Village Gil Kalan becomes an

ਭਾਈਚਾਰਕ ਸਾਂਝ ਦੀ ਮਿਸਾਲ ਬਣਿਆ ਪਿੰਡ ‘ਗਿੱਲ ਕਲਾਂ’

ਪੰਜਾਬ ‘ਚ ਪਾਣੀ ਦਾ ਸੰਕਟ; ਪਰ ਇਸ ਪਿੰਡ ਤੋਂ ਸਿੱਖਣ ਦੀ ਲੋੜ। ਜਲ ਪ੍ਰਬੰਧਨ ਲਈ ਭਾਰਤ ਸਰਕਾਰ ਵੱਲੋਂ ਕੌਮੀ ਪੱਧਰ ‘ਤੇ ਮਿਲਿਆ ‘ਮਾਡਲ ਪਿੰਡ’ ਦਾ ਰੁਤਬਾ।

ਅੱਜ ਦੇ ਦੌਰ ਵਿੱਚ ਜਿਥੇ ਪੂਰੀ ਦੁਨੀਆ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਅਤੇ ਜਲ ਪ੍ਰਬੰਧਨ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਉਥੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਬਲਾਕ ਰਾਮਪੁਰਾ ਦਾ ਇੱਕ ਛੋਟਾ ਜਿਹਾ ਪਿੰਡ ‘ਗਿੱਲ ਕਲਾਂ’ ਪੂਰੇ ਭਾਰਤ ਲਈ ਇੱਕ ਚਾਨਣ ਮੁਨਾਰਾ ਬਣ ਕੇ ਉਭਰਿਆ ਹੈ। ਭਾਈਚਾਰਕ ਸਾਂਝ, ਲੋਕਾਂ ਦੀ ਹਿੱਸੇਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਦੀ ਸਰਵੋਤਮ ਮਿਸਾਲ ਪੇਸ਼ ਕਰਦਿਆਂ ਇਸ ਪਿੰਡ ਨੇ ਟਿਕਾਊ ਜਲ ਪ੍ਰਬੰਧਨ ਵਿੱਚ ਅਜਿਹਾ ਮਾਡਲ ਸਥਾਪਿਤ ਕੀਤਾ ਹੈ, ਜਿਸ ਦੀ ਗੂੰਜ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਸੁਣਾਈ ਦੇ ਰਹੀ ਹੈ।

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਇਸ ਪਿੰਡ ਨੂੰ ਕੌਮੀ ਪੱਧਰ ‘ਤੇ ਇੱਕ ‘ਮਾਡਲ ਪਿੰਡ’ ਵਜੋਂ ਮਾਨਤਾ ਦਿੱਤੀ ਗਈ ਹੈ, ਜਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਪਿੰਡ ਵਾਸੀ ਇਕਜੁੱਟ ਹੋ ਜਾਣ, ਤਾਂ ਉਹ ਵੱਡੇ ਤੋਂ ਵੱਡੇ ਟੀਚੇ ਨੂੰ ਬਹੁਤ ਹੀ ਆਸਾਨੀ ਨਾਲ ਹਾਸਲ ਕਰ ਸਕਦੇ ਹਨ।

ਪਿੰਡ ਗਿੱਲ ਕਲਾਂ ਦੇ ਇਸ ਸ਼ਾਨਦਾਰ ਅਤੇ ਵਿਲੱਖਣ ਜਲ ਪ੍ਰਬੰਧਨ ਯਤਨਾਂ ਨੂੰ ਉਸ ਸਮੇਂ ਕੌਮੀ ਪੱਧਰ ‘ਤੇ ਵੱਡੀ ਸਫਲਤਾ ਮਿਲੀ, ਜਦੋਂ ਭਾਰਤ ਸਰਕਾਰ ਦੇ ‘ਜਲ ਜੀਵਨ ਮਿਸ਼ਨ’ (Jal Jeevan Mission) ਤਹਿਤ ਆਯੋਜਿਤ ਕੀਤੀ ਗਈ ‘ਸੁਜਲ ਗ੍ਰਾਮ ਸੰਵਾਦ’ ਦੀ ਵਿਸ਼ੇਸ਼ ਵਰਚੁਅਲ ਕਾਨਫਰੰਸ ਦੌਰਾਨ ਇਸ ਪਿੰਡ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ। ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ ਚੋਣਵੇਂ ਪਿੰਡਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਾਗ ਲਿਆ ਸੀ।

