Gurdwara Guru Ka Khuh

ਆਸਥਾ, ਇਤਿਹਾਸ ਅਤੇ ਸ਼ਹਾਦਤ ਦਾ ਮੁਕੱਦਸ ਕੇਂਦਰ; ‘ਗੁਰਦੁਆਰਾ ਗੁਰੂ ਕਾ ਖੂਹ’

ਪਵਿੱਤਰ ਧਰਤੀ ਤਰਨ ਤਾਰਨ ਸਾਹਿਬ ਸਿੱਖ ਇਤਿਹਾਸ, ਧਾਰਮਿਕ ਆਸਥਾ ਅਤੇ ਅਧਿਆਤਮਿਕ ਵਿਰਾਸਤ ਦਾ ਅਜਿਹਾ ਮਹੱਤਵਪੂਰਨ ਕੇਂਦਰ ਹੈ, ਜਿਸ ਦੀ ਗੋਦ ਵਿੱਚ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਅਨੇਕਾਂ ਇਤਿਹਾਸਕ ਅਸਥਾਨ ਸੁਸ਼ੋਭਿਤ ਹਨ। ਜਦੋਂ ਵੀ ਤਰਨ ਤਾਰਨ ਸਾਹਿਬ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਥਾਪਿਤ ਸ੍ਰੀ ਦਰਬਾਰ ਸਾਹਿਬ ਅਤੇ ਵਿਸ਼ਾਲ ਅੰਮ੍ਰਿਤ ਸਰੋਵਰ ਦੀ ਅਲੌਕਿਕ ਮਹਿਮਾ ਦਾ ਧਿਆਨ ਆਉਂਦਾ ਹੈ। ਪਰ ਇਸ ਮਹਾਨ ਗੁਰੂ-ਅਸਥਾਨ ਦੇ ਨੇੜੇ ਹੀ ਇੱਕ ਹੋਰ ਬਹੁਤ ਪਵਿੱਤਰ ਸਥਾਨ ਮੌਜੂਦ ਹੈ, ਜਿਸ ਨੂੰ ਅੱਜ ‘ਗੁਰਦੁਆਰਾ ਗੁਰੂ ਕਾ ਖੂਹ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਗੁਰਦੁਆਰਾ “ਗੁਰੂ ਕਾ ਖੂਹ” ਸਿਰਫ਼ ਇੱਕ ਧਾਰਮਿਕ ਅਸਥਾਨ ਨਹੀਂ, ਸਗੋਂ ਸਿੱਖ ਇਤਿਹਾਸ ਦੇ ਕਈ ਮਹੱਤਵਪੂਰਨ ਪੜਾਵਾਂ ਦਾ ਜੀਵੰਤ ਗਵਾਹ ਹੈ। ਇੱਕ ਪਾਸੇ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ, ਸਿਮਰਨ ਅਤੇ ਸੰਗਤ ਨਾਲ ਜੁੜੀਆਂ ਯਾਦਾਂ ਨੂੰ ਸੰਭਾਲੀ ਬੈਠਾ ਹੈ, ਜਦਕਿ ਦੂਜੇ ਪਾਸੇ ਇਹ 20ਵੀਂ ਸਦੀ ਦੇ ਸ਼ੁਰੂ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੇ ਮੁੱਢਲੇ ਸ਼ਹੀਦਾਂ ਦੀ ਅਮਰ ਕੁਰਬਾਨੀ ਨਾਲ ਵੀ ਡੂੰਘਾ ਸਬੰਧ ਰੱਖਦਾ ਹੈ। ਇਸ ਕਰਕੇ ਇਹ ਅਸਥਾਨ ਆਸਥਾ ਦੇ ਨਾਲ-ਨਾਲ ਸਿੱਖ ਕੌਮ ਦੀ ਇਤਿਹਾਸਕ ਚੇਤਨਾ ਅਤੇ ਪੰਥਕ ਸੰਘਰਸ਼ ਦਾ ਵੀ ਮਹੱਤਵਪੂਰਨ ਪ੍ਰਤੀਕ ਹੈ।

Sri Guru Arjan Dev Ji
Pic Credit: Social Media

ਇਤਿਹਾਸਕਾਰਾਂ ਅਨੁਸਾਰ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 16ਵੀਂ ਸਦੀ ਦੇ ਆਖਰੀ ਦੌਰ ਵਿੱਚ ਮਾਝੇ ਦੀ ਧਰਤੀ ਉੱਤੇ ਤਰਨ ਤਾਰਨ ਨਗਰ ਦੀ ਨੀਂਹ ਰੱਖੀ। ਗੁਰੂ ਸਾਹਿਬ ਦਾ ਉਦੇਸ਼ ਇਸ ਇਲਾਕੇ ਵਿੱਚ ਵਸਦੇ ਲੋਕਾਂ ਨੂੰ ਅਧਿਆਤਮਿਕ, ਸਮਾਜਿਕ ਅਤੇ ਮਨੁੱਖੀ ਜੀਵਨ ਨਾਲ ਜੁੜੀ ਰਾਹਤ ਪ੍ਰਦਾਨ ਕਰਨਾ ਸੀ। ਇਸੇ ਮੰਤਵ ਤਹਿਤ ਇੱਥੇ ਇੱਕ ਵਿਸ਼ਾਲ ਸਰੋਵਰ ਦੀ ਖੁਦਾਈ ਕਰਵਾਈ ਗਈ, ਜਿਸ ਨੂੰ ‘ਤਰਨ ਤਾਰਨ’ ਦਾ ਨਾਮ ਦਿੱਤਾ ਗਿਆ। ‘ਤਰਨ ਤਾਰਨ’ ਦਾ ਭਾਵ ਉਸ ਮਾਰਗ ਜਾਂ ਸਾਧਨ ਨਾਲ ਜੋ ਜੀਵ ਨੂੰ ਸੰਸਾਰਕ ਭਵਸਾਗਰ ਤੋਂ ਪਾਰ ਲੰਘਾਉਣ ਵਾਲਾ ਹੋਵੇ।

ਤਰਨ ਤਾਰਨ ਦੇ ਵਿਕਾਸ ਅਤੇ ਸਰੋਵਰ ਦੀ ਖੁਦਾਈ ਦੇ ਕੰਮ ਵਿੱਚ ਗੁਰੂ ਅਰਜਨ ਦੇਵ ਜੀ ਖੁਦ ਵੀ ਸੰਗਤ ਨਾਲ ਮਿਲ ਕੇ ਸੇਵਾ ਕਰਦੇ ਸਨ। ਗੁਰੂ ਸਾਹਿਬ ਵੱਲੋਂ ਸੰਗਤ ਨੂੰ ਸੇਵਾ, ਨਿਮਰਤਾ ਅਤੇ ਸਾਂਝੀ ਮਿਹਨਤ ਦਾ ਸੰਦੇਸ਼ ਦਿੱਤਾ ਜਾਂਦਾ ਸੀ। ਅੰਮ੍ਰਿਤ ਸਰੋਵਰ ਦੀ ਖੁਦਾਈ ਅਤੇ ਨਗਰ ਦੀ ਉਸਾਰੀ ਨਾਲ ਸਬੰਧਤ ਸੇਵਾ-ਕਾਰਜਾਂ ਤੋਂ ਬਾਅਦ ਗੁਰੂ ਸਾਹਿਬ ਕੁਝ ਸਮਾਂ ਵਿਸ਼ਰਾਮ ਕਰਨ ਲਈ ਨੇੜਲੇ ਸ਼ਾਂਤ ਸਥਾਨ ਵੱਲ ਜਾਂਦੇ ਸਨ।

ਇਹ ਸਥਾਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਸੀ ਅਤੇ ਇੱਥੇ ਇੱਕ ਖੂਹ ਵੀ ਮੌਜੂਦ ਸੀ। ਇਸ ਖੂਹ ਤੋਂ ਗੁਰੂ ਸਾਹਿਬ ਅਤੇ ਸੰਗਤਾਂ ਪੀਣ ਅਤੇ ਹੋਰ ਲੋੜਾਂ ਲਈ ਜਲ ਪ੍ਰਾਪਤ ਕਰਦੀਆਂ ਸਨ। ਸਮੇਂ ਦੇ ਬੀਤਣ ਨਾਲ ਇਹ ਖੂਹ ਗੁਰੂ ਸਾਹਿਬ ਦੀ ਯਾਦ ਨਾਲ ਜੁੜ ਗਿਆ ਅਤੇ ਸੰਗਤ ਲਈ ਬਹੁਤ ਸ਼ਰਧਾ ਦਾ ਕੇਂਦਰ ਬਣ ਗਿਆ।

‘ਮੰਜੀ ਸਾਹਿਬ’ ਅਤੇ ‘ਗੁਰੂ ਕਾ ਖੂਹ’

‘Manji Sahib and ‘Guru ka Khuh
Pic Credit: SikhiWiki

ਜਿਸ ਸਥਾਨ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਤੋਂ ਬਾਅਦ ਵਿਸ਼ਰਾਮ ਕਰਦੇ ਸਨ, ਉੱਥੇ ਗੁਰੂ ਸਾਹਿਬ ਦੇ ਬੈਠਣ ਲਈ ਇੱਕ ਪਵਿੱਤਰ ਮੰਜੀ ਡਾਹੀ ਜਾਂਦੀ ਸੀ। ਗੁਰੂ ਸਾਹਿਬ ਇੱਥੇ ਬੈਠ ਕੇ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰਦੇ, ਉਨ੍ਹਾਂ ਦੇ ਦੁੱਖ-ਦਰਦ ਸੁਣਦੇ ਅਤੇ ਨਾਮ-ਸਿਮਰਨ ਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਸਨ। ਇਸ ਕਰਕੇ ਇਹ ਸਥਾਨ ਸੰਗਤ ਦੀ ਨਜ਼ਰ ਵਿੱਚ ਵਿਸ਼ੇਸ਼ ਮਹੱਤਤਾ ਵਾਲਾ ਬਣ ਗਿਆ।

ਸਮਾਂ ਬੀਤਣ ਬਾਅਦ ਇੱਥੇ ‘ਮੰਜੀ ਸਾਹਿਬ’ ਦੇ ਰੂਪ ਵਿੱਚ ਇੱਕ ਪਵਿੱਤਰ ਯਾਦਗਾਰੀ ਅਸਥਾਨ ਸਥਾਪਿਤ ਹੋਇਆ। ਇਸ ਦੇ ਨੇੜੇ ਸਥਿਤ ਇਤਿਹਾਸਕ ਖੂਹ ਵੀ ਗੁਰੂ ਸਾਹਿਬ ਦੀ ਯਾਦ ਨਾਲ ਜੁੜਿਆ ਹੋਣ ਕਾਰਨ ‘ਗੁਰੂ ਕਾ ਖੂਹ’ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਅੱਜ ਗੁਰਦੁਆਰਾ ਸਾਹਿਬ ਦਾ ਇਹ ਪੂਰਾ ਅਸਥਾਨ ਸੰਗਤ ਲਈ ਸ਼ਰਧਾ, ਸਿਮਰਨ ਅਤੇ ਇਤਿਹਾਸਕ ਚੇਤਨਾ ਦਾ ਕੇਂਦਰ ਹੈ। ਇਸ ਖੂਹ ਨਾਲ ਸੰਗਤ ਦੀ ਡੂੰਘੀ ਧਾਰਮਿਕ ਆਸਥਾ ਜੁੜੀ ਹੋਈ ਹੈ। ਸ਼ਰਧਾਲੂ ਇਸ ਨੂੰ ਗੁਰੂ ਸਾਹਿਬ ਦੇ ਸਮੇਂ ਦੀ ਪਵਿੱਤਰ ਯਾਦ ਮੰਨਦੇ ਹਨ। ਇੱਥੇ ਆ ਕੇ ਸੰਗਤ ਇਤਿਹਾਸਕ ਵਿਰਾਸਤ ਨਾਲ ਜੁੜਨ ਦੇ ਨਾਲ-ਨਾਲ ਮਨ ਦੀ ਸ਼ਾਂਤੀ ਲਈ ਅਰਦਾਸ ਅਤੇ ਨਾਮ-ਸਿਮਰਨ ਕਰਦੀ ਹੈ।

ਗੁਰਦੁਆਰਾ ਸੁਧਾਰ ਲਹਿਰ ਅਤੇ ਤਰਨਤਾਰਨ ਦਾ ਸਾਕਾ

Tarn Taran Apocalypse
Pic Credit: Social Media

ਗੁਰਦੁਆਰਾ ਗੁਰੂ ਕਾ ਖੂਹ ਦਾ ਇਤਿਹਾਸ ਕੇਵਲ ਗੁਰੂ-ਕਾਲ ਨਾਲ ਹੀ ਸੰਬੰਧਿਤ ਨਹੀਂ ਹੈ। ਇਹ 20ਵੀਂ ਸਦੀ ਦੇ ਸ਼ੁਰੂ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੇ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਦਰਦਨਾਕ ਅਧਿਆਇ ਨਾਲ ਵੀ ਜੁੜਿਆ ਹੋਇਆ ਹੈ। ਬ੍ਰਿਟਿਸ਼ ਰਾਜ ਦੌਰਾਨ ਪੰਜਾਬ ਦੇ ਕਈ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚ ਚਲਾ ਗਿਆ ਸੀ। ਸਮੇਂ ਦੇ ਨਾਲ ਕੁਝ ਮਹੰਤਾਂ ਵੱਲੋਂ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਨਿਜੀ ਸੰਪਤੀ ਵਾਂਗ ਵਰਤਣ ਅਤੇ ਗੁਰਦੁਆਰਾ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਸਾਹਮਣੇ ਆਉਣ ਲੱਗੇ। ਇਸ ਸਥਿਤੀ ਕਾਰਨ ਸਿੱਖ ਸੰਗਤਾਂ ਵਿੱਚ ਵਿਆਪਕ ਰੋਸ ਪੈਦਾ ਹੋਇਆ ਅਤੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਮੰਗ ਜ਼ੋਰ ਫੜਨ ਲੱਗੀ।

1920-21 ਦੇ ਦੌਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਸੰਗਠਿਤ ਰੂਪ ਮਿਲਿਆ। ਇਸੇ ਲਹਿਰ ਤਹਿਤ ਤਰਨ ਤਾਰਨ ਵਿਖੇ ਵੀ ਗੁਰਦੁਆਰਾ ਪ੍ਰਬੰਧ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸ਼ਾਂਤਮਈ ਯਤਨ ਕੀਤੇ ਗਏ। ਜਨਵਰੀ 1921 ਵਿੱਚ ਸਿੱਖ ਸੁਧਾਰਕਾਂ ਅਤੇ ਅਕਾਲੀ ਜਥਿਆਂ ਨੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਇਕੱਠੇ ਹੋ ਕੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਅਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਆਵਾਜ਼ ਉਠਾਈ। ਇਸ ਦੌਰਾਨ ਤਣਾਅ ਵਧਿਆ ਅਤੇ ਮਹੰਤਾਂ ਦੇ ਹਮਾਇਤੀਆਂ ਵੱਲੋਂ ਸਿੰਘਾਂ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਕਈ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋਏ।

ਤਰਨ ਤਾਰਨ ਦੇ ਇਸ ਸਾਕੇ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ। ਇਸ ਘਟਨਾ ਵਿੱਚ ਜ਼ਖਮੀ ਹੋਏ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਨੇ ਆਪਣੀਆਂ ਜਾਨਾਂ ਪੰਥ ਲਈ ਵਾਰ ਦਿੱਤੀਆਂ। ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜੇ ਇੱਕ ਨਿਡਰ ਅਤੇ ਸਮਰਪਿਤ ਸੇਵਾਦਾਰ ਸਨ। ਹਮਲੇ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸ਼ਹਾਦਤ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਮੁੱਢਲੇ ਸ਼ਹੀਦੀ ਅਧਿਆਇ ਨਾਲ ਜੋੜ ਕੇ ਯਾਦ ਕੀਤਾ ਜਾਂਦਾ ਹੈ।

ਇਸੇ ਘਟਨਾ ਵਿੱਚ ਜ਼ਖਮੀ ਹੋਏ ਭਾਈ ਹੁਕਮ ਸਿੰਘ ਵਾਸੂਦੇਵ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਦੋਹਾਂ ਸਿੰਘਾਂ ਦੀ ਕੁਰਬਾਨੀ ਨੇ ਸਿੱਖ ਸੰਗਤ ਦੇ ਮਨਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਪ੍ਰਤੀ ਹੋਰ ਦ੍ਰਿੜਤਾ ਪੈਦਾ ਕੀਤੀ। ਉਨ੍ਹਾਂ ਦੀ ਸ਼ਹਾਦਤ ਨੇ ਇਹ ਸੰਦੇਸ਼ ਦਿੱਤਾ ਕਿ ਗੁਰਦੁਆਰਿਆਂ ਦੀ ਆਜ਼ਾਦੀ ਅਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸਿੱਖ ਸੰਗਤ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗੀ। ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਹੋਰ ਤੀਬਰ ਹੋਈ ਅਤੇ ਨਨਕਾਣਾ ਸਾਹਿਬ ਦਾ ਸਾਕਾ, ਜੈਤੋ ਦਾ ਮੋਰਚਾ ਆਦਿ ਮਹੱਤਵਪੂਰਨ ਘਟਨਾਵਾਂ ਨੇ ਸਿੱਖ ਇਤਿਹਾਸ ਦੀ ਦਿਸ਼ਾ ਨੂੰ ਪ੍ਰਭਾਵਿਤ ਕੀਤਾ।

ਸ਼ਹੀਦ ਭਾਈ ਹਜ਼ਾਰਾ ਸਿੰਘ ਅਤੇ ਸ਼ਹੀਦ ਭਾਈ ਹੁਕਮ ਸਿੰਘ ਦੀਆਂ ਦੇਹਾਂ ਦਾ ਅੰਤਮ ਸਸਕਾਰ ਗੁਰਦੁਆਰਾ ਗੁਰੂ ਕਾ ਖੂਹ ਦੇ ਨੇੜਲੇ ਪਵਿੱਤਰ ਅਸਥਾਨ ‘ਤੇ ਕੀਤਾ ਗਿਆ। ਸੰਗਤਾਂ ਵੱਲੋਂ ਪੂਰੇ ਸਿੱਖ ਰਵਾਇਤੀ ਸਨਮਾਨ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅਰਦਾਸ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਹੋਇਆ ਇਹ ਅੰਤਮ ਸਸਕਾਰ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਯਾਦਗਾਰੀ ਘਟਨਾ ਬਣ ਗਿਆ।

ਅੱਜ ਵੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਸੰਗਤ ਨੂੰ ਉਨ੍ਹਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦੀਆਂ ਹਨ। ਇੱਥੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਿੱਖ ਇਤਿਹਾਸ ਸਿਰਫ਼ ਰੂਹਾਨੀ ਪ੍ਰਾਪਤੀਆਂ ਦਾ ਇਤਿਹਾਸ ਨਹੀਂ, ਸਗੋਂ ਸੱਚ, ਧਰਮ, ਇਨਸਾਫ਼ ਅਤੇ ਮਰਿਆਦਾ ਲਈ ਦਿੱਤੀਆਂ ਅਣਗਿਣਤ ਕੁਰਬਾਨੀਆਂ ਦਾ ਇਤਿਹਾਸ ਵੀ ਹੈ। ਗੁਰਦੁਆਰਾ ਗੁਰੂ ਕਾ ਖੂਹ ਦਾ ਮੌਜੂਦਾ ਸਰੂਪ ਸਿੱਖ ਧਾਰਮਿਕ ਵਾਸਤੂਕਲਾ (Architecture) ਦੀ ਸਾਦਗੀ ਅਤੇ ਸੁੰਦਰਤਾ ਨੂੰ ਦਰਸਾਉਂਦਾ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਥੇ ਨਿਤਨੇਮ, ਗੁਰਬਾਣੀ ਕੀਰਤਨ ਅਤੇ ਗੁਰਮਤਿ ਸਮਾਗਮ ਹੁੰਦੇ ਰਹਿੰਦੇ ਹਨ।

ਇਸ ਅਸਥਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਤਿਹਾਸਕ ਖੂਹ ਅਤੇ ਮੰਜੀ ਸਾਹਿਬ ਹੈ। ਇਹ ਦੋਵੇਂ ਅਸਥਾਨ ਗੁਰੂ ਅਰਜਨ ਦੇਵ ਜੀ ਦੀ ਇੱਥੇ ਹੋਈ ਸੇਵਾ ਅਤੇ ਸੰਗਤ ਨਾਲ ਜੁੜੀਆਂ ਯਾਦਾਂ ਨੂੰ ਜੀਵੰਤ ਰੱਖਦੇ ਹਨ। ਇਸ ਦੇ ਨਾਲ ਹੀ ਸ਼ਹੀਦਾਂ ਦੀ ਯਾਦਗਾਰ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨਾਲ ਜੋੜਦੀ ਹੈ। ਗੁਰਦੁਆਰਾ ਸਾਹਿਬ ਦਾ ਵਾਤਾਵਰਨ ਸ਼ਾਂਤ ਅਤੇ ਰੂਹਾਨੀ ਹੈ। ਇੱਥੇ ਆਉਣ ਵਾਲੀਆਂ ਸੰਗਤਾਂ ਕੁਝ ਸਮਾਂ ਬੈਠ ਕੇ ਗੁਰਬਾਣੀ ਸੁਣਦੀਆਂ, ਨਾਮ-ਸਿਮਰਨ ਕਰਦੀਆਂ ਅਤੇ ਅਰਦਾਸ ਕਰਦੀਆਂ ਹਨ। ਤਰਨ ਤਾਰਨ ਦੀ ਭੀੜ-ਭੜੱਕੇ ਵਾਲੀ ਜ਼ਿੰਦਗੀ ਤੋਂ ਕੁਝ ਪਲ ਦੂਰ ਇਹ ਅਸਥਾਨ ਮਨ ਨੂੰ ਇਕਾਗਰਤਾ ਅਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ।

ਸਿੱਖ ਧਰਮ ਵਿੱਚ ਸੇਵਾ ਅਤੇ ਵੰਡ ਛਕਣ ਦੀ ਪਰੰਪਰਾ ਦਾ ਵਿਸ਼ੇਸ਼ ਸਥਾਨ ਹੈ। ਗੁਰਦੁਆਰਾ ਗੁਰੂ ਕਾ ਖੂਹ ਵਿਖੇ ਵੀ ਇਹ ਪਰੰਪਰਾ ਅੱਜ ਤੱਕ ਸ਼ਰਧਾ ਅਤੇ ਨਿਸ਼ਕਾਮ ਭਾਵਨਾ ਨਾਲ ਨਿਭਾਈ ਜਾਂਦੀ ਹੈ। ਸਥਾਨਕ ਸੰਗਤਾਂ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂ ਵੀ ਗੁਰਦੁਆਰਾ ਸਾਹਿਬ ਵਿਖੇ ਸਫ਼ਾਈ, ਲੰਗਰ ਦੀ ਤਿਆਰੀ, ਬਰਤਨ ਮਾਂਜਣ ਅਤੇ ਹੋਰ ਸੇਵਾਵਾਂ ਵਿੱਚ ਹਿੱਸਾ ਲੈਂਦੇ ਹਨ। ਲੰਗਰ ਵਿੱਚ ਕਿਸੇ ਨਾਲ ਜਾਤ, ਧਰਮ, ਵਰਗ ਜਾਂ ਆਰਥਿਕ ਸਥਿਤੀ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਹਰ ਵਿਅਕਤੀ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਮੱਸਿਆ, ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਮੌਕੇ ਇੱਥੇ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਲੰਗਰ ਵੀ ਕਰਵਾਏ ਜਾਂਦੇ ਹਨ। ਇਸ ਤਰ੍ਹਾਂ ਸੇਵਾ ਦੀ ਪਰੰਪਰਾ ਇਸ ਅਸਥਾਨ ਦੀ ਰੂਹਾਨੀ ਪਛਾਣ ਦਾ ਅਟੁੱਟ ਹਿੱਸਾ ਬਣੀ ਹੋਈ ਹੈ।

ਗੁਰਦੁਆਰਾ ‘ਗੁਰੂ ਕਾ ਖੂਹ’ ਤਰਨਤਾਰਨ ਆਉਣ ਵਾਲੇ ਸ਼ਰਧਾਲੂਆਂ ਲਈ ਇਤਿਹਾਸਕ ਕੇਂਦਰ

historical center for pilgrims
Pic Credit: Discover Sikhism

ਅੱਜ ਗੁਰਦੁਆਰਾ ਗੁਰੂ ਕਾ ਖੂਹ ਤਰਨਤਾਰਨ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਧਾਰਮਿਕ ਅਤੇ ਇਤਿਹਾਸਕ ਕੇਂਦਰ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸੰਗਤ ਇਸ ਇਤਿਹਾਸਕ ਗੁਰੂ-ਅਸਥਾਨ ‘ਤੇ ਵੀ ਨਤਮਸਤਕ ਹੁੰਦੀ ਹੈ। ਇਹ ਅਸਥਾਨ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਦੋ ਮਹੱਤਵਪੂਰਨ ਪੱਖਾਂ ਨਾਲ ਜੋੜਦਾ ਹੈ। ਇੱਕ ਪਾਸੇ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ, ਸੰਗਤ ਅਤੇ ਰੂਹਾਨੀ ਜੀਵਨ ਦੀਆਂ ਯਾਦਾਂ ਹਨ, ਜਦਕਿ ਦੂਜੇ ਪਾਸੇ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀ ਸ਼ਹਾਦਤ ਰਾਹੀਂ ਗੁਰਦੁਆਰਾ ਸੁਧਾਰ ਲਹਿਰ ਦੀ ਕੁਰਬਾਨੀ ਭਰੀ ਗਾਥਾ ਸਾਹਮਣੇ ਆਉਂਦੀ ਹੈ।

ਇਸ ਪੱਖੋਂ ਇਹ ਸਥਾਨ ਸਿੱਖ ਨੌਜਵਾਨਾਂ ਲਈ ਇਤਿਹਾਸਕ ਸਿੱਖਿਆ ਦਾ ਵੀ ਮਹੱਤਵਪੂਰਨ ਸਰੋਤ ਬਣ ਸਕਦਾ ਹੈ। ਇਤਿਹਾਸਕ ਅਸਥਾਨਾਂ ਦੀ ਯਾਤਰਾ ਸਿਰਫ ਧਾਰਮਿਕ ਦਰਸ਼ਨਾਂ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਇਹ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਪੰਥ ਲਈ ਕੁਰਬਾਨੀਆਂ ਦੇ ਅਰਥ ਸਮਝਣ ਦਾ ਮੌਕਾ ਵੀ ਦਿੰਦੀ ਹੈ। ਗੁਰਦੁਆਰਾ ਗੁਰੂ ਕਾ ਖੂਹ, ਤਰਨ ਤਾਰਨ, ਸਿੱਖ ਇਤਿਹਾਸ ਵਿੱਚ ਆਸਥਾ, ਸੇਵਾ, ਰੂਹਾਨੀਅਤ ਅਤੇ ਸ਼ਹਾਦਤ ਦਾ ਅਦੁੱਤੀ ਸੰਗਮ ਹੈ। ਇਹ ਸਥਾਨ ਸਿਰਫ ਇੱਟਾਂ-ਪੱਥਰਾਂ ਨਾਲ ਬਣੀ ਇੱਕ ਇਮਾਰਤ ਨਹੀਂ, ਬਲਕਿ ਸਦੀਆਂ ਪੁਰਾਣੀ ਸਿੱਖ ਵਿਰਾਸਤ ਦਾ ਜੀਵੰਤ ਦਸਤਾਵੇਜ਼ ਹੈ। ਗੁਰਦੁਆਰਾ ਗੁਰੂ ਕਾ ਖੂਹ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਗੁਰੂ ਘਰ ਨਾਲ ਜੁੜੀ ਸੇਵਾ ਸਿਰਫ ਨਿਜੀ ਆਤਮਿਕ ਉੱਨਤੀ ਦਾ ਸਾਧਨ ਨਹੀਂ, ਸਗੋਂ ਸਮਾਜਕ ਸਾਂਝ, ਮਨੁੱਖੀ ਬਰਾਬਰੀ ਅਤੇ ਪੰਥਕ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ। ਇੱਥੇ ਹੋਣ ਵਾਲੀ ਅਰਦਾਸ, ਕੀਰਤਨ, ਲੰਗਰ ਅਤੇ ਸੇਵਾ ਦੀ ਪਰੰਪਰਾ ਅੱਜ ਵੀ ਉਸੇ ਸੰਦੇਸ਼ ਨੂੰ ਅੱਗੇ ਵਧਾ ਰਹੀ ਹੈ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *