Lieutenant General Harbaksh Singh

ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ: 1965 ਦੀ ਜੰਗ ਦੇ ਅਸਲੀ ਹੀਰੋ

ਲੈਫ਼ਟੀਨੈਂਟ ਜਨਰਲ ਹਰਬਖ਼ਸ਼ ਸਿੰਘ ਭਾਰਤੀ ਫ਼ੌਜ ਦੇ ਉਨ੍ਹਾਂ ਮਹਾਨ ਜਰਨੈਲਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਦੇਸ਼ ਦੇ ਇਤਿਹਾਸ ਦਾ ਰੁਖ਼ ਬਦਲ ਦਿੱਤਾ। 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪੱਛਮੀ ਫ਼ੌਜੀ ਕਮਾਂਡ (Western Command) ਦੀ ਅਗਵਾਈ ਕਰਦੇ ਸਮੇਂ ਦਿਖਾਈ ਗਈ ਬੇਮਿਸਾਲ ਹਿੰਮਤ, ਦੂਰਅੰਦੇਸ਼ੀ ਅਤੇ ਦ੍ਰਿੜਤਾ ਲਈ ਉਨ੍ਹਾਂ ਨੂੰ “ਪੰਜਾਬ ਦਾ ਰਾਖਾ” ਵਜੋਂ ਸਤਿਕਾਰਿਆ ਜਾਂਦਾ ਹੈ।

ਮੁੱਢਲਾ ਜੀਵਨ, ਜਨਮ ਅਤੇ ਸਿੱਖਿਆ

ਜਨਰਲ ਹਰਬਖ਼ਸ਼ ਸਿੰਘ ਦਾ ਜਨਮ 1 ਅਕਤੂਬਰ 1913 ਨੂੰ ਜੀਂਦ ਰਿਆਸਤ ਦੇ ਪਿੰਡ ਬਡਰੁੱਖਾਂ (ਜ਼ਿਲ੍ਹਾ ਸੰਗਰੂਰ, ਪੰਜਾਬ) ਵਿੱਚ ਇੱਕ ਰੱਜੇ-ਪੁੱਜੇ ਮਾਧੜ ਜੱਟ ਪਰਿਵਾਰ ਵਿੱਚ ਹੋਇਆ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਡਾ. ਹਰਨਾਮ ਸਿੰਘ ਪਿੰਡ ਦੇ ਪਹਿਲੇ ਡਾਕਟਰ ਸਨ, ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਜੀਂਦ ਇਨਫੈਂਟਰੀ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ। ਹਰਬਖ਼ਸ਼ ਸਿੰਘ ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਨੇ ਸੰਗਰੂਰ ਦੇ ਰਣਬੀਰ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਸਰਕਾਰੀ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ।

ਫ਼ੌਜੀ ਸਫ਼ਰ ਅਤੇ ਰੈਜੀਮੈਂਟ

Military Career and Regiment
Pic Credit: Social Media

ਹਰਬਖ਼ਸ਼ ਸਿੰਘ 1933 ਵਿੱਚ ਇੰਡੀਅਨ ਮਿਲਟਰੀ ਅਕੈਡਮੀ (IMA), ਦੇਹਰਾਦੂਨ ਦੇ ਪਹਿਲੇ ਬੈਚ ਵਿੱਚ ਸ਼ਾਮਲ ਹੋਏ ਅਤੇ 15 ਜੁਲਾਈ 1935 ਨੂੰ ਭਾਰਤੀ ਫ਼ੌਜ ਵਿੱਚ ਕਮਿਸ਼ਨ ਹਾਸਲ ਕੀਤਾ। ਸ਼ੁਰੂਆਤ ਵਿੱਚ ਉਹ ਬ੍ਰਿਟਿਸ਼ ਆਰਮੀ ਦੀ ਰੈਜੀਮੈਂਟ ‘Argyll and Sutherland Highlanders’ ਨਾਲ ਜੁੜੇ ਜਿਸ ਦੌਰਾਨ ਉਨ੍ਹਾਂ ਨੇ ਉੱਤਰ-ਪੱਛਮੀ ਸਰਹੱਦ (NWFP) ਵਿੱਚ ਮੋਹਮੰਦ ਮੁਹਿੰਮ ਵਿੱਚ ਹਿੱਸਾ ਲਿਆ। 1936 ਨੂੰ ਔਰੰਗਾਬਾਦ ਵਿਖੇ 11ਵੀਂ ਸਿੱਖ ਰੈਜੀਮੈਂਟ ਦੀ 5ਵੀਂ ਬਟਾਲੀਅਨ ਵਿੱਚ ਸ਼ਾਮਲ ਹੋਏ।

ਦੂਜੇ ਵਿਸ਼ਵ ਯੁੱਧ ਦੌਰਾਨ ਮਲਾਇਆ ਮੁਹਿੰਮ ਵਿੱਚ ਦੁਸ਼ਮਣਾਂ ਨਾਲ ਲੜਦਿਆਂ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਸਿੰਗਾਪੁਰ ਪਤਨ ਤੋਂ ਬਾਅਦ ਜਾਪਾਨੀ ਫ਼ੌਜ ਵੱਲੋਂ ਜੰਗੀ ਕੈਦੀ (POW) ਬਣਾ ਲਏ ਗਏ। ਕੈਦ ਦੌਰਾਨ, ਉਨ੍ਹਾਂ ਬੇਰੀ-ਬੇਰੀ ਅਤੇ ਕੁਪੋਸ਼ਣ ਵਰਗੀਆਂ ਭਿਆਨਕ ਤਕਲੀਫ਼ਾਂ ਝੱਲੀਆਂ, ਪਰ ਉਹ ਅੰਤ ਤੱਕ ਆਪਣੇ ਅਸੂਲਾਂ ‘ਤੇ ਕਾਇਮ ਰਹੇ। 1945 ਵਿੱਚ ਰਿਹਾਅ ਹੋਣ ਤੋਂ ਬਾਅਦ ਉਹ ਭਾਰਤ ਪਰਤੇ।

ਲੈਫ਼ਟੀਨੈਂਟ ਜਨਰਲ ਹਰਬਖ਼ਸ਼ ਸਿੰਘ ਨੇ 14 ਨਵੰਬਰ 1999 ਨੂੰ 86 ਸਾਲ ਦੀ ਉਮਰ ਵਿੱਚ ਨਵੀਂ ਦਿੱਲੀ ਵਿਖੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਪੂਰੇ ਫ਼ੌਜੀ ਸਨਮਾਨ ਨਾਲ ਦੇਸ਼ ਨੇ ਉਨ੍ਹਾਂ ਨੂੰ ਅਲਵਿਦਾ ਕਿਹਾ।

15 ਵਿਲੱਖਣ ਅਤੇ ਅਣਗੌਲੇ ਤੱਥ

The Real Hero of the 1965 War
Pic Credit: Social Media
  1. ਪਿੱਛੇ ਹਟਣ ਦੇ ਹੁਕਮ ਨੂੰ ਨਕਾਰਨਾ: 1965 ਦੀ ਜੰਗ ਦੌਰਾਨ, ਜਦੋਂ ਪਾਕਿਸਤਾਨ ਦੀ ਫ਼ਰਸਟ ਆਰਮਰਡ ਡਿਵੀਜ਼ਨ ਨੇ ਅਮਰੀਕੀ ਪੈਟਨ ਟੈਂਕਾਂ ਨਾਲ ਖੇਮਕਰਨ ਸੈਕਟਰ ‘ਤੇ ਹਮਲਾ ਕੀਤਾ, ਤਾਂ ਦਿੱਲੀ ਬੈਠੇ ਆਰਮੀ ਫ਼ੌਜ ਚੀਫ਼ ਜਨਰਲ ਜੇ.ਐਨ. ਚੌਧਰੀ ਘਬਰਾ ਗਏ। ਉਨ੍ਹਾਂ ਨੇ ਲੈਫ਼ਟੀਨੈਂਟ ਜਨਰਲ ਹਰਬਖ਼ਸ਼ ਸਿੰਘ ਨੂੰ ਜ਼ੁਬਾਨੀ ਹੁਕਮ ਦਿੱਤਾ ਕਿ ਉਹ 11 Corps ਨੂੰ ਪਿੱਛੇ ਹਟਾ ਕੇ ਬਿਆਸ ਦਰਿਆ ਦੀ ਰੱਖਿਆ ਲਾਈਨ ‘ਤੇ ਲੈ ਆਉਣ।

ਜਨਰਲ ਹਰਬਖ਼ਸ਼ ਸਿੰਘ ਦੇ ਅਨੁਸਾਰ, ਇਸ ਤਰ੍ਹਾਂ ਪਿੱਛੇ ਹਟਣ ਦਾ ਮਤਲਬ ਸੀ ਕਿ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਵਰਗੇ ਪੰਜਾਬ ਦੇ ਅਹਿਮ ਇਲਾਕੇ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਬਿਨਾਂ ਲੜੇ ਦੁਸ਼ਮਣ ਦੇ ਹਵਾਲੇ ਕਰ ਦੇਣਾ। ਇਸ ਇਤਿਹਾਸਕ ਮੋੜ ‘ਤੇ ਜਨਰਲ ਹਰਬਖ਼ਸ਼ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਆਪਣੇ ਉੱਚ ਅਧਿਕਾਰੀ ਦੇ ਇਸ ਹੁਕਮ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਜੇਕਰ ਇਹ ਹੁਕਮ ਲਾਗੂ ਕਰਵਾਉਣਾ ਹੈ, ਤਾਂ ਪਹਿਲਾਂ ਲਿਖਤੀ ਆਦੇਸ਼ ਭੇਜਿਆ ਜਾਵੇ। ਇਸ ਫ਼ੈਸਲੇ ਨੇ ਨਾ ਸਿਰਫ਼ ਪੰਜਾਬ ਨੂੰ ਬਚਾਇਆ, ਸਗੋਂ ਜੰਗ ਦਾ ਰੁਖ਼ ਬਦਲ ਕੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ।

