1965 Indo Pak war

ਪੰਜਾਬ: 1965 ਦੀ ਭਾਰਤ-ਪਾਕਿ ਜੰਗ ਦਾ ਕੇਂਦਰ

ਪਾਕਿਸਤਾਨ ਹਮੇਸ਼ਾ ਤੋਂ ਜੰਮੂ-ਕਸ਼ਮੀਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਚੀਨ ਨਾਲ 1962 ਦੀ ਜੰਗ ਤੋਂ ਬਾਅਦ, ਅਸੀਂ ਭਾਰਤੀ ਫੌਜ ਨੂੰ ਪੁਨਰਗਠਿਤ ਕਰਨ ਦੀ ਪ੍ਰਕਿਰਿਆ ਵਿੱਚ ਸੀ। ਉਸ ਸਮੇਂ, ਫੀਲਡ ਮਾਰਸ਼ਲ ਅਯੂਬ ਖਾਨ ਆਪਣੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਅਤੇ ਜੰਮੂ-ਕਸ਼ਮੀਰ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ।

ਉਨ੍ਹਾਂ ਨੇ ਆਪਣੇ ਕੋਰ ਕਮਾਂਡਰਾਂ ਨਾਲ ਗੱਲ ਕੀਤੀ, ਅਤੇ ਉਹ ਇਸ ਗੱਲ ਤੇ ਸਹਿਮਤ ਹੋਏ ਕਿ ਇਹ ਸਹੀ ਸਮਾਂ ਸੀ – ਨਾ ਸਿਰਫ਼ ਇਸ ਲਈ ਕਿਉਂਕਿ ਭਾਰਤ 1962 ਤੋਂ ਬਾਅਦ ਆਪਣੀ ਸਥਿਤੀ ਨੂੰ ਮਜ਼ਬੂਤ ​​ਨਹੀਂ ਕਰ ਸਕਿਆ ਸੀ, ਸਗੋਂ ਇਸ ਲਈ ਵੀ ਕਿਉਂਕਿ ਅਮਰੀਕਾ ਨੇ ਪਾਕਿਸਤਾਨ ਨੂੰ 400 ਪੈਟਨ ਟੈਂਕ, ਸਟਾਰਫਾਈਟਰਾਂ ਦਾ ਇੱਕ ਸਕੁਐਡਰਨ, ਸਾਬਰ ਜੈੱਟਾਂ ਦੇ ਚਾਰ ਸਕੁਐਡਰਨ, ਬੀ-57 ਬੰਬਾਰਾਂ ਦੇ ਦੋ ਸਕੁਐਡਰਨ, ਵੱਡੀ ਮਾਤਰਾ ਵਿੱਚ ਦਰਮਿਆਨੇ ਅਤੇ ਭਾਰੀ ਤੋਪਖਾਨੇ, ਅਤੇ ਸੰਚਾਰ ਉਪਕਰਣਾਂ ਦਾ ਭੰਡਾਰ ਸਪਲਾਈ ਕੀਤਾ ਸੀ। ਇਸ ਲਈ, ਹਥਿਆਰਾਂ ਦੇ ਮਾਮਲੇ ਵਿੱਚ ਪਾਕਿਸਤਾਨ ਦਾ ਹੱਥ ਉੱਪਰ ਸੀ। ਉਨ੍ਹਾਂ ਨੇ ਅਯੂਬ ਖਾਨ ਨੂੰ ਤਿੰਨ ਓਪਰੇਸ਼ਨ ਪੇਸ਼ ਕੀਤੇ: ਆਪ੍ਰੇਸ਼ਨ ਡੇਜ਼ਰਟ ਹਾਕ, ਆਪ੍ਰੇਸ਼ਨ ਜਿਬਰਾਲਟਰ ਅਤੇ ਆਪ੍ਰੇਸ਼ਨ ਗ੍ਰੈਂਡ ਸਲੈਮ

ਪਾਕਿਸਤਾਨ ਨੇ ਅਖਨੂਰ ‘ਤੇ ਕਬਜ਼ਾ ਕਰਨ ਲਈ ਇੱਕ ਵੱਡੇ ਹਮਲੇ ਦੀ ਯੋਜਨਾ ਬਣਾਈ ਸੀ। ਅਖਨੂਰ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸੀ ਕਿਉਂਕਿ ਉਸ ‘ਤੇ ਕਬਜ਼ਾ ਕਰਨ ਨਾਲ ਪਾਕਿਸਤਾਨ ਦੱਖਣ ਵੱਲ ਜੰਮੂ ‘ਤੇ ਕਬਜ਼ਾ ਕਰ ਸਕਦਾ ਸੀ ਅਤੇ ਸਿਆਚਿਨ, ਲੱਦਾਖ, ਕਸ਼ਮੀਰ ਅਤੇ ਸ੍ਰੀਨਗਰ ਨੂੰ ਜਾਣ ਵਾਲੇ ਵਿਕਲਪਿਕ ਰਸਤੇ ‘ਤੇ ਕੰਟਰੋਲ ਹਾਸਲ ਕਰ ਸਕਦਾ ਸੀ।

