Guru Nanak Dev JI

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਵਾਲੇ ਪਾਕਿਸਤਾਨ ਦੇ ਇਤਿਹਾਸਕ ਅਸਥਾਨ

ਬਹੁਤ ਸਾਰੇ ਗੁਰਦੁਆਰਾ ਸਾਹਿਬਾਨ 1947 ਦੇ ਦੇਸ਼-ਵੰਡ ਸਮੇਂ ਪਾਕਿਸਤਾਨ ਵਿਚ ਰਹਿ ਗਏ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਨੂੰ ਲੋਚਦੇ ਸਾਰੇ ਨਾਨਕ ਨਾਮ-ਲੇਵਾ ਸਿੱਖ ਆਪਣੀ ਰੋਜ਼ਾਨਾ ਦੀ ਅਰਦਾਸ ਵਿਚ ਅਕਾਲ ਪੁਰਖ ਅੱਗੇ ਬਣੇ ਤੀਜੋੜੀ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਇਲਾਕਿਆਂ ਵਿਚ ਵੀ ਗੁਰੂ ਸਾਹਿਬਾਨ ਦੀ ਯਾਦ ਵਿਚ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ।

ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ

ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ
Photo Credit – Simarjit Singh Kang (Social Media)

ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਸ੍ਰੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ, ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਬੇਟੇ ਬਾਬਾ ਲਖਮੀ ਦਾਸ ਅਤੇ ਬਾਬਾ ਧਰਮ ਚੰਦ ਨੇ ਬਣਾਇਆ, ਜਿਸ ਨੂੰ ‘ਕਾਲੂ ਕਾ ਕੋਠਾ’ ਆਖਿਆ ਜਾਂਦਾ ਸੀ ਪਰ ਬਾਅਦ ਵਿਚ ‘ਨਾਨਕਿਆਣਾ’ ਆਖਿਆ ਜਾਣ ਲੱਗਾ। ਇੱਥੇ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਅਕਾਲੀ ਫੂਲਾ ਸਿੰਘ ਦੇ ਕਹਿਣ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਮੌਜੂਦਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ ਸੀ। ਜਨਾਬ ਇਕਬਾਲ ਕੇਸਰ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਨਾਂ ਕੁੱਲ 924 ਏਕੜ ਜ਼ਮੀਨ ਹੈ ਜੋ ਨਨਕਾਣਾ ਸਾਹਿਬ ਵਿਖੇ ਹੀ ਸਥਿਤ ਹੈ, ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਨਾਂ ਲਗਭਗ 838 ਏਕੜ ਹੋਰ ਜਾਇਦਾਦ ਅਤੇ 6 ਦੁਕਾਨਾਂ ਵੀ ਹਨ।

ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਹਿਲਾਂ ਉਦਾਸੀ ਮਹੰਤਾਂ ਕੋਲ ਰਿਹਾ ਅਤੇ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਿਹਾ। ਪਰ ਆਜ਼ਾਦੀ ਤੋਂ ਮਗਰੋਂ ਇਸ ਦਾ ਪ੍ਰਬੰਧ ਪਾਕਿਸਤਾਨ ਵਕਫ਼ ਬੋਰਡ ਕੋਲ ਆ ਗਿਆ। ਹਰ ਸਾਲ ਸਿੱਖਾਂ ਦੇ ਵੱਡੇ ਜਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਹਾੜੇ ਮੌਕੇ ਸੰਸਾਰ ਭਰ ਤੋਂ ਇੱਥੇ ਆਉਂਦੇ ਹਨ। ਗੁਰਦੁਆਰਾ ਜਨਮ-ਅਸਥਾਨ ਦੇ ਅੰਦਰ ਇੱਕ ਖੂਹ ਹੈ, ਇਸ ਨੂੰ ‘ਬੇਬੇ ਨਾਨਕੀ ਦਾ ਖੂਹ’ ਆਖਿਆ ਜਾਂਦਾ ਹੈ। ਇੱਥੇ ਇੱਕ ਯਾਦਗਾਰੀ ਜੰਡ ਦਾ ਦਰੱਖਤ ਵੀ ਹੈ ਜਿਸ ਨਾਲ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਮਹੰਤ ਨਰੈਣ ਦਾਸ ਨੇ ਪੁੱਠੇ ਬੰਨ੍ਹ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਸੀ। ਹਰ ਸਾਲ ਦੁਨੀਆ ਭਰ ਤੋਂ ਸਿੱਖ ਸੰਗਤ ਦੇ ਵੱਡੇ ਜਥੇ ਖਾਸ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਦਿਵਸ ’ਤੇ ਇਸ ਪਵਿੱਤਰ ਥਾਂ ਦੇ ਦਰਸ਼ਨਾਂ ਲਈ ਆਉਂਦੇ ਹਨ।

ਗੁਰਦੁਆਰਾ ਬਾਲ ਲੀਲ੍ਹਾ, ਨਨਕਾਣਾ ਸਾਹਿਬ

ਗੁਰਦੁਆਰਾ ਬਾਲ ਲੀਲ੍ਹਾ ਨਨਕਾਣਾ ਸਾਹਿਬ
Photo Credit – Simarjit Singh Kang (Social Media)