  1. ‘ਪੈਟਨ ਨਗਰ’ ਦੀ ਸਿਰਜਣਾ: ਖੇਮਕਰਨ ਨੇੜੇ Asal Uttar ਦੀ ਲੜਾਈ ਵਿੱਚ, ਉਨ੍ਹਾਂ ਨੇ ਨਹਿਰਾਂ ਦੇ ਬੰਨ੍ਹ ਤੋੜ ਕੇ ਖੇਤਾਂ ਵਿੱਚ ਪਾਣੀ ਭਰਵਾ ਦਿੱਤਾ, ਜਿਸ ਨਾਲ ਪਾਕਿਸਤਾਨ ਦੇ ਅਜਿੱਤ ਮੰਨੇ ਜਾਂਦੇ ਅਮਰੀਕੀ ‘ਪੈਟਨ ਟੈਂਕ’ ਚਿੱਕੜ ਵਿੱਚ ਫਸ ਗਏ। ਭਾਰਤੀ ਫ਼ੌਜ ਨੇ ਲਗਭਗ 100 ਪਾਕਿਸਤਾਨੀ ਟੈਂਕ ਤਬਾਹ ਜਾਂ ਕਬਜ਼ੇ ਵਿੱਚ ਲਏ, ਜਿਸ ਕਾਰਨ ਉਸ ਜਗ੍ਹਾ ਦਾ ਨਾਂ “ਪੈਟਨ ਨਗਰ” ਪੈ ਗਿਆ।
  2. ਹਾਜੀ ਪੀਰ ਦੱਰੇ ‘ਤੇ ਇਤਿਹਾਸਕ ਜਿੱਤ: ਉਨ੍ਹਾਂ ਦੀ ਅਗਵਾਈ ਹੇਠ ਮੇਜਰ ਰਣਜੀਤ ਸਿੰਘ ਦਿਆਲ ਦੀ ਟੁਕੜੀ ਨੇ 28 ਅਗਸਤ 1965 ਨੂੰ ਹਾਜੀ ਪੀਰ ਦੱਰੇ ‘ਤੇ ਤਿਰੰਗਾ ਲਹਿਰਾਇਆ, ਜਿਸ ਨੇ ਪਾਕਿਸਤਾਨ ਦੇ ‘Operation Gibraltar’ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।
  3. ਮੇਘਦੂਤ ਫੋਰਸ ਦੀ ਸਥਾਪਨਾ: 1965 ਦੀ ਜੰਗ ਦੌਰਾਨ ਮੇਜਰ ਮੇਘ ਸਿੰਘ ਦੇ ਪ੍ਰਸਤਾਵ ‘ਤੇ ਕਾਰਵਾਈ ਕਰਦਿਆਂ, ਸਰਕਾਰੀ ਮਨਜ਼ੂਰੀ ਦੀ ਉਡੀਕ ਕੀਤੇ ਬਿਨਾਂ, ਹਰਬਖ਼ਸ਼ ਸਿੰਘ ਨੇ ਦੁਸ਼ਮਣ ਦੀਆਂ ਸਰਹੱਦਾਂ ‘ਤੇ ਗੁਰੀਲਾ ਹਮਲੇ ਕਰਨ ਲਈ ‘ਮੇਘਦੂਤ ਫੋਰਸ’ ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ। ਇਹ ਯੂਨਿਟ ਬਾਅਦ ਵਿੱਚ ਭਾਰਤੀ ਫ਼ੌਜ ਦੀ ਮਸ਼ਹੂਰ ‘9 ਪੈਰਾ’ (ਸਪੈਸ਼ਲ ਫੋਰਸਿਜ਼) ਬਣੀ।
  4. ਲਾਹੌਰ-ਸਿਆਲਕੋਟ ਵੱਲ ਹਮਲਾ: ਜਦੋਂ ਪਾਕਿਸਤਾਨ ਨੇ ਛੰਬ ਸੈਕਟਰ ਵਿੱਚ ‘Operation Grand Slam’ ਤਹਿਤ ਹਮਲਾ ਕਰਕੇ ਕਸ਼ਮੀਰ ਨੂੰ ਭਾਰਤ ਨਾਲੋਂ ਕੱਟਣ ਦੀ ਸਾਜ਼ਿਸ਼ ਰਚੀ, ਤਾਂ ਹਰਬਖ਼ਸ਼ ਸਿੰਘ ਨੇ ਲਾਹੌਰ (ਇੱਛੋਗਿਲ ਨਹਿਰ) ਅਤੇ ਸਿਆਲਕੋਟ ਵੱਲ ਕੌਮਾਂਤਰੀ ਸਰਹੱਦ ਪਾਰ ਕਰਕੇ ਜਵਾਬੀ ਮੋਰਚਾ ਖੋਲ੍ਹਣ ਦੀ ਰਣਨੀਤੀ ਬਣਾਈ, ਜਿਸ ਨਾਲ ਪਾਕਿਸਤਾਨ ਨੂੰ ਕਸ਼ਮੀਰ ਤੋਂ ਆਪਣੀ ਫ਼ੌਜ ਪਿੱਛੇ ਹਟਾਉਣੀ ਪਈ।
  5. ਆਪਣੇ ਰੈਂਕ ਨੂੰ ਖ਼ੁਦ ਘਟਾਉਣਾ: 1947 ਵਿੱਚ, ਜਦੋਂ 1 ਸਿੱਖ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ ਸ਼ਹੀਦ ਹੋ ਗਏ, ਤਾਂ ਕਰਨਲ ਹਰਬਖ਼ਸ਼ ਸਿੰਘ ਨੇ ਖ਼ੁਦ ਮੋਰਚਾ ਸਾਂਭਣ ਲਈ ਸਵੈ-ਇੱਛਾ ਨਾਲ ਆਪਣੀ ਵਰਦੀ ਤੋਂ ਇੱਕ ਸਿਤਾਰਾ ਲਾਹ ਕੇ ਲੈਫ਼ਟੀਨੈਂਟ ਕਰਨਲ ਦਾ ਅਹੁਦਾ ਸੰਭਾਲਿਆ।
  6. ਸ਼੍ਰੀਨਗਰ ਦੀ ਰੱਖਿਆ: ਨਵੰਬਰ 1947 ਵਿੱਚ ਸ਼ਾਲਾਤੈਂਗ ਵਿਖੇ ਸਿਰਫ਼ 4 ਮੀਲ ਦੀ ਦੂਰੀ ‘ਤੇ ਪਹੁੰਚੇ ਕਬਾਇਲੀ ਹਮਲਾਵਰਾਂ ‘ਤੇ ਉਨ੍ਹਾਂ ਨੇ ਅਜਿਹੀ ਰਣਨੀਤਕ ਘੇਰਾਬੰਦੀ ਕੀਤੀ ਕਿ 470 ਤੋਂ ਵੱਧ ਦੁਸ਼ਮਣ ਮਾਰੇ ਗਏ ਅਤੇ ਸ਼੍ਰੀਨਗਰ ਹਵਾਈ ਅੱਡਾ ਹੱਥੋਂ ਨਿਕਲਣ ਤੋਂ ਬਚ ਗਿਆ।
