ਪੰਜਾਬ ਦੀਆਂ ਹਜ਼ਾਰਾਂ ਔਰਤਾਂ ਲਈ ਰੁਜ਼ਗਾਰ ਦੀ ਤਲਾਸ਼ ਸਿਰਫ਼ ਨੌਕਰੀ ਲੱਭਣ ਦਾ ਸਵਾਲ ਨਹੀਂ ਹੈ। ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਕੰਮ ਮਿਲੇਗਾ, ਕੰਮ ਦੀਆਂ ਸ਼ਰਤਾਂ ਕਿਹੋ ਜਿਹੀਆਂ ਹੋਣਗੀਆਂ ਅਤੇ ਭਵਿੱਖ ਵਿੱਚ ਅੱਗੇ ਵਧਣ ਦੇ ਕਿੰਨੇ ਮੌਕੇ ਹੋਣਗੇ—ਇਹ ਸਭ ਕੁਝ ਉਸ ਸ਼ਹਿਰ ਦੀ ਆਰਥਿਕ ਬਣਤਰ ਨਾਲ ਵੀ ਜੁੜਿਆ ਹੁੰਦਾ ਹੈ, ਜਿਸ ਵਿੱਚ ਉਹ ਰਹਿੰਦੀਆਂ ਹਨ।
ਲੁਧਿਆਣਾ ਵਿੱਚ ਕਈ ਔਰਤਾਂ ਦਾ ਦਿਨ ਬੁਣਾਈ ਮਸ਼ੀਨਾਂ ਦੀ ਲਗਾਤਾਰ ਗੂੰਜ, ਗਾਰਮੈਂਟ ਵਰਕਸ਼ਾਪਾਂ ਅਤੇ ਲਾਈਟ ਇੰਜੀਨੀਅਰਿੰਗ ਯੂਨਿਟਾਂ ਦੇ ਮਾਹੌਲ ਵਿੱਚ ਸ਼ੁਰੂ ਹੁੰਦਾ ਹੈ। ਦੂਜੇ ਪਾਸੇ, ਅੰਮ੍ਰਿਤਸਰ ਵਿੱਚ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਅਕਸਰ ਰੌਣਕਾਂ ਭਰੇ ਬਾਜ਼ਾਰਾਂ, ਹੋਟਲਾਂ, ਫੂਡ ਪ੍ਰੋਸੈਸਿੰਗ ਯੂਨਿਟਾਂ, ਰਿਟੇਲ ਦੁਕਾਨਾਂ ਅਤੇ ਛੋਟੇ ਕਾਰੋਬਾਰਾਂ ਨਾਲ ਜੁੜੇ ਹੋਏ ਹਨ।
ਦੋਵੇਂ ਸ਼ਹਿਰਾਂ ਦੀ ਆਰਥਿਕ ਤਾਕਤ ਵੱਖਰੀ ਹੈ। ਲੁਧਿਆਣਾ ਦੀ ਆਰਥਿਕਤਾ ਦਾ ਵੱਡਾ ਹਿੱਸਾ ਨਿਰਮਾਣ ਉਦਯੋਗ ‘ਤੇ ਟਿਕਿਆ ਹੋਇਆ ਹੈ, ਜਦਕਿ ਅੰਮ੍ਰਿਤਸਰ ਵਿੱਚ ਵਪਾਰ, ਸੈਰ-ਸਪਾਟਾ, ਹੋਟਲ ਅਤੇ ਪ੍ਰਾਹੁਣਚਾਰੀ ਖੇਤਰ ਅਤੇ ਸੇਵਾਵਾਂ ਆਰਥਿਕ ਸਰਗਰਮੀਆਂ ਨੂੰ ਰਫ਼ਤਾਰ ਦਿੰਦੀਆਂ ਹਨ।
ਪਰ ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨਐੱਸਓ) ਦੀ ਰਿਪੋਰਟ ‘ਲੱਖਾਂ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਕਿਰਤ ਬਾਜ਼ਾਰ ਦੀ ਗਤੀਸ਼ੀਲਤਾ’ ਇੱਕ ਹੋਰ ਡੂੰਘੀ ਤਸਵੀਰ ਸਾਹਮਣੇ ਲਿਆਉਂਦੀ ਹੈ। ਕਿਸੇ ਸ਼ਹਿਰ ਦੀ ਆਰਥਿਕ ਬਣਤਰ ਸਿਰਫ਼ ਇਹ ਤੈਅ ਨਹੀਂ ਕਰਦੀ ਕਿ ਔਰਤਾਂ ਨੂੰ ਕਿਸ ਤਰ੍ਹਾਂ ਦੀਆਂ ਨੌਕਰੀਆਂ ਮਿਲਣਗੀਆਂ, ਸਗੋਂ ਇਹ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ, ਆਮਦਨ ਅਤੇ ਅੱਗੇ ਵਧਣ ਦੇ ਮੌਕਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਲੁਧਿਆਣਾ ਨੂੰ ਲੰਮੇ ਸਮੇਂ ਤੋਂ ਪੰਜਾਬ ਦੇ ਉਦਯੋਗਿਕ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਸ਼ਹਿਰ ਦੇ ਹੌਜ਼ਰੀ, ਸਾਈਕਲ ਪਾਰਟਸ, ਗਾਰਮੈਂਟ ਅਤੇ ਇੰਜੀਨੀਅਰਿੰਗ ਉਦਯੋਗਾਂ ਨੇ ਕਈ ਪੀੜ੍ਹੀਆਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਬਣ ਕੇ ਕੰਮ ਕੀਤਾ ਹੈ।
ਐੱਨਐੱਸਓ ਦੇ ਅੰਕੜੇ ਦੱਸਦੇ ਹਨ ਕਿ ਲੁਧਿਆਣਾ ਵਿੱਚ ਔਰਤਾਂ ਦੇ ਰੁਜ਼ਗਾਰ ਵਿੱਚ ਨਿਰਮਾਣ ਖੇਤਰ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ। ਸ਼ਹਿਰ ਵਿੱਚ ਕੰਮ ਕਰ ਰਹੀਆਂ 47.9 ਫੀਸਦੀ ਔਰਤਾਂ ਸੈਕੰਡਰੀ ਸੈਕਟਰ ਨਾਲ ਜੁੜੀਆਂ ਹੋਈਆਂ ਹਨ। ਇਸ ਖੇਤਰ ਵਿੱਚ ਨਿਰਮਾਣ, ਖਣਨ ਅਤੇ ਉਸਾਰੀ ਨਾਲ ਸਬੰਧਤ ਕੰਮ ਸ਼ਾਮਲ ਹਨ। ਮਰਦਾਂ ਲਈ ਇਹ ਅੰਕੜਾ 60.3 ਫੀਸਦੀ ਹੈ।
ਸਰਲ ਸ਼ਬਦਾਂ ਵਿੱਚ ਕਹੀਏ ਤਾਂ ਲੁਧਿਆਣਾ ਵਿੱਚ ਕੰਮ ਕਰ ਰਹੀਆਂ ਲਗਭਗ ਹਰ ਦੋ ਵਿੱਚੋਂ ਇੱਕ ਔਰਤ ਨਿਰਮਾਣ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਰੁਜ਼ਗਾਰ ਕਰ ਰਹੀ ਹੈ। ਇਹ ਗੱਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਦੇਸ਼ ਦੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਔਰਤਾਂ ਦਾ ਰੁਜ਼ਗਾਰ ਸਿੱਖਿਆ, ਸਿਹਤ ਸੇਵਾਵਾਂ, ਘਰੇਲੂ ਕੰਮ ਜਾਂ ਰਿਟੇਲ ਵਰਗੇ ਖੇਤਰਾਂ ਵਿੱਚ ਜ਼ਿਆਦਾ ਕੇਂਦਰਿਤ ਹੈ। ਲੁਧਿਆਣਾ ਦੇ ਵੱਡੇ ਉਦਯੋਗਿਕ ਢਾਂਚੇ ਨੇ ਔਰਤਾਂ ਲਈ ਉਤਪਾਦਨ ਅਤੇ ਹੋਰ ਉਦਯੋਗਿਕ ਕੰਮਾਂ ਦੇ ਮੌਕੇ ਪੈਦਾ ਕੀਤੇ ਹਨ।