ਇਸ ਲਈ, ਉਨ੍ਹਾਂ ਨੇ ‘ਆਪ੍ਰੇਸ਼ਨ ਗ੍ਰੈਂਡ ਸਲੈਮ’ ਸ਼ੁਰੂ ਕੀਤਾ। ਬਦਕਿਸਮਤੀ ਨਾਲ, ਅਖਨੂਰ ਦੀ ਸੁਰੱਖਿਆ ਲਈ ਜ਼ਿੰਮੇਵਾਰ 15ਵੀਂ ਕੋਰ ਨੇ ਇਸ ਖੁਫੀਆ ਜਾਣਕਾਰੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪਾਕਿਸਤਾਨ ਇੰਨੀ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਸੀ। ਸਾਡੇ ਕੋਲ ਜੰਮੂ ਵਿੱਚ ਸਿਰਫ਼ ਇੱਕ ਬ੍ਰਿਗੇਡ ਸੀ – 191 ਬ੍ਰਿਗੇਡ – ਜਿਸ ਵਿੱਚ ਦੋ ਬਟਾਲੀਅਨ ਸਨ (ਇੱਕ ਪਹਾੜੀ ਇਲਾਕੇ ਵਿੱਚ ਤਾਇਨਾਤ ਸੀ), ਜਦੋਂ ਕਿ ਪਾਕਿਸਤਾਨ ਨੇ ਦੋ ਡਿਵੀਜ਼ਨਾਂ ਨਾਲ ਹਮਲਾ ਕੀਤਾ, ਜਿਸਦਾ ਮਤਲਬ ਸੀ ਕਿ ਉਨ੍ਹਾਂ ਕੋਲ ਛੇ ਬ੍ਰਿਗੇਡ ਸਨ, ਜਿਨ੍ਹਾਂ ਨੂੰ ਦੋ ਪੜਾਵਾਂ ਵਿੱਚ ਲਾਂਚ ਕੀਤਾ ਗਿਆ ਸੀ। ਜਦੋਂ ਕਿ ਸਾਡੇ ਕੋਲ ਸਿਰਫ਼ ਦੋ ਸਨ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਦੋ ਬਖਤਰਬੰਦ ਰੈਜੀਮੈਂਟਾਂ ਸਨ, ਜਦੋਂ ਕਿ ਸਾਡੇ ਕੋਲ ਹਲਕੇ ਟੈਂਕਾਂ ਦਾ ਸਿਰਫ਼ ਇੱਕ ਸਕੁਐਡਰਨ ਸੀ। ਇਸ ਲਈ, ਨਤੀਜਾ ਨਿਸ਼ਚਿਤ ਸੀ। 5 ਸਤੰਬਰ ਤੱਕ, ਪਾਕਿਸਤਾਨ ਅਖਨੂਰ ਤੋਂ 12 ਮੀਲ ਦੇ ਅੰਦਰ ਤੱਕ ਅੱਗੇ ਵਧ ਚੁੱਕਾ ਸੀ।

ਇੱਕ ਨਵਾਂ ਮੋਰਚਾ ਖੋਲ੍ਹਣਾ

hard won victory
Pic Credit: Scroll.in

ਉਸ ਸਮੇਂ, ਅਖਨੂਰ ਦੀ ਰੱਖਿਆ ਕਰਨ ਦੇ ਤਰੀਕੇ ਬਾਰੇ ਫੈਸਲਾ ਲੈਣ ਦੀ ਲੋੜ ਸੀ। ਇੱਕੋ ਇੱਕ ਵਿਕਲਪ ਪੰਜਾਬ ਵਿੱਚ ਦੂਜਾ ਮੋਰਚਾ ਖੋਲ੍ਹਣਾ ਸੀ। ਇਹ ਇੱਕ ਮੁਸ਼ਕਲ ਫੈਸਲਾ ਸੀ, ਪਰ ਸ਼ੇਰ ਦਾ ਦਿਲ ਰੱਖਣ ਵਾਲੇ ਵਾਲੇ ਸਾਡੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਫੈਸਲਾ ਲਿਆ, ਅਤੇ ਦੂਜਾ ਮੋਰਚਾ ਖੋਲ੍ਹਿਆ ਗਿਆ। 11 ਕੋਰ ਲਾਹੌਰ ‘ਤੇ ਹਮਲਾ ਕਰਨ ਵਾਲੀ ਸੀ, ਅਤੇ 1 ਕੋਰ ਸਿਆਲਕੋਟ ‘ਤੇ ਹਮਲਾ ਕਰਨ ਵਾਲੀ ਸੀ। ਇਹ ਕਾਰਵਾਈ 6 ਸਤੰਬਰ ਨੂੰ ਸ਼ੁਰੂ ਹੋਈ। ਇਸ ਤਰ੍ਹਾਂ, ਪੰਜਾਬ ਵੀ ਜੰਗ ਵਿੱਚ ਸ਼ਾਮਲ ਹੋ ਗਿਆ।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਪੱਛਮੀ ਕਮਾਂਡ ਲੱਦਾਖ ਤੋਂ ਲੈ ਕੇ ਪੰਜਾਬ ਅਤੇ ਰਾਜਸਥਾਨ ਤੱਕ ਫੈਲੀ ਹੋਈ ਸੀ। ਇਸ ਲਈ, ਇਹ ਸਾਰਾ ਇਲਾਕਾ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੀ ਕਮਾਨ ਹੇਠ ਸੀ। ਉਨ੍ਹਾਂ ਨੂੰ ਇੱਕ ਵਿਸ਼ਾਲ ਖੇਤਰ ਦੀ ਜ਼ਿੰਮੇਵਾਰੀ ਸੰਭਾਲਣੀ ਪੈਂਦੀ ਸੀ। ਅਤੇ ਉਹ ਇੱਕ ਅਜਿਹੇ ਕਮਾਂਡਰ ਸੀ ਜੋ ਖੁਦ ਮੌਕੇ ‘ਤੇ ਜਾ ਕੇ ਹੀ ਕਮਾਂਡ ਸੰਭਾਲਦੇ ਸਨ। ਉਹ ਆਪਣੇ ਦਫ਼ਤਰ ਤੋਂ ਕਮਾਂਡ ਨਹੀਂ ਕਰਦੇ ਸਨ। ਉਹ ਲਗਾਤਾਰ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਸਨ। ਅਤੇ ਉਹ ਸੱਚਮੁੱਚ ਸ਼ੇਰ ਵਾਂਗ ਬਹਾਦਰ ਸੀ।