  7. ਵੀਰ ਚੱਕਰ ਨਾਲ ਸਨਮਾਨਿਤ: 1948 ਵਿੱਚ 163 ਇਨਫੈਂਟਰੀ ਬ੍ਰਿਗੇਡ ਦੀ ਕਮਾਂਡ ਕਰਦਿਆਂ ਉਨ੍ਹਾਂ ਨੇ 6 ਦਿਨਾਂ ਵਿੱਚ ਨਾਸਤਾਚੁਨ ਦੱਰਾ ਪਾਰ ਕਰਕੇ ਤਿੱਥਵਾਲ ‘ਤੇ ਕਬਜ਼ਾ ਕੀਤਾ। ਇਸ ਦਲੇਰੀ ਲਈ ਉਨ੍ਹਾਂ ਨੂੰ ਤੀਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ‘ਵੀਰ ਚੱਕਰ’ ਨਾਲ ਨਿਵਾਜਿਆ ਗਿਆ।
  8. ਪਦਮ ਪੁਰਸਕਾਰਾਂ ਨਾਲ ਸਨਮਾਨ: 1965 ਦੀ ਜੰਗ ਵਿੱਚ ਦੇਸ਼ ਦੀ ਰੱਖਿਆ ਕਰਨ ਬਦਲੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ 1966 ਵਿੱਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਸੀ।
  9. ਪਹਿਲੇ ਭਾਰਤੀ ਅਫ਼ਸਰ: 1959 ਵਿੱਚ ਉਹ ਜਰਮਨ ਫ਼ੌਜ ਦੀ ਪਹਿਲੀ ਡਿਵੀਜ਼ਨ ਨਾਲ ਅਟੈਚਮੈਂਟ ‘ਤੇ ਜਾਣ ਵਾਲੇ ਪਹਿਲੇ ਭਾਰਤੀ/ਵਿਦੇਸ਼ੀ ਫ਼ੌਜੀ ਅਫ਼ਸਰ ਬਣੇ।
  10. ADC ਰਹਿਣ ਦਾ ਦੌਰ: ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ (ਸਿੱਖ ਰੈਜੀਮੈਂਟ) 1965 ਦੀ ਜੰਗ ਦੌਰਾਨ ਹਰਬਖ਼ਸ਼ ਸਿੰਘ ਦੇ ADC ਵਜੋਂ ਸੇਵਾ ਨਿਭਾਉਂਦੇ ਰਹੇ।
  11. ਘੋੜੇ ‘ਤੇ ਪਰੇਡ: ਜਾਪਾਨੀ ਕੈਦ ਕਾਰਨ ਉਹ ਸਰੀਰਕ ਤੌਰ ‘ਤੇ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਪੈਦਲ ਮਾਰਚ ਨਹੀਂ ਕਰ ਸਕਦੇ ਸਨ। ਜਦੋਂ ਉਹ 4 ਸਿੱਖ ਵਿੱਚ ਸੈਕਿੰਡ-ਇਨ-ਕਮਾਂਡ ਬਣੇ, ਤਾਂ ਸ਼ਾਇਦ ਉਹ ਇਕਲੌਤੇ ਅਜਿਹੇ ਇਨਫੈਂਟਰੀ ਅਫ਼ਸਰ ਸਨ ਜਿਨ੍ਹਾਂ ਨੇ ਪਰੇਡ ਗਰਾਊਂਡ ਵਿੱਚ ਘੋੜੇ ‘ਤੇ ਸਵਾਰ ਹੋ ਕੇ ਪਰੇਡ ਕੀਤੀ।
  12. IV Corps ਦੀ ਅਗਵਾਈ: 1962 ਦੇ ਚੀਨ ਹਮਲੇ ਦੌਰਾਨ ਜਦੋਂ ਮੈਦਾਨ ਵਿੱਚ ਹਫ਼ੜਾ-ਦਫ਼ੜੀ ਮਚ ਗਈ ਸੀ, ਤਾਂ ਉਨ੍ਹਾਂ ਨੂੰ ਤੁਰੰਤ ਸ਼ਿਮਲਾ ਤੋਂ ਬੁਲਾ ਕੇ ਤੇਜ਼ਪੁਰ ਵਿਖੇ IV Corps ਦੀ ਕਮਾਨ ਸੌਂਪੀ ਗਈ ਤਾਂ ਜੋ ਫ਼ੌਜ ਦੇ ਹੌਸਲੇ ਬੁਲੰਦ ਕੀਤੇ ਜਾ ਸਕਣ।
  13. ਮੋਰਚੇ ਦੇ ਅਗਲੇ ਪੱਧਰ ‘ਤੇ ਮੌਜੂਦਗੀ: 1965 ਦੀ ਜੰਗ ਦੌਰਾਨ, ਉਹ ਖ਼ੁਦ ਖੇਮਕਰਨ, ਬਰਕੀ ਅਤੇ ਡੋਗਰਈ ਦੇ ਮੋਹਰੀ ਮੋਰਚਿਆਂ ‘ਤੇ ਜਵਾਨਾਂ ਦੇ ਵਿਚਕਾਰ ਜਾ ਖੜ੍ਹਦੇ ਸਨ, ਜਿਸ ਨੇ ਫ਼ੌਜੀਆਂ ਵਿੱਚ ਨਵਾਂ ਜੋਸ਼ ਭਰਿਆ।
  14. ਪ੍ਰਮਾਣਿਕ ਪੁਸਤਕਾਂ ਦੇ ਲੇਖਕ: ਉਨ੍ਹਾਂ ਨੇ ਜੰਗ ਦੇ ਅਸਲ ਤੱਥਾਂ ਅਤੇ ਫ਼ੌਜੀ ਰਣਨੀਤੀਆਂ ਨੂੰ ਸਾਹਮਣੇ ਲਿਆਉਣ ਲਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ ‘War Despatches: Indo-Pak Conflict 1965’ ਅਤੇ ਉਨ੍ਹਾਂ ਦੀ ਸਵੈ-ਜੀਵਨੀ ‘In the Line of Duty: A Soldier Remembers’ ਸ਼ਾਮਲ ਹਨ।

