ਮਾਨਵਤਾ ਦੇ ਰਹਿਬਰ, ਸ਼ਾਂਤੀ ਦੇ ਪੁੰਜ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਇ ਭੋਇ ਦੀ ਤਲਵੰਡੀ, ਮੌਜੂਦਾ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ। ਉਸ ਸਮੇਂ ਭਾਰਤੀ ਸਮਾਜ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖੋਂ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਸੀ। ਸਮਾਜ ਵਿੱਚ ਊਚ-ਨੀਚ, ਛੂਤ-ਛਾਤ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਦਾ ਬੋਲਬਾਲਾ ਸੀ। ਹਾਕਮਾਂ ਦੇ ਜ਼ੁਲਮ ਅਤੇ ਸਮਾਜਿਕ ਅਸਮਾਨਤਾ ਨੇ ਆਮ ਲੋਕਾਂ ਦਾ ਜੀਵਨ ਦੁੱਭਰ ਕੀਤਾ ਹੋਇਆ ਸੀ।
ਅਜਿਹੇ ਅੰਧਕਾਰਮਈ ਮਾਹੌਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਗਟਾਵਾ ਇੱਕ ਅਜਿਹੀ ਰੱਬੀ ਰੌਸ਼ਨੀ ਵਜੋਂ ਹੋਇਆ, ਜਿਸ ਨੇ ਮਨੁੱਖ ਨੂੰ ਮਨੁੱਖ ਨਾਲ ਜੋੜਨ, ਸੱਚ ਦੇ ਰਾਹ ’ਤੇ ਤੁਰਨ ਅਤੇ ਇੱਕ ਅਕਾਲ ਪੁਰਖ ਦੀ ਹੋਂਦ ਨੂੰ ਸਮਝਣ ਦਾ ਸੁਨੇਹਾ ਦਿੱਤਾ। ਭਾਈ ਗੁਰਦਾਸ ਜੀ ਨੇ ਇਸ ਰੱਬੀ ਪ੍ਰਗਟਾਵੇ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਬਿਆਨ ਕੀਤਾ ਹੈ-
“ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ, ਤਾਰੇ ਛਪੇ ਅੰਧੇਰੁ ਪਲੋਆ॥”
ਗੁਰੂ ਸਾਹਿਬ ਨੇ ਕੇਵਲ ਅਧਿਆਤਮਿਕ ਰੌਸ਼ਨੀ ਹੀ ਨਹੀਂ ਬਖ਼ਸ਼ੀ, ਸਗੋਂ ਮਨੁੱਖ ਨੂੰ ਇੱਕ ਅਜਿਹਾ ਜੀਵਨ-ਮਾਰਗ ਵੀ ਦਿੱਤਾ, ਜਿਸ ਵਿੱਚ ਸੱਚੀ ਕਿਰਤ, ਨਾਮ ਸਿਮਰਨ, ਸੇਵਾ, ਵੰਡ ਛਕਣਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣਾ ਸ਼ਾਮਲ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਦਾ ਪਾਵਨ ਵਿਆਹ ਪੁਰਬ ਸਿਰਫ਼ ਇੱਕ ਇਤਿਹਾਸਕ ਵਿਆਹ ਦੀ ਯਾਦ ਨਹੀਂ, ਬਲਕਿ ਗ੍ਰਹਿਸਥ ਜੀਵਨ ਦੀ ਮਹਾਨਤਾ ਅਤੇ ਮਨੁੱਖੀ ਜ਼ਿੰਮੇਵਾਰੀਆਂ ਦਾ ਪ੍ਰਤੀਕ ਵੀ ਹੈ। ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਨਿਰਾਲੀ ਬੁੱਧੀ, ਡੂੰਘੀ ਸੋਚ ਅਤੇ ਰੱਬੀ ਲਿਵ ਵਾਲੀ ਸ਼ਖ਼ਸੀਅਤ ਦੇ ਮਾਲਕ ਸਨ। ਪੜ੍ਹਾਈ ਦੇ ਸਮੇਂ ਹੀ ਆਪ ਜੀ ਨੇ ਅਜਿਹੇ ਵਿਚਾਰ ਪ੍ਰਗਟ ਕੀਤੇ, ਜਿਨ੍ਹਾਂ ਨੇ ਉਸ ਸਮੇਂ ਦੇ ਅਧਿਆਪਕਾਂ ਅਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਨੇਊ ਪਾਉਣ ਦੀ ਰਸਮ ਸਮੇਂ ਵੀ ਗੁਰੂ ਸਾਹਿਬ ਨੇ ਬਾਹਰੀ ਧਾਗੇ ਦੀ ਬਜਾਏ ਦਇਆ, ਸੰਤੋਖ, ਜਤ ਅਤੇ ਸੱਚ ਦੇ ਗੁਣਾਂ ਵਾਲੇ ਅੰਦਰੂਨੀ ਜਨੇਊ ਦੀ ਗੱਲ ਕੀਤੀ।