ਗੁਰਦੁਆਰਾ ਬਾਲ ਲੀਲ੍ਹਾ ਸਾਹਿਬ, ਗੁਰਦੁਆਰਾ ਸਾਹਿਬ ਜਨਮ ਅਸਥਾਨ ਤੋਂ ਲਗਭਗ 300 ਮੀਟਰ ਦੂਰੀ ’ਤੇ ਦੱਖਣ-ਪੂਰਬੀ ਸਿਰੇ ਵੱਲ ਹੈ। ਇੱਥੇ ਗੁਰੂ ਸਾਹਿਬ ਬਚਪਨ ਵਿਚ ਖੇਡਦੇ ਰਹੇ ਹਨ। ਗੁਰਦੁਆਰਾ ਸਾਹਿਬ ਦੇ ਪੂਰਬ ਵੱਲ ਇੱਕ ਤਲਾਬ ਹੈ, ਜੋ ਰਾਏ ਬੁਲਾਰ ਨੇ ਖੁਦਵਾਇਆ ਸੀ। ਇਸ ਦੀ ਪਹਿਲੀ ਇਮਾਰਤ ਅਤੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖ਼ਸ਼ ਸਿੰਘ ਨੇ ਵਿਚੋਂ ਪੱਕਾ ਕਰਵਾਇਆ ਸੀ। ਬਾਅਦ ਵਿਚ ਇਸ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਸੰਤ ਗੁਰਮੁਖ ਸਿੰਘ (ਪਟਿਆਲਾ) ਨੇ ਕਰਵਾਈ। ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਪਾਕਿਸਤਾਨ ਦਾ ਵਕਫ਼ ਬੋਰਡ ਕਰ ਰਿਹਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਪੱਟੀ ਸਾਹਿਬ, ਨਨਕਾਣਾ ਸਾਹਿਬ

ਗੁਰਦੁਆਰਾ ਪੱਟੀ ਸਾਹਿਬ ਨਨਕਾਣਾ ਸਾਹਿਬ
Photo Credit – Simarjit Singh Kang (Social Media)

ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਸਾਹਿਬ ਬਾਲ ਲੀਲ੍ਹਾ ਦੇ ਨੇੜੇ ਹੀ ਹੈ। ਇੱਥੇ ਹੀ ਗੁਰੂ ਸਾਹਿਬ ਨੂੰ ਪਾਂਧੇ ਪੰਡਿਤ ਗੋਪਾਲ ਦਾਸ ਕੋਲੋਂ ਹਿੰਦੀ, ਪੰਡਿਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਅਤੇ ਤਲਵੰਡੀ ਦੇ ਮੌਲਾਣਾ ਕੁਤਬੁਦੀਨ ਪਾਸੋਂ ਅਰਬੀ, ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ। ਗੁਰੂ ਸਾਹਿਬ ਦੇ ਆਤਮਿਕ ਗਿਆਨ ਅੱਗੇ ਇਨ੍ਹਾਂ ਉਸਤਾਦਾਂ ਨੇ ਹੀ ਸ਼ਰਧਾ ਨਾਲ ਸੀਸ ਝੁਕਾਇਆ। ਗੁਰੂ ਸਾਹਿਬ ਨੇ ‘ਆਸਾ ਰਾਗ’ ਵਿਚ ‘ਪੱਟੀ ਬਾਣੀ’ ਇੱਥੇ ਹੀ ਉਚਾਰੀ ਹੈ। ਇਸ ਗੁਰਦੁਆਰਾ ਸਾਹਿਬ ਨੂੰ ‘ਗੁਰਦੁਆਰਾ ਮੌਲਵੀ ਪੱਟੀ’ ਵੀ ਆਖਿਆ ਜਾਂਦਾ ਹੈ। ਇਸੇ ਗੁਰਦੁਆਰਾ ਸਾਹਿਬ ਅੰਦਰ ਅਫ਼ਗਾਨਿਸਤਾਨ ਤੋਂ ਉੱਜੜੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਵਿੱਦਿਆ ਵਾਸਤੇ ‘ਗੁਰੂ ਨਾਨਕ ਸਕੂਲ’ ਚੱਲ ਰਿਹਾ ਹੈ ਜਿੱਥੇ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਵਿਚ ਵਿੱਦਿਆ ਦਿੱਤੀ ਜਾਂਦੀ ਹੈ।

ਗੁਰਦੁਆਰਾ ਕਿਆਰਾ ਸਾਹਿਬ, ਨਨਕਾਣਾ ਸਾਹਿਬ

ਗੁਰਦੁਆਰਾ ਕਿਆਰਾ ਸਾਹਿਬ ਨਨਕਾਣਾ ਸਾਹਿਬ
Photo Credit – Simarjit Singh Kang (Social Media)

ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਸਾਹਿਬ ਬਾਲ ਲੀਲ੍ਹਾ ਤੋਂ ਦੋ ਕਿਲੋਮੀਟਰ ਪੂਰਬ ਵੱਲ ਹੈ। ਇਹ ਉਹ ਥਾਂ ਹੈ, ਜਿੱਥੇ ਗੁਰੂ ਨਾਨਕ ਸਾਹਿਬ ਆਪਣੀਆਂ ਮੱਝਾਂ ਨੂੰ ਚਰਾਇਆ ਕਰਦੇ ਸਨ। ਇਸੇ ਸਥਾਨ ਦੇ ਨਾਲ ਹੀ ਆਪ ਜੀ ਦੀਆਂ ਮੱਝਾਂ ਦੁਆਰਾ ਨੁਕਸਾਨੀ ਗਈ ਫ਼ਸਲ ਨੂੰ ਆਪ ਜੀ ਵੱਲੋਂ ਹਰੀ-ਭਰੀ ਕਰਨ ਦੀ ਘਟਨਾ ਜੁੜੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਨਾਲ 45 ਮੁਰੱਬੇ ਜ਼ਮੀਨ ਲੱਗੀ ਹੋਈ ਹੈ। ਪਹਿਲਾਂ ਸਿੱਖ ਰਾਜ ਸਮੇਂ ਅਤੇ ਬਾਅਦ ਵਿਚ ਸੰਤ ਗੁਰਮੁਖ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਦੁਖਦਾਇਕ ਪਹਿਲੂ ਇਹ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਮਾਲ ਜੀ ਸਾਹਿਬ, ਨਨਕਾਣਾ ਸਾਹਿਬ

ਗੁਰਦੁਆਰਾ ਮਾਲ ਜੀ ਸਾਹਿਬ ਨਨਕਾਣਾ ਸਾਹਿਬ
Photo Credit – Simarjit Singh Kang (Social Media)

ਇਸ ਅਸਥਾਨ ਉੱਤੇ ਗੁਰੂ ਨਾਨਕ ਸਾਹਿਬ ਗਾਵਾਂ ਅਤੇ ਮੱਝਾਂ ਚਾਰਦੇ ਹੁੰਦੇ ਸਨ। ਇਹ ਅਸਥਾਨ, ਗੁਰਦੁਆਰਾ ਜਨਮ-ਅਸਥਾਨ ਤੋਂ ਡੇਢ ਕਿਲੋਮੀਟਰ ਦੂਰ ਪੂਰਬ ਵੱਲ ਹੈ। ਇੱਥੇ ਉਹ ‘ਮਾਲ ਬਿਰਛ’ ਅੱਜ ਵੀ ਮੌਜੂਦ ਹੈ, ਜਿਸ ਨੂੰ ‘ਵਣ’ ਆਖਦੇ ਹਨ, ਜਿਸ ਦੀ ਛਾਂ ਹੇਠ ਗੁਰੂ ਸਾਹਿਬ ਆਰਾਮ ਕਰਦੇ ਹੁੰਦੇ ਸਨ। ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਪਹਿਲਾਂ ਦੀਵਾਨ ਕੌੜਾ ਮੱਲ ਨੇ ਅਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਸਰੋਵਰ ਹੈ, ਜੋ ਜ਼ਮੀਨ ਤੋਂ ਪੰਜ ਫੁੱਟ ਉੱਚਾ ਹੈ। ਗੁਰਦੁਆਰਾ ਸਾਹਿਬ ਨਾਲ ਤਿੰਨ ਹਜ਼ਾਰ ਏਕੜ ਜ਼ਮੀਨ ਲੱਗੀ ਹੋਈ ਹੈ। ਅੱਜ-ਕੱਲ੍ਹ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਤੰਬੂ ਸਾਹਿਬ, ਨਨਕਾਣਾ ਸਾਹਿਬ

ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ
Photo Credit – Simarjit Singh Kang (Social Media)

ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਜਨਮ ਅਸਥਾਨ ਤੋਂ ਇੱਕ ਕਿਲੋਮੀਟਰ ਦੂਰ ਪੂਰਬ ਵੱਲ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਚੂਹੜਕਾਣਾ ਦੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰਨ ਉਪਰੰਤ ਭਾਈ ਮਰਦਾਨਾ ਜੀ ਸਮੇਤ ਵਣ ਦੇ ਇੱਕ ਬਿਰਛ ਹੇਠ ਆ ਬੈਠੇ ਸਨ। ਇਹ ਬਿਰਛ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ, ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਨਾਂ ਵੀ ‘ਤੰਬੂ ਸਾਹਿਬ’ ਪ੍ਰਸਿੱਧ ਹੈ। ਅੱਜ-ਕੱਲ੍ਹ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ

ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂਹੜਕਾਣਾ
Photo Credit – Simarjit Singh Kang (Social Media)

ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿਚ ਪਿੰਡ ਚੂਹੜਕਾਣਾ ਵਿਖੇ ਗੁਰਦੁਆਰਾ ਸਾਹਿਬ ਸੱਚਾ ਸੌਦਾ ਸੁਸ਼ੋਭਿਤ ਹੈ। ਇੱਥੇ ਹੀ ਗੁਰੂ ਸਾਹਿਬ ਨੇ ਭੁੱਖੇ ਸਾਧੂਆਂ ਨੂੰ ਪਿਤਾ ਮਹਿਤਾ ਕਾਲੂ ਵੱਲੋਂ ਵਪਾਰ ਕਰਨ ਲਈ ਮਿਲੇ ਵੀਹ ਰੁਪਿਆਂ ਦਾ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਤਿੰਨ-ਮੰਜ਼ਲਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਇਸ ਗੁਰਦੁਆਰਾ ਸਾਹਿਬ ਨਾਲ 125 ਏਕੜ ਜ਼ਮੀਨ ਹੈ।