ਇਸ ਕੌਮੀ ਮਾਨਤਾ ਸਦਕਾ ਨਾ ਸਿਰਫ ਪਿੰਡ ਗਿੱਲ ਕਲਾਂ ਦਾ ਨਾਂ ਰੌਸ਼ਨ ਹੋਇਆ ਹੈ, ਬਲਕਿ ਬਠਿੰਡਾ ਜ਼ਿਲ੍ਹੇ ਅਤੇ ਪੂਰੇ ਪੰਜਾਬ ਨੂੰ ਪ੍ਰਭਾਵਸ਼ਾਲੀ ਲੋਕ ਭਾਗੀਦਾਰੀ ਅਤੇ ਟਿਕਾਊ ਜਲ ਸਪਲਾਈ ਪ੍ਰਬੰਧਨ ਲਈ ਦੇਸ਼ ਭਰ ਵਿੱਚ ਇੱਕ ਵੱਖਰੀ ਪਛਾਣ ਮਿਲੀ ਹੈ। ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਮੰਨਿਆ ਕਿ ਗਿੱਲ ਕਲਾਂ ਦਾ ਇਹ ਮਾਡਲ ਦੇਸ਼ ਦੇ ਦੂਜੇ ਰਾਜਾਂ ਦੇ ਪਿੰਡਾਂ ਵਿੱਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਗਿੱਲ ਕਲਾਂ ਦੀ ਇਸ ਸਫਲਤਾ ਦੇ ਪਿੱਛੇ ਜਿਥੇ ਲੋਕਾਂ ਦੀ ਮਿਹਨਤ ਹੈ, ਉਥੇ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਮਜ਼ਬੂਤ ਬੁਨਿਆਦੀ ਢਾਂਚਾ ਵੀ ਅਹਿਮ ਹੈ। ਇਹ ਪਿੰਡ ਮੁੱਖ ਤੌਰ ‘ਤੇ ਨਹਿਰੀ ਪਾਣੀ ਦੀ ਸਪਲਾਈ ‘ਤੇ ਆਧਾਰਿਤ ਹੈ। ਪਿੰਡ ਦੀ ਪੁਰਾਣੀ ਜਲ ਸਪਲਾਈ ਸਕੀਮ ਨੂੰ ਆਧੁਨਿਕ ਲੋੜਾਂ ਮੁਤਾਬਕ ਢਾਲਣ ਲਈ ਸਾਲ 2020 ਵਿੱਚ 2.96 ਕਰੋੜ ਰੁਪਏ ਦੀ ਵੱਡੀ ਲਾਗਤ ਨਾਲ ਅਪਗ੍ਰੇਡ (ਨਵਿਆਉਣ) ਕੀਤਾ ਗਿਆ ਸੀ। ਇਸ ਤੋਂ ਬਾਅਦ, ਸਾਲ 2021-22 ਦੌਰਾਨ ਪਾਈਪਲਾਈਨਾਂ ਨੂੰ ਵਿਛਾਉਣ, ਸਟੋਰੇਜ ਟੈਂਕਾਂ ਦੀ ਮੁਰੰਮਤ ਅਤੇ ਸਿਸਟਮ ਦੀ ਮਜ਼ਬੂਤੀ ਲਈ ਹੋਰ ਲੋੜੀਂਦੇ ਕੰਮ ਵੀ ਤੇਜ਼ੀ ਨਾਲ ਮੁਕੰਮਲ ਕੀਤੇ ਗਏ।

