ਪੰਜਾਬ ਵਿੱਚ ਕਰੀਬ 6 ਫ਼ੀਸਦੀ ਰਕਬੇ ‘ਤੇ ਬਾਗਬਾਨੀ ਹੋਣ ਦੇ ਬਾਵਜੂਦ, ਇਹ ਖੇਤੀਬਾੜੀ ਜੀ.ਡੀ.ਪੀ. ‘ਚ ਪਾਉਂਦੀ ਹੈ ਲਗਭਗ 17% ਦਾ ਯੋਗਦਾਨ
ਪੰਜਾਬ, ਜਿਸ ਨੂੰ ਭਾਰਤ ਵਿੱਚ ‘ਹਰੀ ਕ੍ਰਾਂਤੀ’ ਦਾ ਮੋਢੀ ਮੰਨਿਆ ਜਾਂਦਾ ਹੈ, ਅੱਜ ਕਈ ਗੰਭੀਰ ਚੁਣੌਤੀਆਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਮਿੱਟੀ ਦੀ ਘਟ ਰਹੀ ਉਪਜਾਊ ਸ਼ਕਤੀ, ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ, ਫ਼ਸਲਾਂ ਦੀ ਘੱਟ ਰਹੀ ਆਮਦਨ ਅਤੇ ਵੱਧ ਰਹੀ ਮਹਿੰਗਾਈ ਨੇ ਕਿਸਾਨੀ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਕਣਕ-ਝੋਨੇ ਦੀ ਉਤਪਾਦਨ ਪ੍ਰਣਾਲੀ ਨੇ ਭਾਵੇਂ ਦੇਸ਼ ਨੂੰ ਅੰਨ ਦੇ ਭੰਡਾਰਾਂ ਵਿੱਚ ਆਤਮ ਨਿਰਭਰ ਬਣਾਇਆ, ਪਰ ਹੁਣ ਇਹ ਪ੍ਰਣਾਲੀ ਵਾਤਾਵਰਨ ਅਤੇ ਆਰਥਿਕ ਪੱਖੋਂ ਟਿਕਾਊ ਨਹੀਂ ਰਹੀ।
ਇਸ ਨਾਜ਼ੁਕ ਸਮੇਂ ਵਿੱਚ ਬਾਗਬਾਨੀ ਇੱਕ ਨਵਾਂ ਅਤੇ ਭਵਿੱਖ-ਕੇਂਦਰਤ ਰਾਹ ਪੇਸ਼ ਕਰਦੀ ਹੈ। ਉੱਚ ਮੁੱਲ ਵਾਲੀਆਂ ਫ਼ਸਲਾਂ, ਜਿਵੇਂ ਕਿ ਵਿਦੇਸ਼ੀ ਸਬਜ਼ੀਆਂ, ਸਿਟਰਸ ਫਲ, ਪੋਲੀਹਾਊਸ ਜਾਂ ਨੈੱਟ-ਹਾਊਸ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਕਿਸਾਨ ਨਾ ਸਿਰਫ਼ ਆਪਣੀ ਆਮਦਨ ਕਈ ਗੁਣਾ ਵਧਾ ਸਕਦੇ ਹਨ, ਸਗੋਂ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਵੀ ਯੋਗਦਾਨ ਪਾ ਸਕਦੇ ਹਨ।

ਪਿਛਲੇ ਚਾਰ ਦਹਾਕਿਆਂ ਵਿੱਚ ਭਾਰਤ ਅੰਦਰ ਫਲਾਂ ਅਤੇ ਸਬਜ਼ੀਆਂ ਦੀ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ 4.01 ਕਿਲੋਗ੍ਰਾਮ ਤੋਂ ਵੱਧ ਕੇ 9.15 ਕਿਲੋਗ੍ਰਾਮ ਹੋਣਾ ਇਸ ਗੱਲ ਦਾ ਸਪਸ਼ਟ ਪ੍ਰਮਾਣ ਹੈ ਕਿ ਬਾਗਬਾਨੀ ਉਤਪਾਦਾਂ ਦੀ ਮੰਗ ਬਾਜ਼ਾਰ ਵਿੱਚ ਲਗਾਤਾਰ ਵਧ ਰਹੀ ਹੈ।