‘ਗੁਰਦੁਆਰਾ ਸੱਚਖੰਡ’ ਚੂਹੜਕਾਣਾ

‘ਗੁਰਦੁਆਰਾ ਸੱਚਖੰਡ ਚੂਹੜਕਾਣਾ
Photo Credit – Simarjit Singh Kang (Social Media)

ਪਿੰਡ ਚੂਹੜਕਾਣਾ ਵਿਖੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਇੱਕ ਗੁਰਦੁਆਰਾ ਸਾਹਿਬ ‘ਸੱਚਖੰਡ ਸਾਹਿਬ’ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੀ ਹਾਲਤ ਬਹੁਤ ਖਸਤਾ ਹੈ।

ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ

ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ
Photo Credit – Simarjit Singh Kang (Social Media)

ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਸ਼ਹਿਰ ਗੁਜਰਾਂਵਾਲਾ ਤੋਂ ਉੱਤਰ-ਪੱਛਮ ਵੱਲ ਡੇਢ ਕਿਲੋਮੀਟਰ ਦੂਰ ਹੈ। ਇਸ ਥਾਂ ਗੁਰੂ ਨਾਨਕ ਸਾਹਿਬ ਰੋੜੀ ਦੇ ਆਸਣ ’ਤੇ ਬਿਰਾਜੇ ਸਨ। ਇਸ ਥਾਂ ਹੁਣ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸਿੱਖ ਰਾਜ ਸਮੇਂ ਗੁਰਦੁਆਰਾ ਸਾਹਿਬ ਦੇ ਨਾਂ ਨਾਲ 5 ਹਜ਼ਾਰ ਦੀ ਸਾਲਾਨਾ ਜਾਗੀਰ ਤੋਂ ਇਲਾਵਾ 225 ਏਕੜ ਜ਼ਮੀਨ ਲੱਗੀ ਹੋਈ ਸੀ।

ਗੁਰਦੁਆਰਾ ਚੱਕੀ ਸਾਹਿਬ, ਐਮਨਾਬਾਦ

ਗੁਰਦੁਆਰਾ ਚੱਕੀ ਸਾਹਿਬ ਐਮਨਾਬਾਦ
Photo Credit – Simarjit Singh Kang (Social Media)

ਗੁਰਦੁਆਰਾ ਚੱਕੀ ਸਾਹਿਬ ਐਮਨਾਬਾਦ ਦੇ ਸ਼ਹਿਰ ਗੁਜਰਾਂਵਾਲਾ ਵਿਖੇ ਸੁਸ਼ੋਭਿਤ ਹੈ। ਇੱਥੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਨੇ ਕੈਦ ਕਰਕੇ ਚੱਕੀ ਪੀਹਣ ਦੀ ਸਜ਼ਾ ਲਾਈ ਸੀ। ਜਦੋਂ ਬਾਬਰ ਨੂੰ ਗੁਰੂ ਸਾਹਿਬ ਦੀ ਸ਼ਖ਼ਸੀਅਤ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਸਾਹਿਬ ਦੇ ਕਹਿਣ ’ਤੇ ਹਜ਼ਾਰਾਂ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਸ ਗੁਰਦੁਆਰਾ ਸਾਹਿਬ ਨਾਲ 14 ਏਕੜ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਖੂਹੀ ਭਾਈ ਲਾਲੋ ਜੀ, ਐਮਨਾਬਾਦ

ਗੁਰਦੁਆਰਾ ਖੂਹੀ ਭਾਈ ਲਾਲੋ ਜੀ ਐਮਨਾਬਾਦ
Photo Credit – Simarjit Singh Kang (Social Media)

ਗੁਰਦੁਆਰਾ ਖੂਹੀ ਭਾਈ ਲਾਲੋ ਜੀ ਐਮਨਾਬਾਦ ਵਿਖੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਵਿਚ ਸੁਸ਼ੋਭਿਤ ਹੈ। ਭਾਈ ਲਾਲੋ ਜੀ ਸੈਦਪੁਰ ਐਮਨਾਬਾਦ ਦੇ ਰਹਿਣ ਵਾਲੇ ਕਿੱਤੇ ਵਜੋਂ ਇੱਕ ਤਰਖਾਣ ਸਨ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਤਾਂ ਇਨ੍ਹਾਂ ਦੇ ਘਰ ਠਹਿਰੇ ਸਨ। ਇੱਥੇ ਹੀ ਗੁਰੂ ਸਾਹਿਬ ਨੇ ਮਲਕ ਭਾਗੋ ਦੇ ਗਰੀਬਾਂ ਦਾ ਲਹੂ ਨਿਚੋੜ ਕੇ ਇਕੱਠੇ ਕੀਤੇ ਪੈਸਿਆਂ ਨਾਲ ਤਿਆਰ ਸ਼ਾਹੀ ਪਕਵਾਨਾਂ ਨੂੰ ਟੁਕੜਾ ਕਰਕੇ ਭਾਈ ਲਾਲੋ ਜੀ ਦੇ ਖ਼ੂਨ-ਪਸੀਨੇ ਦੀ ਮਿਹਨਤ ਦੀ ਕਮਾਈ ਨਾਲ ਤਿਆਰ ਸਾਦਾ ਭੋਜਨ ਕਰਨ ਨੂੰ ਪਹਿਲ ਦਿੱਤੀ ਸੀ। ਇੱਥੇ ਗੁਰੂ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਇੱਕ ਖੂਹ ਅਜੇ ਤੱਕ ਮੌਜੂਦ ਹੈ।

