Gurudwara Mattan Sahib

Gurudwara Mattan Sahib: ਜਿੱਥੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਅੱਜ ਵੀ ਜ਼ਿੰਦਾ ਹੈ

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸਥਿਤ ‘ਮਟਨ’ ਇੱਕ ਅਜਿਹਾ ਇਤਿਹਾਸਕ ਅਤੇ ਪਵਿੱਤਰ ਅਸਥਾਨ ਹੈ, ਜੋ ਸਦੀਆਂ ਤੋਂ ਅਮਨ, ਅਖੰਡਤਾ ਅਤੇ ਆਪਸੀ ਭਾਈਚਾਰੇ ਦਾ ਜਿਉਂਦਾ-ਜਾਗਦਾ ਪ੍ਰਤੀਕ ਰਿਹਾ ਹੈ। ਇਹ ਪਵਿੱਤਰ ਧਰਤੀ ਵੱਖ-ਵੱਖ ਧਰਮਾਂ ਦੇ ਸੁਮੇਲ, ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਇੱਕ ਅਨੋਖੀ ਮਿਸਾਲ ਪੇਸ਼ ਕਰਦੀ ਹੈ। ਇੱਕੋ ਕੰਪਲੈਕਸ ਵਿੱਚ ਇਤਿਹਾਸਕ ਸੂਰਜ ਮੰਦਿਰ (ਮਾਰਤੰਡ ਤੀਰਥ), ਇਤਿਹਾਸਕ ਗੁਰਦੁਆਰਾ ਮਟਨ ਸਾਹਿਬ ਅਤੇ ਨੇੜੇ ਹੀ ਸਥਿਤ ਮਸਜਿਦ ਇੱਥੋਂ ਦੇ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਡੂੰਘੇ ਅਤੇ ਅਟੁੱਟ ਸਬੰਧਾਂ ਦੀ ਗਵਾਹੀ ਭਰਦੇ ਹਨ। ਇਹ ਸਥਾਨ ਪੂਰੀ ਦੁਨੀਆ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਕਿਵੇਂ ਵੱਖ-ਵੱਖ ਆਸਥਾਵਾਂ ਇੱਕਮਿੱਕ ਹੋ ਕੇ ਰਹਿ ਸਕਦੀਆਂ ਹਨ। 

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ

ਮਟਨ ਦਾ ਇਤਿਹਾਸ ਸਿੱਖ ਧਰਮ ਨਾਲ ਬਹੁਤ ਡੂੰਘਾ ਅਤੇ ਅਧਿਆਤਮਿਕ ਤੌਰ ‘ਤੇ ਜੁੜਿਆ ਹੋਇਆ ਹੈ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ 1517 ਈਸਵੀ ਵਿੱਚ ਆਪਣੀ ਤੀਜੀ ਉਦਾਸੀ (ਧਾਰਮਿਕ ਯਾਤਰਾ) ਦੌਰਾਨ ਆਪਣੇ ਚਰਨ ਪਾਏ ਸਨ। ਗੁਰੂ ਸਾਹਿਬ ਨੇ ਇੱਥੇ ਆ ਕੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਮਹਾਨ ਉਪਦੇਸ਼ ਦਿੱਤਾ, ਜਿਸ ਨਾਲ ਸਥਾਨਕ ਲੋਕਾਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਆਈ।

Gurudwara Mattan Sahib 3

ਗੁਰਦੁਆਰਾ ਮਟਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ, ਤਾਂ ਇੱਥੋਂ ਦਾ ਇੱਕ ਪੰਡਿਤ ਬ੍ਰਹਮ ਦਾਸ, ਜੋ ਕਿ ਬਹੁਤ ਵਿਦਵਾਨ ਸੀ ਅਤੇ ਉਸਨੂੰ ਆਪਣੇ ਗਿਆਨ ਦੇ ਬਹੁਤ ਅਹੰਕਾਰ ਸੀ। ਗੁਰੂ ਜੀ ਨੇ ਉਸ ਦਾ ਹਉਮੈ ਅਤੇ ਘਮੰਡ ਦੂਰ ਕਰਨ ਲਈ ‘ਆਸਾ ਦੀ ਵਾਰ’ ਦਾ ਪਵਿੱਤਰ ਸ਼ਲੋਕ ਉਚਾਰਿਆ:

“ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥”

ਇਸ ਸ਼ਬਦ ਦੇ ਰੂਹਾਨੀ ਉਪਦੇਸ਼ ਨਾਲ ਪੰਡਿਤ ਬ੍ਰਹਮਦਾਸ ਦਾ ਘਮੰਡ ਟੁੱਟ ਗਿਆ ਅਤੇ ਉਹ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ। ਇਸ ਤੋਂ ਬਾਅਦ, ਉਸ ਨੇ ਗੁਰੂ ਸਾਹਿਬ ਦੇ ਉਪਦੇਸ਼ਾਂ ਅਤੇ ਸਿੱਖੀ ਦਾ ਪ੍ਰਚਾਰ ਕੀਤਾ।

ਮਾਰਤੰਡ ਤੀਰਥ ਅਤੇ ਅਮਰਨਾਥ ਯਾਤਰਾ ਦੀ ਅਹਿਮੀਅਤ

ਮਟਨ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਹਿੰਦੂ ਧਰਮ ਲਈ ਵੀ ਇੱਕ ਬਹੁਤ ਮਹੱਤਵਪੂਰਨ ਧਾਰਮਿਕ ਅਸਥਾਨ ਹੈ। ਇੱਥੋਂ ਦਾ ਇਤਿਹਾਸਕ ਸੂਰਜ ਮੰਦਿਰ ਅਤੇ ਪਵਿੱਤਰ ‘ਮਾਰਤੰਡ ਤੀਰਥ’ ਹਿੰਦੂ ਸ਼ਰਧਾਲੂਆਂ ਲਈ ਅਥਾਹ ਸ਼ਰਧਾ ਦਾ ਕੇਂਦਰ ਹੈ। ਇੱਥੇ ਸਥਿਤ ਪਵਿੱਤਰ ਕੁੰਡਾਂ ਵਿੱਚ ਮੌਜੂਦ ਮੱਛੀਆਂ ਨੂੰ ਹਿੰਦੂ ਧਰਮ ਵਿੱਚ ਬਹੁਤ ਸ਼ਰਧਾ ਨਾਲ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ, ਸਥਾਨਕ ਮਾਨਤਾ ਦੇ ਅਨੁਸਾਰ ਇਹ ਮੱਛੀਆਂ ਪੂਰਵਜਾਂ ਦੀਆਂ ਰੂਹਾਂ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੋਕ ਬਹੁਤ ਪ੍ਰੇਮ ਅਤੇ ਇੱਜ਼ਤ ਨਾਲ ਚਾਵਲ ਅਤੇ ਦਾਣਾ ਖੁਆਉਂਦੇ ਹਨ। 

ਇਹ ਪਰੰਪਰਾ ਦਰਸਾਉਂਦੀ ਹੈ ਕਿ ਕਿਵੇਂ ਪ੍ਰਕਿਰਤੀ ਅਤੇ ਜੀਵ-ਜੰਤੂਆਂ ਪ੍ਰਤੀ ਸਤਿਕਾਰ ਇੱਥੋਂ ਦੀ ਸੰਸਕ੍ਰਿਤੀ ਦਾ ਇੱਕ ਅਟੁੱਟ ਹਿੱਸਾ ਹੈ। ਇਸ ਤੋਂ ਇਲਾਵਾ, ਹਰ ਸਾਲ ਹੋਣ ਵਾਲੀ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੀ ਸੰਪੂਰਨਤਾ ਵੀ ਮਟਨ ਦੇ ਦਰਸ਼ਨਾਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਸ਼ਰਧਾਲੂ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਆ ਕੇ ਇਨ੍ਹਾਂ ਪਵਿੱਤਰ ਕੁੰਡ ਦੇ ਦਰਸ਼ਨ ਕਰਦੇ ਹਨ ਅਤੇ ਆਪਣੀ ਯਾਤਰਾ ਪੂਰੀ ਕਰਦੇ ਹਨ।