ਵੈਸੇ, ਭਾਰਤ ਵਿੱਚ ਨੌਜਵਾਨ ਪੀੜ੍ਹੀ ਲਈ ਰੋਜ਼ਗਾਰ ਦੇ ਨਵੇਂ ਅਤੇ ਸਥਿਰ ਮੌਕੇ ਪੈਦਾ ਕਰਨਾ ਅਤੇ ਜਲਵਾਯੂ ਪਰਿਵਰਤਨ ਦੇ ਘਾਤਕ ਪ੍ਰਭਾਵਾਂ ਦਾ ਮੁਕਾਬਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅਜਿਹੇ ਗੰਭੀਰ ਦੌਰ ਵਿੱਚ, ਬਾਗਬਾਨੀ ਦੀ ਸਿੱਖਿਆ ਨੌਜਵਾਨਾਂ ਲਈ ਸਿਰਫ ਇੱਕ ਆਮ ਕਰੀਅਰ ਚੋਣ ਨਹੀਂ ਰਹਿ ਜਾਂਦੀ, ਸਗੋਂ ਇਹ ਇੱਕ ਸੋਚ-ਸਮਝ ਕੇ ਚੁਣੀ ਜਾਣ ਵਾਲੀ, ਦੇਸ਼ ਦੇ ਵਿਕਾਸ ਨਾਲ ਜੁੜੀ ਅਤੇ ਭਵਿੱਖਮੁਖੀ ਦਿਸ਼ਾ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ।
ਦੇਸ਼ ਅੱਜ ਜਿਨ੍ਹਾਂ ਪਰਿਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਸਪਸ਼ਟ ਕਰਦੀਆਂ ਹਨ ਕਿ ਰਵਾਇਤੀ ਸਿੱਖਿਆ ਅਤੇ ਰੋਜ਼ਗਾਰ ਦੇ ਪੁਰਾਣੇ ਰਸਤੇ ਹੁਣ ਆਪਣੀ ਵੱਧ ਤੋਂ ਵੱਧ ਸੀਮਾ ‘ਤੇ ਪਹੁੰਚ ਚੁੱਕੇ ਹਨ। ਤੇਜ਼ੀ ਨਾਲ ਵੱਧਦੀ ਆਬਾਦੀ, ਘਟਦੇ ਜ਼ਮੀਨੀ ਸਰੋਤ, ਪਾਣੀ ਦੀ ਕਿੱਲਤ, ਮੌਸਮ ਦੀ ਅਣਿਸ਼ਚਿਤਤਾ ਅਤੇ ਮਨੁੱਖੀ ਸਿਹਤ ਨਾਲ ਜੁੜੀਆਂ ਕੁਪੋਸ਼ਣ ਦੀਆਂ ਸਮੱਸਿਆਵਾਂ ਇਹ ਮੰਗ ਕਰਦੀਆਂ ਹਨ ਕਿ ਅਸੀਂ ਆਪਣੀ ਸੋਚ ਅਤੇ ਅਕਾਦਮਿਕ ਦਿਸ਼ਾ ਨੂੰ ਬਦਲੀਏ। ਬਦਲਦੇ ਹਾਲਾਤਾਂ ਦੇ ਪ੍ਰਸੰਗ ਵਿੱਚ ਬਾਗਬਾਨੀ ਸਿੱਖਿਆ ਸਿਰਫ਼ ਇੱਕ ਕਿਤਾਬੀ ਵਿਸ਼ਾ ਨਹੀਂ ਹੈ, ਸਗੋਂ ਇੱਕ ਅਜਿਹਾ ਸਰਵਪੱਖੀ ਖੇਤਰ ਹੈ ਜੋ ਸੂਬੇ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈ।
