khair panjan panian di part 2

ਸੰਨ ਸੰਤਾਲੀ ਦੇ ਦਿੱਤੇ ਹੰਝੂਆਂ ਦਾ ਦਰਦਨਾਮਾ – “ਖੈਰ ਪੰਜਾਂ ਪਾਣੀਆਂ ਦੀ” (ਭਾਗ ੨)

1947 ਵਿੱਚ ਆਮ ਸ਼ਹਿਰੀ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਵੱਡੀਆਂ ਕੁਰਬਾਨੀਆਂ ਤੇ ਅੰਤਰ ਰਾਸ਼ਟਰੀ ਸੰਕਟ ਕਾਰਨ ਫਰੰਗੀ ਸਾਡਾ ਦੇਸ਼ ਛੱਡ ਜਾਵੇਗਾ, ਪਰ ਛੱਡਣ ਲੱਗਿਆਂ ਕਤਲੋਗਾਰਤ ਵਿੱਚ ਦਸ ਲੱਖ ਪੰਜਾਬੀਆਂ ਦੀ ਜਾਨ ਲੈ ਜਾਵੇਗਾ, ਇਹ ਖ਼ੂਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਬੰਦੇ ਖਾਣੀ ਰੁੱਤ ਸਾਨੂੰ ਏਨਾ ਹੈਂਸਿਆਰਾ ਤੇ ਜ਼ਾਲਮ ਬਣਾ ਦੇਵੇਗੀ, ਕਦੇ ਨਹੀਂ ਸੀ ਸੋਚਿਆ। ਇਸੇ ਗੱਲ ਨੂੰ ਹੀ ਪ੍ਰੋ ਮੋਹਨ ਸਿੰਘ ਨੇ ਆਪਣੀ ਵਿਸ਼ਵ ਪ੍ਰਸਿੱਧ ਨਜ਼ਮ-

ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ।
ਉਹ ਝੁਲੀਆਂ ਤੋਰੇ ਦੇਸ਼ ਤੇ ਮਾਰੂ ਹਨੇਰੀਆਂ,
ਉੱਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ।
ਮੁੜ ਗਾਉਣੇ ਪਏ ਨੇ ਮੈਨੂੰ ਸੋਹਿਲੇ ਖ਼ੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ:
ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ।

ਅੰਮ੍ਰਿਤਾ ਪ੍ਰੀਤਮ ਦੀ ਜਗਤ ਪ੍ਰਸਿੱਧ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਵਿਚਲਾ ਦਰਦ ਅੱਜ ਵੀ ਅੱਖਾਂ ਸਿੱਲ੍ਹੀਆਂ ਕਰ ਦੇਂਦਾ ਹੈ। ਹੀਰ ਦੇ ਹਵਾਲੇ ਨਾਲ ਲੱਖਾਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਦਾ ਦਰਦ ਪੇਸ਼ ਕਰਦਿਆਂ ਉਹ ਕਬਰ ਨੂੰ ਆਵਾਜ਼ਾਂ ਮਾਰਦਿਆਂ ਕਹਿੰਦੀ ਹੈ ਕਿ

ਉੱਠ ਦਰਦਮੰਦਾਂ ਦਿਆ ਦਰਦੀਆ,
ਉੱਠ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ
ਵਿਛੀਆਂ ਤੇ ਲਹੂ ਦੀ ਭਰੀ ਚਨਾਬ।

ਇਹ ਰੁਦਨ ਇਕੱਲਾ ਧੀਆਂ ਦਾ ਨਹੀਂ ਸਗੋਂ ਸਮੁੱਚੀ ਧਰਤੀ ਦੇ ਕੀਰਨੇ ਹਨ। ਅੰਮ੍ਰਿਤਾ ਪ੍ਰੀਤਮ ਦੀ ਇਸ ਨਜ਼ਮ ਨੂੰ ਉਜਾੜਿਆਂ ਵੇਲੇ ਦਾ ਦਰਦੀਲਾ ਹਲਫ਼ਨਾਮਾ ਕਹਿ ਲਈਏ ਤਾਂ ਕੋਈ ਅਤਿ ਕਥਨੀ ਨਹੀਂ।