ਪਿਤਾ ਮਹਿਤਾ ਕਾਲੂ ਜੀ ਦੀ ਇੱਛਾ ਸੀ ਕਿ ਪੁੱਤਰ ਕਾਰੋਬਾਰ ਕਰੇ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲੇ। ਇਸੇ ਤਹਿਤ ਇੱਕ ਵਾਰ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਕਰਨ ਲਈ ਰਕਮ ਦਿੱਤੀ, ਪਰ ਗੁਰੂ ਸਾਹਿਬ ਨੇ ਉਸ ਰਕਮ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਕੇ ‘ਸੱਚਾ ਸੌਦਾ’ ਕੀਤਾ। ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਕਿ ਗੁਰੂ ਸਾਹਿਬ ਲਈ ਮਨੁੱਖੀ ਸੇਵਾ ਹੀ ਸਭ ਤੋਂ ਵੱਡਾ ਵਪਾਰ ਸੀ। ਬਾਅਦ ਵਿੱਚ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਅਤੇ ਜੀਜਾ ਜੈ ਰਾਮ ਜੀ ਕੋਲ ਸੁਲਤਾਨਪੁਰ ਲੋਧੀ ਪਹੁੰਚੇ। ਇੱਥੇ ਜੈ ਰਾਮ ਜੀ ਨੇ ਆਪ ਜੀ ਨੂੰ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਸੇਵਾ ਲਈ ਲਗਵਾ ਦਿੱਤਾ। ਗੁਰੂ ਸਾਹਿਬ ਨੇ ਇੱਥੇ ਇਮਾਨਦਾਰੀ ਨਾਲ ਸੇਵਾ ਕੀਤੀ ਅਤੇ ਲੋੜਵੰਦਾਂ ਨਾਲ ਹਮਦਰਦੀ ਦਾ ਵਿਹਾਰ ਕੀਤਾ। ‘ਤੇਰਾ-ਤੇਰਾ’ ਆਖਦਿਆਂ ਰਾਸ਼ਨ ਤੋਲਣ ਦੀ ਘਟਨਾ ਗੁਰੂ ਸਾਹਿਬ ਦੀ ਰੱਬੀ ਲਿਵ ਅਤੇ ਲੋਕ-ਭਲਾਈ ਵਾਲੀ ਸੋਚ ਨੂੰ ਦਰਸਾਉਂਦੀ ਹੈ।
ਬੀਬੀ ਸੁਲੱਖਣੀ ਜੀ ਨਾਲ ਵਿਆਹ ਅਤੇ ਸੁਲਤਾਨਪੁਰ ਲੋਧੀ ਤੋਂ ਬਟਾਲੇ ਤੱਕ ਨਿਰਾਲੀ ਬਰਾਤ

ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਦੂਰ-ਦੂਰ ਤੱਕ ਫੈਲ ਚੁੱਕੀ ਸੀ। ਉਨ੍ਹਾਂ ਦੇ ਉੱਚੇ ਆਚਰਨ, ਨਿਮਰਤਾ, ਸੱਚਾਈ ਅਤੇ ਰੱਬੀ ਗਿਆਨ ਤੋਂ ਪ੍ਰਭਾਵਿਤ ਹੋ ਕੇ ਬਟਾਲਾ ਨਿਵਾਸੀ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਨੇ ਆਪਣੀ ਧੀ ਬੀਬੀ ਸੁਲੱਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਦੇਵ ਜੀ ਨਾਲ ਕਰਨ ਦੀ ਇੱਛਾ ਪ੍ਰਗਟ ਕੀਤੀ। ਇਤਿਹਾਸਕ ਪਰੰਪਰਾਵਾਂ ਅਨੁਸਾਰ, ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ ਵਿਆਹ 1487 ਈਸਵੀ ਵਿੱਚ ਬਟਾਲਾ ਵਿਖੇ ਹੋਇਆ। ਉਸ ਸਮੇਂ ਗੁਰੂ ਸਾਹਿਬ ਦੀ ਉਮਰ ਲਗਭਗ 18 ਸਾਲ ਸੀ। ਇਹ ਵਿਆਹ ਸਿਰਫ਼ ਦੋ ਵਿਅਕਤੀਆਂ ਦਾ ਮਿਲਾਪ ਨਹੀਂ ਸੀ, ਸਗੋਂ ਅੱਗੇ ਚੱਲ ਕੇ ਗੁਰੂ ਸਾਹਿਬ ਦੇ ਜੀਵਨ ਵਿੱਚ ਗ੍ਰਹਿਸਥ ਧਰਮ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲਾ ਇਤਿਹਾਸਕ ਪੜਾਅ ਬਣਿਆ।