ਪਰ ਇਹ ਅੰਕੜੇ ਵਿਕਾਸ ਦੀਆਂ ਕੁਝ ਹੱਦਾਂ ਵੀ ਦਿਖਾਉਂਦੇ ਹਨ।

ਨਿਰਮਾਣ ਖੇਤਰ ਕੰਮ ਕਰ ਰਹੀਆਂ ਔਰਤਾਂ ਦੇ ਵੱਡੇ ਹਿੱਸੇ ਨੂੰ ਰੁਜ਼ਗਾਰ ਤਾਂ ਦਿੰਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਕਿਰਤ ਬਾਜ਼ਾਰ ਦਾ ਹਿੱਸਾ ਬਣ ਗਈਆਂ ਹਨ।
ਲੁਧਿਆਣਾ ਵਿੱਚ ਔਰਤਾਂ ਦੀ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ਸਿਰਫ਼ 23.7 ਫੀਸਦੀ ਹੈ, ਜਦਕਿ ਮਰਦਾਂ ਲਈ ਇਹ ਦਰ 86.4 ਫੀਸਦੀ ਹੈ। ਇਸੇ ਤਰ੍ਹਾਂ ਵਰਕਰ-ਪਾਪੂਲੇਸ਼ਨ ਰੇਸ਼ੋ ਔਰਤਾਂ ਲਈ 22.8 ਫੀਸਦੀ ਅਤੇ ਮਰਦਾਂ ਲਈ 83.4 ਫੀਸਦੀ ਹੈ।
ਇਹ ਅੰਕੜੇ ਦਰਸਾਉਂਦੇ ਹਨ ਕਿ ਫੈਕਟਰੀਆਂ ਉਨ੍ਹਾਂ ਬਹੁਤ ਸਾਰੀਆਂ ਔਰਤਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਜੋ ਕੰਮ ਕਰਨ ਲਈ ਕਿਰਤ ਬਾਜ਼ਾਰ ਵਿੱਚ ਆਉਂਦੀਆਂ ਹਨ। ਪਰ ਇਸ ਦੇ ਬਾਵਜੂਦ ਔਰਤਾਂ ਦਾ ਇੱਕ ਵੱਡਾ ਹਿੱਸਾ ਅਜੇ ਵੀ ਰੁਜ਼ਗਾਰ ਦੇ ਦਾਇਰੇ ਤੋਂ ਬਾਹਰ ਹੈ।
ਲੰਮੇ ਕੰਮਕਾਜੀ ਘੰਟੇ, ਕੰਮ ਵਾਲੀ ਥਾਂ ਤੱਕ ਪਹੁੰਚਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ, ਸੁਰੱਖਿਅਤ ਆਵਾਜਾਈ ਦੀ ਕਮੀ, ਘਰੇਲੂ ਜ਼ਿੰਮੇਵਾਰੀਆਂ ਅਤੇ ਬੱਚਿਆਂ ਦੀ ਦੇਖਭਾਲ ਲਈ ਲੋੜੀਂਦੀਆਂ ਸਹੂਲਤਾਂ ਦਾ ਨਾ ਹੋਣਾ ਕਈ ਔਰਤਾਂ ਲਈ ਨੌਕਰੀ ਕਰਨ ਦੇ ਰਾਹ ਵਿੱਚ ਰੁਕਾਵਟ ਬਣ ਸਕਦਾ ਹੈ। ਇਸ ਲਈ ਸਿਰਫ਼ ਵੱਡਾ ਉਦਯੋਗਿਕ ਢਾਂਚਾ ਹੋਣਾ ਹੀ ਇਹ ਯਕੀਨੀ ਨਹੀਂ ਬਣਾਉਂਦਾ ਕਿ ਵੱਧ ਤੋਂ ਵੱਧ ਔਰਤਾਂ ਰੁਜ਼ਗਾਰ ਨਾਲ ਜੁੜ ਜਾਣਗੀਆਂ।