ਗੁਰਦੁਆਰਾ ਨਾਨਕ ਗੜ੍ਹ, ਬਦਾਮੀ ਬਾਗ, ਲਾਹੌਰ

ਪਾਕਿਸਤਾਨ ਦੇ ਲਾਹੌਰ ਦੇ ਕੋਲ ਬਦਾਮੀ ਬਾਗ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਨਾਨਕਗੜ੍ਹ ਸੁਸ਼ੋਭਿਤ ਸੀ। ਸਿੱਖ ਇਤਿਹਾਸ ਅਨੁਸਾਰ ਇਸ ਅਸਥਾਨ ਉੱਤੇ ਗੁਰੂ ਸਾਹਿਬ ਨੇ ਭਾਈ ਦੂਨੀ ਚੰਦ ਦੇ ਪਿਤਾ ਨੂੰ ਚੌਰਾਸੀ ਤੋਂ ਮੁਕਤ ਕਰਵਾਇਆ ਸੀ। ਅਸਥਾਨ ਦਾ ਪ੍ਰਬੰਧ ਮਹੰਤ ਕਰਦੇ ਸਨ। ਗੁਰਦੁਆਰਾ ਸਾਹਿਬ ਦਾ ਜ਼ਿਕਰ ਹੁਣ ਕੇਵਲ ਇਤਿਹਾਸ ਦੇ ਸਫ਼ਿਆਂ ’ਤੇ ਹੀ ਆਉਂਦਾ ਹੈ, ਇਤਿਹਾਸਕ ਅਸਥਾਨ ਦੀ ਕੋਈ ਨਿਸ਼ਾਨੀ ਮੌਜੂਦ ਨਹੀਂ।

ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਲਾਹੌਰ

ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਲਾਹੌਰ ਵਿਚ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਆਗਮਨ ਦੀ ਯਾਦ ਵਿਚ ਸੁਸ਼ੋਭਿਤ ਹੈ। ਸਿੱਖ ਇਤਿਹਾਸ ਅਨੁਸਾਰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ 1570 ਨੂੰ ਆਪਣੇ ਪ੍ਰੇਮੀ ਦੂਨੀ ਚੰਦ ਦੇ ਘਰ ਬਿਰਾਜੇ ਸਨ। ਇਹ ਇਤਿਹਾਸਕ ਅਸਥਾਨ ਲਾਹੌਰ-ਦਿੱਲੀ ਦਰਵਾਜ਼ੇ ਦੇ ਅੰਦਰ ‘ਚੌਹਟਾ ਮੁਫ਼ਤੀ ਬਾਕਰ’ ਵਿਖੇ ਸੁਸ਼ੋਭਿਤ ਹੈ। ਇਸ ਇਲਾਕੇ ਨੂੰ ਉਸ ਸਮੇਂ ‘ਸਿਰੀਆਂ ਵਾਲਾ ਬਾਜ਼ਾਰ’ (ਜਾਂ ਚੌਹਟਾ ਜਵਾਹਰ ਮੱਲ) ਆਖਿਆ ਜਾਂਦਾ ਸੀ। ਇੱਥੇ ਹੀ ਗੁਰੂ ਸਾਹਿਬ ਨੇ ਦੂਨੀ ਚੰਦ ਨੂੰ ਕਰਮ-ਕਾਂਡ ਨਾ ਕਰਨ ਦੀ ਸਿੱਖਿਆ ਦੇ ਕੇ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਦਿੱਤੀ ਸੀ। ਇਸ ਇਤਿਹਾਸਕ ਸਥਾਨ ’ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੀ ਸੁਸ਼ੋਭਿਤ ਕੀਤੀ ਗਈ ਹੈ।

ਗੁਰਦੁਆਰਾ ਚੁੱਬੱਚਾ ਸਾਹਿਬ, ਧਰਮਪੁਰਾ ਲਾਹੌਰ

ਗੁਰਦੁਆਰਾ ਚੁੱਬੱਚਾ ਸਾਹਿਬ ਧਰਮਪੁਰਾ ਲਾਹੌਰ
Photo Credit – Simarjit Singh Kang (Social Media)

ਗੁਰਦੁਆਰਾ ਚੁੱਬੱਚਾ ਸਾਹਿਬ, ਲਾਹੌਰ ਸ਼ਹਿਰ ਦੇ ਧਰਮਪੁਰਾ ਵਿਖੇ ਸਥਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰੂ ਨਾਨਕ ਦੇਵ ਜੀ ਨੇ ਜਿਸ ਛੱਪੜੀ ਵਿਚ ਆਪਣੇ ਪੈਰ ਧੋਤੇ ਸਨ, ਸੰਗਤ ਨੇ ਉਸ ਸਥਾਨ ’ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ।

‘ਗੁਰਦੁਆਰਾ ਡੇਹਰਾ ਜਨਮ ਅਸਥਾਨ ਬੇਬੇ ਨਾਨਕੀ ਜੀ’, ਚਾਹਲ

ਪਾਕਿਸਤਾਨ ਦੇ ਲਾਹੌਰ ਤੋਂ 15 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਚਾਹਲ ਪਿੰਡ ਹੈ, ਜੋ ਗੁਰੂ ਨਾਨਕ ਸਾਹਿਬ ਦੇ ਨਾਨਕੇ ਸਨ। ਗੁਰੂ ਨਾਨਕ ਸਾਹਿਬ ਕਈ ਵਾਰ ਇਸ ਪਿੰਡ ਆਏ। ਗੁਰੂ ਸਾਹਿਬ ਦੀ ਭੈਣ ਬੇਬੇ ਨਾਨਕੀ ਦਾ ਜਨਮ ਵੀ ਸੰਮਤ 1521 ਬਿਕਰਮੀ ਵਿਚ ਇਸੇ ਪਿੰਡ ਹੋਇਆ। ‘ਗੁਰਦੁਆਰਾ ਡੇਹਰਾ ਚਾਹਲ’ ਅਸਲ ਵਿਚ ਬਾਬਾ ਰਾਮਾ ਜੀ (ਮਾਤਾ ਤ੍ਰਿਪਤਾ ਜੀ ਦੇ ਪਿਤਾ) ਦਾ ਘਰ ਸੀ। ਇਸ ਗੁਰਦੁਆਰਾ ਸਾਹਿਬ ਨੂੰ ‘ਜਨਮ ਅਸਥਾਨ ਬੇਬੇ ਨਾਨਕੀ ਜੀ’ ਵੀ ਆਖਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਨਾਲ 15 ਏਕੜ ਜ਼ਮੀਨ ਹੈ।

‘ਲੂਹੜਾ ਸਾਹਿਬ’ ਘਵਿੰਡੀ

‘ਲੂਹੜਾ ਸਾਹਿਬ ਘਵਿੰਡੀ
Photo Credit – Simarjit Singh Kang (Social Media)

ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਘਵਿੰਡੀ ਵਿਚ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਅਸਥਾਨ ‘ਲੂਹੜਾ ਸਾਹਿਬ’ ਸੁਸ਼ੋਭਿਤ ਹੈ। ਮਹਾਨ ਕੋਸ਼ ਅਨੁਸਾਰ ਗੁਰੂ ਸਾਹਿਬ ਪਿੰਡ ‘ਜਾਹਮਣ’ ਤੋਂ ਚਲ ਕੇ ਇੱਥੇ ਆਏ ਸਨ। ਗੁਰੂ ਸਾਹਿਬ ਦੇ ਸਮੇਂ ਇੱਥੇ ਲਹੂੜੇ ਦਾ ਦਰੱਖਤ ਹੁੰਦਾ ਸੀ, ਜਿਸ ਤੋਂ ਗੁਰਦੁਆਰਾ ਸਾਹਿਬ ਦਾ ਨਾਂ ਹੀ ਲੂਹੜਾ ਸਾਹਿਬ ਪ੍ਰਸਿੱਧ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਇਸ ਪਿੰਡ ਵਿਚ ਵਣਜਾਰਿਆਂ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੱਤਾ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਸ੍ਰੀ ਰਾਗ ਵਿਚ ਸ਼ਬਦ ‘ਪਹਰੇ’ ਬਾਣੀ ਦਾ ਉਚਾਰਨ ਕੀਤਾ। ਗੁਰਦੁਆਰਾ ਸਾਹਿਬ ਨਾਲ 20 ਵਿਘੇ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਰੂੜੀ ਸਾਹਿਬ ਪਾਤਸ਼ਾਹੀ ਪਹਿਲੀ, ਜਾਹਮਣ

ਗੁਰਦੁਆਰਾ ਰੂੜੀ ਸਾਹਿਬ, ਪਾਤਸ਼ਾਹੀ ਪਹਿਲੀ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਜਾਹਮਣ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਇਸ ਪਿੰਡ ਵਿਚ ਤਿੰਨ ਵਾਰ ਆਏ ਸਨ। ‘ਗੁਰਦੁਆਰਾ ਰੂੜੀ ਸਾਹਿਬ, ਪਾਤਸ਼ਾਹੀ ਪਹਿਲੀ’ ਪਿੰਡ ਦੇ ਪੂਰਬ ਵੱਲ ਹੈ। ਗੁਰਦੁਆਰਾ ਸਾਹਿਬ ਨਾਲ 50 ਏਕੜ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਛੋਟਾ ਨਨਕਿਆਣਾ, ਮਾਂਗਾ