ਪੰਜਾਬ ਵਿੱਚ ਬਾਗਬਾਨੀ ਦਾ ਖੇਤੀਬਾੜੀ ਜੀ.ਡੀ.ਪੀ. ‘ਚ 17% ਦਾ ਯੋਗਦਾਨ

ਜੇਕਰ ਆਰਥਿਕ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਰਾਸ਼ਟਰੀ ਪੱਧਰ ‘ਤੇ ਬਾਗਬਾਨੀ ਖੇਤਰ ਕੁੱਲ ਖੇਤੀਬਾੜੀ ਜੀ.ਡੀ.ਪੀ. ਵਿੱਚ 30 ਫ਼ੀਸਦੀ ਤੋਂ ਵੱਧ ਦਾ ਵੱਡਾ ਯੋਗਦਾਨ ਪਾਉਂਦਾ ਹੈ, ਜਦਕਿ ਇਹ ਦੇਸ਼ ਦੇ ਸਿਰਫ਼ 15 ਫ਼ੀਸਦੀ ਦੇ ਕਰੀਬ ਖੇਤਰਫਲ ‘ਤੇ ਹੀ ਕੀਤੀ ਜਾਂਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਕਰੀਬ 6 ਫ਼ੀਸਦੀ ਰਕਬੇ ‘ਤੇ ਬਾਗਬਾਨੀ ਹੋਣ ਦੇ ਬਾਵਜੂਦ ਇਹ ਖੇਤੀਬਾੜੀ ਜੀ.ਡੀ.ਪੀ. ਵਿੱਚ ਲਗਭਗ 17 ਫ਼ੀਸਦੀ ਦਾ ਯੋਗਦਾਨ ਪਾਉਂਦੀ ਹੈ। ਇਹ ਅੰਕੜੇ ਸਾਫ਼ ਕਰਦੇ ਹਨ ਕਿ ਇਸ ਖੇਤਰ ਵਿੱਚ ਵਿਸਥਾਰ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ। 10+2 ਪਾਸ ਕਰਨ ਵਾਲੇ ਵਿਦਿਆਰਥੀਆਂ (ਚਾਹੇ ਉਹ ਮੈਡੀਕਲ ਦੇ ਹੋਣ ਜਾਂ ਨਾਨ-ਮੈਡੀਕਲ ਦੇ) ਅਤੇ ਉਨ੍ਹਾਂ ਦੇ ਮਾਪਿਆਂ ਲਈ, ਜੋ ਆਪਣੇ ਬੱਚਿਆਂ ਲਈ ਇੱਕ ਸਥਿਰ ਅਤੇ ਸੁਰੱਖਿਅਤ ਕਰੀਅਰ ਦੀ ਭਾਲ ਕਰ ਰਹੇ ਹਨ, ਬਾਗਬਾਨੀ ਸਿੱਖਿਆ ਇੱਕ ਬਿਹਤਰ ਅਤੇ ਪ੍ਰਸੰਗਕ ਵਿਕਲਪ ਹੈ।
ਦੱਸਦੇ ਚੱਲੀਏ ਕਿ ਆਮ ਤੌਰ ‘ਤੇ ਸਮਾਜ ਵਿੱਚ ਬਾਗਬਾਨੀ ਨੂੰ ਰਵਾਇਤੀ ਖੇਤੀ ਦਾ ਹੀ ਇੱਕ ਹਿੱਸਾ ਜਾਂ ਵਿਸਥਾਰ ਮੰਨ ਲਿਆ ਜਾਂਦਾ ਹੈ, ਪਰ ਹਕੀਕਤ ਵਿੱਚ ਇਹ ਇੱਕ ਬੇਹੱਦ ਵਿਸ਼ਾਲ ਅਤੇ ਵਿਗਿਆਨ-ਕੇਂਦਰਤ ਖੇਤਰ ਹੈ। ਇਸ ਵਿੱਚ ਫਲਾਂ, ਸਬਜ਼ੀਆਂ, ਫੁੱਲਾਂ, ਔਸ਼ਧੀ ਅਤੇ ਸੁਗੰਧਿਤ ਪੌਦਿਆਂ ਦੀ ਕਾਸ਼ਤ ਤੋਂ ਲੈ ਕੇ ਜੈਨੇਟਿਕ ਸੁਧਾਰ, ਪ੍ਰੋਸੈਸਿੰਗ, ਵੈਲਿਊ ਐਡੀਸ਼ਨ ਅਤੇ ਆਧੁਨਿਕ ਮਾਰਕੀਟਿੰਗ ਤੱਕ ਦਾ ਸਮੁੱਚਾ ਚੱਕਰ ਸ਼ਾਮਲ ਹੁੰਦਾ ਹੈ। ਅੱਜ-ਕੱਲ੍ਹ ਇਸ ਵਿਸ਼ੇ ਦੇ ਮਾਹਿਰ ਸਿਖਿਆਰਥੀ ‘ਲੈਂਡਸਕੇਪਿੰਗ’ ਅਤੇ ਵਪਾਰਕ ਫਲੋਰੀਕਲਚਰ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਕਮਾਈ ਕਰ ਰਹੇ ਹਨ।
ਆਧੁਨਿਕ ਬਾਗਬਾਨੀ ਦਾ ਖੇਤਰ ਬਾਇਓਟੈਕਨਾਲੋਜੀ, ਜਲਵਾਯੂ ਵਿਗਿਆਨ, ਮਿੱਟੀ ਵਿਗਿਆਨ, ਪ੍ਰੀਸੀਜ਼ਨ ਖੇਤੀਬਾੜੀ, ਪੋਸਟ-ਹਾਰਵੈਸਟ ਤਕਨਾਲੋਜੀ ਅਤੇ ਐਗਰੀ-ਬਿਜ਼ਨਸ ਮੈਨੇਜਮੈਂਟ ਵਰਗੀਆਂ ਕਈ ਉੱਨਤ ਵਿਧੀਆਂ ਨਾਲ ਜੁੜਿਆ ਹੋਇਆ ਹੈ। ਰਵਾਇਤੀ ਫ਼ਸਲਾਂ ਦੇ ਮੁਕਾਬਲੇ ਬਾਗਬਾਨੀ ਰਾਹੀਂ ਘੱਟ ਰਕਬੇ ਤੋਂ ਵਧੇਰੇ ਅਤੇ ਸਦੀਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਵਿਸ਼ੇਸ਼ਤਾ ਪੰਜਾਬ ਵਰਗੇ ਸੂਬੇ ਲਈ ਬੇਹੱਦ ਅਹਿਮ ਹੈ, ਜਿੱਥੇ ਪਰਿਵਾਰਕ ਵੰਡ ਕਾਰਨ ਜ਼ਮੀਨਾਂ ਦੇ ਟੁਕੜੇ ਛੋਟੇ ਹੁੰਦੇ ਜਾ ਰਹੇ ਹਨ ਅਤੇ ਕਣਕ-ਝੋਨੇ ਦੇ ਰਵਾਇਤੀ ਚੱਕਰ ਕਾਰਨ ਕਿਸਾਨਾਂ ‘ਤੇ ਆਰਥਿਕ ਦਬਾਅ ਲਗਾਤਾਰ ਵੱਧ ਰਿਹਾ ਹੈ।
ਕੋਵਿਡ-19 ਤੋਂ ਬਾਅਦ ਪੋਸ਼ਣ ਸੁਰੱਖਿਆ ਅਤੇ ਸਿਹਤ ਪ੍ਰਤੀ ਜਾਗਰੂਕਤਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਸਟੱਡੀ ਦੇ ਮੁਤਾਬਿਕ, ਕੋਵਿਡ-19 ਮਹਾਮਾਰੀ ਤੋਂ ਬਾਅਦ ਮਨੁੱਖੀ ਸਿਹਤ ਅਤੇ ਪੋਸ਼ਣ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਹੁਣ ਲੋਕ ਸਿਰਫ਼ ਢਿੱਡ ਭਰਨ ਲਈ ਕੈਲੋਰੀਆਂ ਨਹੀਂ ਲੈਂਦੇ, ਸਗੋਂ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਭਾਰਤ ਅਜੇ ਵੀ ‘ਛੁਪੀ ਭੁੱਖ’ ਯਾਨੀ ਸੂਖਮ ਪੋਸ਼ਕ ਤੱਤਾਂ (ਵਿਟਾਮਿਨਾਂ ਅਤੇ ਖਣਿਜਾਂ) ਦੀ ਘਾਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਫਲ ਅਤੇ ਸਬਜ਼ੀਆਂ, ਜਿਨ੍ਹਾਂ ਨੂੰ ਵਿਗਿਆਨ ਦੀ ਭਾਸ਼ਾ ਵਿੱਚ “ਸੁਰੱਖਿਆਤਮਕ ਭੋਜਨ” ਕਿਹਾ ਜਾਂਦਾ ਹੈ, ਇਨ੍ਹਾਂ ਪੋਸ਼ਕ ਤੱਤਾਂ ਦੇ ਸਭ ਤੋਂ ਵੱਡੇ ਕੁਦਰਤੀ ਸਰੋਤ ਹਨ। ਇਸ ਲਈ, ਬਾਗਬਾਨੀ ਸਿੱਖਿਆ ਦਾ ਪਸਾਰ ਕਰਨਾ ਸਿਰਫ਼ ਰੋਜ਼ਗਾਰ ਪੈਦਾ ਕਰਨਾ ਨਹੀਂ ਹੈ, ਸਗੋਂ ਇਹ ਰਾਸ਼ਟਰੀ ਸਿਹਤ ਅਤੇ ਮਨੁੱਖੀ ਸਰੋਤਾਂ ਦੇ ਵਿਕਾਸ ਵਿੱਚ ਇੱਕ ਦੂਰਗਾਮੀ ਨਿਵੇਸ਼ ਹੈ।
ਜਲਵਾਯੂ ਪਰਿਵਰਤਨ ਹੁਣ ਕੋਈ ਭਵਿੱਖ ਦੀ ਗੱਲ ਨਹੀਂ, ਸਗੋਂ ਸਾਡੇ ਸਾਹਮਣੇ ਖੜ੍ਹੀ ਹਕੀਕਤ ਹੈ। ਬੇਮੌਸਮੀ ਬਾਰਸ਼, ਤਾਪਮਾਨ ਦਾ ਅਚਾਨਕ ਵਧਣਾ-ਘਟਣਾ ਅਤੇ ਸੋਕੇ ਵਰਗੀਆਂ ਸਥਿਤੀਆਂ ਰਵਾਇਤੀ ਖੇਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਬਾਗਬਾਨੀ ਵਿਗਿਆਨ ਇਸ ਸਮੱਸਿਆ ਦਾ ਇੱਕ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦਾ ਹੈ। ਬਾਗਬਾਨੀ ਵਿੱਚ ਵਰਤੀਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ, ਜਿਵੇਂ ਕਿ ਤੁਪਕਾ ਸਿੰਚਾਈ, ਹਾਈਡ੍ਰੋਪੋਨਿਕਸ- ਬਿਨਾਂ ਮਿੱਟੀ ਤੋਂ ਖੇਤੀ) ਅਤੇ ਜਲਵਾਯੂ-ਸਹਿਣਸ਼ੀਲ ਕਿਸਮਾਂ ਦਾ ਵਿਕਾਸ, ਅਜਿਹੀਆਂ ਨਵੀਨਤਾਵਾਂ ਹਨ ਜੋ ਉਤਪਾਦਕਤਾ ਨੂੰ ਘਟਾਏ ਬਿਨਾਂ ਵਾਤਾਵਰਨ ਦੇ ਖ਼ਤਰਿਆਂ ਨੂੰ ਘੱਟ ਕਰਦੀਆਂ ਹਨ। ਇਸ ਮਾਇਨੇ ਵਿੱਚ ਬਾਗਬਾਨੀ ਇੱਕ ਅਸਲ “ਕਲਾਈਮੇਟ-ਸਮਾਰਟ” ਪੇਸ਼ਾ ਹੈ।
ਨੌਕਰੀ ਲੱਭਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣੋ!