ਲੁਧਿਆਣਾ ਦੀ ਨਿਰਮਾਣ ਉਦਯੋਗ ‘ਤੇ ਵੱਧ ਨਿਰਭਰਤਾ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹੋਈਆਂ ਹਨ। ਜਿਹੜੀਆਂ ਔਰਤਾਂ ਦੇ ਹੁਨਰ ਗਾਰਮੈਂਟ, ਹੌਜ਼ਰੀ ਜਾਂ ਫੈਕਟਰੀ ਦੇ ਕੰਮ ਨਾਲ ਹੀ ਜ਼ਿਆਦਾ ਜੁੜੇ ਹੁੰਦੇ ਹਨ, ਉਨ੍ਹਾਂ ਕੋਲ ਕਿਸੇ ਯੂਨਿਟ ਵਿੱਚ ਉਤਪਾਦਨ ਘਟਣ ਜਾਂ ਫੈਕਟਰੀ ਬੰਦ ਹੋਣ ਦੀ ਸਥਿਤੀ ਵਿੱਚ ਰੁਜ਼ਗਾਰ ਦੇ ਬਦਲਵੇਂ ਮੌਕੇ ਘੱਟ ਹੋ ਸਕਦੇ ਹਨ।
ਬਰਾਮਦ ਦੀ ਮੰਗ ਵਿੱਚ ਤਬਦੀਲੀ, ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਸਪਲਾਈ ਚੇਨ ਵਿੱਚ ਰੁਕਾਵਟਾਂ ਅਤੇ ਆਟੋਮੇਸ਼ਨ ਵਰਗੇ ਬਦਲਾਅ ਉਨ੍ਹਾਂ ਉਦਯੋਗਾਂ ਵਿੱਚ ਰੁਜ਼ਗਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਦੇਸ਼ ਅਤੇ ਵਿਦੇਸ਼ੀ ਬਾਜ਼ਾਰਾਂ ਦੀ ਮੰਗ ‘ਤੇ ਨਿਰਭਰ ਹਨ।
ਅੰਮ੍ਰਿਤਸਰ ਦੀ ਤਸਵੀਰ ਕੁਝ ਵੱਖਰੀ ਹੈ।

ਅੰਮ੍ਰਿਤਸਰ ਦੀ ਆਰਥਿਕਤਾ ਵਪਾਰ, ਧਾਰਮਿਕ ਅਤੇ ਵਿਰਾਸਤੀ ਸੈਰ-ਸਪਾਟੇ, ਰਿਟੇਲ, ਹੋਟਲ ਅਤੇ ਪ੍ਰਾਹੁਣਚਾਰੀ ਖੇਤਰ, ਖਾਣ-ਪੀਣ ਦੀਆਂ ਸੇਵਾਵਾਂ ਅਤੇ ਛੋਟੇ ਪੱਧਰ ਦੇ ਨਿਰਮਾਣ ਉਦਯੋਗਾਂ ਨਾਲ ਮਜ਼ਬੂਤ ਹੁੰਦੀ ਹੈ। ਇੱਕ ਵੱਡੇ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਵਜੋਂ ਇਹ ਸ਼ਹਿਰ ਔਰਤਾਂ ਨੂੰ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ, ਸੈਰ-ਸਪਾਟੇ ਨਾਲ ਜੁੜੇ ਕਾਰੋਬਾਰਾਂ, ਫੂਡ ਪ੍ਰੋਸੈਸਿੰਗ, ਕੱਪੜਿਆਂ ਦੇ ਕੰਮ, ਛੋਟੇ ਕਾਰੋਬਾਰਾਂ ਦੇ ਪ੍ਰਬੰਧਨ ਅਤੇ ਘਰੋਂ ਚਲਾਏ ਜਾਣ ਵਾਲੇ ਉੱਦਮਾਂ ਵਿੱਚ ਮੌਕੇ ਪ੍ਰਦਾਨ ਕਰਦਾ ਹੈ।