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਲਾਹੌਰ ਤੋਂ ਮੁਲਤਾਨ ਦੇ ਵਿਚਕਾਰ ਪੈਂਦੇ ਪਿੰਡ ਮਾਂਗਾ ਵਿਖੇ ਆਏ ਸਨ। ਇਲਾਕੇ ਦੀ ਸੰਗਤ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਸੁਸ਼ੋਭਿਤ ਕੀਤਾ ਜੋ ਗੁਰਦੁਆਰਾ ਛੋਟਾ ਨਨਕਿਆਣਾ ਮਾਂਗਾ ਦੇ ਨਾਂ ਨਾਲ ਪ੍ਰਸਿੱਧ ਹੈ। ਬਾਅਦ ਵਿਚ ਇੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਦੀ ਉਸਾਰੀ ਵੀ ਕਰਵਾਈ ਸੀ। ਜਨਾਬ ਇਕਬਾਲ ਕੇਸਰ ਅਨੁਸਾਰ ਗੁਰਦੁਆਰਾ ਸਾਹਿਬ ਨਾਲ 500 ਘੁਮਾਂ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਮਾਨਕ

ਲਾਹੌਰ ਤੋਂ ਰਾਏਵਿੰਡ ਜਾਣ ਵਾਲੀ ਸੜਕ ’ਤੇ ਲਾਹੌਰ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਮਾਣਕ ਪਿੰਡ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪ੍ਰਚਾਰ-ਯਾਤਰਾ ਦੌਰਾਨ ਇਸ ਪਿੰਡ ਵਿਚ ਠਹਿਰੇ ਸਨ। ਜਿਸ ਟਿੱਬੇ ਉੱਤੇ ਗੁਰੂ ਜੀ ਬਿਰਾਜਮਾਨ ਹੋਏ ਸਨ, ਉਸ ਟਿੱਬੇ ਦਾ ਨਾਂ ਮਾਣਕ ਪੈ ਗਿਆ। ਇੱਥੇ ਹੀ ਇਲਾਕਾ ਨਿਵਾਸੀਆਂ ਨੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜੋ ਕਿ ਗੁਰਦੁਆਰਾ ਪਹਿਲੀ ਪਾਤਸ਼ਾਹੀ ਮਾਣਕ ਦੇ ਨਾਂ ਨਾਲ ਪ੍ਰਸਿੱਧ ਹੈ। ਪਿੰਡ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਂ ਨਾਲ 82 ਘੁਮਾਂ ਜ਼ਮੀਨ ਲੱਗੀ ਹੋਈ ਹੈ। ਗੁਰਦੁਆਰਾ ਸਾਹਿਬ ਦੀ ਤਿੰਨ-ਮੰਜ਼ਲਾ ਇਮਾਰਤ ਅਤੇ ਸਰੋਵਰ ਦੀ ਹਾਲਤ ਤਸੱਲੀਬਖ਼ਸ਼ ਨਹੀਂ ਹੈ।

ਗੁਰਦੁਆਰਾ ਸਾਹਿਬ, ਭੈਲਗ੍ਰਾਮ

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦਾ ਇੱਕ ਪਿੰਡ ‘ਭੈਲਗ੍ਰਾਮ’ ਵਿਚ ਗੁਰੂ ਨਾਨਕ ਸਾਹਿਬ ਆਪਣੇ ਇੱਕ ਸਫ਼ਰ ਦੌਰਾਨ ਆਏ ਸਨ। ਆਪ ਜੀ ਦੀ ਯਾਦ ਵਿਚ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਮਾਂਗੇ ਤੋਂ ਰਾਮ ਥੰਮਣ ਜਾਂਦੇ ਹੋਏ ਇਸ ਪਿੰਡ ਠਹਿਰੇ ਸਨ। ਜਨਾਬ ਇਕਬਾਲ ਕੇਸਰ ਦੇ ਅਨੁਸਾਰ ਅੱਜ-ਕੱਲ੍ਹ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ।

ਗੁਰਦੁਆਰਾ ਬਾਬਾ ਰਾਮ ਥੰਮਣ ਜੀ

ਗੁਰਦੁਆਰਾ ਬਾਬਾ ਰਾਮ ਥੰਮਣ ਜੀ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ਪਿੰਡ ਕਾਲਖੂ ਵਾਰਾ ਵਿਚ ਸੁਸ਼ੋਭਿਤ ਹੈ। ਬਾਬਾ ਰਾਮ ਥੰਮਣ ਜੀ ਇੱਕ ਸਾਧੂ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਸੀ ਦੇ ਪੁੱਤਰ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਕਈ ਵਾਰ ਆਏ। ਗੁਰਦੁਆਰਾ ਸਾਹਿਬ ਦੇ ਨਾਂ ਨਾਲ ਹਜ਼ਾਰਾਂ ਏਕੜ ਜ਼ਮੀਨ ’ਤੇ ਜਗੀਰ ਲੱਗੀ ਹੋਈ ਹੈ।