ਸਕੀਮ ਦੇ ਮੁਕੰਮਲ ਹੋਣ ਤੋਂ ਬਾਅਦ, ਸਭ ਤੋਂ ਮਹੱਤਵਪੂਰਨ ਫੈਸਲਾ ਸਤੰਬਰ 2022 ਵਿੱਚ ਲਿਆ ਗਿਆ, ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਇਸ ਪੂਰੀ ਸਕੀਮ ਦੇ ਸਥਾਨਕ ਪ੍ਰਬੰਧਨ, ਰੱਖ-ਰਖਾਅ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਸਥਾਨਕ ‘ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ’ ਦੇ ਹਵਾਲੇ ਕਰ ਦਿੱਤੀ। ਇਥੋਂ ਹੀ ਪਿੰਡ ਦੀ ਸਵੈ-ਨਿਰਭਰਤਾ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ।

ਚੁਣੌਤੀਆਂ ਤੋਂ ਸਫਲਤਾ ਤੱਕ… ਲੋਕਾਂ ਦਾ ਭਰੋਸਾ ਜਿੱਤਣ ਦੀ ਮੁਹਿੰਮ

From challenges to success
Pic Credit : X

ਇਸ ਮੁਕਾਮ ਤੱਕ ਪਹੁੰਚਣਾ ਪਿੰਡ ਲਈ ਇੰਨਾ ਆਸਾਨ ਨਹੀਂ ਸੀ, ਕਿਉਂਕਿ ਸ਼ੁਰੂਆਤ ਵਿੱਚ ਕਮੇਟੀ ਨੂੰ ਕਈ ਵੱਡੀਆਂ ਚੁਣੌਤੀਆਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਿੱਚ ਕੁੱਲ 784 ਘਰ ਹਨ। ਜਦੋਂ ਨਵੀਂ ਜਲ ਸਪਲਾਈ ਸਕੀਮ ਸ਼ੁਰੂ ਹੋਈ, ਤਾਂ ਬਹੁਤ ਸਾਰੇ ਪਿੰਡ ਵਾਸੀ ਸਰਕਾਰੀ ਸਪਲਾਈ ਦੇ ਨਹਿਰੀ ਪਾਣੀ ਦੀ ਵਰਤੋਂ ਕਰਨ ਤੋਂ ਹਿਚਕਿਚਾਉਂਦੇ ਸਨ। ਪਿੰਡ ਵਾਸੀਆਂ ਦੀ ਪੁਰਾਣੀ ਆਦਤ ਮੁਤਾਬਕ ਉਹ ਆਪਣੇ ਘਰਾਂ ਵਿੱਚ ਲੱਗੇ ਸਬਮਰਸੀਬਲ ਪੰਪਾਂ ਦੇ ਅੰਡਰਗਾਊਂਡ ਪਾਣੀ ਨੂੰ ਜ਼ਿਆਦਾ ਤਰਜੀਹ ਦਿੰਦੇ ਸਨ, ਭਾਵੇਂ ਕਿ ਉਹ ਪਾਣੀ ਸਿਹਤ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸੀ।

ਇਸ ਚੁਣੌਤੀ ਨਾਲ ਨਜਿੱਠਣ ਲਈ ਪਿੰਡ ਦੀ ਪੰਚਾਇਤ, ਵਾਟਰ ਸਪਲਾਈ ਕਮੇਟੀ ਅਤੇ ਵਿਭਾਗ ਦੇ ਸਮਾਜਿਕ ਪ੍ਰੇਰਕਾਂ ਨੇ ਮਿਲ ਕੇ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ। ਪਿੰਡ ਵਿੱਚ ਨਿਯਮਿਤ ਤੌਰ ‘ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਅਤੇ ਘਰ-ਘਰ ਜਾ ਕੇ ਸੰਪਰਕ ਸਾਧਿਆ ਗਿਆ। ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਣ ਲਈ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਹੀ ‘ਫੀਲਡ ਟੈਸਟਿੰਗ ਕਿੱਟਾਂ’ ਰਾਹੀਂ ਪਾਣੀ ਦੀ ਗੁਣਵੱਤਾ ਦੀ ਲਾਈਵ ਜਾਂਚ ਕੀਤੀ ਗਈ।