ਕੰਮ ਦੇ ਇਹ ਵੱਖ-ਵੱਖ ਮੌਕੇ ਕੁਝ ਔਰਤਾਂ ਨੂੰ ਵਧੇਰੇ ਲਚਕਤਾ ਦੇ ਸਕਦੇ ਹਨ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਫੈਕਟਰੀਆਂ ਦੀਆਂ ਨਿਸ਼ਚਿਤ ਸ਼ਿਫਟਾਂ ਵਿੱਚ ਕੰਮ ਨਹੀਂ ਕਰ ਸਕਦੀਆਂ। ਪਰ ਰਿਟੇਲ, ਹੋਟਲ ਅਤੇ ਸਥਾਨਕ ਵਪਾਰ ਨਾਲ ਜੁੜੀਆਂ ਕਈ ਨੌਕਰੀਆਂ ਛੋਟੇ ਅਦਾਰਿਆਂ ਵਿੱਚ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਕਈ ਕੰਮ ਗੈਰ-ਰਸਮੀ ਹੋ ਸਕਦੇ ਹਨ।
ਅਜਿਹੇ ਕੰਮਾਂ ਵਿੱਚ ਹਰ ਵਾਰ ਲਿਖਤੀ ਕਰਾਰ, ਤਨਖ਼ਾਹ ਸਮੇਤ ਛੁੱਟੀ, ਬੀਮਾ ਜਾਂ ਨਿਸ਼ਚਿਤ ਕੰਮਕਾਜੀ ਘੰਟਿਆਂ ਦੀ ਸਹੂਲਤ ਨਹੀਂ ਮਿਲਦੀ।
ਹਾਲਾਂਕਿ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਅੰਤਰ ਨੂੰ ਸਿਰਫ਼ ਸੁਰੱਖਿਅਤ ਫੈਕਟਰੀ ਨੌਕਰੀਆਂ ਅਤੇ ਅਸੁਰੱਖਿਅਤ ਵਪਾਰਕ ਨੌਕਰੀਆਂ ਦੇ ਰੂਪ ਵਿੱਚ ਦੇਖਣਾ ਵੀ ਸਹੀ ਨਹੀਂ ਹੋਵੇਗਾ। ਦੋਵੇਂ ਸ਼ਹਿਰਾਂ ਵਿੱਚ ਕੰਮ ਦੀਆਂ ਸਥਿਤੀਆਂ ਇੱਕੋ ਜਿਹੀਆਂ ਨਹੀਂ ਹਨ। ਕੁਝ ਉਦਯੋਗਿਕ ਨੌਕਰੀਆਂ ਵੀ ਗੈਰ-ਰਸਮੀ ਜਾਂ ਘੱਟ ਤਨਖ਼ਾਹ ਵਾਲੀਆਂ ਹੋ ਸਕਦੀਆਂ ਹਨ, ਜਦਕਿ ਅੰਮ੍ਰਿਤਸਰ ਦੇ ਕੁਝ ਕਾਰੋਬਾਰ ਸਥਿਰ ਰੁਜ਼ਗਾਰ ਅਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰ ਸਕਦੇ ਹਨ।
ਫਿਰ ਵੀ, ਹਰ ਸ਼ਹਿਰ ਦੀ ਆਰਥਿਕ ਬਣਤਰ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਉੱਥੇ ਰਹਿਣ ਵਾਲੀਆਂ ਔਰਤਾਂ ਨੂੰ ਕਿਸ ਤਰ੍ਹਾਂ ਦਾ ਕੰਮ ਮਿਲਣ ਦੀ ਸੰਭਾਵਨਾ ਵੱਧ ਹੈ।
ਲੁਧਿਆਣਾ ਅਤੇ ਅੰਮ੍ਰਿਤਸਰ ਦੇ ਰੁਜ਼ਗਾਰ ਨਾਲ ਜੁੜੇ ਇਹ ਰੁਝਾਨ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਦਿਖਾਈ ਦਿੰਦੇ ਹਨ।

ਟੈਕਸਟਾਈਲ ਅਤੇ ਹੀਰਾ ਪ੍ਰੋਸੈਸਿੰਗ ਉਦਯੋਗ ਲਈ ਜਾਣੇ ਜਾਂਦੇ ਸੂਰਤ ਵਿੱਚ ਕੰਮ ਕਰ ਰਹੀਆਂ 55 ਫੀਸਦੀ ਔਰਤਾਂ ਨਿਰਮਾਣ ਖੇਤਰ ਨਾਲ ਜੁੜੀਆਂ ਹੋਈਆਂ ਹਨ। ਇਹ ਦਰਸਾਉਂਦਾ ਹੈ ਕਿ ਵੱਡੇ ਉਦਯੋਗਿਕ ਕਲੱਸਟਰ ਔਰਤਾਂ ਨੂੰ ਉਤਪਾਦਨ ਨਾਲ ਜੁੜੇ ਕੰਮਾਂ ਵੱਲ ਖਿੱਚ ਸਕਦੇ ਹਨ। ਇਸ ਦੇ ਨਾਲ ਹੀ, ਜਿਨ੍ਹਾਂ ਸ਼ਹਿਰਾਂ ਦੀ ਆਰਥਿਕਤਾ ਵੱਧ ਵਿਭਿੰਨ ਹੁੰਦੀ ਹੈ, ਉੱਥੇ ਕਰੀਅਰ ਦੇ ਵਿਕਲਪਾਂ ਦੀ ਰੇਂਜ ਵੀ ਵੱਡੀ ਹੋ ਸਕਦੀ ਹੈ।
ਪ੍ਰਯਾਗਰਾਜ ਵਿੱਚ ਸਿੱਖਿਆ ਅਤੇ ਜਨਤਕ ਸੰਸਥਾਵਾਂ ਔਰਤਾਂ ਦੇ ਰੁਜ਼ਗਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦੂਜੇ ਪਾਸੇ, ਬੈਂਗਲੁਰੂ ਦਾ ਤਕਨਾਲੋਜੀ, ਪੇਸ਼ੇਵਰ ਸੇਵਾਵਾਂ ਅਤੇ ਕਾਰਪੋਰੇਟ ਖੇਤਰ ਔਰਤਾਂ ਨੂੰ ਵ੍ਹਾਈਟ-ਕਾਲਰ ਅਤੇ ਵਿਸ਼ੇਸ਼ ਹੁਨਰਾਂ ਵਾਲੀਆਂ ਨੌਕਰੀਆਂ ਵਿੱਚ ਅੱਗੇ ਵਧਣ ਦੇ ਵਧੇਰੇ ਮੌਕੇ ਦਿੰਦਾ ਹੈ।
ਇਹ ਤੁਲਨਾ ਦੱਸਦੀ ਹੈ ਕਿ ਔਰਤਾਂ ਦਾ ਰੁਜ਼ਗਾਰ ਸਿਰਫ਼ ਉਨ੍ਹਾਂ ਦੀ ਸਿੱਖਿਆ ਜਾਂ ਨਿੱਜੀ ਚੋਣਾਂ ਨਾਲ ਹੀ ਤੈਅ ਨਹੀਂ ਹੁੰਦਾ। ਜਿਸ ਸ਼ਹਿਰ ਵਿੱਚ ਉਹ ਰਹਿੰਦੀਆਂ ਹਨ, ਉੱਥੇ ਮੌਜੂਦ ਉਦਯੋਗ, ਕਾਰੋਬਾਰ ਅਤੇ ਸੰਸਥਾਵਾਂ ਵੀ ਉਨ੍ਹਾਂ ਦੇ ਰੁਜ਼ਗਾਰ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਜੋੜਨ ਵਾਲਾ ਇੱਕ ਹੋਰ ਮਹੱਤਵਪੂਰਨ ਪੱਖ ਗੈਰ-ਨਿਗਮਿਤ ਜਾਂ ਅਣਸੰਗਠਿਤ ਖੇਤਰ ਹੈ। ਛੋਟੀਆਂ ਵਰਕਸ਼ਾਪਾਂ, ਸਬ-ਕੰਟਰੈਕਟ ਯੂਨਿਟਾਂ, ਮੁਰੰਮਤ ਦੀਆਂ ਦੁਕਾਨਾਂ, ਪਰਿਵਾਰਾਂ ਵੱਲੋਂ ਚਲਾਏ ਜਾ ਰਹੇ ਕਾਰੋਬਾਰ ਅਤੇ ਸਥਾਨਕ ਉੱਦਮ ਦੋਵੇਂ ਸ਼ਹਿਰਾਂ ਦੀ ਆਰਥਿਕਤਾ ਦਾ ਅਹਿਮ ਹਿੱਸਾ ਹਨ।
ਕੌਮੀ ਪੱਧਰ ‘ਤੇ ਇਹ ਛੋਟੇ ਉੱਦਮ ਸ਼ਹਿਰੀ ਗੈਰ-ਖੇਤੀ ਆਰਥਿਕਤਾ ਦੇ ਕੁੱਲ ਮੁੱਲ ਵਾਧੇ ਵਿੱਚ 21 ਫੀਸਦੀ ਯੋਗਦਾਨ ਪਾਉਂਦੇ ਹਨ।
ਲੁਧਿਆਣਾ ਵਿੱਚ ਇਹ ਛੋਟੇ ਯੂਨਿਟ ਵੱਡੇ ਉਦਯੋਗਿਕ ਸਪਲਾਈ ਨੈੱਟਵਰਕ ਨਾਲ ਜੁੜੇ ਹੋਏ ਹਨ ਅਤੇ ਸਿਲਾਈ, ਪੈਕਿੰਗ, ਅਸੈਂਬਲੀ ਅਤੇ ਵਿਸ਼ੇਸ਼ ਉਤਪਾਦਨ ਵਰਗੇ ਕੰਮ ਕਰਦੇ ਹਨ। ਅੰਮ੍ਰਿਤਸਰ ਵਿੱਚ ਇਹ ਸਥਾਨਕ ਰਿਟੇਲ, ਫੂਡ ਪ੍ਰੋਸੈਸਿੰਗ, ਸੈਰ-ਸਪਾਟੇ ਅਤੇ ਛੋਟੇ ਵਪਾਰ ਨੂੰ ਸਹਾਰਾ ਦਿੰਦੇ ਹਨ।
ਇਹ ਉੱਦਮ ਕਈ ਲੋਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਬਣਦੇ ਹਨ ਅਤੇ ਬਹੁਤ ਸਾਰੀਆਂ ਔਰਤਾਂ ਨੂੰ ਕੰਮ ਦੀ ਦੁਨੀਆ ਵਿੱਚ ਦਾਖ਼ਲ ਹੋਣ ਦਾ ਮੌਕਾ ਦਿੰਦੇ ਹਨ। ਪਰ ਛੋਟੇ ਅਤੇ ਗੈਰ-ਰਸਮੀ ਯੂਨਿਟਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਈ ਵਾਰ ਸਮਾਜਿਕ ਸੁਰੱਖਿਆ, ਨਿਯਮਤ ਆਮਦਨ ਅਤੇ ਲੰਮੇ ਸਮੇਂ ਦੀ ਰੁਜ਼ਗਾਰ ਸੁਰੱਖਿਆ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ।
ਪੰਜਾਬ ਦੇ ਸਾਹਮਣੇ ਚੁਣੌਤੀ ਸਿਰਫ਼ ਔਰਤਾਂ ਲਈ ਹੋਰ ਨੌਕਰੀਆਂ ਪੈਦਾ ਕਰਨ ਦੀ ਨਹੀਂ ਹੈ। ਲੋੜ ਇਸ ਗੱਲ ਦੀ ਵੀ ਹੈ ਕਿ ਮੌਜੂਦਾ ਅਤੇ ਨਵੀਆਂ ਨੌਕਰੀਆਂ ਦੀ ਗੁਣਵੱਤਾ ਸੁਧਰੇ ਅਤੇ ਉਹ ਔਰਤਾਂ ਲਈ ਆਸਾਨੀ ਨਾਲ ਪਹੁੰਚਯੋਗ ਬਣਨ।
ਲੁਧਿਆਣਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਸਿਰਫ਼ ਬੁਨਿਆਦੀ ਉਤਪਾਦਨ ਦੇ ਕੰਮ ਤੱਕ ਸੀਮਤ ਨਾ ਰੱਖ ਕੇ ਕੁਆਲਿਟੀ ਕੰਟਰੋਲ, ਉਦਯੋਗਿਕ ਡਿਜ਼ਾਈਨ, ਸਪਲਾਈ ਚੇਨ ਪ੍ਰਬੰਧਨ, ਮਸ਼ੀਨਾਂ ਦੇ ਸੰਚਾਲਨ ਅਤੇ ਡਿਜ਼ੀਟਲ ਇਨਵੈਂਟਰੀ ਪ੍ਰਣਾਲੀਆਂ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਸਿਖਲਾਈ ਔਰਤਾਂ ਨੂੰ ਵਧੇਰੇ ਮਾਹਰ ਅਤੇ ਬਿਹਤਰ ਤਨਖ਼ਾਹ ਵਾਲੀਆਂ ਨੌਕਰੀਆਂ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ।
