Guru Nanak Dev

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ

ਪੂਰੇ ਵਿਸ਼ਵ ਵਿੱਚ ਵੱਖੋ ਵੱਖਰੇ ਧਰਮਾਂ ਦੇ ਵਿੱਚ ਕਈ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ ਜੋ ਉਸ ਧਰਮ ਨੂੰ ਦੁਨੀਆ ਦੇ ਬਾਕੀ ਧਰਮਾਂ ਨਾਲੋਂ ਇੱਕ ਵਿਲੱਖਣ ਰੂਪ ਪ੍ਰਦਾਨ ਕਰਦੀਆਂ ਹਨ। ਹਿੰਦੂ ਧਰਮ, ਮੁਸਲਿਮ ਧਰਮ, ਇਸਾਈ ਜਗਤ ਭਾਵੇਂ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਸਮੁੱਚੀ ਕਾਇਨਾਤ ਵਿੱਚ ਵੱਖਰਾ ਮੰਨਿਆ ਜਾਂਦਾ ਹੈ ਪਰ ਇਹਨਾਂ ਸਭ ਨਾਲੋਂ ਸਿੱਖ ਧਰਮ ਦੀਆਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਸਿੱਖ ਧਰਮ ਨੂੰ ਬਾਕੀ ਸਮੁੱਚੇ ਧਰਮਾਂ ਨਾਲੋਂ ਵੱਖਰੇਵਾਂ ਪ੍ਰਦਾਨ ਕਰਦੀਆਂ ਹਨ। ਸਿੱਖ ਧਰਮ ਦੀ ਹੋਂਦ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸਮੇਂ ਬਣੀ। ਜੋ-ਜੋ ਸਿੱਖਿਆ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੂੰ ਦੱਸੀ ਉਹੀ ਸਿੱਖਿਆ ਹੌਲੀ-ਹੌਲੀ ਲੋਕਾਂ ਨੇ ਗ੍ਰਹਿਣ ਕਰ ਲਈ ਬਹੁਤਾਤ ਮਾਤਰਾ ਵਿੱਚ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਜਦੋਂ ਲੋਕਾਂ ਨੇ ਉਹਨਾਂ ਸਿੱਖਿਆਵਾਂ ਦੇ ਰਾਹ ਤੇ ਚੱਲਣਾ ਸ਼ੁਰੂ ਕੀਤਾ, ਸੱਚ ਦਾ ਮਾਰਗ ਲੱਭਣਾ ਸ਼ੁਰੂ ਕੀਤਾ ਤਾਂ ਸਿੱਖ ਧਰਮ ਹੋਂਦ ਵਿੱਚ ਆਇਆ। ਸਿੱਖੀ ਜੀਵਨ ਵਾਸਤੇ ਸਿੱਖ ਗੁਰੂਆਂ ਵੱਲੋਂ ਕਈ ਤਰ੍ਹਾਂ ਦੀਆਂ ਮਰਯਾਦਾ ਕਾਇਮ ਕੀਤੀਆਂ ਗਈਆਂ। ਸਿੱਖੀ ਜੀਵਨ ਵਾਸਤੇ ਜੋ ਮਰਿਆਦਾ ਸਤਿਗੁਰੂ ਜੀ ਨੇ ਕਾਇਮ ਕੀਤੀ ਉਸ ਅਨੁਸਾਰ ਹਰੇਕ ਸਿੱਖ ਨੂੰ ਹੁਕਮ ਹੈ ਕਿ ਹਰ ਰੋਜ਼ ਪ੍ਰਭੂ ਦਰ ਤੇ ਅਰਦਾਸ ਕਰੇ। ਅਰਦਾਸ ਸਿੱਖ ਮਰਯਾਦਾ ਵਿੱਚ ਨੀਯਤ ਕੀਤੀ ਗਈ ਹੈ ਉਸ ਦੇ ਅਖੀਰ ਤੇ ਗੁਰੂ ਦਾ ਸਿੱਖ ਹੇਠ ਲਿਖੀਆਂ ਚਾਰ ਬਰਕਤਾਂ ਪਰਮਾਤਮਾ ਕੋਲੋਂ ਮੰਗਦਾ ਹੈ:

ਨਾਮ, ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ

nanak naam chardi kala
Pic Credit: Social Media

ਭਾਵ ਕਿ ਗੁਰੂ ਦਾ ਸਿੱਖ ਹਮੇਸ਼ਾ ਨਾਮ ਦੀ ਦਾਤ ਮੰਗਦਾ ਹੈ, ਸਦਾ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੈ ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ। ਸਦਾ ਪਰਮਾਤਮਾ ਦਾ ਭਾਣਾ ਮੰਨਣ ਦੀ ਅਰਦਾਸ ਕਰਦਾ ਹੈ ਤੇ ਸਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਸਰਬੱਤ ਦੇ ਭਲੇ ਦਾ ਅਰਥਾਤ ਸਮੁੱਚੀ ਕਾਇਨਾਤ ਦਾ ਭਲਾ। ਦੁਨੀਆਂ ਦੇ ਹਰ ਇੱਕ ਧਰਮ ਨਾਲੋਂ ਸਿੱਖ ਧਰਮ ਨੂੰ ਵਿਲੱਖਣ ਵੀ ਇਸੇ ਕਰਕੇ ਕਿਹਾ ਗਿਆ ਕਿ ਇਸ ਧਰਮ ਵਿੱਚ ਹਰ ਇੱਕ ਮਨੁੱਖ ਦੀ, ਹਰ ਇੱਕ ਜੀਵ ਦੀ, ਹਰ ਇੱਕ ਪਸ਼ੂ ਦੀ, ਹਰ ਇੱਕ ਪੰਛੀ ਦੀ, ਹਰ ਇੱਕ ਕਣ ਦੀ ਭਲਾਈ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਕਿਸੇ ਵੀ ਹੋਰ ਧਰਮ ਦੇ ਵਿੱਚ ਅਜਿਹੀ ਕੋਈ ਉਦਾਹਰਣ ਸਾਹਮਣੇ ਨਹੀਂ ਆਉਂਦੀ।

Sarbat da Bhala
Pic Credit: Nukkad Tales

ਸਿੱਖ ਗੁਰੂਆਂ ਦੁਆਰਾ ਦਿੱਤੇ ਗਏ ਇਹ ਸ਼ਬਦ ਗੁਰੂ ਕਾਲ ਵੇਲੇ ਤੇ ਉਸ ਤੋਂ ਬਾਅਦ ਵੀ ਪੰਜਾਬੀਆਂ ਲਈ ਵਰਦਾਨ ਸਾਬਤ ਹੋਏ ਹਨ। ਗੁਰੂ ਕਾਲ ਸਮੇਂ ਇਸ ਅਰਦਾਸ ਨੇ ਸਮੁੱਚੀ ਖ਼ਲਕਤ ਦਾ ਭਲਾ ਮੰਗਿਆ ਅਤੇ ਸਮੁੱਚੀ ਖਲਕਤ ਨੂੰ ਸਿੱਧੇ ਰਾਹ ਪਾ ਕੇ ਮਨੁੱਖੀ ਜੀਵਨ ਵਿੱਚ ਤਾਰਿਆ। ਉਸ ਤੋਂ ਬਾਅਦ ਵੀ ਜਦੋਂ ਸਿੱਖਾਂ ਉੱਤੇ ਵੱਖ-ਵੱਖ ਹਮਲਾਵਰਾਂ ਜਾਂ ਵੱਖ-ਵੱਖ ਕੌਮ ਦੇ ਸੂਬੇਦਾਰਾਂ ਨੇ ਅੱਤਿਆਚਾਰ ਕੀਤੇ ਤਾਂ ਵੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੇ ਸ਼ਬਦ ਸਿੱਖਾਂ ਨੂੰ ਦੁਗਣਾ ਚੌਗਣਾ ਹੌਸਲਾ ਬਖਸ਼ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ, ਜੋ ਮਾਧੋਦਾਸ ਤੋਂ ਗੁਰੂ ਦਾ ਬੰਦਾ ਬਣ ਮੁਗਲਾਂ ਤੋਂ ਬਦਲਾ ਲੈਣ ਲਈ ਮਹਾਰਾਸ਼ਟਰ ਤੋਂ ਪੰਜਾਬ ਵੱਲ ਆਇਆ ਸੀ ਨੇ ਵੀ ਸਿੱਖ ਜਾਂ ਪੰਜਾਬ ਦੇ ਲੋਕਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੁਲਾਰਾ ਦਿੱਤਾ। ਬੰਦਾ ਸਿੰਘ ਬਹਾਦਰ ਤੋਂ ਬਾਅਦ ਬਹੁਤ ਸਾਰੇ ਸਿੱਖ ਜੋ ਗੁਰੂ ਘਰ ਦੇ ਪਿਆਰੇ ਸਨ ਗੁਰੂ ਦੀ ਬਾਣੀ ਨਾਲ ਪਿਆਰ ਕਰਦੇ ਸਨ ਸਦਾ ਨਾਨਕ ਨਾਮ ਦੀ ਅਰਦਾਸ ਕਰਦੇ ਸਨ ਉਹਨਾਂ ਨੂੰ ਬੰਦ ਬੰਦ ਕਟਵਾਉਣੇ ਪਏ, ਖੋਪੜੀਆਂ ਲੁਹਾਣੀਆਂ ਪਈਆਂ ਪਰ ਉਹਨਾਂ ਨੇ ਮੌਤ ਨੂੰ ਸਾਹਮਣੇ ਦੇਖ ਕੇ ਵੀ ਸਦਾ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਸਿੱਖ ਕੌਮ ਤੋਂ ਵਾਰਿਆ।

Nanakshahi Coins
Pic Credit: Sikh Coins

ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਦਾਸ ਬਣ ਨਾਨਕਸ਼ਾਹੀ ਅਤੇ ਗੋਬਿੰਦਸ਼ਾਹੀ ਸਿੱਕੇ ਚਲਾਏ ਤੇ ਪੰਜਾਬ ਤੇ ਪੰਜਾਬੀਆਂ ਨੂੰ ਸਦਾ ਚੜਦੀ ਕਲਾ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਜੋ ਸਿੱਖ ਰਾਜ ਸੀ ਉਸ ਨੂੰ ਹਿਲਾਉਣ ਦਾ ਯਤਨ ਮਹਾਰਾਜੇ ਦੇ ਜਿਊਂਦੇ ਜੀ ਅੰਗਰੇਜ਼ਾਂ ਦੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਨਹੀਂ ਕਰ ਸਕੀ, ਕਿਉਂਕਿ ਅੰਗਰੇਜ਼ ਵੀ ਜਾਣਦੇ ਸਨ ਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਜੋ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਹੈ ਅਤੇ ਸਦਾ ਸਰਬੱਤ ਦਾ ਭਲਾ ਮੰਗਦੀ ਹੈ ਤੇ ਅਨਿਯਾ ਦੇ ਖਿਲਾਫ਼ ਸਿਰ ਵਾਰਨ ਤੋਂ ਵੀ ਗੁਰੇਜ ਨਹੀਂ ਕਰਦੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਸਿੱਖਾਂ ਨੂੰ ਭਾਵੇਂ ਵੱਖੋ ਵੱਖਰੇ ਸਮੇਂ ਦੇ ਦੌਰਾਨ ਬਹੁਤ ਸਾਰੇ ਤਸ਼ੱਦਦ ਝੱਲਣੇ ਪਏ ਪਰ ਫਿਰ ਵੀ ਇਹ ਕੌਮ ਨੇ ਆਪਣੇ ਆਪ ਨੂੰ ਸਦਾ ਚੜਦੀ ਕਲਾ ਵਿੱਚ ਰੱਖਿਆ।