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ

ਉੱਠ ਦਰਦਮੰਦਾਂ ਦਿਆ ਦਰਦੀਆ ! ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ |
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ।

ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਪੰਜਾਬੀ ਕਵੀ ਡਾ. ਹਰਿਭਜਨ ਸਿੰਘ ਨੇ ਵੀ ਦੇਸ਼ ਦੇ ਵੰਡਾਰੇ ਨੂੰ ਪੀੜ ਪਰੁੱਚੇ ਸ਼ਬਦਾਂ ਵਿੱਚ ਬਿਆਨਿਆ ਹੈ। ਉਸ ਦਾ ਆਪਣਾ ਸਰੋਦੀ ਅੰਦਾਜ਼ ਹੈ, ਅਸਲੋਂ ਨਿਵੇਕਲਾ। ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ ਨੂੰ ਮੈਂ ਆਪਣੀ ਨਜ਼ਰ ਵਿੱਚ ਬਹੁਤ ਉਚੇਰੀ ਥਾਂ ਤੇ ਰੱਖਦਾ ਹਾਂ। ਇਲ ਵਿੱਚ ਅੰਮ੍ਰਿਤਾ ਪ੍ਰੀਤਮ ਵਾਂਗ ਕਤਲੇਆਮ ਦਾ ਸਾਫ਼ ਸਪਸ਼ਟ ਜ਼ਿਕਰ ਨਹੀਂ ਪਰ ਪ੍ਰਭਾਵ ਚਿਤਰ ਪੂਰਾ ਦ੍ਰਿਸ਼ ਉਸਾਰਦੇ ਹਨ।

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ।
ਵੇ ਕਾਲਖਾਂ ‘ਚ ਤਾਰਿਆਂ ਦੀ ਡੁੱਬ ਗਈ ਸਵੇਰ।

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ।
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗੁਆਂਢ।

ਮੇਰੇ ਬਾਪੂ ਜੀ ਸ: ਹਰਨਾਮ ਸਿੰਘ ਵੀ ਮਰਦੇ ਦਮ ਤੀਕ ਨਿੱਦੋ ਕੇ (ਨਾਰੋਵਾਲ) ਪਾਕਿਸਤਾਨ ਤੋਂ ਮੁਕਤ ਨਾ ਹੋ ਸਕੇ।

ਉਸਤਾਦ ਦਾਮਨ ਦਰਵੇਸ਼ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ। ਦੇਸ਼ ਉਜਾੜੇ ਤੋਂ ਸੱਤ ਅੱਠ ਸਾਲ ਬਾਦ ਉਸਤਾਦ ਦਾਮਨ ਜਦ ਚੜ੍ਹਦੇ ਪੰਜਾਬ ਆਇਆ ਤਾਂ ਉਸ ਆਜ਼ਾਦੀ ਦਿਹਾੜੇ ਨੂੰ ਚਿਤਵ ਕੇ ਕੁਝ ਏਦਾਂ ਬਿਆਨ ਕੀਤਾ।

ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਇਸੇ ਗੱਲ ਨੂੰ ਪਿੰਡ ਬੰਡਾਲਾ(ਜਲੰਧਰ) ਦਾ ਜੰਮਪਲ ਲੋਕ ਕਵੀ ਗੁਰਦਾਸ ਰਾਮ ਆਲਮ ਕੁਝ ਇਸ ਤਰ੍ਹਾਂ ਕਿਰਤੀ ਲੋਕਾਂ ਦਾ ਨਜ਼ਰੀਆ ਪੇਸ਼ ਕਰਦਾ ਉਹ ਕਹਿੰਦਾ ਹੈ।

ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।

ਗ਼ਰੀਬਾਂ ਨਾਲ ਲੱਗਦੀ ਲੜੀ ਹੋਈ ਆ ਖ਼ਬਰੇ।
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ‘ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।

ਆਜ਼ਾਦੀ ਦੇ ਜਸ਼ਨ ਮਨਾਏ ਜਾਣਗੇ ।ਘਰ ਘਰ ਤਿਰੰਗਾ ਤਾਂ ਲਹਿਰਾਇਆ ਜਾ ਸਕਦਾ ਹੈ ਪਰ ਆਜ਼ਾਦੀ ਦੇ ਅਸਲ ਅਰਥਾਂ ਤੀਕ ਸਾਨੂੰ ਤਿਰੰਗੇ ਦੇ ਤਿੰਨ ਰੰਗ ਕਦੋਂ ਲੈ ਕੇ ਜਾਣਗੇ? ਸਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਦਿਨ ਦੀਵੀਂ ਠੱਗੇ ਗਏ। ਸ਼ਹੀਦ ਪੁੱਛਦੇ ਹਨ, ਜੇਕਰ ਲੋਕਾਂ ਨੂੰ ਆਜ਼ਾਦੀ ਦੀ ਥਾਂ ਅਵਾਜਾਰੀ ਹੀ ਮਿਲਣੀ ਸੀ ਤਾਂ ਅਸੀਂ ਜਾਨਾਂ ਕਿਉਂ ਵਾਰੀਆਂ? ਟੋਡੀ ਬੱਚਿਆਂ ਨੇ ਸਾਡੀ ਸ਼ਹਾਦਤ ਤੇ ਹੀ ਸੁਆਲ ਚੁੱਕਣੇ ਸੀ ਤਾਂ ਅਸੀਂ ਕਿਉਂ ਸੀਸ ਵਾਰ ਗਏ? ਇਹ ਬਰਛੇ ਵਰਗਾ ਸੁਆਲ ਸਿੱਧ ਮ ਸਿੱਧਾ ਵਕਤ ਦੇ ਸਨਮੁਖ ਖੜ੍ਹਾ ਹੈ। ਅਖ਼ਬਾਰਾਂ ‘ਚ ਛਪਿਆ ਕਾਰਟੂਨ ਬਹੁਤ ਕੁਝ ਬੋਲਦਾ ਹੈ। ਇੱਕ ਸਰਕਾਰੀ ਸਟਾਲ ਤੇ ਖਲੋਤਾ ਬੰਦਾ ਤਿਰੰਗਾ ਝੰਡਾ ਮੰਗਦਿਆਂ ਕਹਿੰਦਾ ਹੈ, ਮੈਨੂੰ ਘਰ ਵੀ ਦੇ ਦਿਉ ਜਿਸ ਦੇ ਮੱਥੇ ਤੇ ਤਿਰੰਗਾ ਲਹਿਰਾ ਸਕਾਂ। ਜੱਲਿਆਂ ਵਾਲੀ ਬਾਗ ਪੁੱਛਦਾ ਹੈ, ਮੇਰੇ ਘਰ ਖੂਨੀ ਵਿਸਾਖੀ ਵਰਤਾਉਣ ਵਾਲਾ ਜਨਰਲ ਡਾਇਰ ਸਤਿਕਾਰ ਯੋਗ ਕਿਉਂ ਬਣ ਗਿਆ?