ਅੰਮ੍ਰਿਤਸਰ ਵਰਗੇ ਵਪਾਰਕ ਕੇਂਦਰਾਂ ਵਿੱਚ ਛੋਟੇ ਕਾਰੋਬਾਰ ਚਲਾ ਰਹੀਆਂ ਔਰਤਾਂ ਨੂੰ ਕਰਜ਼ੇ ਤੱਕ ਆਸਾਨ ਪਹੁੰਚ, ਡਿਜ਼ੀਟਲ ਸਾਧਨਾਂ ਦੀ ਸਿਖਲਾਈ, ਨਵੇਂ ਬਾਜ਼ਾਰਾਂ ਨਾਲ ਜੋੜਨ ਅਤੇ ਆਪਣੇ ਉੱਦਮਾਂ ਨੂੰ ਰਸਮੀ ਢਾਂਚੇ ਵਿੱਚ ਲਿਆਉਣ ਲਈ ਸਹਾਇਤਾ ਦੀ ਲੋੜ ਹੈ।
ਦੋਵੇਂ ਸ਼ਹਿਰਾਂ ਵਿੱਚ ਅਜਿਹੇ ਵਿਹਾਰਕ ਕਦਮਾਂ ਦੀ ਵੀ ਲੋੜ ਹੈ, ਜੋ ਔਰਤਾਂ ਲਈ ਨੌਕਰੀ ਤੱਕ ਪਹੁੰਚਣਾ ਅਤੇ ਨੌਕਰੀ ਵਿੱਚ ਬਣੇ ਰਹਿਣਾ ਆਸਾਨ ਬਣਾ ਸਕਣ। ਸੁਰੱਖਿਅਤ ਅਤੇ ਭਰੋਸੇਯੋਗ ਜਨਤਕ ਆਵਾਜਾਈ, ਰਿਹਾਇਸ਼ੀ ਇਲਾਕਿਆਂ ਅਤੇ ਕੰਮ ਵਾਲੀਆਂ ਥਾਵਾਂ ਵਿਚਾਲੇ ਬਿਹਤਰ ਸੰਪਰਕ ਅਤੇ ਕਿਫ਼ਾਇਤੀ ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਇਸ ਦਿਸ਼ਾ ਵਿੱਚ ਅਹਿਮ ਕਦਮ ਹੋ ਸਕਦੇ ਹਨ।
ਲੁਧਿਆਣਾ ਦੀਆਂ ਫੈਕਟਰੀਆਂ ਅਤੇ ਅੰਮ੍ਰਿਤਸਰ ਦੇ ਬਾਜ਼ਾਰ ਪਹਿਲਾਂ ਹੀ ਹਜ਼ਾਰਾਂ ਔਰਤਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਬਣੇ ਹੋਏ ਹਨ। ਪਰ ਅਸਲ ਸਵਾਲ ਇਹ ਹੈ ਕਿ ਕੀ ਇਨ੍ਹਾਂ ਮੌਕਿਆਂ ਨੂੰ ਹੋਰ ਸੁਰੱਖਿਅਤ, ਬਿਹਤਰ ਤਨਖ਼ਾਹ ਵਾਲਾ ਅਤੇ ਲੰਮੇ ਸਮੇਂ ਦੀ ਆਰਥਿਕ ਖੁਦਮੁਖਤਿਆਰੀ ਦਾ ਸਾਧਨ ਬਣਾਇਆ ਜਾ ਸਕਦਾ ਹੈ।
ਇਸ ਦਾ ਜਵਾਬ ਸ਼ਾਇਦ ਨਿਰਮਾਣ ਅਤੇ ਵਪਾਰ ਵਿੱਚੋਂ ਕਿਸੇ ਇੱਕ ਨੂੰ ਚੁਣਨ ਵਿੱਚ ਨਹੀਂ, ਸਗੋਂ ਦੋਵੇਂ ਖੇਤਰਾਂ ਵਿੱਚ ਔਰਤਾਂ ਲਈ ਵਧੇਰੇ ਅਤੇ ਬਿਹਤਰ ਵਿਕਲਪ ਪੈਦਾ ਕਰਨ ਵਿੱਚ ਹੈ।



Leave a Comment