ਜਦੋਂ ਪਿੰਡ ਵਾਸੀਆਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਪਾਰਦਰਸ਼ੀ ਜਾਂਚ ਪ੍ਰਕਿਰਿਆ ਦੇਖੀ ਅਤੇ ਨਹਿਰੀ ਸਪਲਾਈ ਦੇ ਪਾਣੀ ਦੇ ਸ਼ੁੱਧ ਅਤੇ ਸਿਹਤਮੰਦ ਹੋਣ ਦੇ ਚੰਗੇ ਨਤੀਜੇ ਸਾਹਮਣੇ ਆਏ, ਤਾਂ ਲੋਕਾਂ ਦਾ ਸਰਕਾਰੀ ਸਪਲਾਈ ‘ਤੇ ਭਰੋਸਾ ਵੱਧਦਾ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪਿੰਡ ਵਾਸੀਆਂ ਨੇ ਆਪ-ਮੁਹਾਰੇ ਅੱਗੇ ਆ ਕੇ ਘਰੇਲੂ ਪਾਣੀ ਦੇ ਕੁਨੈਕਸ਼ਨਾਂ ਲਈ ਅਰਜ਼ੀਆਂ ਦਿੱਤੀਆਂ। ਦੇਖਦੇ ਹੀ ਦੇਖਦੇ, ਪਿੰਡ ਦੇ ਸਾਰੇ 784 ਘਰਾਂ ਵਿੱਚ 100 ਫੀਸਦੀ ਟੈਪ ਵਾਟਰ ਕੁਨੈਕਸ਼ਨ ਲੱਗ ਗਏ ਅਤੇ ਗਿੱਲ ਕਲਾਂ ਨੇ ਸ਼ਤ-ਪ੍ਰਤੀਸ਼ਤ ਕਵਰੇਜ ਦਾ ਇਤਿਹਾਸਕ ਟੀਚਾ ਹਾਸਲ ਕਰ ਲਿਆ।

ਹੁਣ ਪਿੰਡ ਨੂੰ ਕਿਸੇ ਸਰਕਾਰੀ ਗ੍ਰਾਂਟ ਦੀ ਉਡੀਕ ਨਹੀਂ ਕਰਨੀ ਪਵੇਗੀ!

government grant
Pic Credit : Social Media

ਪਿੰਡ ਗਿੱਲ ਕਲਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਕੀਮ ਸਿਰਫ ਪਾਣੀ ਪਹੁੰਚਾਉਣ ਤੱਕ ਸੀਮਿਤ ਨਹੀਂ ਰਹੀ, ਬਲਕਿ ਇਹ ਵਿੱਤੀ ਤੌਰ ‘ਤੇ ਵੀ ਪੂਰੀ ਤਰ੍ਹਾਂ ਆਤਮ-ਨਿਰਭਰ ਅਤੇ ਲਾਭਦਾਇਕ ਸਾਬਿਤ ਹੋ ਰਹੀ ਹੈ। ਮੌਜੂਦਾ ਸਮੇਂ ਵਿੱਚ ਪਿੰਡ ਦੇ ਹਰ ਘਰ ਵਿੱਚ ਰੋਜ਼ਾਨਾ ਨਿਯਮਿਤ ਤੌਰ ‘ਤੇ 4 ਘੰਟੇ ਸਾਫ਼ ਅਤੇ ਪੀਣ ਯੋਗ ਪਾਣੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਕੀਤੀ ਜਾ ਰਹੀ ਹੈ।

ਇਸ ਪੂਰੇ ਸੰਚਾਲਨ ਦਾ ਪ੍ਰਬੰਧ ‘ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ’ ਵੱਲੋਂ ਬਹੁਤ ਹੀ ਪੇਸ਼ੇਵਰ ਅਤੇ ਕੁਸ਼ਲਤਾਪੂਰਵਕ ਢੰਗ ਨਾਲ ਕੀਤਾ ਜਾ ਰਿਹਾ ਹੈ। ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਤਕਨੀਕੀ ਖ਼ਰਾਬੀ ਨੂੰ ਤੁਰੰਤ ਠੀਕ ਕਰਨ ਲਈ ਕਮੇਟੀ ਨੇ ਇੱਕ ਨਿਜੀ ਪੰਪ ਆਪਰੇਟਰ ਨੂੰ ਨਿਯੁਕਤ ਕੀਤਾ ਹੋਇਆ ਹੈ, ਜਿਸ ਦੀ ਤਨਖ਼ਾਹ ਅਤੇ ਰੱਖ-ਰਖਾਅ ਦਾ ਖਰਚਾ ਪਿੰਡ ਵਾਸੀਆਂ ਵੱਲੋਂ ਦਿੱਤੇ ਜਾਣ ਵਾਲੇ ਮਾਮੂਲੀ ਪਾਣੀ ਦੇ ਬਿੱਲਾਂ ਤੋਂ ਕੱਢਿਆ ਜਾਂਦਾ ਹੈ।