ਜਦੋਂ ਅਸੀਂ ਲਾਹੌਰ ਅਤੇ ਸਿਆਲਕੋਟ ਨੂੰ ਧਮਕੀ ਦਿੱਤੀ, ਤਾਂ ਪਾਕਿਸਤਾਨ ਕੋਲ ਇੱਕ ਬੈਕਅੱਪ ਯੋਜਨਾ ਸੀ: ਅੰਮ੍ਰਿਤਸਰ ਅਤੇ ਬਿਆਸ ਵੱਲ ਵਧਣਾ। ਉਸ ਸਮੇਂ ਪਾਕਿਸਤਾਨ ਕੋਲ ਦੋ ਬਖਤਰਬੰਦ ਡਿਵੀਜ਼ਨ ਸਨ, ਜਦੋਂ ਕਿ ਸਾਡੇ ਕੋਲ ਸਿਰਫ਼ ਇੱਕ ਸੀ। ਇਸਦਾ ਮਤਲਬ ਸੀ ਕਿ ਉਹ ਸ਼ਸਤਰ, ਤੋਪਖਾਨੇ ਅਤੇ ਟੈਂਕਾਂ ਵਿੱਚ ਉੱਤਮ ਸਨ। ਅਸੀਂ ਸਮਝ ਨਹੀਂ ਪਾ ਰਹੇ ਸੀ ਕਿ ਕੀ ਕਰੀਏ। ਅਸੀਂ ਆਪਣੀ ਰਣਨੀਤੀ ਨੂੰ ਰੱਖਿਆਤਮਕ ਰਣਨੀਤੀ ਵਿੱਚ ਬਦਲ ਦਿੱਤਾ, ਉਨ੍ਹਾਂ ਨੂੰ ਇੱਕ ਅਜਿਹੇ ਬਿੰਦੂ ‘ਤੇ ਰੋਕਣ ਦਾ ਫੈਸਲਾ ਕੀਤਾ ਜਿਸ ਨੂੰ ਉਹ ਪਾਰ ਕਰ ਕੇ ਅੱਗੇ ਨਾ ਵੱਧ ਸਕਣ। ਹੁਣ, ਹਰ ਕੋਈ ਸੋਚਦਾ ਹੈ ਕਿ ਖੇਮਕਰਨ ਹੀ ਜੰਗ ਦਾ ਮੈਦਾਨ ਸੀ।

ਉਹ ਖੇਮਕਰਨ ਨਹੀਂ, ਸਗੋਂ ਅਸਲ ਉੱਤਰ ਸੀ। ਅਸਲ ਉੱਤਰ, ਖੇਮਕਰਨ-ਪੱਟੀ ਅਤੇ ਖੇਮਕਰਨ-ਅੰਮ੍ਰਿਤਸਰ ਧੁਰੇ ‘ਤੇ ਸਥਿਤ ਸੀ, ਇਸ ਲਈ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ। ਸਾਡੇ ਕੋਲ ਸਿਰਫ਼ ਦੋ ਬਖਤਰਬੰਦ ਰੈਜੀਮੈਂਟਾਂ ਸਨ – ਡੈੱਕਨ ਹਾਰਸ ਅਤੇ 3 ਘੋੜਸਵਾਰ, ਜੋ ਡੇਰਾ ਬਾਬਾ ਨਾਨਕ ਲਈ ਰਿਜ਼ਰਵ ਸਨ। ਤੀਜੀ ਕੈਵ ਦੇ ਸੀਓ, ਸਲੀਮ ਕਾਲੇਬ, ਨੇ ਹੁਕਮਾਂ ਦੀ ਉਲੰਘਣਾ ਕਰਨ ਦਾ ਫੈਸਲਾ ਕੀਤਾ ਅਤੇ ਪਾਕਿਸਤਾਨੀ ਹਮਲੇ ਨੂੰ ਰੋਕਣ ਲਈ ‘ਯੂ’ ਫਾਰਮੇਸ਼ਨ ਬਣਾਉਣ ਲਈ ਤੇਜ਼ੀ ਨਾਲ ਅਸਲ ਉੱਤਰ ਵੱਲ ਵਧੇ। ਅਤੇ ਇਸ ਤਰ੍ਹਾਂ ਪਾਕਿਸਤਾਨੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ।