ਜਨਰਲ ਹਰਬਖ਼ਸ਼ ਸਿੰਘ ਸਿਰਫ਼ ਇੱਕ ਅਫ਼ਸਰ ਹੀ ਨਹੀਂ ਸਨ, ਸਗੋਂ ਲੋਹੇ ਦੇ ਇਰਾਦੇ ਵਾਲੇ ਕਮਾਂਡਰ ਸਨ ਜਿਨ੍ਹਾਂ ਦੀ ਦਲੇਰਾਨਾ ਲੀਡਰਸ਼ਿਪ ਨੇ 1965 ਵਿੱਚ ਪੰਜਾਬ ਅਤੇ ਪੂਰੇ ਭਾਰਤ ਦੇ ਸਨਮਾਨ ਨੂੰ ਮਾਣ ਨਾਲ ਸੁਰੱਖਿਅਤ ਰੱਖਿਆ।

Post navigation

ਰਿਟਾਇਰਮੈਂਟ ਤੋਂ ਬਾਅਦ ਵੀ ਮੈਦਾਨ ਵਿੱਚ ਵਾਪਸੀ: ‘ਖੇਡਾਂ ਵਤਨ ਪੰਜਾਬ ਦੀਆਂ’ ਕਿਵੇਂ ਬਜ਼ੁਰਗ ਪੰਜਾਬੀਆਂ ਲਈ ਖੋਲ੍ਹ ਰਹੀਆਂ ਨੇ ਖੇਡਾਂ ਦੇ ਦਰਵਾਜ਼ੇ

65 ਸਾਲਾ ਗੁਰਬਖਸ਼ ਕੌਰ ਲਈ ਕਪੂਰਥਲਾ ਦੇ ਇੱਕ ਪਿੰਡ ਦੇ ਸਕੂਲ ਦੇ ਮੈਦਾਨ ਵਿੱਚ 200 ਮੀਟਰ…

Leave a Comment

Leave a Reply

Your email address will not be published. Required fields are marked *