ਪਿੰਡ ਵਾਸੀ ਬਿਨਾਂ ਕਿਸੇ ਦੇਰੀ ਦੇ ਹਰ ਮਹੀਨੇ ਇਮਾਨਦਾਰੀ ਨਾਲ ਆਪਣੇ ਬਿੱਲ ਜਮ੍ਹਾਂ ਕਰਵਾਉਂਦੇ ਹਨ। ਸਾਲਾਨਾ ਸੰਚਾਲਨ ਅਤੇ ਰੱਖ-ਰਖਾਅ ਦੇ ਸਾਰੇ ਖਰਚੇ ਪੂਰੇ ਕਰਨ ਤੋਂ ਬਾਅਦ ਵੀ, ਕਮੇਟੀ ਨੂੰ ਹਰ ਸਾਲ ਕਰੀਬ 2 ਲੱਖ ਰੁਪਏ ਦੀ ਸ਼ੁੱਧ ਆਮਦਨ ਹੋ ਰਹੀ ਹੈ। ਅੱਜ ਦੇ ਦਿਨ ਤੱਕ, ਪਾਣੀ ਸਪਲਾਈ ਦੇ ਇਸ ਸਫ਼ਲ ਸੰਚਾਲਨ ਸਦਕਾ ਕਮੇਟੀ ਦੇ ਬੈਂਕ ਖਾਤੇ ਵਿੱਚ ਕਰੀਬ 6 ਲੱਖ ਰੁਪਏ ਦਾ ਬਚਤ ਫੰਡ ਇਕੱਠਾ ਹੋ ਚੁੱਕਾ ਹੈ। ਇਹ ਫੰਡ ਭਵਿੱਖ ਵਿੱਚ ਕਿਸੇ ਵੀ ਵੱਡੀ ਤਕਨੀਕੀ ਖ਼ਰਾਬੀ ਜਾਂ ਸਿਸਟਮ ਦੇ ਵਿਸਤਾਰ ਲਈ ਵਰਤਿਆ ਜਾਵੇਗਾ, ਜਿਸ ਨਾਲ ਪਿੰਡ ਨੂੰ ਹੁਣ ਕਿਸੇ ਸਰਕਾਰੀ ਗ੍ਰਾਂਟ ਦੀ ਉਡੀਕ ਨਹੀਂ ਕਰਨੀ ਪਵੇਗੀ।

ਜੇਕਰ ਸਰਕਾਰੀ ਸਕੀਮਾਂ ਨੂੰ ਜਨਤਾ ਦਾ ਸਹਿਯੋਗ ਮਿਲ ਜਾਵੇ, ਤਾਂ…

ਪਿੰਡ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਰਾਜੇਸ਼ ਧੀਮਾਨ ਨੇ ਪਿੰਡ ਦੀ ਸਮੁੱਚੀ ਪੰਚਾਇਤ, ਵਾਟਰ ਸਪਲਾਈ ਕਮੇਟੀ ਦੇ ਮੈਂਬਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਅਤੇ ਸਮੂਹ ਪਿੰਡ ਵਾਸੀਆਂ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ, “ਗਿੱਲ ਕਲਾਂ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਸਰਕਾਰੀ ਸਕੀਮਾਂ ਨੂੰ ਜਨਤਾ ਦਾ ਸਹਿਯੋਗ ਮਿਲ ਜਾਵੇ, ਤਾਂ ਉਹ ਸਕੀਮਾਂ ਲੰਬੇ ਸਮੇਂ ਤੱਕ ਟਿਕਾਊ ਬਣ ਜਾਂਦੀਆਂ ਹਨ। ਇਸ ਪਿੰਡ ਨੇ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।”