ਪਰ ਸ਼ਾਇਦ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਲੜਾਈ ਚੱਲ ਰਹੀ ਸੀ, ਪੰਜਾਬ ਦੇ ਕਿਸਾਨ ਉਸ ਵੇਲੇ ਵੀ ਆਪਣੇ ਖੇਤਾਂ ਦੀ ਦੇਖਭਾਲ ਕਰ ਰਹੇ ਸਨ ਜਦੋਂ ਤੱਕ ਉਨ੍ਹਾਂ ਨੂੰ ਲੜਾਈ ਹੋਣ ਕਾਰਨ ਜਾਣ ਲਈ ਨਹੀਂ ਕਿਹਾ ਗਿਆ। ਇਸ ਲਈ, ਉਨ੍ਹਾਂ ਨੇ ਸਿੰਚਾਈ ਬੰਨ੍ਹ ਕੱਟ ਦਿੱਤੇ, ਜਿਸ ਨਾਲ ਖੇਤਾਂ ਵਿੱਚ ਪਾਣੀ ਭਰ ਗਿਆ। ਪਾਕਿਸਤਾਨੀ ਟੈਂਕ ਇਨ੍ਹਾਂ ਖੇਤਾਂ ਵਿੱਚ ਫਸ ਗਏ ਅਤੇ ਆਸਾਨੀ ਨਾਲ ਨਿਸ਼ਾਨਾ ਬਣ ਗਏ। ਅਸੀਂ ਪਾਕਿਸਤਾਨੀ ਬਖਤਰਬੰਦ ਡਿਵੀਜ਼ਨ ਦੇ 97 ਪੈਟਨ ਟੈਂਕ ਤਬਾਹ ਕਰ ਦਿੱਤੇ, ਜਦੋਂ ਕਿ ਸਾਡੇ 29 ਟੈਂਕ ਤਬਾਹ ਹੋ ਗਏ ਅਤੇ 40 ਨੁਕਸਾਨੇ ਗਏ।

ਪਾਕਿਸਤਾਨੀ ਹਮਲੇ ਨੂੰ ਨਾਕਾਮ ਕਰਨਾ

Maj Gen Ian Cardozo Retd

ਭਾਰਤੀ ਫੌਜ ਇਸ ਗੱਲ ਤੋਂ ਅਣਜਾਣ ਸੀ ਕਿ ਚੌਥੀ ਪੈਦਲ ਸੈਨਾ ਡਿਵੀਜ਼ਨ ਨੇ ਪਾਕਿਸਤਾਨੀ ਹਮਲੇ ਵਾਲੀ ਫੋਰਸ ਦੇ ਰਸਤੇ ‘ਤੇ ਆਪਣੇ ਬਚਾਅ ਪੱਖ ਸਥਾਪਤ ਕਰ ਲਏ ਸਨ। ਇਸ ਲਈ, ਅਸੀਂ ਉਨ੍ਹਾਂ ਨੂੰ ਰੋਕ ਰਹੇ ਸੀ। ਰੱਖਿਆ ਦੀ ਪਹਿਲੀ ਲਾਈਨ 4 ਗ੍ਰੇਨੇਡੀਅਰਾਂ ਨੇ ਸੰਭਾਲੀ ਸੀ। ਅਤੇ ਇਹ ਉਹ ਥਾਂ ਹੈ ਜਿੱਥੇ ਅਬਦੁਲ ਹਾਮਿਦ ਦੀ ਭੂਮਿਕਾ ਮਹੱਤਵਪੂਰਨ ਬਣ ਗਈ। ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਇੱਕ ਕੁਆਰਟਰਮਾਸਟਰ ਸੀ। CQMH ਅਬਦੁਲ ਹਾਮਿਦ, ਭਾਵ ਕੰਪਨੀ ਕੁਆਰਟਰਮਾਸਟਰ ਹਵਲਦਾਰ ਅਬਦੁਲ ਹਾਮਿਦ। ਇੱਕ ਕੁਆਰਟਰਮਾਸਟਰ ਇੱਕ RCL (ਰੀਕੋਇਲ-ਲੈੱਸ) ਬੰਦੂਕ ਕਿਵੇਂ ਚਲਾ ਰਿਹਾ ਸੀ—ਇੱਕ ਐਂਟੀ-ਟੈਂਕ ਬੰਦੂਕ? ਆਮ ਤੌਰ ‘ਤੇ ਇੱਕ ਕੁਆਰਟਰਮਾਸਟਰ ਦੀ ਅਜਿਹੀ ਭੂਮਿਕਾ ਨਹੀਂ ਹੁੰਦੀ ਹੈ।

ਹੋਇਆ ਇਹ ਸੀ ਕਿ 4 ਗ੍ਰੇਨੇਡੀਅਰਾਂ ਨੂੰ ਸ਼ੁਗਾ ਸੈਕਟਰ ਵਿੱਚ ਰੱਖਿਆ ਦੀ ਜ਼ਿੰਮੇਵਾਰੀ ਸੰਭਾਲਣੀ ਸੀ। ਇਸ ਲਈ, ਸਾਰੇ ਕੰਪਨੀ ਕਮਾਂਡਰ, 2IC, ਅਤੇ ਸਾਰੇ ਵਿਸ਼ੇਸ਼ ਪਲਟੂਨ ਕਮਾਂਡਰ ਸ਼ੁਗਾ ਸੈਕਟਰ ਵਿੱਚ ਚਲੇ ਗਏ ਸਨ। ਉਥੇ ਤੋਪਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਅਤੇ ਕੋਈ ਕੰਪਨੀ ਕਮਾਂਡਰ ਵੀ ਨਹੀਂ ਸੀ। ਪਰ ਸੀਓ ਨੇ ਕਿਹਾ, “ਚਿੰਤਾ ਨਾ ਕਰੋ, ਮੈਂ ਬਟਾਲੀਅਨ ਦੀ ਜ਼ਿੰਮੇਵਾਰੀ ਸੰਭਾਲਾਂਗਾ। ਮੈਂ ਇਹ ਲੜਾਈ ਆਪਣੇ ਨੌਜਵਾਨ ਅਫਸਰਾਂ ਅਤੇ ਪਲਟੂਨ ਕਮਾਂਡਰਾਂ ਨਾਲ ਲੜਾਂਗਾ।” ਅਤੇ ਉਸਨੇ ਅਬਦੁਲ ਹਾਮਿਦ ਨੂੰ ਐਂਟੀ-ਟੈਂਕ ਯੂਨਿਟ ਦਾ ਇੰਚਾਰਜ ਬਣਾ ਦਿੱਤਾ। ਅਬਦੁਲ ਹਾਮਿਦ ਨੇ ਮਹੂ ਵਿਖੇ ਆਰਸੀਐਲ ਕੋਰਸ ਕੀਤਾ ਸੀ ਅਤੇ ਸ਼ਾਨਦਾਰ ਗ੍ਰੇਡ ਪ੍ਰਾਪਤ ਕੀਤੇ ਸਨ। ਪਰ ਉਸ ਕੋਲ ਆਰਸੀਐਲ ਤੋਪਾਂ ਨਹੀਂ ਸਨ। ਇਸ ਲਈ, ਉਹ ਆਰਡੀਨੈਂਸ ਫੈਕਟਰੀ ਗਏ, ਆਰਸੀਐਲ ਤੋਪਾਂ ਪ੍ਰਾਪਤ ਕੀਤੀਆਂ, ਅਤੇ ਉਨ੍ਹਾਂ ਨੂੰ ਜ਼ੀਰੋ ਕਰ ਦਿੱਤਾ। ਜਦੋਂ ਪਾਕਿਸਤਾਨੀ ਪਹਿਲੀ ਆਰਮਡ ਡਿਵੀਜ਼ਨ ਰੱਖਿਆ ਖੇਤਰ ਦੇ ਨੇੜੇ ਪਹੁੰਚੀ, ਤਾਂ ਉਹ ਉਨ੍ਹਾਂ ਦੇ 30 ਮੀਟਰ ਦੇ ਅੰਦਰ ਆਉਣ ਦੀ ਉਡੀਕ ਕਰਦਾ ਰਿਹਾ।