ਗੁਰਦੁਆਰਾ ਹੋਲਾਂ ਸਾਹਿਬ, ਭਰਨਾਵਾਂ

ਗੁਰਦੁਆਰਾ ਹੋਲਾਂ ਸਾਹਿਬ, ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ਪਿੰਡ ‘ਭਰਨਾਵਾਂ’ ਵਿਚ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਸਥਿਤ ਹੈ। ਇੱਥੇ ਹੀ ਗੁਰੂ ਸਾਹਿਬ ਨੂੰ ਇੱਕ ਸੁਲਤਾਨ ਨਾਮੀ ਬਾਲਕ ਨੇ ਹੋਲਾਂ ਭੁੰਨ ਕੇ ਖੁਆਈਆਂ ਸਨ। ਇਹ ਗੁਰਦੁਆਰਾ ਭਾਈ ਫੇਰੂ ਤੋਂ ਲਾਹੌਰ ਵੱਲ ਨੂੰ ਦੋ ਕੁ ਕਿਲੋਮੀਟਰ ਦੀ ਵਿੱਥ ਉੱਤੇ ਮੁਲਤਾਨ ਰੋਡ ਉੱਤੇ ਆਉਂਦਾ ਹੈ। ਗੁਰਦੁਆਰਾ ਹੋਲਾਂ ਸਾਹਿਬ ਦੇ ਨਾਂ ਨਾਲ ਅੱਜ-ਕੱਲ੍ਹ ਵੀ 700 ਏਕੜ ਜ਼ਮੀਨ ਜਾਗੀਰ ਵਜੋਂ ਲੱਗੀ ਹੋਈ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ (ਛੋਟਾ ਨਨਕਾਣਾ)

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਮਾਂਗਾ ਪਿੰਡ ਦੇ ਪੱਛਮ ਵੱਲ 27 ਕਿਲੋਮੀਟਰ ਦੂਰ ਇੱਕ ਪਿੰਡ ‘ਅਲਪਾ’ ਵੱਸਿਆ ਹੋਇਆ ਹੈ। ਇਸ ਪਿੰਡ ਵਿਚ ਗੁਰੂ ਨਾਨਕ ਸਾਹਿਬ ਆਏ ਸਨ। ਇਹ ਅਸਥਾਨ ਪਹਿਲਾਂ ਅਲਪਾ ਪਿੰਡ ਤੋਂ ਤਕਰੀਬਨ ਚਾਰ ਕਿਲੋਮੀਟਰ ਬਾਹਰ ਸੀ ਜਿੱਥੇ ਅੱਜ-ਕੱਲ੍ਹ ‘ਛੋਟਾ ਨਨਕਾਣਾ ਅਲਪਾ’ ਨਾਂ ਦਾ ਪਿੰਡ ਆਬਾਦ ਹੋ ਚੁੱਕਾ ਹੈ। ਇੱਥੇ 1947 ਤੋਂ ਪਹਿਲਾਂ ਪ੍ਰਕਾਸ਼ ਹੁੰਦਾ ਸੀ। ਇਸ ਪਾਵਨ ਗੁਰਦੁਆਰਾ ਸਾਹਿਬ ਨਾਲ ਇਸੇ ਪਿੰਡ ਅਤੇ ਹੋਰ ਕਈ ਪਿੰਡਾਂ ਵਿਚ ਭਾਰੀ ਜਾਗੀਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ‘ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ’ (ਛੋਟਾ ਨਨਕਾਣਾ) ਆਖਿਆ ਜਾਂਦਾ ਸੀ।

ਗੁਰਦੁਆਰਾ ਛੋਟਾ ਨਨਕਿਆਣਾ, ਨਾਨਕ ਜਾਗੀਰ ਜ਼ਿਲ੍ਹਾ ਅਕੂਵੜਾ ਸਤਘਰਾ

ਪਾਕਿਸਤਾਨ ਦੇ ਜ਼ਿਲ੍ਹਾ ਅਕੂਵੜਾ ਵਿਚ ਇੱਕ ਕਸਬਾ ‘ਸਤਘਰਾ’ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ। ਗੁਰੂ ਨਾਨਕ ਸਾਹਿਬ ਅਲਪੇ ਤੋਂ ਚੱਲ ਕੇ ਇੱਥੇ ਆਏ ਸਨ। ਇੱਥੇ ਗੁਰੂ ਸਾਹਿਬ ਨੇ ਇੱਕ ਸ਼ਾਹੂਕਾਰ ਦੇ ਪਰਥਾਇ “ਸਹੰਸਰ ਦਾਨ ਦੇ ਇੰਦਰ ਰੁਆਇਆ” ਸ਼ਬਦ ਉਚਾਰਿਆ। ਇਹ ਅਸਥਾਨ “ਗੁਰਦੁਆਰਾ ਛੋਟਾ ਨਨਕਿਆਣਾ, ਨਾਨਕ ਜਾਗੀਰ, ਸਤਘਰਾ” ਜ਼ਿਲ੍ਹਾ ਅਕੂਵੜਾ ਕਰਕੇ ਪ੍ਰਸਿੱਧ ਹੈ।

Simarjit Singh Kang

Simarjit Singh Kang (Former Secretary, SGPC)

Post navigation

Leave a Comment

Leave a Reply

Your email address will not be published. Required fields are marked *