ਉਨ੍ਹਾਂ ਅੱਗੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਲਗਾਤਾਰ ਲਗਾਏ ਗਏ ਜਾਗਰੂਕਤਾ ਕੈਂਪ, ਸਮੇਂ-ਸਮੇਂ ‘ਤੇ ਹੋਣ ਵਾਲੀਆਂ ਪਿੰਡ ਵਾਸੀਆਂ ਦੀਆਂ ਸਾਂਝੀਆਂ ਮੀਟਿੰਗਾਂ ਅਤੇ ਪਾਣੀ ਦੀ ਨਿਰੰਤਰ ਜਾਂਚ ਵਰਗੀਆਂ ਗਤੀਵਿਧੀਆਂ ਨੇ ਲੋਕਾਂ ਦੀ ਭਾਗੀਦਾਰੀ ਨੂੰ ਕਾਇਮ ਰੱਖਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ।

ਦੇਸ਼ ਦੇ ਬਾਕੀ ਪਿੰਡਾਂ ਲਈ ਪ੍ਰੇਰਣਾ ਸਰੋਤ

A source of inspiration
Pic Credit : The Tribune

ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿੱਲ ਕਲਾਂ ਦੀ ਇਹ ਕਾਮਯਾਬੀ ਸਿਰਫ ਇੱਕ ਪਿੰਡ ਤੱਕ ਸੀਮਿਤ ਖ਼ਬਰ ਨਹੀਂ ਹੈ, ਬਲਕਿ ਇਹ ਦੇਸ਼ ਦੇ ਹਜ਼ਾਰਾਂ ਪਿੰਡਾਂ ਲਈ ਇੱਕ ਮਾਰਗਦਰਸ਼ਕ ਹੈ। ਇਹ ਮਾਡਲ ਸਿਖਾਉਂਦਾ ਹੈ ਕਿ ਪੇਂਡੂ ਵਿਕਾਸ ਲਈ ਸਿਰਫ ਵੱਡੀਆਂ ਸਰਕਾਰੀ ਗ੍ਰਾਂਟਾਂ ਜਾਂ ਫੰਡਾਂ ਦੀ ਲੋੜ ਨਹੀਂ ਹੁੰਦੀ, ਬਲਕਿ ਸਭ ਤੋਂ ਵੱਧ ਲੋੜ ਹੁੰਦੀ ਹੈ ਆਪਸੀ ਭਾਈਚਾਰਕ ਸਾਂਝ, ਪਾਰਦਰਸ਼ੀ ਪ੍ਰਬੰਧਨ ਅਤੇ ਆਪਣੀ ਸਰਕਾਰੀ ਸੰਪਤੀ ਨੂੰ ਆਪਣੀ ਨਿਜੀ ਸੰਪਤੀ ਸਮਝ ਕੇ ਉਸ ਦੀ ਸੰਭਾਲ ਕਰਨ ਦੀ ਸੋਚ ਦੀ।

ਗਿੱਲ ਕਲਾਂ ਅੱਜ ‘ਕਮਿਊਨਿਟੀ ਪ੍ਰਬੰਧਿਤ ਜਲ ਸਪਲਾਈ ਪ੍ਰਣਾਲੀ’ ਦਾ ਦੇਸ਼ ਵਿੱਚ ਇੱਕ ਸਰਵੋਤਮ ਅਤੇ ਚਮਕਦਾ ਹੋਇਆ ਮਾਡਲ ਬਣ ਚੁੱਕਾ ਹੈ। ਉਮੀਦ ਹੈ ਕਿ ਇਸ ਪਿੰਡ ਤੋਂ ਪ੍ਰੇਰਣਾ ਲੈ ਕੇ ਪੰਜਾਬ ਅਤੇ ਦੇਸ਼ ਦੇ ਹੋਰ ਪਿੰਡ ਵੀ ਆਤਮ-ਨਿਰਭਰਤਾ ਦੇ ਇਸ ਰਸਤੇ ‘ਤੇ ਚੱਲਣਗੇ ਅਤੇ ਆਪਣੇ ਇਲਾਕੇ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *