ ਲਾਲਾ ਜੀ ਦੇ ਪੁੱਤਰ ਭਾਈ ਕਰਮ ਸਿੰਘ, ਭਾਈ ਗੁਲਾਬ ਸਿੰਘ, ਭਾਈ ਆਲਾ ਸਿੰਘ, ਸਰਦਾਰ ਕਿਸ਼ਨ ਸਿੰਘ, ਸਰਦਾਰ ਗੁਰਬਖਸ਼ ਸਿੰਘ, ਸਰਦਾਰ ਗੁਰਬਰਆਮ ਸਿੰਘ, ਸਰਦਾਰ ਗੁਰਦਤਾਰ ਸਿੰਘ ਜੀ, ਸਰਦਾਰ ਗੁਰਮਹਿੰਦਰ ਪਾਲ ਸਿੰਘ। ਬਾਬਾ ਦੀਪ ਸਿੰਘ ਜੀ ਭਾਵੇਂ ਸਾਰੀ ਉਮਰ ਜਤੀ ਰਹੇ, ਉਹਨਾਂ ਦਾ ਨਾਮ ਉਹ ਨਿਸ਼ਾਨ ਯਾਦ ਰੱਖਣ ਲਈ ਕੋਈ ਸੰਤਾਨ ਨਹੀਂ ਸੀ। ਪਰ ਫਿਰ ਵੀ ਉਹਨਾਂ ਦੀ ਕਰਨੀ ਤੇ ਕਥਨੀ ਦੀ ਅਮਿੱਟ ਛਾਪ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਮਨਾਂ ਉੱਪਰ ਉਕਰੀ ਰਹੇਗੀ। ਬਾਬਾ ਦੀਪ ਸਿੰਘ ਜੀ ਨੂੰ ਬਚਪਨ ਵਿੱਚ ਸਾਰੇ ਦੀਪਾ ਕਹਿ ਕੇ ਬੁਲਾਉਂਦੇ ਸਨ। ਉਹਨਾਂ ਦੇ ਮਾਤਾ ਪਿਤਾ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। ਪਿਤਾ ਪਾਸੋਂ ਗੁਰੂ ਘਰ ਦੀਆਂ ਸਾਖੀਆਂ ਸੁਣ ਕੇ ਦੀਪੇ ਦੇ ਬਾਲ ਮਨ ਉੱਪਰ ਬੜਾ ਡੂੰਘਾ ਅਸਰ ਹੋਇਆ। ਗੁਰਮੁਖੀ ਬਾਬਾ ਦੀਪ ਸਿੰਘ ਨੇ ਛੇਤੀ ਹੀ ਸਿੱਖ ਲਈ। ਅਰਬੀ ਤੇ ਫਾਰਸੀ ਭਾਸ਼ਾ ਦਾ ਗਿਆਨ ਆਪ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਦਰਬਾਰ ਵਿੱਚ ਰਹਿ ਕੇ ਹਾਸਿਲ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ 1699 ਈਸਵੀ ਵਿੱਚ ਸਾਜਿਆ, ਉਸ ਤੋਂ ਅਗਲੇ ਸਾਲ ਸਨ 1700 ਈਸਵੀ ਵਿੱਚ ਦੀਪਾ ਆਪਣੇ ਮਾਤਾ ਪਿਤਾ ਸਮੇਤ ਵੈਸਾਖੀ ਨੂੰ ਆਨੰਦਪੁਰ ਵਿਖੇ ਗੁਰੂ ਦਰਸ਼ਨਾਂ ਲਈ ਪਹੁੰਚਿਆ। ਖਾਲਸਾ ਸਾਜਣ ਦੇ ਸਮੇਂ ਦਸ਼ਮੇਸ਼ ਪਿਤਾ ਦੁਆਰਾ ਕੀਤੇ ਕੌਤਕ ਦੀਪ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਕਰ ਗਏ। ਉਸ ਸਮੇਂ ਬਾਬਾ ਦੀਪ ਸਿੰਘ ਦੀ ਉਮਰ 18ਕੁ ਸਾਲ ਦੀ ਸੀ। 1700 ਈਸਵੀ ਵਿੱਚ ਹੀ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਹੁਲ ਛਕਿਆ ਅਤੇ ਦੀਪੇ ਤੋਂ ਦੀਪ ਸਿੰਘ ਬਣ ਗਏ। ਦੀਪ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਵਿੱਚ ਇਸ ਨੂੰ ਦੀਪ ਜਾਂ ਦੀਵਾ ਕਿਹਾ ਜਾਂਦਾ ਹੈ। ਜਿਹੜਾ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਬਾਬਾ ਦੀਪ ਸਿੰਘ ਜੀ ਨੇ ਸੱਚਮੁੱਚ ਹੀ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਰੱਬੀ ਗੁਰਬਾਣੀ ਦਾ ਚਾਨਣ ਵੰਡਦਿਆਂ ਬਤੀਤ ਕਰ ਦਿੱਤੀ। ਅਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਪਚਨ ਪਾਚਨ ਦੇ ਕਾਰਜ ਤੋਂ ਇਲਾਵਾ ਲੰਗਰ, ਝਾੜੂ ਤੇ ਹੋਰ ਕਈ ਪ੍ਰਕਾਰ ਦੀ ਸੇਵਾ ਵਿੱਚ ਹਿੱਸਾ ਲਿਆ। ਹਥੀ ਸੇਵਾ ਕਰਨ ਤੇ ਗੁਰਬਾਣੀ ਪੜ੍ਹਨ ਨਾਲ ਆਪ ਦਾ ਮਨ ਸ਼ੁੱਧ ਹੋ ਜਾਂਦਾ। ਆਪ ਦਾ ਪਰਿਵਾਰ ਅਨੰਦਪੁਰ ਸਾਹਿਬ ਵਿਖੇ ਤਿੰਨ ਮਹੀਨੇ 11 ਦਿਨ ਰਿਹਾ ਤੇ ਉਸ ਤੋਂ ਬਾਅਦ ਆਪਣੇ ਪਿੰਡ ਪਹੂਵਿੰਡ ਵਾਪਸ ਪਰਤ ਗਿਆ। ਦੀਪ ਸਿੰਘ ਗੁਰੂ ਜੀ ਦਾ ਹੁਕਮ ਮੰਨ ਕੇ ਅਤੇ ਮਾਤਾ ਪਿਤਾ ਤੋਂ ਆਗਿਆ ਲੈ ਕੇ ਅਨੰਦਪੁਰ ਹੀ ਰਹਿ ਪਿਆ। ਅਨੰਦਪੁਰ ਵਿੱਚ ਰਹਿੰਦਿਆਂ ਬਾਬਾ ਦੀਪ ਸਿੰਘ ਨੇ ਸ਼ਾਸਤਰ ਤੇ ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਹਾਸਿਲ ਕਰ ਲਈ। ਭਾਈ ਮਨੀ ਸਿੰਘ ਜੀ ਪਾਸੋਂ ਆਪ ਗੁਰਬਾਣੀ ਦੇ ਅਰਥ ਸਮਝਦੇ ਤੇ ਕੰਠ ਕਰਦੇ। ਇਸ ਦੇ ਨਾਲ ਹੀ ਨੇਜਾ, ਘੋੜ ਸਵਾਰੀ, ਤਲਵਾਰ ਚਲਾਉਣੀ, ਗਤਕੇਬਾਜੀ ਵਿੱਚ ਵੀ ਆਪ ਨੇ ਚੰਗੀ ਮੁਹਾਰਤ ਹਾਸਲ ਕਰ ਲਈ। ਵਿਹਲੇ ਸਮੇਂ ਦੀਪ ਸਿੰਘ ਲੰਗਰ ਵਿੱਚ ਸੇਵਾ ਕਰਦੇ। ਬਾਬਾ ਦੀਪ ਸਿੰਘ ਵਿੱਚ ਸੇਵਾ ਅਤੇ ਸਿਮਰਨ ਦੀ ਲਗਨ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨੂੰ ਹਜੂਰੀ ਸਿੱਖਾਂ ਵਿੱਚ ਸ਼ਾਮਿਲ ਕਰ ਲਿਆ, ਜੋ ਕਿ ਹਰ ਵੇਲੇ ਗੁਰੂ ਜੀ ਦੇ ਹਜੂਰ ਹਾਜ਼ਰ ਰਹਿੰਦੇ ਸਨ। ਆਪਣੇ ਸ਼ੀਤਲ ਗੁਰਮੁਖ ਸੁਭਾਅ ਕਾਰਨ ਭਾਈ ਦੀਪ ਸਿੰਘ ਜੀ ਨੇ ਹਜੂਰੀ ਸਿੱਖਾਂ ਵਿੱਚ ਵੀ ਆਪਣੀ ਆਦਰ ਵਾਲੀ ਥਾਂ ਬਣਾ ਲਈ। ਸਾਰੇ ਆਪ ਦਾ ਆਦਰ ਕਰਦੇ ਤੇ ਆਪ ਦੀ ਹਰ ਸਲਾਹ ਮੰਨਦੇ। ਗੁਰੂ ਜੀ ਦਾ ਬਾਬਾ ਦੀਪ ਸਿੰਘ ਨਾਲ ਇੰਨਾ ਪ੍ਰੇਮ ਵਧਿਆ ਕਿ ਸ਼ਿਕਾਰ ਖੇਡਣ ਵੇਲੇ ਆਪ ਨੂੰ ਨਾਲ ਲੈ ਕੇ ਜਾਂਦੇ। 1700 ਤੋਂ ਲੈ ਕੇ 1705 ਈਸਵੀ ਤੱਕ ਤਕਰੀਬਨ ਪੰਜ ਸਾਲ ਬਾਬਾ ਦੀਪ ਸਿੰਘ ਜੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ। ਆਨੰਦਪੁਰ ਦੀਆਂ ਸਾਰੀਆਂ ਲੜਾਈਆਂ ਵਿੱਚ ਭਾਈ ਦੀਪ ਸਿੰਘ ਜੀ ਨੇ ਬੜੀ ਸੂਰਬੀਰਤਾ ਦਿਖਾਈ ਤੇ ਗੁਰੂ ਜੀ ਦਾ ਪੂਰਾ ਪੂਰਾ ਸਾਥ ਦਿੱਤਾ। ਜਦੋਂ ਛੇ ਤੇ ਸੱਤ ਪੋਹ ਦੀ ਠੰਡੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਤਾਂ ਆਪਣੇ ਮਹਿਲ ਮਾਤਾ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਲਈ ਭਾਈ ਮਨੀ ਸਿੰਘ, ਭਾਈ ਦੀਪ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਨੂੰ ਮੁਖੀ ਬਣਾ ਕੇ ਦੋ ਦਾਸੀਆਂ ਸਮੇਤ ਦਿੱਲੀ ਵੱਲ ਤੋਰਿਆ। ਕੁਝ ਸਮਾਂ ਦਿੱਲੀ ਵਿੱਚ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਤੋਂ ਖੁਸ਼ੀਆਂ ਲੈ ਕੇ ਭਾਈ ਦੀਪ ਸਿੰਘ ਆਪਣੇ ਪਿੰਡ ਪਹੂਵਿੰਡ ਵਿਖੇ ਆ ਗਏ। ਦੋਵੇਂ ਵੇਲੇ ਗੁਰਬਾਣੀ ਦੀ ਕਥਾ ਭਾਈ ਦੀਪ ਸਿੰਘ ਜੀ ਸੰਗਤਾਂ ਨੂੰ ਸੁਣਾਉਂਦੇ ਅਤੇ ਕੀਰਤਨ ਦਾ ਪ੍ਰਵਾਹ ਚੱਲਦਾ।

ਉਧਰ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੇ ਯੁੱਧ ਮਗਰੋਂ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਜ਼ਿਲਾ ਬਠਿੰਡਾ ਵਿਖੇ ਪੁੱਜੇ ਤਾਂ ਉੱਥੇ ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ। ਧੀਰਮਲ ਨੇ ਆਦਿ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਨੇ ਨਵੀਂ ਬੀੜ ਲਿਖਣ ਦਾ ਫੈਸਲਾ ਕੀਤਾ। ਭਾਈ ਮਨੀ ਸਿੰਘ ਜੀ ਵੀ ਦਿੱਲੀ ਤੋਂ ਦਮਦਮਾ ਸਾਹਿਬ ਪਹੁੰਚ ਗਏ। ਭਾਈ ਮਨੀ ਸਿੰਘ ਜੀ ਦੇ ਕਹਿਣ ਤੇ ਹੀ ਗੁਰੂ ਜੀ ਨੇ ਭਾਈ ਦੀਪ ਸਿੰਘ ਨੂੰ ਦਮਦਮੇ ਸਾਹਿਬ ਬੁਲਾ ਭੇਜਿਆ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਲਿਖਣ ਅਤੇ ਭਾਈ ਦੀਪ ਸਿੰਘ ਜੀ ਨੂੰ ਕਾਗਜ ਕਲਮਾਂ ਦੀ ਸੇਵਾ ਸੌਂਪੀ। 1705 ਈਸਵੀ ਦੀ ਸਰਦ ਰੁੱਤ ਖਤਮ ਹੋਣ ਪਿੱਛੋਂ ਜਦੋਂ ਬਸੰਤ ਰੁੱਤ ਦਾ ਖੇੜਾ ਸ਼ੁਰੂ ਹੋਇਆ ਤਾਂ ਗੁਰੂ ਜੀ ਨੇ ਤੰਬੂ ਲਗਾ ਕੇ ਬੀੜ ਲਿਖਣ ਦਾ ਕੰਮ ਆਰੰਭ ਕਰ ਦਿੱਤਾ। ਗੁਰੂ ਜੀ ਲਿਖਵਾਉਂਦੇ ਜਾਂਦੇ ਭਾਈ ਮਨੀ ਸਿੰਘ ਜੀ ਲਿਖਦੇ ਅਤੇ ਭਾਈ ਦੀਪ ਸਿੰਘ ਜੀ ਕਾਗਜ਼ ਕਲਮਾਂ ਦੀ ਸੇਵਾ ਬੜੇ ਪ੍ਰੇਮ ਨਾਲ ਨਿਭਾਉਂਦੇ। ਆਦਿ ਗ੍ਰੰਥ ਬੀੜ ਵਿੱਚ ਰਾਗਾਂ ਦੇ ਅਧਾਰ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ 115 ਸਲੋਕ ਤੇ ਸ਼ਬਦ ਸ਼ਾਮਿਲ ਕੀਤੇ ਗਏ। ਪਹਿਲੀ ਬੀੜ ਵਿੱਚ 30 ਰਾਗ ਅੰਕਿਤ ਸਨ। ਪਰ ਇਸ ਬੀੜ ਵਿੱਚ ਇੱਕ ਹੋਰ ਰਾਗ ਜੈਜਾਵੰਤੀ ਦਾ ਵਾਧਾ ਹੋਇਆ। ਜਿਸ ਦੇ ਫਲਸਰੂਪ ਦਮਦਮੀ ਬੀੜ ਵਿੱਚ 31 ਰਾਗ ਹੋ ਗਏ। ਬੀੜ ਦੇ ਤਿਆਰ ਹੋਣ ਤੇ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਬੀੜ ਦੀ ਇਤਿਹਾਸਿਕ ਮਾਨਤਾ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਜਿਸ ਤੰਬੂ ਵਿੱਚ ਇਹ ਪਵਿੱਤਰ ਬੀੜ ਲਿਖਵਾਈ ਗਈ ਉਸ ਥਾਂ ਹੁਣ ਸਰੋਵਰ ਦੇ ਕੰਢੇ ਗੁਰਦੁਆਰਾ ਲਿਖਣਸਰ ਸੁਸ਼ੋਭਿਤ ਹੈ। ਯਾਤਰੂ ਉੱਥੇ ਜਾ ਕੇ ਪੈਂਤੀ ਲਿਖ ਕੇ ਆਪਣੀ ਹਾਜ਼ਰੀ ਲਗਵਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਨੂੰ ਗੁਰੂ ਕੀ ਕਾਸ਼ੀ ਦਾ ਖਿਤਾਬ ਦੇ ਕੇ ਇਹ ਵਰ ਦਿੱਤਾ ਕਿ ਇੱਥੋਂ ਗੂੰਗੇ ਤੇ ਮੂਰਖ ਵੀ ਵਿਦਿਆ ਪ੍ਰਾਪਤ ਕਰਕੇ ਵਿਦਵਾਨ ਬਣਨਗੇ। ਦਸ਼ਮੇਸ਼ ਪਿਤਾ ਜਦੋਂ ਦਮਦਮਾ ਸਾਹਿਬ ਤੋਂ ਦੱਖਣ ਵੱਲ ਜਾਣ ਲੱਗੇ ਤਾਂ ਇਸ ਸਥਾਨ ਦੀ ਸੇਵਾ ਭਾਈ ਦੀਪ ਸਿੰਘ ਜੀ ਦੇ ਜਿੰਮੇ ਆਈ। ਗੁਰੂ ਜੀ ਨੇ ਨਾਲ ਹੀ ਭਾਈ ਦੀਪ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਆਪ ਗੁਰੂ ਘਰ ਦੇ ਸ਼ਰਧਾਲੂ ਹੋ ਇੱਥੇ ਰਹਿ ਕੇ ਇਹ ਮਰਿਆਦਾ ਪ੍ਰਚਲਿਤ ਕਰਨੀ। ਵਿਦਿਆਰਥੀਆਂ ਨੂੰ ਵਿਦਿਆ ਪੜਾਉਣੀ, ਅੰਮ੍ਰਿਤ ਛਕਾ ਕੇ ਰਹਿਤ ਮਰਿਆਦਾ ਵਿੱਚ ਦ੍ਰਿੜ ਕਰਨਾ, ਗੁਰਮਤ ਅਨੁਸਾਰ ਗੁਰਬਾਣੀ ਅਤੇ ਗੁਰ ਇਤਿਹਾਸ ਦਾ ਪ੍ਰਚਾਰ ਕਰਨਾ, ਹਰ ਔਕੜ ਸਮੇਂ ਪੰਥ ਦਾ ਸਾਥ ਦੇਣਾ ਆਦਿ ਬੀੜਾਂ ਲਿਖ ਕੇ ਗੁਰਬਾਣੀ ਦੇ ਸੋਮੇ ਨੂੰ ਪ੍ਰਫੁੱਲਤ ਕਰਨਾ।
ਭਾਈ ਦੀਪ ਸਿੰਘ ਦਮਦਮੇ ਸਾਹਿਬ ਵਿਖੇ ਰਹਿ ਕੇ ਗੁਰਬਾਣੀ ਦਾ ਪ੍ਰਚਾਰ ਕਰਨ ਲੱਗੇ। ਉਹ ਆਪਣੇ ਹੱਥੀ ਗੁਰਬਾਣੀ ਦੇ ਗੁਟਕੇ ਲਿਖ ਕੇ ਸੰਗਤਾਂ ਨੂੰ ਦਿੰਦੇ। ਇੱਥੇ ਰਹਿੰਦਿਆਂ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਦੇ ਉਤਾਰੇ ਆਪਣੇ ਹੱਥੀ ਕੀਤੇ ਤੇ ਚੌਹਾਂ ਤਖਤਾਂ ਉੱਪਰ ਭੇਜੇ ਇਹ ਬੀੜਾ ਲਿਖ ਕੇ ਆਪ ਨੇ ਪੰਥ ਦੀ ਮਹਾਨ ਸੇਵਾ ਕੀਤੀ। ਪਹਿਲੀ ਬੀੜ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਭੇਜੀ। ਇਸ ਬੀੜ ਨੂੰ ਦਰਸ਼ਨੀ ਬੀੜ ਕਿਹਾ ਜਾਂਦਾ ਹੈ। ਇਸ ਉੱਪਰ ਦੋ ਸੇਰ ਸੋਨਾ ਲੱਗਾ ਹੋਇਆ ਹੈ। ਆਪ ਦੀ ਲਿਖਾਈ ਇੰਜ ਲੱਗਦੀ ਹੈ ਜਿਵੇਂ ਕਿਸੇ ਨੇ ਸੁਚੱਜੇ ਢੰਗ ਨਾਲ ਸੁਨਹਿਰੀ ਮੋਤੀ ਜੜੇ ਹੁੰਦੇ ਹਨ। ਇਸ ਬੀੜ ਦੇ ਵੱਖ-ਵੱਖ ਗੁਰਪੁਰਬਾਂ ਸਮੇਂ ਦਰਸ਼ਨ ਕਰਾਏ ਜਾਂਦੇ ਹਨ। ਦੂਜੀ ਬੀੜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿੱਚ ਭੇਜੀ ਗਈ। ਤੀਜੀ ਬੀੜ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਭੇਜੀ ਗਈ। ਚੌਥੀ ਬੀੜ ਤਖਤ ਸ੍ਰੀ ਅਬਚਲ ਨਗਰ ਨੰਦੇੜ ਮਹਾਰਾਸ਼ਟਰ ਭੇਜੀ ਗਈ। ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਵਿੱਚ ਬੀੜਾਂ ਲਿਖਣ ਤੋਂ ਇਲਾਵਾ ਅਰਬੀ ਭਾਸ਼ਾ ਵਿੱਚ ਵੀ ਇੱਕ ਬੀੜ ਲਿਖੀ। ਗਿਆਨੀ ਨਿਰੰਜਣ ਸਿੰਘ ਨੇ ਕਿਰਪਾਲ ਸਿੰਘ ਆਰਟਿਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਭਾਈ ਦੀਪ ਸਿੰਘ ਸਭ ਤੋਂ ਪਹਿਲੇ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਲਿਖਾਰੀ ਸਨ ਜਿਨਾਂ ਅਰਬੀ ਜਵਾਨ ਵਿੱਚ ਇੱਕ ਬੀੜ ਆਪਣੇ ਹੱਥੀ ਬੜੀ ਸ਼ਰਧਾ ਨਾਲ ਲਿਖ ਕੇ ਪੂਰਨ ਸਤਿਕਾਰ ਸਹਿਤ ਅਰਬ ਦੇਸ਼ ਵਿੱਚ ਭੇਜੀ ਸੀ। ਇਸ ਲਈ ਇਸਲਾਮੀ ਮੱਤ ਵਿੱਚ ਬਾਬਾ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਹੁਣ ਵੀ ਪ੍ਰਚਲਿਤ ਹੈ।