Gurudwara Mattan Sahib 2

ਸਾਂਝਾ ਵਿਰਸਾ ਅਤੇ ਮਿਸਾਲੀ ਭਾਈਚਾਰਕ ਸਾਂਝ

ਮਟਨ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇੱਥੋਂ ਦਾ ਸਾਂਝਾ ਸੱਭਿਆਚਾਰ ਅਤੇ ਆਪਸੀ ਭਾਈਚਾਰਾ ਹੈ। ਇਹੀ ਕਾਰਨ ਹੈ ਕਿ ਹਿੰਦੂ, ਮੁਸਲਿਮ ਅਤੇ ਸਿੱਖ ਸਦੀਆਂ ਤੋਂ ਇੱਕ ਪਰਿਵਾਰ ਵਾਂਗ ਇੱਥੇ ਰਹਿ ਰਹੇ ਹਨ। ਚਾਹੇ ਕੋਈ ਵੀ ਤਿਉਹਾਰ ਹੋਵੇ ਜਿਵੇਂ ਕਿ ਈਦ, ਵਿਸਾਖੀ, ਗੁਰਪੁਰਬ ਹੋਵੇ ਜਾਂ ਹਿੰਦੂਆਂ ਦਾ ਮਲਮਾਸ ਮੇਲਾ ਅਤੇ ਛੜੀ ਮੁਬਾਰਕ ਯਾਤਰਾ, ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ। 

ਖ਼ਾਸ ਗੱਲ ਇਹ ਹੈ ਕਿ ਇਹ ਸਾਂਝੀਵਾਲਤਾ ਕਸ਼ਮੀਰੀਅਤ ਦੀ ਅਸਲ ਪਛਾਣ ਹੈ, ਜੋ ਧਰਮ ਤੋਂ ਉੱਪਰ ਉੱਠ ਕੇ, ਮਨੁੱਖੀ ਰਿਸ਼ਤਿਆਂ ਨੂੰ ਪਹਿਲ ਦਿੰਦੀ ਹੈ ਅਤੇ ਸਮਾਜ ਵਿੱਚ ਸ਼ਾਂਤੀ ਅਤੇ ਸਾਂਝ ਦਾ ਸੁਨੇਹਾ ਫੈਲਾਉਂਦੀ ਹੈ। ਇਸ ਤੋਂ ਇਲਾਵਾ, ਤਿਉਹਾਰਾਂ ਦੇ ਸਮੇਂ ਨਗਰ ਕੀਰਤਨਾਂ ਅਤੇ ਧਾਰਮਿਕ ਜੁਲੂਸਾਂ ਦੌਰਾਨ ਬਾਜ਼ਾਰਾਂ ਵਿੱਚੋਂ ਲੰਘਦਿਆਂ ਲੋਕਾਂ ਵੱਲੋਂ ਇੱਕ-ਦੂਜੇ ਉੱਪਰ ਮਿਠਾਈਆਂ ਅਤੇ ਸ਼ੀਰੀਨੀ ਵੀ ਸੁੱਟੀ ਜਾਂਦੀ ਹੈ।

ਧਾਰਮਿਕ ਸਹਿਣਸ਼ੀਲਤਾ ਅਤੇ ਸੁਚੱਜੀ ਮਰਿਆਦਾ

ਮਟਨ ਵਿੱਚ ਹਰ ਸਵੇਰ ਇੱਕ ਸ਼ਾਨਦਾਰ ਅਧਿਆਤਮਿਕ ਮਾਹੌਲ ਨਾਲ ਸ਼ੁਰੂ ਹੁੰਦੀ ਹੈ। ਸਵੇਰੇ ਮਸਜਿਦ ਵਿੱਚੋਂ ਅਜ਼ਾਨ ਦੀ ਆਵਾਜ਼ ਗੂੰਜਦੀ ਹੈ, ਗੁਰਦੁਆਰਾ ਸਾਹਿਬ ਵਿੱਚ ਸਿੱਖ ਆਪਣੀ ਨਿਤਨੇਮ ਪੂਜਾ ਸ਼ੁਰੂ ਕਰਦੇ ਹਨ ਅਤੇ ਨਾਲ ਹੀ ਮੰਦਿਰ ਵਿੱਚ ਹਿੰਦੂ ਸ਼ਰਧਾਲੂ ਆਪਣੇ ਭਜਨ-ਕੀਰਤਨ ਸ਼ੁਰੂ ਕਰਦੇ ਹਨ। ਹਾਲਾਂਕਿ, ਕਈ ਧਾਰਮਿਕ ਸਥਾਨ ਇੱਕੋ ਜਗ੍ਹਾ ਹੋਣ ਦੇ ਬਾਵਜੂਦ, ਇੱਥੇ ਕਦੇ ਵੀ ਲਾਊਡਸਪੀਕਰਾਂ ਜਾਂ ਧਾਰਮਿਕ ਮਰਿਆਦਾ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਇਆ। ਦਰਅਸਲ, ਇਹ ਆਪਸੀ ਸਤਿਕਾਰ ਅਤੇ ਸਮਝ ਦੀ ਇੱਕ ਅਜਿਹੀ ਅਨੋਖੀ ਮਿਸਾਲ ਹੈ, ਜੋ ਅੱਜ ਦੀ ਦੁਨੀਆ ਲਈ ਇੱਕ ਵੱਡੀ ਪ੍ਰੇਰਨਾ ਹੈ।

Gurudwara Mattan Sahib 4

ਇਨਸਾਨੀਅਤ ਦਾ ਪ੍ਰਤੀਕ

ਜੇਕਰ ਦੁਨੀਆ ਵਿੱਚ ਕਿਤੇ ਵੀ ਸੱਚੀ ਇਨਸਾਨੀਅਤ ਅਤੇ ਆਪਸੀ ਪਿਆਰ ਦੀ ਮਿਸਾਲ ਦੇਖਣੀ ਹੋਵੇ, ਤਾਂ ਮਟਨ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਸਕਦੀ। ਜ਼ਿਕਰਯੋਗ, ਇੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ-ਦੂਜੇ ਲਈ ਕੋਈ ਵੈਰ-ਵਿਰੋਧ ਨਹੀਂ ਹੈ ਅਤੇ ਹਾਲਾਤ ਭਾਵੇਂ ਕੋਈ ਵੀ ਹੋਣ, ਇੱਥੋਂ ਦੇ ਨਿਵਾਸੀਆਂ ਨੇ ਹਮੇਸ਼ਾ ਇੱਕ-ਦੂਜੇ ਦਾ ਸਾਥ ਦਿੱਤਾ ਹੈ। ਮਟਨ ਦੀ ਇਹ ਪਵਿੱਤਰ ਧਰਤੀ ਸਾਨੂੰ ਸਿਖਾਉਂਦੀ ਹੈ ਕਿ ਵੱਖ-ਵੱਖ ਧਰਮ, ਪਹਿਰਾਵੇ ਅਤੇ ਭਾਸ਼ਾਵਾਂ ਹੋਣ ਦੇ ਬਾਵਜੂਦ, ਅਸੀਂ ਇਨਸਾਨੀਅਤ ਦੀ ਇੱਕੋ ਧਾਗੇ ਨਾਲ ਬੱਝੇ ਹੋਏ ਹਾਂ। ਇਹ ਅਸਥਾਨ ਅੱਜ ਵੀ ਪੂਰੇ ਭਾਰਤ ਅਤੇ ਦੁਨੀਆ ਨੂੰ ਸ਼ਾਂਤੀ, ਭਾਈਚਾਰੇ ਅਤੇ ਸਾਂਝੇ ਸੱਭਿਆਚਾਰ ਦਾ ਸੰਦੇਸ਼ ਦੇ ਰਹੀ ਹੈ।

Post navigation

ਨਸ਼ਿਆਂ ਖ਼ਿਲਾਫ਼ ਚੁਨਾਗਰਾ ਪਿੰਡ ਦੀ ਪਹਿਲ: ਪੰਚਾਇਤ ਦੇ ਮਤੇ ਤੋਂ ਲੈ ਕੇ ਖੇਡਾਂ ਨਾਲ ਜੁੜ ਰਹੀ ਨੌਜਵਾਨ ਪੀੜ੍ਹੀ ਤੱਕ

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਮੁਹਿੰਮਾਂ ਚਲਾਈਆਂ ਜਾ…

Leave a Comment

Leave a Reply

Your email address will not be published. Required fields are marked *