ਉਨ੍ਹਾਂ ਨੇ ਪਹਿਲੇ ਟੈਂਕ ਨੂੰ ਉਡਾ ਦਿੱਤਾ। ਬਾਕੀ ਦੋ ਟੈਂਕਾਂ ਦੇ ਅਮਲੇ ਭੱਜ ਗਏ। ਦੋ ਹੋਰ ਟੈਂਕ ਆ ਰਹੇ ਸਨ। ਫਿਰ, ਥੋੜ੍ਹੀ ਦੇਰ ਬਾਅਦ, ਟੈਂਕਾਂ ਦੀ ਇਕ ਹੋ ਟੁਕੜੀ ਆਈ, ਅਤੇ ਉਨ੍ਹਾਂ ਨੇ ਇੱਕ ਹੋਰ ਟੈਂਕ ਨੂੰ ਤਬਾਹ ਕਰ ਦਿੱਤਾ। ਕੁੱਲ ਮਿਲਾ ਕੇ, ਉਨ੍ਹਾਂ ਨੇ ਸੱਤ ਪੈਟਨ ਟੈਂਕਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਆਪਣੀਆਂ ਆਰਸੀਐਲ ਬੰਦੂਕਾਂ ਦੀ ਵਰਤੋਂ ਕੀਤੀ ਅਤੇ ਤੋਪਖਾਨੇ ਦੀ ਗੋਲੀਬਾਰੀ ਤੋਂ ਬਚਣ ਲਈ ਸਥਿਤੀ ਬਦਲੀ। ਜਦੋਂ ਤੱਕ ਆਖਰੀ ਟੈਂਕ ਨੇੜੇ ਆਇਆ, ਉਸ ਵੇਲੇ ਤੱਕ ਉਹ 6 ਪੈਟਨ ਟੈਂਕ ਤਬਾਹ ਕਰ ਚੁੱਕੇ ਸੀ। ਉਨ੍ਹਾਂ ਨੇ ਆਪਣੇ ਸੱਤਵੇਂ ਟੈਂਕ ਨੂੰ ਨਿਸ਼ਾਨਾ ਬਣਾਇਆ, ਪਰ ਉਹ ਉਸ ਟੈਂਕ ਦੀ ਫਾਇਰਿੰਗ ਲਾਈਨ ਵਿੱਚ ਵੀ ਆ ਗਏ, ਅਤੇ ਅਬਦੁਲ ਹਮੀਦ ਸ਼ਹੀਦ ਹੋ ਗਏ। ਪਰ ਉਦੋਂ ਤੱਕ, ਭਾਰਤ ਉਸ ਸੈਕਟਰ ਵਿੱਚ 13 ਪਾਕਿਸਤਾਨੀ ਟੈਂਕਾਂ ਨੂੰ ਤਬਾਹ ਕਰ ਚੁੱਕਾ ਸੀ। ਇਸ ਤਰ੍ਹਾਂ, 4 ਗ੍ਰੇਨੇਡੀਅਰਾਂ ਨੇ ਪਾਕਿਸਤਾਨ ਦੇ ਬਖਤਰਬੰਦ ਡਿਵੀਜ਼ਨ ਨੂੰ ਤਬਾਹ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਗੱਲ ਇਹ ਹੈ ਕਿ ਅਬਦੁਲ ਹਾਮਿਦ ਨੇ ਇਕੱਲੇ ਹੀ ਤਿੰਨ ਟੈਂਕ ਤਬਾਹ ਕਰ ਦਿੱਤੇ ਸਨ, ਜਿਸ ਲਈ ਉਸਨੂੰ ਸ਼ੁਰੂ ਵਿੱਚ ਪਰਮਵੀਰ ਚੱਕਰ ਲਈ ਸਿਫ਼ਾਰਸ਼ ਕੀਤੀ ਗਈ ਸੀ। ਹਾਲਾਂਕਿ, ਇਸ ਤੋਂ ਬਾਅਦ, ਚਾਰ ਹੋਰ ਅਜਿੱਤ ਪੈਟਨ ਟੈਂਕਾਂ ਨੂੰ ਤਬਾਹ ਕਰਨ ਲਈ ਇੱਕ ਹੋਰ ਪਰਮਵੀਰ ਚੱਕਰ, ਭਾਵ ਪਰਮਵੀਰ ਚੱਕਰ ਦੇ ਨਾਲ ਇੱਕ ਬਾਰ, ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੂੰ ਇਹ ਪ੍ਰਾਪਤ ਨਹੀਂ ਹੋਇਆ, ਪਰ ਮੇਰੀ ਰਾਏ ਵਿੱਚ, ਉਹ ਇਸਦੇ ਹੱਕਦਾਰ ਸਨ। ਇਸ ਤਰ੍ਹਾਂ, ਅਸਲ ਉੱਤਰ ਦੀ ਲੜਾਈ ਵਿਚ ਅਬਦੁਲ ਹਮੀਦ ਨੇ, ਇੱਕ ਵਿਅਕਤੀ ਦੇ ਤੌਰ ‘ਤੇ, ਸਫਲਤਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।