ਗੁਰੂ ਨਾਨਕ ਦੇਵ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਪਹੁੰਚੀ। ਇਸ ਬਰਾਤ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕ ਸ਼ਾਮਲ ਸਨ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਭਾਈ ਮਰਦਾਨਾ ਜੀ ਵਰਗੇ ਨੇੜਲੇ ਸਾਥੀ ਵੀ ਗੁਰੂ ਸਾਹਿਬ ਦੇ ਨਾਲ ਸਨ। ਇਤਿਹਾਸਕ ਸਰੋਤਾਂ ਵਿੱਚ ਇਸ ਬਰਾਤ ਨਾਲ ਜੁੜੇ ਕਈ ਪਤਵੰਤੇ ਸੱਜਣਾਂ ਦੇ ਨਾਮ ਵੀ ਮਿਲਦੇ ਹਨ। ਬਟਾਲਾ ਪਹੁੰਚਣ ’ਤੇ ਨਗਰ ਵਾਸੀਆਂ ਵੱਲੋਂ ਬਰਾਤ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਈ ਸੰਤੋਖ ਸਿੰਘ ਜੀ ਨੇ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿੱਚ ਬਰਾਤ ਦੇ ਬਟਾਲਾ ਪਹੁੰਚਣ ਦਾ ਜ਼ਿਕਰ ਕਰਦਿਆਂ ਲਿਖਿਆ- “ਨਗਰ ਨਿਕਟਿ ਇਸਥਿਤ ਕਰੀ, ਸਭਿ ਬਰਾਤ ਨੇ ਜਾਇ।” ਇਸ ਤਰ੍ਹਾਂ ਬਟਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਇੱਕ ਅਜਿਹੇ ਇਤਿਹਾਸਕ ਸਥਾਨ ਵਜੋਂ ਜੁੜ ਗਿਆ, ਜਿਸ ਦੀ ਮਹੱਤਤਾ ਅੱਜ ਵੀ ਕਾਇਮ ਹੈ।
ਗੁਰਦੁਆਰਾ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਅਤੇ ਬਟਾਲੇ ਦੀ ਇਤਿਹਾਸਕ ਮਹੱਤਤਾ

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਬਟਾਲੇ ਦੀ ਧਰਤੀ ’ਤੇ ਵਾਪਰੇ ਕਈ ਪ੍ਰਸੰਗ ਲੋਕ-ਚੇਤਨਾ ਵਿੱਚ ਅੱਜ ਵੀ ਵੱਸੇ ਹੋਏ ਹਨ। ਇਨ੍ਹਾਂ ਵਿੱਚ ‘ਕੰਧ ਸਾਹਿਬ’ ਨਾਲ ਜੁੜਿਆ ਪ੍ਰਸੰਗ ਵਿਸ਼ੇਸ਼ ਤੌਰ ’ਤੇ ਪ੍ਰਸਿੱਧ ਹੈ। ਪਰੰਪਰਾ ਅਨੁਸਾਰ, ਵਿਆਹ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਜੀ ਇੱਕ ਕੱਚੀ ਕੰਧ ਦੇ ਨੇੜੇ ਬੈਠੇ ਸਨ। ਬਰਸਾਤ ਕਾਰਨ ਕੰਧ ਦੇ ਡਿੱਗਣ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ। ਇਸ ਮੌਕੇ ਗੁਰੂ ਸਾਹਿਬ ਨਾਲ ਜੁੜੇ ਬਚਨ ਅਤੇ ਕੰਧ ਦੇ ਕਾਇਮ ਰਹਿਣ ਦੀ ਸਾਖੀ ਸਿੱਖ ਸੰਗਤ ਵਿੱਚ ਸ਼ਰਧਾ ਨਾਲ ਯਾਦ ਕੀਤੀ ਜਾਂਦੀ ਹੈ। ਅੱਜ ਇਸ ਪਵਿੱਤਰ ਸਥਾਨ ’ਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਇੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ। ਵਿਆਹ ਪੁਰਬ ਮੌਕੇ ਇਸ ਅਸਥਾਨ ’ਤੇ ਵਿਸ਼ੇਸ਼ ਧਾਰਮਿਕ ਸਮਾਗਮ ਹੁੰਦੇ ਹਨ ਅਤੇ ਸੰਗਤ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਇਤਿਹਾਸਕ ਯਾਦਾਂ ਨੂੰ ਸ਼ਰਧਾ ਨਾਲ ਯਾਦ ਕਰਦੀ ਹੈ।

ਬਟਾਲਾ ਸ਼ਹਿਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸਬੰਧਤ ਇੱਕ ਹੋਰ ਪ੍ਰਮੁੱਖ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਹੈ। ਇਤਿਹਾਸਕ ਪਰੰਪਰਾ ਅਨੁਸਾਰ ਇਹ ਉਹ ਸਥਾਨ ਹੈ, ਜਿੱਥੇ ਮਾਤਾ ਸੁਲੱਖਣੀ ਜੀ ਦੇ ਮਾਤਾ-ਪਿਤਾ ਦਾ ਗ੍ਰਹਿ ਸੀ ਅਤੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਸੰਪੰਨ ਹੋਇਆ। ਇਸ ਤੋਂ ਇਲਾਵਾ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵੀ ਬਟਾਲੇ ਦੀ ਧਾਰਮਿਕ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ। ਇਸ ਅਸਥਾਨ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਹੈ, ਜੋ ਆਪਣੇ ਜੇਠੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਲਈ ਬਟਾਲਾ ਪਧਾਰੇ ਸਨ। ਇਸ ਤਰ੍ਹਾਂ ਬਟਾਲੇ ਨੂੰ ਪਹਿਲੀ ਅਤੇ ਛੇਵੀਂ ਪਾਤਸ਼ਾਹੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਕਰਕੇ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹਾਸਲ ਹੈ।
ਵਿਆਹ ਪੁਰਬ ਅਤੇ ਗ੍ਰਹਿਸਥ ਜੀਵਨ ਦਾ ਮਹਾਨ ਸੁਨੇਹਾ

ਗੁਰੂ ਨਾਨਕ ਦੇਵ ਜੀ ਦਾ ਵਿਆਹ ਸਿੱਖ ਫ਼ਲਸਫ਼ੇ ਵਿੱਚ ਗ੍ਰਹਿਸਥ ਜੀਵਨ ਦੀ ਮਹੱਤਤਾ ਨੂੰ ਸਮਝਣ ਲਈ ਬਹੁਤ ਅਹਿਮ ਹੈ। ਉਸ ਸਮੇਂ ਕਈ ਧਾਰਮਿਕ ਪਰੰਪਰਾਵਾਂ ਵਿੱਚ ਸੰਸਾਰਕ ਜੀਵਨ ਤੋਂ ਦੂਰ ਹੋ ਜਾਣ ਅਤੇ ਜੰਗਲਾਂ ਜਾਂ ਪਹਾੜਾਂ ਵਿੱਚ ਤਪੱਸਿਆ ਕਰਨ ਨੂੰ ਆਤਮਿਕ ਉੱਚਤਾ ਨਾਲ ਜੋੜਿਆ ਜਾਂਦਾ ਸੀ। ਗੁਰੂ ਸਾਹਿਬ ਨੇ ਇਸ ਦੇ ਉਲਟ ਮਨੁੱਖ ਨੂੰ ਘਰ-ਪਰਿਵਾਰ ਵਿੱਚ ਰਹਿੰਦਿਆਂ ਸੱਚਾ ਜੀਵਨ ਜਿਊਣ ਦਾ ਰਾਹ ਦਿਖਾਇਆ। ਗੁਰੂ ਸਾਹਿਬ ਨੇ ਵਿਆਹ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ। ਬੀਬੀ ਸੁਲੱਖਣੀ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰਾਂ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲੱਖਮੀ ਦਾਸ ਜੀ ਦਾ ਜਨਮ ਹੋਇਆ। ਬਾਅਦ ਵਿੱਚ ਗੁਰੂ ਸਾਹਿਬ ਨੇ ਵਿਸ਼ਵ ਮਾਨਵਤਾ ਨੂੰ ਸੱਚ, ਨਾਮ, ਕਿਰਤ ਅਤੇ ਵੰਡ ਛਕਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ। ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਖੁਦ ਖੇਤੀ ਕੀਤੀ ਅਤੇ ਸੰਗਤ ਨਾਲ ਮਿਲ ਕੇ ਕਿਰਤ ਅਤੇ ਸੇਵਾ ਦਾ ਜੀਵਨ ਬਤੀਤ ਕੀਤਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗ੍ਰਹਿਸਥ ਧਰਮ ਸਿਰਫ਼ ਪਰਿਵਾਰ ਪਾਲਣ ਤੱਕ ਸੀਮਤ ਨਹੀਂ ਸੀ, ਸਗੋਂ ਸੱਚੀ ਕਿਰਤ, ਸੇਵਾ, ਸਿਮਰਨ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਸੀ।
ਅੱਜ ਵੀ ਜਾਰੀ ਹੈ ਵਿਆਹ ਪੁਰਬ ਦਾ ਜੋੜ ਮੇਲਾ

ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਟਾਲਾ ਪਹੁੰਚਦੀਆਂ ਹਨ। ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਵਿੱਚ ਧਾਰਮਿਕ ਦੀਵਾਨ, ਕੀਰਤਨ, ਕਥਾ, ਢਾਡੀ ਦਰਬਾਰ ਅਤੇ ਹੋਰ ਸਮਾਗਮ ਕਰਵਾਏ ਜਾਂਦੇ ਹਨ। ਵਿਆਹ ਪੁਰਬ ਦੀ ਸਭ ਤੋਂ ਵਿਲੱਖਣ ਝਲਕ ਬਰਾਤ ਦੇ ਰੂਪ ਵਿੱਚ ਸਜਾਇਆ ਜਾਣ ਵਾਲਾ ਨਗਰ ਕੀਰਤਨ ਹੁੰਦਾ ਹੈ। ਸੁਲਤਾਨਪੁਰ ਲੋਧੀ ਤੋਂ ਬਟਾਲੇ ਤੱਕ ਗੁਰੂ ਸਾਹਿਬ ਦੇ ਵਿਆਹ ਨਾਲ ਜੁੜੀ ਇਤਿਹਾਸਕ ਯਾਤਰਾ ਨੂੰ ਯਾਦ ਕਰਦਿਆਂ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਜਾਂਦਾ ਹੈ। ਰਸਤੇ ਵਿੱਚ ਲੰਗਰ ਲਗਾਏ ਜਾਂਦੇ ਹਨ ਅਤੇ ਸੇਵਾਦਾਰ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਹਨ। ਇਸ ਦੌਰਾਨ ਪੂਰਾ ਬਟਾਲਾ ਧਾਰਮਿਕ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਗੁਰੂ ਸਾਹਿਬ ਦੇ ਜੈਕਾਰਿਆਂ ਨਾਲ ਗਲੀਆਂ ਅਤੇ ਬਾਜ਼ਾਰ ਗੂੰਜ ਉੱਠਦੇ ਹਨ ਅਤੇ ਸੰਗਤਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੀਆਂ ਹਨ।
ਗੁਰੂ ਨਾਨਕ ਦੇਵ ਜੀ ਦਾ ਜੀਵਨ ਅੱਜ ਵੀ ਮਨੁੱਖਤਾ ਲਈ ਰਾਹਦਰਸ਼ਕ ਹੈ। ਉਨ੍ਹਾਂ ਨੇ ਮਨੁੱਖ ਨੂੰ ਨਾਮ ਸਿਮਰਨ, ਇਮਾਨਦਾਰ ਕਿਰਤ ਅਤੇ ਆਪਣੀ ਕਮਾਈ ਵਿੱਚੋਂ ਦੂਜਿਆਂ ਨਾਲ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ। ਅੱਜ ਦੇ ਭੌਤਿਕਵਾਦੀ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿੱਚ ਇਹ ਸਿੱਖਿਆਵਾਂ ਹੋਰ ਵੀ ਮਹੱਤਵਪੂਰਨ ਬਣ ਜਾਂਦੀਆਂ ਹਨ। ਗੁਰੂ ਸਾਹਿਬ ਨੇ ਜਾਤ-ਪਾਤ, ਊਚ-ਨੀਚ ਅਤੇ ਧਾਰਮਿਕ ਵੰਡ ਦਾ ਵਿਰੋਧ ਕੀਤਾ। ਉਨ੍ਹਾਂ ਨੇ ਔਰਤ ਨੂੰ ਸਤਿਕਾਰ ਦਿੰਦਿਆਂ ਕਿਹਾ-“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਵਾਤਾਵਰਨ ਪ੍ਰਤੀ ਵੀ ਗੁਰੂ ਸਾਹਿਬ ਦੀ ਸੋਚ ਬਹੁਤ ਡੂੰਘੀ ਸੀ-
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।”
ਇਹ ਪੰਕਤੀਆਂ ਮਨੁੱਖ ਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀਆਂ ਹਨ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਵੀ ਨਿਡਰ ਆਵਾਜ਼ ਬੁਲੰਦ ਕੀਤੀ। ਬਾਬਰ ਦੇ ਹਮਲਿਆਂ ਸਮੇਂ ਉਚਾਰੀ ਗਈ ਬਾਣੀ ਵਿੱਚ ਉਨ੍ਹਾਂ ਨੇ ਹਾਕਮਾਂ ਦੇ ਜ਼ੁਲਮ ਅਤੇ ਲੋਕਾਂ ਦੀ ਪੀੜਾ ਨੂੰ ਬੜੀ ਨਿਰਭਉਤਾ ਨਾਲ ਬਿਆਨ ਕੀਤਾ- “ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖੁ ਕਰਿ ਉਡਰਿਆ।” ਇਸ ਲਈ ਵਿਆਹ ਪੁਰਬ ਸਿਰਫ਼ ਖੁਸ਼ੀ ਦਾ ਧਾਰਮਿਕ ਦਿਹਾੜਾ ਨਹੀਂ, ਸਗੋਂ ਗੁਰੂ ਸਾਹਿਬ ਦੇ ਸਮੁੱਚੇ ਜੀਵਨ-ਦਰਸ਼ਨ ਨੂੰ ਯਾਦ ਕਰਨ ਦਾ ਮੌਕਾ ਵੀ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ, ਅਸੀਂ ਵਿਆਹ ਪੁਰਬ ਨੂੰ ਸਿਰਫ਼ ਇੱਕ ਧਾਰਮਿਕ ਮੇਲੇ ਵਜੋਂ ਨਾ ਵੇਖੀਏ, ਬਲਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਮੌਕਾ ਬਣਾਈਏ। ਸੱਚ ਬੋਲਣਾ, ਇਮਾਨਦਾਰੀ ਨਾਲ ਕਿਰਤ ਕਰਨੀ, ਲੋੜਵੰਦ ਦੀ ਮਦਦ ਕਰਨੀ, ਔਰਤ ਦਾ ਸਤਿਕਾਰ ਕਰਨਾ, ਕੁਦਰਤ ਦੀ ਸੰਭਾਲ ਕਰਨੀ ਅਤੇ ਹਰ ਮਨੁੱਖ ਨੂੰ ਬਰਾਬਰ ਸਮਝਣਾ- ਇਹੀ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੀ ਅਸਲ ਰੂਹ ਹੈ। ਬਟਾਲੇ ਦੀ ਪਾਵਨ ਧਰਤੀ ਤੋਂ ਗੂੰਜਦਾ ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਅੱਜ ਵੀ ਓਨਾ ਹੀ ਸਾਰਥਕ ਹੈ- ਮਨੁੱਖਤਾ ਨੂੰ ਵੰਡਣ ਦੀ ਬਜਾਏ ਜੋੜੋ, ਨਫ਼ਰਤ ਦੀ ਥਾਂ ਪਿਆਰ ਵੰਡੋ ਅਤੇ ਗ੍ਰਹਿਸਥੀ ਜੀਵਨ ਨੂੰ ਸੱਚ, ਸੇਵਾ ਅਤੇ ਸਿਮਰਨ ਨਾਲ ਸਾਰਥਕ ਬਣਾਓ। ਇਹੀ ਪਾਵਨ ਵਿਆਹ ਪੁਰਬ ਦੀ ਸਭ ਤੋਂ ਵੱਡੀ ਪ੍ਰੇਰਣਾ ਅਤੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ।




Leave a Comment