ਬਾਗਬਾਨੀ ਸਿੱਖਿਆ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲੱਭਣ ਵਾਲਾ ਨਹੀਂ ਬਣਾਉਂਦੀ, ਸਗੋਂ ਉਨ੍ਹਾਂ ਨੂੰ ਨੌਕਰੀ ਦੇਣ ਵਾਲਾ ਯਾਨੀ ਉੱਦਮੀ ਬਣਨ ਦਾ ਮੌਕਾ ਦਿੰਦੀ ਹੈ। ਇਸ ਖੇਤਰ ਵਿੱਚ ਸਟਾਰਟ-ਅੱਪਸ ਦੀਆਂ ਬੇਅੰਤ ਸੰਭਾਵਨਾਵਾਂ ਹਨ, ਜਿਵੇਂ ਕਿ, ਹਾਈ-ਟੈਕ ਫਲ ਨਰਸਰੀਆਂ, ਫਲੋਰੀਕਲਚਰ ਅਤੇ ਲੈਂਡਸਕੇਪਿੰਗ, ਸ਼ਹਿਰੀਕਰਨ ਕਾਰਨ ਵਧ ਰਹੀ ਸਜਾਵਟੀ ਪੌਦਿਆਂ ਅਤੇ ਡਿਜ਼ਾਈਨਿੰਗ ਦੀ ਮੰਗ, ਫਲਾਂ ਅਤੇ ਸਬਜ਼ੀਆਂ ਤੋਂ ਜੂਸ, ਜੈਮ, ਅਚਾਰ ਅਤੇ ਡਰਾਈ-ਫਰੂਟਸ ਤਿਆਰ ਕਰਨ ਦੀਆਂ ਇਕਾਈਆਂ। ਸਪਲਾਈ ਚੇਨ ਅਤੇ ਕੋਲਡ ਸਟੋਰੇਜ ਪ੍ਰਬੰਧਨ, ਢੁੱਕਵੇਂ ਤਕਨੀਕੀ ਗਿਆਨ ਅਤੇ ਸੰਸਥਾਗਤ ਸਹਾਇਤਾ ਨਾਲ ਨੌਜਵਾਨ ਛੋਟੇ ਪੱਧਰ ‘ਤੇ ਵੀ ਆਪਣਾ ਸਫ਼ਲ ਕਾਰੋਬਾਰ ਸ਼ੁਰੂ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਬਾਗਬਾਨੀ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਯੋਗਦਾਨ

ਬਾਗਬਾਨੀ ਦੀ ਤਤਕਾਲੀ ਲੋੜ ਅਤੇ ਅਹਿਮੀਅਤ ਨੂੰ ਸਮਝਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਲ 2018 ਵਿੱਚ ‘ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ’ ਦੀ ਸਥਾਪਨਾ ਕੀਤੀ ਗਈ ਸੀ। ਇਹ ਸੰਸਥਾ ਭਵਿੱਖ ਲਈ ਨਿਪੁੰਨ ਅਤੇ ਵਿਗਿਆਨਕ ਮਨੁੱਖੀ ਸਰੋਤ ਤਿਆਰ ਕਰਨ ਦੀ ਇੱਕ ਬਹੁਤ ਹੀ ਦੂਰਦਰਸ਼ੀ ਪਹਿਲ ਹੈ। ਪ੍ਰੈਕਟੀਕਲ ਸਿੱਖਿਆ ਅਤੇ ਉੱਨਤ ਖੋਜ ਦੇ ਸੁਮੇਲ ਰਾਹੀਂ ਇਹ ਕਾਲਜ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਨਹੀਂ ਦਿੰਦਾ, ਸਗੋਂ ਉਨ੍ਹਾਂ ਅੰਦਰ ਪੇਸ਼ੇਵਰ ਕਾਬਲੀਅਤ ਪੈਦਾ ਕਰਦਾ ਹੈ। ਇੱਥੋਂ ਪਾਸ ਆਊਟ ਹੋਏ ਗ੍ਰੈਜੂਏਟ ਵਿਦਿਆਰਥੀ ਅੱਜ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ‘ਤੇ ਉੱਚ ਸਿੱਖਿਆ ਅਤੇ ਵੱਡੀਆਂ ਕੰਪਨੀਆਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ।
ਅੱਜ ਦੇ ਨੌਜਵਾਨਾਂ ਲਈ ਸਵਾਲ ਸਿਰਫ ਇੱਕ ਨੌਕਰੀ ਪ੍ਰਾਪਤ ਕਰਨ ਦਾ ਨਹੀਂ ਹੈ, ਸਗੋਂ ਆਪਣੇ ਜੀਵਨ ਨੂੰ ਅਰਥਪੂਰਨ, ਪ੍ਰਸੰਗਕ ਅਤੇ ਪ੍ਰਭਾਵਸ਼ਾਲੀ ਬਣਾਉਣ ਦਾ ਹੈ। ਬਾਗਬਾਨੀ ਇੱਕ ਅਜਿਹਾ ਖੇਤਰ ਹੈ ਜੋ ਵਿਗਿਆਨ, ਆਰਥਿਕਤਾ, ਸਮਾਜ ਅਤੇ ਵਾਤਾਵਰਨ ਨੂੰ ਇੱਕ ਸੂਤਰ ਵਿੱਚ ਪਰੋਂਦਾ ਹੈ। ਇਹ ਨੌਜਵਾਨਾਂ ਵਿੱਚ ਆਤਮ ਨਿਰਭਰਤਾ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਮਾਪੇ ਵੀ ਰਵਾਇਤੀ ਅਤੇ ਪੁਰਾਣੀਆਂ ਕਰੀਅਰ ਧਾਰਨਾਵਾਂ (ਜਿਵੇਂ ਸਿਰਫ਼ ਮੈਡੀਕਲ, ਇੰਜੀਨੀਅਰਿੰਗ ਜਾਂ ਰਵਾਇਤੀ ਸਰਕਾਰੀ ਨੌਕਰੀਆਂ) ਤੋਂ ਉੱਪਰ ਉੱਠ ਕੇ ਇਨ੍ਹਾਂ ਉਭਰ ਰਹੀਆਂ ਸੰਭਾਵਨਾਵਾਂ ਨੂੰ ਸਮਝਣ। ਬਾਗਬਾਨੀ ਕੋਈ ਦੂਜਾ ਵਿਕਲਪ ਨਹੀਂ, ਸਗੋਂ ਇੱਕ ਰਣਨੀਤਕ ਅਤੇ ਉੱਜਵਲ ਭਵਿੱਖ ਵੱਲ ਵਧਾਇਆ ਗਿਆ ਕਦਮ ਹੈ। ਭਵਿੱਖ ਸਿਰਫ਼ ਬੰਦ ਦਫ਼ਤਰਾਂ ਜਾਂ ਕੰਪਿਊਟਰ ਸਕ੍ਰੀਨਾਂ ਦੇ ਸਾਹਮਣੇ ਹੀ ਨਹੀਂ ਬਣੇਗਾ, ਇਹ ਖੇਤਾਂ, ਹਾਈ-ਟੈਕ ਲੈਬਾਰਟਰੀਆਂ ਅਤੇ ਨਵੀਨ ਉਪਰਾਲਿਆਂ ਰਾਹੀਂ ਬਾਗਾਂ ਵਿੱਚ ਵੀ ਲਿਖਿਆ ਜਾਵੇਗਾ। ਹੁਣ ਸਮਾਂ ਸੋਚ ਵਿੱਚ ਵੱਡਾ ਬਦਲਾਅ ਲਿਆਉਣ ਦਾ ਹੈ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੇ।



Leave a Comment