ਮੁਖਬਰੀਆਂ ਕਰਕੇ ਮੁਰੱਬੇ ਲੈਣ ਵਾਲੇ ਪੌਣੀ ਸਦੀ ਕਿਉਂ ਬਾਘੀਆਂ ਪਾਉਂਦੇ ਫਿਰੇ, ਜੁਆਬ ਦਿਉ। ਮੈਂ ਨਿਰ ਉੱਤਰ ਹਾਂ, ਵਕਤ ਦੇ ਸਾਹਮਣੇ। ਮੇਰੀ ਅਰਦਾਸ ਹੈ ਕਿ ਆਜ਼ਾਦੀ ਲਈ ਕੁਰਬਾਨ ਹੋਏ ਸੂਰਮਿਆਂ ਦੀ ਰੀਝ ਵਾਲੀ ਆਜ਼ਾਦੀ ਮੇਰੇ ਵਤਨ ਦੇ ਦਰ ਖੜਕਾਵੇ ਪਰ ਸੰਤਾਲੀ ਮੁੜ ਨਾ ਆਵੇ।

ਸੁਰਖ਼ ਲਹੂ ਵਿਚ ਘੁਲਿਆ ਪਾਣੀ।
ਚਾਟੀ ਸਣੇ ਉਦਾਸ ਮਧਾਣੀ।
ਕੱਲੀ ਤੰਦ ਨਾ ਉਲਝੀ ਤਾਣੀ।
ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ,

ਰਾਜ ਤਖ਼ਤ ਦੇ ਪਾਵੇ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।

ਉਨ੍ਹਾਂ ਦਸ ਲੱਖ ਵਿੱਛੜੀਆਂ ਰੂਹਾਂ ਨੂੰ ਚਿਤਵਦਿਆਂ ਇਹੀ ਕਾਮਨਾ ਹੈ ਕਿ ਦੱਖਣੀ ਏਸ਼ੀਆ ਦੇ ਮਹੱਤਵ ਪੂਰਨ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਬੂਹਿਉਂ ਸਦੀਵ ਕਾਲ ਲਈ ਸੇਹ ਦਾ ਤੱਕਲਾ ਪੁੱਟਿਆ ਜਾਵੇ, ਜਿਸ ਨਾਲ ਆਪਸੀ ਸਹਿਯੋਗ ਤੇ ਸਹਿਹੋਂਦ ਰਾਹੀਂ ਏਸੇ ਵੱਸਦੇ ਲੋਕਾਂ ਦਾ ਜੀਣ ਸੁਖਾਲਾ ਹੋ ਸਕੇ।

ਇਹ ਕਿਤਾਬ ਨਹੀਂ ਕੁਝ ਕੁ ਅੱਥਰੂ ਹਨ ਉਨ੍ਹਾਂ ਮੜ੍ਹੀਆਂ ਤੇ ਕਬਰਾਂ ਲਈ, ਜੋ ਧਰਤੀ ਤੇ ਹੁਣ ਕਿਤੇ ਨਹੀਂ ਲੱਭਦੀਆਂ ਪਰ ਹਰ ਸੰਵੇਦਨਸ਼ੀਲ ਬੰਦੇ ਅੰਦਰ ਹੁਬਕੀਂ ਹੁਬਕੀਂ ਰੋਂਦੀਆਂ ਕੁਰਲਾਉਂਦੀਆਂ ਅੱਜ ਵੀ ਵੈਣ ਪਾਉਂਦੀਆਂ ਸਾਨੂੰ ਸੌਣ ਨਹੀਂ ਦੇਂਦੀਆਂ।

Gurbhajan Singh Gill

Prof. Gurbhajan Singh Gill retired as Senior Editor from Punjab Agricultural University, Ludhiana, in 2013. He was President of Punjabi Sahit Academy, Ludhiana, from 2010 to 2014. Presently, he is Chairman of Punjabi Lok-Virasat Academy and associated with numerous Literature, Cultural and sports organisations. His passion for Punjabi Literature, language, and heritage created in him an urge to be part of the movement to promote the mother tongue, Punjabi. As a writer, he has raised concerns about the development of Punjabi on state, national, and international forums. He is a renowned writer contributing his poetic renderings and write-ups to various journals and newspapers around the world. He authored about 20 books, many of which are close to the hearts of Scholars, Poets, and Writers.

Post navigation

Leave a Comment

Leave a Reply

Your email address will not be published. Required fields are marked *