ਪੰਜਾਬ ਦੇ ਹੀਰੋ

ਇਹ ਸਭ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੀ ਰਣਨੀਤੀ ਦਾ ਹਿੱਸਾ ਸੀ। ਉਹ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਸੀ। ਉਹ ਹੈੱਡਕੁਆਰਟਰ ਵਿੱਚ ਬੈਠ ਕੇ ਕੰਮ ਕਰਨ ਵਾਲੇ ਵਿਅਕਤੀ ਨਹੀਂ ਸਨ। 9 ਸਤੰਬਰ ਦਾ ਦਿਨ ਉਨ੍ਹਾਂ ਲਈ ਬਹੁਤ ਥਕਾ ਦੇਣ ਵਾਲਾ ਦਿਨ ਸੀ। ਉਹ 48 ਘੰਟਿਆਂ ਤੋਂ ਨਹੀਂ ਸੁੱਤੇ ਸਨ। ਉਹ ਸੌਂ ਚਲੇ ਗਏ ਅਤੇ ਆਪਣੇ ਏਡੀਸੀ ਨੂੰ ਕਿਹਾ, “ਜਦੋਂ ਤੱਕ ਕੋਈ ਬਹੁਤ ਜ਼ਰੂਰੀ ਨਾ ਹੋਵੇ ਮੈਨੂੰ ਨਾ ਜਗਾਣਾ।” ਉਸੇ ਸਮੇਂ, ਫੌਜ ਮੁਖੀ ਜਨਰਲ ਜੇ.ਐਨ. ਚੌਧਰੀ ਨੂੰ ਸੂਚਿਤ ਕੀਤਾ ਗਿਆ ਕਿ ਪਾਕਿਸਤਾਨੀ ਬਖਤਰਬੰਦ ਡਿਵੀਜ਼ਨ ਅੰਮ੍ਰਿਤਸਰ ਅਤੇ ਬਿਆਸ ਵੱਲ ਵਧ ਰਹੀ ਹੈ ਅਤੇ ਸਾਨੂੰ ਬਿਆਸ ਵੱਲ ਪਿੱਛੇ ਹਟਣਾ ਪਵੇਗਾ।

ਇਸ ਲਈ, ਜਦੋਂ ਫੌਜ ਮੁਖੀ ਨੇ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਨੂੰ ਬਿਆਸ ਦਰਿਆ ਵੱਲ ਪਿੱਛੇ ਹਟਣ ਲਈ ਕਿਹਾ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਮੈਂ ਇਹ ਹੁਕਮ ਸਵੀਕਾਰ ਨਹੀਂ ਕਰਦਾ। ਜਾਂ ਤਾਂ ਤੁਸੀਂ ਮੈਨੂੰ ਲਿਖਤੀ ਰੂਪ ਵਿੱਚ ਦਿਓ, ਜਾਂ ਕੱਲ੍ਹ ਇੱਥੇ ਆ ਕੇ ਮੈਨੂੰ ਖੁਦ ਇਹ ਹੁਕਮ ਦਿਓ। ਨਹੀਂ ਤਾਂ, ਮੈਂ ਇਸ ਹੁਕਮ ਦੀ ਪਾਲਣਾ ਨਹੀਂ ਕਰਾਂਗਾ।”

ਹਾਲਾਂਕਿ, ਕੋਈ ਰਸਮੀ ਆਦੇਸ਼ ਨਹੀਂ ਸਨ। ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਪਤਾ ਸੀ ਕਿ ਅਸਲ ਉੱਤਰ ਵਿੱਚ ਕੀ ਹੋਇਆ ਸੀ ਕਿਉਂਕਿ ਪਾਕਿਸਤਾਨੀ ਬਖਤਰਬੰਦ ਡਿਵੀਜ਼ਨ ਨੇ 8 ਸਤੰਬਰ ਨੂੰ ਹਮਲਾ ਸ਼ੁਰੂ ਕੀਤਾ ਸੀ। ਅਤੇ ਇਹ 9 ਤਰੀਕ ਸੀ। ਉਦੋਂ ਤੱਕ, ਅਸੀਂ ਪਾਕਿਸਤਾਨੀ ਹਮਲੇ ਦੇ ਇੱਕ ਹਿੱਸੇ ਨੂੰ ਨਾਕਾਮ ਕਰ ਦਿੱਤਾ ਸੀ। ਅਤੇ ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਪਾਕਿਸਤਾਨੀ ਹਮਲੇ ਨੂੰ ਰੋਕਣ ਲਈ ਚੰਗੀ ਸਥਿਤੀ ਵਿੱਚ ਸੀ। ਅਤੇ ਇਹੀ ਹੋਇਆ। ਅਸੀਂ ਪਾਕਿਸਤਾਨੀ ਹਮਲੇ ਨੂੰ ਨਾਕਾਮ ਕਰ ਦਿੱਤਾ। ਅਤੇ ਕਾਰਵਾਈ ਰੋਕ ਦਿੱਤੀ ਗਈ।