ਉੱਤਰੀ ਪੱਛਮੀ ਸੀਮਾ ਪ੍ਰਾਂਤ ਦੀ ਸਰਹੱਦ ਹੋਣ ਕਾਰਨ ਪੰਜਾਬ ਸੂਬੇ ਨੇ ਬਹੁਤ ਕੁਝ ਆਪਣੇ ਸੀਨੇ ਤੇ ਹੰਡਾਇਆ ਹੈ। ਸਿਕੰਦਰ ਦੇ ਹਮਲਿਆਂ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੱਕ ਪੰਜਾਬ ਨੇ ਸਦਾ ਇਹਨਾਂ ਬਾਹਰੀ ਹਮਲਾਵਰਾਂ ਦਾ ਡਟ ਕੇ ਸਾਹਮਣਾ ਕੀਤਾ। ਜਦੋਂ ਸਿਕੰਦਰ ਨੇ ਹਮਲਾ ਕੀਤਾ ਸੀ ਤਾਂ ਜਿਹਲਮ ਨਦੀ ਦੇ ਕੰਢੇ ਦੇ ਉੱਤੇ ਪੰਜਾਬ ਦਾ ਰਾਜਾ ਪੋਰਸ ਕਈ ਉਸ ਨੂੰ ਰਾਜਾ ਪੋਰੂ ਵੀ ਪੁਕਾਰਦੇ ਹਨ ਨੇ ਸਿਕੰਦਰ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਭਾਵੇਂ ਉਸ ਸਮੇਂ ਸਿੱਖ ਧਰਮ ਹੋਂਦ ਵਿੱਚ ਨਹੀਂ ਸੀ ਆਇਆ ਪਰ ਫਿਰ ਵੀ ਇਸ ਪੰਜਾਬੀ ਕੌਮ ਵੱਲੋਂ ਸਿਕੰਦਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਜਿਹੀਆਂ ਉਦਾਹਰਣਾਂ ਅਤੇ ਗੁਰੂਆਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਸੂਬੇ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬੰਗਾਲ ਤੇ ਮਹਾਰਾਸ਼ਟਰ ਦੇ ਨਾਲ ਵਧੇਰੇ ਯੋਗਦਾਨ ਪਾਇਆ। ਬਹੁਤ ਸਾਰੇ ਪੰਜਾਬੀ ਦੇਸ਼ ਭਗਤ ਦੇਸ਼ ਨੂੰ ਆਜ਼ਾਦੀ ਦਵਾਉਣ ਦੀ ਜੰਗ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ। ਪਰ ਬਹੁਤ ਐਸੇ ਸਨ ਜਿਨਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਲੜਾਈ ਲੜੀ ਤੇ ਬਾਅਦ ਵਿੱਚ ਆਜ਼ਾਦੀ ਦਾ ਆਨੰਦ ਵੀ ਮਾਣਿਆਂ।

