ਮੇਰੀ ਦੇਸ਼ ਵੰਡ ਅਤੇ ਇਸ ਦੇ ਚੰਦਰੇ ਅਸਰ ਬਾਹੇ ਪੰਜਾਬੀ ਟ੍ਰਿਬਿਊਨ ਵਿੱਚ 9 ਅਗਸਤ ਨੂੰ ਸ, ਗੁਰਪ੍ਰੀਤ ਸਿੰਘ ਤੂਰ ਦਾ ਮਾਰਮਿਕ ਲੋਖ ਬਹੁਤ ਸਾਰੇ ਸਵਾਲਾਂ ਦੇ ਰੂਬਰੂ ਕਰ ਗਿਆ। ਇਹ ਲੋਖ ਹੰਝੂਆਂ ਨਾਲ ਲਿਖੀ ਇਬਾਰਤ ਵਰਗਾ ਹੈ।
ਮੈਂ ਵੀ ਕਦੇ ਲਿਖਿਆ ਸੀ ਕਿ ਸੰਤਾਲੀ ਮੁੜ ਨਾ ਆਵੇ
ਅੱਥਰੂ ਅੱਥਰੂ ਦਿਲ ਦਾ ਵਿਹੜਾ,
ਦੋਹਾਂ ਨੂੰ ਸਮਝਾਵੇ ਕਿਹੜਾ,
ਸਾਡੇ ਪੱਲੇ ਪਾਈ ਜਾਂਦੇ
ਹੌਕੇ ਹੰਝੂ ਹਾਵੇ ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ ।
ਲੱਕ ਲੱਕ ਹੋਏ ਬਾਜਰੇ ਚਰ੍ਹੀਆਂ ।
ਰਾਵੀ ਕੰਢੇ ਰੀਝਾਂ ਮਰੀਆਂ ।
ਕਿਸਨੂੰ ਕੌਣ ਦਏ ਦਿਲਬਰੀਆਂ ।
ਅੱਧੀ ਸਦੀ ਗੁਜ਼ਾਰ ਕੇ ਪੱਲੇ, ਅੱਜ ਵੀ ਸਿਰਫ਼ ਪਛਤਾਵੇ ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ ।
ਚੌਧਰ ਤੇ ਕਾਬਜ਼ ਹੈ ਗੁੰਡੀ ।
ਨਮੇ ਨੂੰ ਅਮਰੀਕਨ ਸੁੰਡੀ ।
ਅੱਜ ਤੱਕ ਸਮਝ ਨਾ ਆਈ ਘੁੰਡੀ ।
ਧਰਮ ਪੰਖ ਲਾ ਉਡਰਿਆ ਏਥੋਂ,
ਕੋਈ ਨਾ ਲੱਭਣ ਜਾਵੇ ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ ।
ਪੈ ਗਈ ਔੜ, ਗਈ ਹਰਿਆਲੀ ।
ਚਿਹਰਿਆਂ ਉਤੋਂ ਉੱਡ ਗਈ ਲਾਲੀ ।
ਫੁੱਲਾਂ ਤੋਂ ਬਿਨ ਸੁੰਨੀ ਡਾਲ਼ੀ ।
ਇਸ ਮੌਸਮ ਵਿਚ ਭਲਾ ਪਪੀਹਾ, ਕਿਹੜਾ ਗੀਤ ਸੁਣਾਵੇ?
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ ।
ਸੁਰਖ਼ ਲਹੂ ਵਿਚ ਘੁਲ਼ਿਆ ਪਾਣੀ ।
ਚਾਟੀ ਸਣੇ ਉਦਾਸ ਮਧਾਣੀ ।
’ਕੱਲ੍ਹੀ ਤੰਦ ਨਾ ਉਲਝੀ ਤਾਣੀ ।
ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ, ਰਾਜ ਤਖ਼ਤ ਦੇ ਪਾਵੇ ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।




Leave a Comment