ਰਾਜਿੰਦਰ ਸਿੰਘ “ਸਪੈਰੋ” ਨੂੰ ਇਹ ਨਾਮ ਕਿਵੇਂ ਮਿਲਿਆ, ਇਸਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਹਾਲਾਂਕਿ, 1947-48 ਵਿੱਚ, ਸਪੈਰੋ ਨੇ 7ਵੀਂ ਘੋੜਸਵਾਰ ਦੀ ਕਮਾਂਡ ਕੀਤੀ। ਉਨ੍ਹਾਂ ਨੇ ਇੱਕ ਸ਼ਾਨਦਾਰ ਕੰਮ ਕੀਤਾ – ਉਹ ਜੰਮੂ ਅਤੇ ਕਸ਼ਮੀਰ ਤੱਕ ਬਖਤਰਬੰਦ ਵਾਹਨ (ਟੈਂਕ) ਲੈ ਗਏ। ਟੈਂਕ ਇੰਨੇ ਭਾਰੀ ਸਨ ਕਿ ਉਹ ਪੁਲਾਂ ਨੂੰ ਪਾਰ ਨਹੀਂ ਕਰ ਸਕਦੇ ਸਨ। ਇਸ ਲਈ, ਉਸਨੇ ਟੈਂਕਾਂ ਦੇ ਬੁਰਜਾਂ ਨੂੰ ਵੱਖ ਕਰਨ, ਟੈਂਕਾਂ ਅਤੇ ਬੁਰਜਾਂ ਨੂੰ ਵੱਖਰੇ ਤੌਰ ‘ਤੇ ਲਿਜਾਣ ਅਤੇ ਬਾਲਟਾਲ ਵਿਖੇ ਉਨ੍ਹਾਂ ਨੂੰ ਦੁਬਾਰਾ ਜੋੜਨ ਦਾ ਫੈਸਲਾ ਕੀਤਾ।

ਇਹ ਕੁਝ ਅਸਾਧਾਰਨ ਸੀ। ਇਸ ਲਈ, ਇੱਕ ਬ੍ਰਿਟਿਸ਼ ਜੰਗੀ ਪੱਤਰਕਾਰ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇੱਕ ਬਾਜ਼ ਹੋ।” ਹੁਣ, ਤੁਸੀਂ ਜਾਣਦੇ ਹੋ ਕਿ ਭਾਰਤੀ ਫੌਜ ਵਿੱਚ ਅਫਸਰਾਂ ਲਈ ਕੋਡ ਸ਼ਬਦ ਹਨ। ਅਤੇ EME ਨੂੰ ‘ਈਗਲ’ ਕਿਹਾ ਜਾਂਦਾ ਹੈ। ਤਾਂ ਉਨ੍ਹਾਂ ਨੇ ਕਿਹਾ, “ਨਹੀਂ, ਮੈਂ ਬਾਜ਼ ਵਰਗਾ ਨਹੀਂ ਹਾਂ, ਮੈਂ ਇੱਕ ਚਿੜੀ ਵਰਗਾ ਹਾਂ।” ਇਸ ਤਰ੍ਹਾਂ, ਲੋਕ-ਕਥਾਵਾਂ ਦੇ ਅਨੁਸਾਰ, ਉਨ੍ਹਾਂ ਦਾ ਨਾਂਅ ਸਪੈਰੋ ਪਿਆ।

1965 ਦੀ ਜੰਗ ਵਿੱਚ, ਸਪੈਰੋ ਨੇ ਪਹਿਲੀ ਆਰਮਡ ਡਿਵੀਜ਼ਨ ਦੀ ਕਮਾਂਡ ਕੀਤੀ ਸੀ, ਪਰ ਉਹ ਸਿਆਲਕੋਟ ਵਾਲੇ ਪਾਸੇ ਸੀ। ਦੂਜੀ ਆਰਮਡ ਬ੍ਰਿਗੇਡ ਲਾਹੌਰ ਸੈਕਟਰ ਵਿੱਚ ਸੀ। ਡੈਕਨ ਹਾਰਸ ਅਤੇ ਤੀਜੀ ਕੈਵਲਰੀ ਦੋ ਰੈਜੀਮੈਂਟਾਂ ਸਨ ਜਿਨ੍ਹਾਂ ਨੇ ਅਸਲ ਉੱਤਰ ਦੀ ਲੜਾਈ ਵਿੱਚ ਇਨ੍ਹਾਂ ਸਾਰੇ ਟੈਂਕਾਂ ਨੂੰ ਤਬਾਹ ਕਰ ਦਿੱਤਾ ਸੀ। ਅਸਲ ਉੱਤਰ ਪਾਕਿਸਤਾਨੀ ਟੈਂਕਾਂ ਦਾ ਕਬਰਸਤਾਨ ਬਣ ਗਿਆ। ਸਿਰਫ਼ ਅਸਲ ਉੱਤਰ ਖੇਤਰ ਵਿੱਚ ਹੀ 97 ਪਾਕਿਸਤਾਨੀ ਟੈਂਕ ਤਬਾਹ ਹੋ ਗਏ ਸਨ। ਅਤੇ ਫਿਲੋਰਾ ਦੀ ਲੜਾਈ ਵਿੱਚ 64 ਟੈਂਕ ਤਬਾਹ ਹੋ ਗਏ ਸਨ। ਇਸ ਤਰ੍ਹਾਂ, ਕੁੱਲ ਮਿਲਾ ਕੇ, ਇਹ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਸਪਲਾਈ ਕੀਤੇ ਗਏ ਟੈਂਕਾਂ ਦਾ ਲਗਭਗ ਅੱਧਾ ਸੀ।