Newspaper News Channel trust
Pic Credit: Social Media

ਚੜ੍ਹਦੀ ਕਲਾ ਤੇ ਸਰਬੱਤ ਦੇ ਭਲਾ ਦੇ ਕਾਰਜ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਹੋਣ ਲੱਗ ਪਏ। ਸਮਾਂ ਬੀਤਣ ਨਾਲ ਵਿਦੇਸ਼ੀ ਲੋਕਾਂ ਨੂੰ ਇਹਨਾਂ ਸ਼ਬਦਾਂ ਦੀ ਸਮਝ ਆਈ ਤੇ ਉਹਨਾਂ ਨੇ ਪੰਜਾਬ ਦੀ ਸਿੱਖ ਕੌਮ ਨੂੰ ਸਿਜਦਾ ਕੀਤਾ। ਪੰਜਾਬੀਆਂ ਤੋਂ ਸਿੱਖ ਕੇ ਗੋਰੇ ਲੋਕ ਦਸਤਾਰਾਂ ਸਜਾਉਣ ਲੱਗੇ ਤੇ ਸਦਾ ਚੜ੍ਹਦੀ ਕਲਾ ਨਾਨਕ ਨਾਮ ਸਰਬੱਤ ਦੇ ਭਲੇ ਦੀ ਅਰਦਾਸ ਅਜਿਹੀਆਂ ਚੀਜ਼ਾਂ ਕਰਨ ਲੱਗੇ। ਵੱਖੋ ਵੱਖਰੇ ਦੇਸ਼ਾਂ ਵਿੱਚ ਸਰਬੱਤ ਦੇ ਭਲੇ ਦੇ ਟ੍ਰਸਟ ਬਣਾਏ ਜਾਣ ਲੱਗ ਪਏ। ਕਈ ਆਰਗੇਨਾਈਜੇਸ਼ਨ ਨੂੰ ਨਾਮ ਸਰਬੱਤ ਦਾ ਭਲਾ ਦਿੱਤਾ ਗਿਆ। ਅਜੋਕੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਇੱਕ ਪ੍ਰਸਿੱਧ ਸਿੱਖ ਪਰਿਵਾਰ ਨਾਲ ਸਬੰਧਤ ਐਸ.ਪੀ ਸਿੰਘ ਓਬਰਾਏ ਜੋ ਇੱਕ ਟ੍ਰਸਟ ਸਰਬੱਤ ਦੇ ਭਲੇ ਦੇ ਨਾਂ ਤੇ ਚਲਾ ਰਹੇ ਹਨ ਮਨੁੱਖਤਾ ਦੀ ਭਲਾਈ ਲਈ ਬਹੁਤ ਵਡਮੁੱਲੇ ਕਾਰਜ ਕਰ ਰਹੇ ਹਨ। ਇਸੇ ਤਰ੍ਹਾਂ ਚੜਦੀ ਕਲਾ ਨਾਮਕ ਕਈ ਅਖ਼ਬਾਰ ਵੀ ਪੰਜਾਬ ਦੇ ਵਿੱਚ ਪ੍ਰਸਿੱਧ ਹਨ। ਚੜਦੀ ਕਲਾ ਟਾਈਮ ਟੀਵੀ ਇੱਕ ਚੈਨਲ ਦੇ ਰੂਪ ਦੇ ਵਿੱਚ ਕਾਰਜ ਕਰ ਰਿਹਾ ਹੈ। ਪਿੱਛੇ ਕੁਝ ਸਾਲਾਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਸਰਕਾਰ ਦੇ ਵਿਰੋਧ ਵਿੱਚ ਪੰਜਾਬੀਆਂ ਨੇ ਦਿੱਲੀ ਵਿੱਚ ਇੱਕ ਬਹੁਤ ਵੱਡਾ ਵਿਰੋਧ ਕੀਤਾ। ਧਰਨਾ ਲਗਾਇਆ ਗਿਆ ਤੇ ਵੱਖੋ ਵੱਖਰੇ ਜਿਲਿਆਂ ਵਿੱਚੋਂ ਟਰੈਕਟਰ ਟਰਾਲੀਆਂ ਸਮੇਤ ਬਹੁਤ ਸਾਰੇ ਲੋਕ ਉਸ ਦਿੱਲੀ ਦੇ ਧਰਨੇ ਦੇ ਵਿੱਚ ਪਹੁੰਚੇ। ਦਿੱਲੀ ਸੰਘਰਸ਼ ਦੀ ਕੁਝ ਸਮਾਂ ਬੀਤਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੋਈ ਅਤੇ ਪੰਜਾਬੀ ਨੌਜਵਾਨਾਂ ਨੇ ਇਸ ਜਿੱਤ ਦਾ ਸਿਹਰਾ ਇਸ ਸ਼ਬਦ ਨੂੰ ਹੀ ਦਿੱਤਾ ਜੋ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Karwa Chauth: ਸਰਗੀ ਤੋਂ ਚੰਨ ਦੇ ਦੀਦਾਰ ਤੱਕ, ਸਿਰਫ਼ ਵਰਤ ਨਹੀਂ, ਪਿਆਰ ਤੇ ਸਮਰਪਣ ਦਾ ਤਿਉਹਾਰ!

ਲਾਲ ਸੂਟ, ਲਾਲ ਚੂੜਾ, ਕੀਤਾ ਸ਼ਿੰਗਾਰ ਪੂਰਾ…ਸਾਲ ਵਿੱਚ ਇੱਕ ਦਿਨ ਆਉਂਦਾ, ਦਿਨ ਆਉਂਦਾ ਕਰਵਾ ਚੌਥ ਦਾ…ਤੂੰ…

ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਵਿਸ਼ਵ ਪੱਧਰ ’ਤੇ ਗੱਡੇ ਜਿੱਤ ਦੇ ਝੰਡੇ, ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਗ਼ਮਾ

17 ਸਾਲਾ ਪੰਜਾਬੀ ਖਿਡਾਰੀ ਦੀ ਇਤਿਹਾਸਕ ਪ੍ਰਾਪਤੀ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਵਾਲਾ ਪੰਜਾਬ ਦਾ…

Leave a Comment

Leave a Reply

Your email address will not be published. Required fields are marked *