ਦਮਦਮਾ ਸਾਹਿਬ ਰਹਿੰਦਿਆਂ ਹੀ ਬਾਬਾ ਦੀਪ ਸਿੰਘ ਨੇ ਦਮਦਮੀ ਟਕਸਾਲ ਦਾ ਵਿਕਾਸ ਕੀਤਾ। ਇਹ ਟਕਸਾਲ ਹੁਣ ਤਿੰਨ ਸ਼ਾਖਾਵਾਂ ਵਿੱਚ ਪ੍ਰਸਿੱਧ ਹੈ, ਭਿੰਡਰਾਂ ਵਾਲੀ ਟਕਸਾਲ ਇਸ ਟਕਸਾਲ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਭਾਰੀ ਮਹਾਨਤਾ ਪ੍ਰਦਾਨ ਕੀਤੀ ਸੀ। ਮਹਿਤਾ ਸਾਹਿਬ ਵਾਲੀ ਟਕਸਾਲ, ਇਸ ਟਕਸਾਲ ਦੀ ਹੋਂਦ ਸ਼੍ਰੀਮਾਨ ਸੰਤ ਕਿਰਪਾਲ ਸਿੰਘ ਜੀ ਨੇ ਕਾਇਮ ਕੀਤੀ ਸੀ। ਅੰਮ੍ਰਿਤਸਰ ਵਾਲੀ ਟਕਸਾਲ, ਇਸ ਟਕਸਾਲ ਦੇ ਬਾਨੀ ਸੰਤ ਅਮਰ ਸਿੰਘ ਜੀ ਗਿਆਨੀ ਹਨ। ਇਹਨਾਂ ਟਕਸਾਲਾਂ ਵਿੱਚ ਪਰੰਪਰਾਗਤ ਗੁਰਬਾਣੀ ਦਾ ਅਰਥ ਗਿਆਨ ਬੜੀ ਲਗਨ ਅਤੇ ਪਿਆਰ ਸਤਿਕਾਰ ਨਾਲ ਕਰਾਇਆ ਜਾਂਦਾ ਹੈ। ਇਹਨਾਂ ਟਕਸਾਲਾਂ ਵਿੱਚੋਂ ਵਿਦਿਆ ਪ੍ਰਾਪਤ ਕਰਦੇ ਅਨੇਕਾਂ ਵਿਦਵਾਨਾਂ ਨੇ ਦੇਸ਼ ਵਿਦੇਸ਼ ਵਿੱਚ ਗੁਰਬਾਣੀ ਦਾ ਪ੍ਰਚਾਰ ਕੀਤਾ। ਦਰਬਾਰ ਸਾਹਿਬ ਦੇ ਸਾਬਕਾ ਮੁਖੀ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਜੀ ਦਮਦਮੀ ਟਕਸਾਲ ਦੇ ਹੀ ਵਿਦਿਆਰਥੀ ਸਨ। ਇਹਨਾਂ ਟਕਸਾਲਾਂ ਦੀ ਜੋ ਦੇਣ ਸਿੱਖ ਧਰਮ ਨੂੰ ਪ੍ਰਾਪਤ ਹੈ ਉਸ ਦਾ ਅਸਲ ਸਿਹਰਾ ਬਾਬਾ ਦੀਪ ਸਿੰਘ ਜੀ ਨੂੰ ਹੀ ਪ੍ਰਾਪਤ ਹੁੰਦਾ ਹੈ।
1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਪੰਜਾਬ ਵੱਲ ਭੇਜਿਆ ਤੇ ਸਿੱਖਾਂ ਨੂੰ ਉਸ ਦਾ ਸਹਿਯੋਗ ਦੇਣ ਲਈ ਹੁਕਮਨਾਮੇ ਭੇਜੇ ਗਏ। ਇੱਕ ਹੁਕਮਨਾਮਾ ਬਾਬਾ ਦੀਪ ਸਿੰਘ ਜੀ ਨੂੰ ਵੀ ਦਮਦਮਾ ਸਾਹਿਬ ਵਿਖੇ ਪ੍ਰਾਪਤ ਹੋਇਆ। ਬਾਬਾ ਦੀਪ ਸਿੰਘ ਜੀ ਨੇ ਗੁਰੂ ਜੀ ਦਾ ਹੁਕਮਨਾਮਾ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਅਤੇ ਇਸ ਦੇ ਨਾਲ ਹੀ ਸ਼ਾਸਤਰ ਲਿਆਉਣ ਦੀ ਸੇਵਾ ਲਾਈ। ਹੁਕਮਨਾਮਾ ਸੁਣਨ ਦੀ ਦੇਰ ਹੀ ਸੀ ਕਿ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਸਿੱਖ ਇਕੱਠੇ ਹੋਏ। ਸ਼ਸਤਰਾਂ ਦਾ ਢੇਰ ਲੱਗ ਗਿਆ ਅਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਨੱਥਾ ਸਿੰਘ ਜੀ ਨੂੰ 100ਕੁ ਸਿੰਘਾ ਸਮੇਤ ਗੁਰਦੁਆਰੇ ਦੀ ਸੇਵਾ ਸੰਭਾਲ ਸੌਂਪੀ ਤੇ ਆਪ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਹਿਯੋਗ ਦੇਣ ਲਈ ਹਜ਼ਾਰਾਂ ਸਿੱਖਾਂ ਸਮੇਤ ਚੱਲ ਪਏ। ਤਿੰਨ ਚਾਰ ਸੋ ਘੋੜਸਵਾਰ ਵੀ ਸਨ। ਸਰਹੰਦ ਦੇ ਮੈਦਾਨ ਵਿੱਚ ਬੰਦਾ ਸਿੰਘ ਬਹਾਦਰ ਨੂੰ ਜਾਂ ਫਤਿਹ ਬੁਲਾਈ ਤੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਸਰਹੰਦ ਨੂੰ ਬਰਬਾਦ ਕਰ ਦਿੱਤਾ ਤੇ ਜਾਲਮ ਵਜ਼ੀਰ ਖਾਂ ਦਾ ਖਾਤਮਾ ਕੀਤਾ। ਬੰਦਾ ਸਿੰਘ ਦੀਆਂ ਜਿੱਤਾਂ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਅਨੰਦਪੁਰ ਸਾਹਿਬ ਵਿਖੇ ਦਰਸ਼ਨਾ ਲਈ ਆਇਆ ਤਾਂ ਬਾਬਾ ਦੀਪ ਸਿੰਘ ਉਸ ਦੇ ਨਾਲ ਅਨੰਦਪੁਰ ਸਾਹਿਬ ਤਿੰਨ ਮਹੀਨੇ ਰੁਕੇ। ਬਾਬਾ ਦੀਪ ਸਿੰਘ ਨੇ ਆਨੰਦਪੁਰ ਵਿੱਚ ਮੁੜ ਉਹ ਪਹਿਲਾਂ ਵਾਲਾ ਨਿਤ ਕਰਮ ਸ਼ੁਰੂ ਕਰ ਦਿੱਤਾ। ਦੋਵੇਂ ਵੇਲੇ ਕੀਰਤਨ ਹੁੰਦਾ ਸੰਗਤ ਨੂੰ ਗੁਰਬਾਣੀ ਦੇ ਅਰਥ ਬੋਧ ਕਰਾਏ ਜਾਂਦੇ। ਅਨੰਦਪੁਰ ਰਹਿੰਦਿਆਂ ਹੀ ਬੰਦਾ ਸਿੰਘ ਨੇ ਇੱਕ ਦਿਨ ਸੰਗਤ ਵਿੱਚ ਬਾਬਾ ਦੀਪ ਸਿੰਘ ਵੱਲੋ ਦਿੱਤੇ ਸਹਿਯੋਗ ਦੀ ਭਾਰੀ ਪ੍ਰਸ਼ੰਸਾ ਕੀਤੀ। ਪਰ ਬਾਬਾ ਦੀਪ ਸਿੰਘ ਜੀ ਨੇ ਆਪਣੀ ਪ੍ਰਸ਼ੰਸਾ ਕਰਨ ਤੋਂ ਬੰਦਾ ਸਿੰਘ ਜੀ ਨੂੰ ਰੋਕਿਆ ਤੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਮੈਂ ਆਪਣਾ ਕਾਰਜ ਸਾਰੀ ਉਮਰ ਕਰਦਾ ਰਹਾਂਗਾ। ਬੰਦਾ ਸਿੰਘ ਨੂੰ ਸਾਰੇ ਪਾਸੇ ਜਦੋਂ ਜਿੱਤਾਂ ਪ੍ਰਾਪਤ ਹੋਈਆਂ ਤਾਂ ਲੋਕਾਂ ਵਿੱਚ ਉਸ ਦਾ ਮਾਨ ਸਤਿਕਾਰ ਵਧ ਗਿਆ। ਇਨਾ ਮਾਣ ਸਤਿਕਾਰ ਮਿਲਦਾ ਵੇਖ ਕੇ ਉਸ ਨੂੰ ਆਪਣੀ ਤਾਕਤ ਤੇ ਗੁਮਾਨ ਹੋਣ ਲੱਗਾ। ਉਹ ਸਮਝਦਾ ਸੀ ਕਿ ਉਸਦੇ ਕਾਰਨ ਹੀ ਇਹ ਸਾਰੀਆਂ ਜਿੱਤਾਂ ਸੰਭਵ ਹੋ ਸਕੀਆਂ ਹਨ। ਭਾਵੇਂ ਕਿ ਇਹਨਾਂ ਜਿੱਤਾਂ ਵਿੱਚ ਬਾਬਾ ਦੀਪ ਸਿੰਘ ਜਿਹੇ ਅਨੇਕਾਂ ਸੂਰਮਿਆਂ ਨੇ ਉਸ ਦਾ ਸਾਥ ਦਿੱਤਾ ਸੀ। ਬੰਦਾ ਬਹਾਦਰ ਨੇ ਗੁਰੂ ਉਪਦੇਸ਼ਾਂ ਨੂੰ ਭੁੱਲ ਕੇ ਸ਼ਾਹੀ ਠਾਠ ਬਾਠ ਵਾਲੀ ਜ਼ਿੰਦਗੀ ਸ਼ੁਰੂ ਕਰ ਦਿੱਤੀ। ਉਸ ਦੀ ਸਭ ਤੋਂ ਵੱਡੀ ਭੁੱਲ ਹਰਿਮੰਦਰ ਸਾਹਿਬ ਵਿਖੇ ਗੱਦੀ ਲਾ ਕੇ ਬੈਠਣਾ ਸੀ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਬੰਦੇ ਦੀ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਰਿਮੰਦਰ ਸਾਹਿਬ ਵਿਖੇ ਆ ਕੇ ਬੰਦੇ ਬਹਾਦਰ ਨੂੰ ਗਰਜਵੀ ਆਵਾਜ਼ ਵਿੱਚ ਲਲਕਾਰਿਆ ਬਾਬਾ ਦੀਪ ਸਿੰਘ ਜੀ ਦਾ ਗੁੱਸੇ ਵਿੱਚ ਲਾਲ ਸੂਹਾ ਚਿਹਰਾ ਦੇਖ ਕੇ ਬੰਦਾ ਬਹਾਦਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਸੰਗਤ ਵਿੱਚ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਨੇ ਉੱਠ ਕੇ ਬੰਦੇ ਨੂੰ ਗੱਦੇ ਤੋਂ ਉਤਾਰਿਆ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਆਪਣੀ ਵੱਖਰੀ ਰਹੁਰੀਤ ਕਾਇਮ ਰੱਖੀ। ਜਿਸ ਕਾਰਨ ਸਿੱਖਾਂ ਨੇ ਉਸ ਨਾਲੋਂ ਵੱਖਰਾ ਆਪਣਾ ਦਲ ਬਣਾਉਣ ਲਈ ਅਕਾਲ ਤਖਤ ਸਾਹਿਬ ਇਕੱਠ ਕੀਤਾ। ਬਾਬਾ ਦੀਪ ਸਿੰਘ ਉਸ ਸਮੇਂ ਦਮਦਮਾ ਸਾਹਿਬ ਵਾਪਸ ਆ ਗਏ। ਅਕਾਲ ਤਖਤ ਸਾਹਿਬ ਵਿਖੇ ਹੋਏ ਇਕੱਠ ਵਿੱਚ ਬੰਦੇ ਬਹਾਦਰ ਨਾਲੋਂ ਵੱਖਰਾ ਦਲ ਬਣਾਉਣ ਦਾ ਫੈਸਲਾ ਸਿਰੇ ਚੜਿਆ। ਤੱਤ ਖਾਲਸਾ ਹੋਂਦ ਵਿੱਚ ਆਇਆ। 1716 ਦੀ ਵਿਸਾਖੀ ਨੂੰ ਖਾਲਸੇ ਦਾ ਭਾਰੀ ਇਕੱਠ ਅੰਮ੍ਰਿਤਸਰ ਵਿਖੇ ਹੋਇਆ। ਬਹੁਤ ਭੇਟਾਂ ਚੜੀ, ਦੋਹਾਂ ਧੜਿਆਂ ਵਿੱਚ ਭੇਟਾਂ ਦੇ ਲਈ ਝਗੜਾ ਹੋਇਆ। ਬਾਬਾ ਦੀਪ ਸਿੰਘ ਜੀ ਨੇ ਆਪਣੀ ਸੂਝਬੂਝ ਤੇ ਸਿਆਣਪ ਨਾਲ ਇਸ ਝਗੜੇ ਨੂੰ ਨਿਪਟਾਇਆ।
1734 ਈਸਵੀ ਨੂੰ ਭਾਈ ਮਨੀ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਕਰੀਆ ਖਾਂ ਸੂਬਾ ਲਾਹੌਰ ਦੇ ਸਿੰਘਾਂ ਤੇ ਆਪਣਾ ਦਬਦਬਾ ਜਮਾਉਣ ਲਈ ਇੱਕ ਰਾਜਨੀਤਿਕ ਸਾਜਿਸ਼ ਰਚਦਾ ਰਿਹਾ। ਉਸਨੇ ਕੁਝ ਸਿਰ ਕੱਢ ਆਗੂਆਂ ਦੀ ਬੜੀ ਚਲਾਕੀ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ। ਇੱਕ ਕਮੇਟੀ ਬਣਾਈ ਅਤੇ ਇਹਨਾਂ ਦਾ ਮੁਖੀ ਮੱਸੇ ਰੰਗੜ ਨੂੰ ਬਣਾ ਦਿੱਤਾ। ਖੁਦ ਮੁਖਤਾਰੀ ਮਿਲਣ ਨਾਲ ਉਸਦੇ ਸ਼ੈਤਾਨ ਦੇ ਦਿਮਾਗ ਵਿੱਚ ਫਤੂਰ ਮੱਚ ਗਿਆ। ਉਹ ਦਰਬਾਰ ਸਾਹਿਬ ਵਿੱਚ ਪਲੰਗ ਡਾਹ ਕੇ ਹੁੱਕਾ ਪੀਂਦਾ ਤੇ ਮੁਜਰਾ ਲਾਉਣ ਲੱਗ ਪਿਆ। ਅੰਮ੍ਰਿਤਸਰ ਦੇ ਇਰਦ ਗਿਰਦ ਸਖਤ ਸ਼ਾਹੀ ਪਹਿਰੇ ਲਗਾ ਦਿੱਤੇ ਗਏ। ਸਿੱਖ ਹੋਰ ਤਾਂ ਸਾਰੇ ਜੁਲਮ ਸਹਿ ਸਕਦੇ ਸਨ ਪਰ ਜਾਣ ਨਾਲੋਂ ਪਿਆਰੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਿੰਜ ਸਹਿਣ ਕਰ ਸਕਦੇ। ਗੁਰੂ ਦੇ ਸਿੱਖ ਉਸ ਸਮੇਂ ਅੰਮ੍ਰਿਤਸਰ ਨੂੰ ਛੱਡ ਕੇ ਬੀਕਾਨੇਰ ਰਾਜਪੂਤਾਨੇ ਅਤੇ ਦਮਦਮਾ ਸਾਹਿਬ ਵਿਖੇ ਰਹਿੰਦੇ ਸਨ। ਮੱਸੇ ਰੰਗੜ ਦੀ ਇਸ ਭੈੜੀ ਕਰਤੂਤ ਦਾ ਪਤਾ ਰਾਜਸਥਾਨ ਵਿੱਚ ਭਾਈ ਬੁੱਢਾ ਸਿੰਘ ਨੂੰ ਲੱਗਾ। ਉਹ ਜਥੇ ਸਮੇਤ ਝੱਟਪੱਟ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਭਾਈ ਦੀਪ ਸਿੰਘ ਜੀ ਪਾਸ ਪੁੱਜੇ। ਭਾਈ ਬੁੱਢਾ ਜੀ ਨੇ ਮੱਸਾ ਰੰਗੜ ਦੀ ਕਰਤੂਤ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਉਹਨਾਂ ਦੇ ਡੋਲੇ ਫਰਕ ਪਏ ਤੇ ਚਿਹਰਾ ਲਾਲ ਹੋ ਗਿਆ। ਬਾਬਾ ਦੀਪ ਸਿੰਘ ਬੀਰ ਰਸ ਵਿੱਚ ਆ ਗਏ। ਦਮਦਮਾ ਸਾਹਿਬ ਵਿਖੇ ਭਰੇ ਦੀਵਾਨ ਵਿੱਚ ਬਾਬਾ ਜੀ ਨੇ ਰੋਹ ਵਿੱਚ ਆ ਕੇ ਸਾਰੀ ਵਾਰਤਾ ਸੰਗਤ ਨੂੰ ਸੁਣਾਈ। ਸੁਣ ਕੇ ਸਿੱਖਾਂ ਦਾ ਖੂਨ ਖੋਲ ਉੱਠਿਆ। ਭਰੇ ਦੀਵਾਨ ਵਿੱਚੋਂ ਦੋ ਸਿੱਖ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਜਿਲ੍ਾ ਅੰਮ੍ਰਿਤਸਰ ਤੇ ਭਾਈ ਮਹਿਤਾਬ ਸਿੰਘ ਮੀਰਾਕੋਟ ਖੁਰਦ ਜ਼ਿਲ੍ਾ ਅੰਮ੍ਰਿਤਸਰ ਨੇ ਬਾਬਾ ਦੀਪ ਸਿੰਘ ਜੀ ਤੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣ ਲਈ ਆਗਿਆ ਮੰਗੀ। ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਮਹਾਰਾਜ ਜੀ ਦਾ ਹੁਕਮ ਲਿਆ ਤੇ ਦੋਵਾਂ ਸਿੱਖਾਂ ਨੂੰ ਥਾਪੜਾ ਦੇ ਕੇ ਤੋਰਿਆ। ਦੋਵਾਂ ਨੇ ਨੰਬਰਦਾਰਾਂ ਦਾ ਭੇਸ ਬਣਾ ਕੇ ਮੱਸੇ ਰੰਗੜ ਦਾ ਸਿਰ ਵੱਢ ਲਿਆ। ਮੱਸੇ ਰੰਗੜ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜ਼ਾ ਮਿਲ ਗਈ। 1746 ਈਸਵੀ ਵਿੱਚ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਲਈ ਪੰਜਾਬ ਦੇ ਗਵਰਨਰ ਜਹੀਆ ਖਾਂ ਨੇ ਹਿੰਦੂ ਦੀਵਾਨ ਲਖਪਤ ਰਾਏ ਨੂੰ ਕਾਹਨੂੰਵਾਨ ਦੇ ਜੰਗਲ ਵਿੱਚ ਇਕੱਠੇ ਹੋਏ ਸਿੰਘਾਂ ਨੂੰ ਸ਼ਾਹੀ ਫੌਜਾਂ ਦੀ ਮਦਦ ਨਾਲ ਘੇਰ ਲਿਆ। ਬਾਬਾ ਦੀਪ ਸਿੰਘ ਜੀ ਵੀ ਇਹਨਾਂ ਘਿਰੇ ਹੋਏ ਸਿੰਘਾਂ ਵਿੱਚ ਆਪਣੇ ਜਥੇ ਸਮੇਤ ਸ਼ਾਮਿਲ ਸਨ। ਜੰਗਲ ਨੂੰ ਅੱਗ ਵੀ ਲਗਾ ਦਿੱਤੀ ਗਈ, ਹਮਲਾ ਵੀ ਕੀਤਾ ਗਿਆ, ਪਰ ਫਿਰ ਵੀ ਭਾਈ ਦੀਪ ਸਿੰਘ ਜੀ ਤੇ ਹੋਰ ਸੂਝਵਾਨ ਸਿੱਖਾਂ ਦੀ ਬਦੌਲਤ ਸਿੱਖਾਂ ਦਾ ਬਚਾਅ ਹੋਇਆ।
“ਜਿਸ ਦਾ ਸਾਹਿਬੁ ਡਾਢਾ ਹੋਇ ॥
ਤਿਸ ਨੋ ਮਾਰਿ ਨ ਸਾਕੈ ਕੋਇ ॥”
ਦੇ ਮਹਾਵਾਕਾਂ ਅਨੁਸਾਰ ਸਿੱਖ ਕੌਮ ਉੱਪਰ ਕਲਗੀਧਰ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਸੀ। 1748 ਈਸਵੀ ਦੇ ਵਿੱਚ ਸਮੇਂ ਦੇ ਹਾਲਾਤਾਂ ਨੂੰ ਅਤੇ ਜਾਲਮ ਹਕੂਮਤਾਂ ਦੇ ਇਰਾਦਿਆਂ ਨੂੰ ਦੇਖਦੇ ਹੋਏ ਪੂਰਾ ਪੰਜਾਬ 12 ਵੱਡੇ ਜਥਿਆਂ ਵਿੱਚ ਵੰਡਿਆ ਗਿਆ। ਜਿਨਾਂ ਨੂੰ ਮਿਸਲਾਂ ਕਿਹਾ ਗਿਆ। ਇਹਨਾਂ ਵਿੱਚੋਂ ਇੱਕ ਪ੍ਰਮੁੱਖ ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਹੈ। ਸ਼ਹੀਦ ਮਿਸਲ ਦੇ ਮੋਢੀ ਵੀ ਬਾਬਾ ਦੀਪ ਸਿੰਘ ਜੀ ਹੀ ਬਣੇ। 1758 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਨੇ ਜੈਸਲਮੇਰ ਤੇ ਬੀਕਾਨੇਰ ਦੀਆਂ ਰਿਆਸਤਾਂ ਵਿਚਕਾਰ ਸੰਧੀ ਵੀ ਕਰਵਾਈ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਮੇਂ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਰਲ ਕੇ ਆਪਣੇ ਸਿੱਖ ਸਿਪਾਹੀਆਂ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਰੇ ਸਿੱਖ ਨੌਜਵਾਨ, ਸਿੱਖ ਕੁੜੀਆਂ, ਸਿੱਖ ਔਰਤਾਂ ਨੂੰ ਅਬਦਾਲੀ ਦੇ ਪੰਜਿਆਂ ਤੋਂ ਛੁਡਵਾਇਆ। ਅਜਿਹਾ ਜਦੋਂ ਅਬਦਾਲੀ ਨੂੰ ਪਤਾ ਲੱਗਿਆ ਤਾਂ ਉਸ ਨੇ ਪੰਜਾਬ ਦੇ ਸਿੱਖਾਂ ਨੂੰ ਸਬਕ ਛਕਾਉਣ ਦੀ ਸੋਚੀ। ਅਬਦਾਲੀ ਹੁਣ ਸਿੱਖਾਂ ਦਾ ਨਾਮ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਜਦੋਂ ਮੁੜ ਅਬਦਾਲੀ ਨੇ ਹਮਲਾ ਕੀਤਾ ਤਾਂ ਸ਼ਾਹੀ ਸੂਹੀਆਂਤੋਂ ਸਿੱਖਾਂ ਦਾ ਪਤਾ ਟਿਕਾਣਾ ਪੁੱਛਿਆ। ਉਹਨਾਂ ਸ਼ਾਹੀ ਸੂਹੀਆਂ ਨੇ ਦੱਸਿਆ ਕਿ ਸਿੱਖਾਂ ਦਾ ਅੰਮ੍ਰਿਤਸਰ ਵਿੱਚ ਇੱਕ ਤਲਾਬ ਹੈ। ਉਸ ਵਿੱਚੋਂ ਇਸ਼ਨਾਨ ਕਰਕੇ ਇਹ ਬੜੀ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ। ਇਹ ਸੁਣ ਅਬਦਾਲੀ ਨੇ ਗੁੱਸੇ ਵਿੱਚ ਆ ਕੇ ਪਵਿੱਤਰ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੂਰ ਦੇਣ ਦਾ ਹੁਕਮ ਜਾਰੀ ਕੀਤਾ। ਮੁਗਲ ਫੌਜ ਨੇ ਹੁਕਮ ਦੀ ਪਾਲਣਾ ਕੀਤੀ ਤੇ ਅੰਮ੍ਰਿਤਸਰ ਦੇ ਉੱਤੇ ਹਮਲਾ ਕਰ ਦਿੱਤਾ। ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ ਗਿਆ। ਅਜਿਹੀ ਘਟਨਾ ਵਾਪਰਨ ਦੇ ਨਾਲ ਪੰਜਾਬ ਵਿੱਚ ਹਾਹਾਕਾਰ ਮੱਚ ਗਈ। ਬਾਬਾ ਦੀਪ ਸਿੰਘ ਜੀ ਕੋਲ ਦਮਦਮਾ ਸਾਹਿਬ ਇਹ ਖਬਰ ਝੱਟ ਪਹੁੰਚ ਗਈ। ਹੁਣ ਡੇਰੇ ਦੀ ਸਾਂਭ ਸੰਭਾਲ ਭਾਈ ਮਸੱਦਾ ਸਿੰਘ ਜੀ ਨੂੰ ਸੌਂਪੀ ਗਈ। ਬਾਬਾ ਦੀਪ ਸਿੰਘ ਜੀ ਦੇ ਨਾਲ ਹਰਿਮੰਦਰ ਸਾਹਿਬ ਨੂੰ ਅਜ਼ਾਦ ਕਰਾਉਣ ਤੋਂ ਪਹਿਲਾਂ ਬਹੁਤ ਸਾਰੇ ਲਾਗਲੇ ਪਿੰਡਾਂ ਦੇ ਲੋਕ ਆ ਕੇ ਜੁੜੇ ਤੇ ਉਹਨਾਂ ਨੇ ਅਰਦਾਸ ਕਰ ਹਰਿਮੰਦਰ ਸਾਹਿਬ ਵੱਲ ਚਾਲੇ ਪਾਏ। ਬਾਬਾ ਦੀਪ ਸਿੰਘ ਜੀ ਨੇ ਅਰਦਾਸ ਵੇਲੇ ਕਿਹਾ ਹੇ ਸ਼ਹੀਦਾਂ ਦੇ ਸਰਤਾਜ ਤੇਰੇ ਚਰਨਾਂ ਵਿੱਚ ਖਲੋ ਕੇ ਪ੍ਰਣ ਕਰਦਾ ਹਾਂ ਕਿ ਜਦ ਤੱਕ ਅੰਮ੍ਰਿਤਸਰੋਂ ਜਾਲਮਾਂ ਦੇ ਝੰਡੇ ਪੁੱਟ ਨਹੀਂ ਲੈਂਦਾ ਤਦ ਤੱਕ ਜਿਉਂਦਾ ਰਹਾਂਗਾ। ਸ਼ਹੀਦ ਹੋਣ ਵਾਸਤੇ ਚੱਲਿਆ ਹਾਂ, ਪਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹੀ ਸ਼ਹੀਦ ਹੋਵਾਂਗਾ।
ਦੁਨੀਆਂ ਦੇ ਇਤਿਹਾਸ ਦੇ ਵਿੱਚ ਇਹ ਆਪਣੀ ਹੀ ਤਰ੍ਹਾਂ ਇੱਕ ਅਨੋਖੀ ਅਰਦਾਸ ਸੀ, ਜਿਸ ਵਿੱਚ ਧਰਮ ਯੁੱਧ ਕਰਕੇ ਕੰਮ ਦੇ ਪੂਰੇ ਹੋਣ ਤੱਕ ਜਿਉਂਦੇ ਰਹਿਣ ਦਾ ਪ੍ਰਣ ਕੀਤਾ ਸੀ। 5000 ਸਿੱਖਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਤੇ ਤਰਨਤਰਨ ਦੇ ਦਰਮਿਆਨ ਚੱਬੇ ਦੇ ਮੈਦਾਨ ਵਿੱਚ ਪਹੁੰਚ ਗਏ। ਉਧਰੋਂ ਜਹਾਨ ਖਾਂ ਵੀ ਆਪਣੇ 20 ਹਜਾਰ ਫੌਜ ਲੈ ਕੇ ਸਿੰਘਾਂ ਨੂੰ ਰੋਕਣ ਲਈ ਅੱਗੇ ਵਧਿਆ। ਦੋਵੇਂ ਫੌਜਾਂ ਅੰਮ੍ਰਿਤਸਰ ਤੋਂ ਕੋਈ ਛੇ ਮੀਲ ਦੀ ਵਿੱਥ ਤੇ ਗੋਹਲਵੜ ਨਾਮਕ ਸਥਾਨ ਉੱਪਰ ਇਕੱਠੀਆਂ ਹੋ ਗਈਆਂ। ਮੁਗਲ ਜਾਲਮਾਂ ਨੂੰ ਮਕਾਉਣ ਲਈ ਸਿੰਘਾਂ ਦਾ ਜੋਸ਼ ਠਾਠਾ ਮਾਰ ਰਿਹਾ ਸੀ। ਮੈਦਾਨ ਵਿੱਚ ਦੋਨੋਂ ਸੈਨਾਵਾਂ ਦੇ ਪਹੁੰਚਦੇ ਹੀ ਕੱਟ ਵੱਢ ਹੋਣੀ ਸ਼ੁਰੂ ਹੋ ਗਈ। ਜਹਾਨ ਖਾਂ ਦੇ ਸਾਥੀ ਯਾਕੂਬ ਖਾਂ, ਅਮਾਨ ਖਾਂ ਆਪਣੀਆ ਫੌਜਾਂ ਦੇ ਹੌਸਲੇ ਵਧਾ ਰਹੇ ਸਨ। ਬਾਬਾ ਗੁਰਬਖਸ਼ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਆਪਣਾ ਜਥਾ ਲੈ ਕੇ ਪਹੁੰਚੇ। ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਦੇਖ ਮੁਗਲਾਂ ਦੀ ਫੌਜ ਦੇ ਵਿੱਚ ਘਬਰਾਹਟ ਪੈਦਾ ਹੋ ਗਈ। ਦਿਆਲ ਸਿੰਘ ਨੇ ਆਪਣਾ ਨੇਜਾ ਜਹਾਨ ਖਾਂ ਦੇ ਮਾਰਿਆ ਜੋ ਉਸਦੇ ਸਰੀਰ ਦੇ ਆਰ ਪਾਰ ਹੋ ਗਿਆ। ਇੱਕ ਹੋਰ ਸਿੰਘ ਨੇ ਉਸਦਾ ਸਿਰ ਵੱਢ ਕੇ ਨੇਜੇ ਉੱਪਰ ਟੰਗ ਲਿਆ। ਆਪਣੇ ਆਗੂ ਦਾ ਸਿਰ ਵੱਢਿਆ ਵੇਖ ਕੇ ਮੁਗਲ ਸੈਨਾ ਵਿੱਚ ਹਲਚਲ ਮੱਚ ਗਈ। ਉਹ ਪਿਛਾਹ ਹਟਣ ਲੱਗੇ। ਬਾਬਾ ਦੀਪ ਸਿੰਘ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਅੱਗੇ ਵਧ ਰਹੇ ਸਨ। ਲੜਾਈ ਵਿੱਚ ਲੜਦੇ ਲੜਦੇ ਬਾਬਾ ਨੋਧ ਸਿੰਘ ਜੀ ਸ਼ਹੀਦ ਹੋ ਗਏ। ਉਹਨਾਂ ਤੋਂ ਬਾਅਦ ਜਥੇ ਦੀ ਕਮਾਨ ਬਾਬਾ ਦੀਪ ਸਿੰਘ ਜੀ ਨੇ ਸੰਭਾਲ ਲਈ। ਸਿੱਖਾਂ ਨੇ ਚਾਰ ਪਾਸਿਓ ਮੁਗਲਾਂ ਉੱਤੇ ਹੱਲਾ ਬੋਲ ਦਿੱਤਾ। ਮੁਗਲ ਸੈਨਾਪਤੀ ਜਮਾਲ ਖਾਂ ਨੇ ਬਾਬਾ ਦੀਪ ਸਿੰਘ ਨੂੰ ਰੋਕਿਆ। ਦੋਵੇਂ ਸੂਰਮੇ ਇੱਕ ਦੂਜੇ ਦੇ ਵਾਰ ਰੋਕਦੇ ਰਹੇ। ਤਕਰੀਬਨ ਦੋ ਘੰਟੇ ਲੜਦੇ ਰਹੇ। ਫਿਰ ਇੱਕ ਸਾਂਝੇ ਵਾਰ ਨਾਲ ਦੋਵਾਂ ਸੂਰਮੇ ਗੰਭੀਰ ਜ਼ਖਮੀ ਹੋ ਗਏ।

ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਧੜ ਡਿੱਗਣ ਹੀ ਲੱਗਾ ਸੀ ਕਿ ਇੱਕ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਕਿਹਾ ਕਿ ਉਹਨਾਂ ਤਾਂ ਆਪਣਾ ਸੀਸ ਅੰਮ੍ਰਿਤਸਰ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਨਾ ਸੀ। ਅਜੇ ਤਾਂ ਤੁਸੀਂ ਉੱਥੇ ਨਹੀਂ ਪਹੁੰਚੇ। ਇਹ ਗੱਲ ਸੁਣਨ ਦੀ ਦੇਰ ਸੀ ਕਿ ਬਾਬਾ ਦੀਪ ਸਿੰਘ ਨੇ ਆਪਣੇ ਖੱਬੇ ਹੱਥ ਤੇ ਸੀਸ ਟਿਕਾਇਆ ਤੇ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਖੜਕਾਉਂਦੇ ਹੋਏ ਦੁਸ਼ਮਣਾਂ ਨੂੰ ਚੀਰਦੇ ਹੋਏ ਮੌਤ ਦੇ ਘਾਟ ਉਤਾਰਦੇ ਹੋਏ ਅੱਗੇ ਲੰਘ ਗਏ। ਬਾਬਾ ਦੀਪ ਸਿੰਘ ਜੀ ਨੂੰ ਅਜਿਹੇ ਹਾਲਾਤਾਂ ਵਿੱਚ ਲੜਦਿਆਂ ਦੇਖ ਮੁਗਲ ਡਰ ਕੇ ਦੌੜਨ ਲੱਗੇ। ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਨਾਲੋਂ ਅਲੱਗ ਹੋਇਆ ਉੱਥੇ ਅੱਜ ਦੇ ਸਮੇਂ ਗੁਰਦੁਆਰਾ ਟਾਹਲਾ ਸਾਹਿਬ ਬਣਿਆ ਹੋਇਆ। ਇਸ ਤੋਂ ਬਾਅਦ ਸੀਸ ਤਲੀ ਤੇ ਰੱਖ ਕੇ ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪਹੁੰਚ ਗਏ। ਸੀਸ ਦਾ ਹਰਿਮੰਦਰ ਸਾਹਿਬ ਨੂੰ ਨਮਸਕਾਰ ਕੀਤਾ। ਜਿੱਥੇ ਉਹਨਾਂ ਦਾ ਧੜ ਡਿੱਗਿਆ ਉੱਥੇ ਅੱਜ ਵੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਪਰਿਕਰਮਾ ਵਿੱਚ ਬਣਾਇਆ ਹੋਇਆ ਹੈ। ਜਿੱਥੇ ਇਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਵੀ ਅੱਜ ਦੇ ਸਮੇਂ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ। ਸੰਗਤਾਂ ਦੂਰੋਂ ਦੂਰੋਂ ਚੱਲ ਕੇ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੁੰਦੀਆਂ ਨੇ ਤੇ ਅੰਮ੍ਰਿਤਸਰ ਦੇ ਸਿਆਣੇ ਕਹਿੰਦੇ ਨੇ ਕਿ ਜਿਹੜਾ ਬੰਦਾ ਗੁਰਦੁਆਰਾ ਸ਼ਹੀਦਗੰਜ ਦੇ ਵਿੱਚ ਸੱਚੇ ਮਨੋ ਅਰਦਾਸ ਲੈ ਕੇ ਆਉਂਦਾ ਉਸ ਦੀ ਅਰਦਾਸ ਹਮੇਸ਼ਾ ਪੂਰੀ ਹੁੰਦੀ ਹੈ।
ਕਥਨੀ ਤੇ ਕਰਨੀ ਦੇ ਪੂਰੇ ਇਸ ਸੂਰਮੇ ਨੇ ਗੁਰੂ ਦੇ ਨਾਮ ਲਾਇਆ ਆਪਣਾ ਸੀਸ ਗੁਰੂ ਦੇ ਹੀ ਲੇਖੇ ਲਾ ਕੇ ਆਪਣੇ ਬਚਨ ਪੂਰੇ ਕੀਤੇ। ਸੀਸ ਸੋਢੀ ਪਾਤਸ਼ਾਹ ਦੇ ਚਰਨਾਂ ਵਿੱਚ ਭੇਂਟ ਕੀਤਾ ਤੇ ਆਪ ਮਰ ਕੇ ਵੀ ਹਮੇਸ਼ਾ ਲਈ ਅਮਰ ਹੋ ਗਏ। ਇਹਨਾਂ ਸ਼ਹੀਦਾਂ ਬਾਰੇ ਹੀ ਭਗਤ ਕਬੀਰ ਜੀ ਨੇ ਕਿਹਾ ਹੈ:-
“ਮਰਤਾ ਮਰਤਾ ਜਗੁ ਮੂਆ, ਮਰਿ ਭੀ ਨ ਜਾਣਿਆ ਕੋਇ ।
ਐਸੀ ਮਰਣੀ ਜੋ ਮਰੈ, ਬਹੁੜਿ ਨ ਮਰਣਾ ਹੋਇ ॥”
ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਗੁਰਦੁਆਰਾ ਰਾਮਸਰ ਦੇ ਪੂਰਬ ਵੱਲ ਚਾਟੀਵਿੰਡ ਦੇ ਦਰਵਾਜੇ ਦੇ ਬਾਹਰ ਕੀਤਾ ਗਿਆ। ਇੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ ਇਹਨਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦੇ ਕਮਰ ਕੱਸੇ ਤੇ ਤਲਵਾਰ, ਫੌਲਾਦੀ ਤੇਗਾ, ਤੋੜੇਦਾਰ ਬੰਦੂਕ ਜੋ ਪੰਜ ਫੁੱਟ ਲੰਬੀ ਹੈ ਇਹ ਸਾਰੀਆਂ ਚੀਜ਼ਾਂ ਗੁਰਦੁਆਰਾ ਸੀਸਗੰਜ ਦੇ ਵਿੱਚ ਪਈਆਂ ਨੇ। ਇਸ ਮਹਾਨ ਕੁਰਬਾਨੀ ਸਦਕਾ ਦੀਪੇ ਤੋਂ ਬਣੇ ਦੀਪ, ਦੀਪ ਤੋਂ ਬਣੇ ਦੀਪ ਸਿੰਘ ਤੇ ਦੀਪ ਸਿੰਘ ਤੋਂ ਆਪ ਜੀ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਂ ਨਾਲ ਅਮਰ ਹੋ।



Leave a Comment