1965 ਦੀ ਜੰਗ ਪੱਛਮੀ ਬੰਗਾਲ, ਲੱਦਾਖ, ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿੱਚ ਲੜੀ ਗਈ ਸੀ। ਜਦੋਂ ਜੰਗਬੰਦੀ ਹੋਈ, ਤਾਂ ਪਾਕਿਸਤਾਨ ਨੇ ਇਸਨੂੰ ਡਰਾਅ ਐਲਾਨ ਦਿੱਤਾ; ਕੋਈ ਵੀ ਪੱਖ ਨਹੀਂ ਜਿੱਤਿਆ। ਪਰ ਬਰਾਬਰੀ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਜਿੱਤ ਜਾਂ ਹਾਰ ਹੁੰਦੀ ਹੈ। ਯੁੱਧ ਦੇ ਅੰਤ ਤੱਕ, ਅਸੀਂ 1,528 ਵਰਗ ਕਿਲੋਮੀਟਰ ਪਾਕਿਸਤਾਨੀ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ, ਜਦੋਂ ਕਿ ਉਨ੍ਹਾਂ ਨੇ ਸਿਰਫ਼ 554 ਕਿਲੋਮੀਟਰ ‘ਤੇ ਕਬਜ਼ਾ ਕੀਤਾ ਸੀ।

ਫੌਜੀ ਰਣਨੀਤੀਕਾਰ ਵੌਨ ਕਲਾਜ਼ਵਿਟਜ਼ ਦਾ ਕਹਿਣਾ ਹੈ ਕਿ ਜਿੱਤ ਉਸ ਧਿਰ ਦੀ ਮੰਨੀ ਜਾਂਦੀ ਹੈ ਜੋ ਦੁਸ਼ਮਣ ਦੀ ਜੰਗੀ ਮਸ਼ੀਨਰੀ ਅਤੇ ਲੜਾਈ ਦੀ ਭਾਵਨਾ ਨੂੰ ਨਸ਼ਟ ਕਰ ਦੇਵੇ। ਅਤੇ ਇਸ ਯੁੱਧ ਵਿੱਚ ਬਿਲਕੁਲ ਇਹੀ ਹੋਇਆ। ਅਸੀਂ ਪਾਕਿਸਤਾਨੀ ਸ਼ਸਤਰ ਤਬਾਹ ਕਰ ਦਿੱਤੇ। ਅਸੀਂ 200 ਤੋਂ ਵੱਧ ਟੈਂਕ ਤਬਾਹ ਕਰ ਦਿੱਤੇ। ਅਤੇ ਅਸੀਂ ਹੋਰ ਇਲਾਕੇ ਵੀ ਕਬਜ਼ੇ ਵਿੱਚ ਲੈ ਲਏ। ਇਸ ਲਈ, ਇਹ ਡਰਾਅ ਨਹੀਂ ਹੈ।

ਇਹ ਭਾਰਤ ਲਈ ਇੱਕ ਜਿੱਤ ਸੀ, ਜਿਸਨੂੰ ਪਾਕਿਸਤਾਨ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ। ਪਰ ਇਹ ਇੱਕ ਸਖ਼ਤ ਮਿਹਨਤ ਨਾਲ ਮਿਲੀ ਜਿੱਤ ਸੀ।

‘ਸਾਡਾ ਪੰਜਾਬ’ ਲਈ ਮੇਜਰ ਜਨਰਲ ਇਆਨ ਕਾਰਡੋਜ਼ੋ (ਸੇਵਾਮੁਕਤ) ਨਾਲ ਰਿਕਾਰਡ ਕੀਤੇ ਗਏ ਇੱਕ ਪੋਡਕਾਸਟ ‘ਤੇ ਆਧਾਰਿਤ। ਕਾਰਡੋਜ਼ੋ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਇੱਕ ਅਨੁਭਵੀ ਯੋਧਾ ਅਤੇ ‘1965 ਕੁਰੇਜ ਅਨਲੀਸ਼ਡ’ ਕਿਤਾਬ ਦੇ ਲੇਖਕ ਹਨ।

Maj Gen Ian Cardozo (Retd)

Cardozo is a veteran of the 1965 Indo-Pak war and author of '1965 Courage Unleashed'.

Post navigation

ਬਠਿੰਡਾ ‘ਚ ਸ਼ੁਰੂ ਹੋਇਆ ਅਨੋਖਾ AI ਪ੍ਰੋਜੈਕਟ, ਮਸ਼ੀਨਾਂ ਨੂੰ ਪੰਜਾਬੀ ਪੜ੍ਹਾ ਕੇ ਕਮਾਈ ਕਰਨਗੀਆਂ ਪੇਂਡੂ ਔਰਤਾਂ

ਪੰਜਾਬ ਦੇ ਪਿੰਡਾਂ ਦੀਆਂ ਔਰਤਾਂ, ਜੋ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਅਧੀਨ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ…

Leave a Comment

Leave a Reply

Your email address will not be published. Required fields are marked *