ਕੁਲਦੀਪ ਮਾਣਕ ਦੇ ਪੁੱਤਰ ਯੁਧਵੀਰ ਮਾਣਕ ਨੂੰ ਬਾਲ ਗਾਇਕ ਵਜੋਂ ਦੂਰਦਰਸ਼ਨ ਤੇ ਹਸਨਪੁਰੀ ਦੇ ਗੀਤ ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ ਨਾਲ ਪਛਾਣ ਮਿਲੀ । ਉਸਦੇ ਗੀਤਾਂ ਤੇ ਫਿਲਮਾਂ ਵੀ ਬਣੀਆਂ ।
ਇੰਦਰਜੀਤ ਹਸਨਪੁਰੀ ਨੇ ਫਿਲਮ ਨਿਰਮਾਣ ਦਾ ਕੰਮ 1966-67 ਵਿੱਚ ਆਰੰਭਿਆ । ਜੇਬ ਵਿੱਚ ਪੈਸਿਆਂ ਦੀ ਕਮੀ ਦੇ ਬਾਵਜੂਦ ਉਹ ਆਪਣੇ ਦੋਸਤਾਂ ਦੇ ਵਿਸ਼ਵਾਸ਼ ਸਹਾਰੇ ਮੁੰਬਈ ਪਹੁੰਚ ਗਿਆ । ਧਰਮਿੰਦਰ ਅਤੇ ਅਜੀਤ ਦਿਓਲ ਦੇ ਘਰ ਬਿਸਤਰਾ ਰੱਖ ਕੇ ਉਹ ਫਿਲਮ ਨਗਰੀ ਵਿੱਚ ਪਛਾਣ ਦੀ ਲੜਾਈ ਲੜਨ ਲੱਗਾ । ਤੇਰੀ ਮੇਰੀ ਇੱਕ ਜਿੰਦੜੀ ਫਿਲਮ ਦੇ ਨਿਰਮਾਣ ਨਾਲ ਗੱਲ ਅੱਗੇ ਤੁਰੀ । ਇਹ ਉਹ ਪਹਿਲੀ ਪੰਜਾਬੀ ਫਿਲਮ ਸੀ ਜਿਸ ਵਿੱਚ ਪਹਿਲੀ ਵਾਰ ਨਵਾਂ ਅਭਿਨੇਤਾ ਵਰਿੰਦਰ ਪਰਦੇ ਤੇ ਆਇਆ । ਦਲਜੀਤ ਕੌਰ, ਮੇਹਰ ਮਿੱਤਲ, ਵਿਜੇ ਟੰਡਨ ਅਤੇ ਪ੍ਰਸਿੱਧ ਗਜ਼ਲ ਗਾਇਕ ਜਗਜੀਤ ਸਿੰਘ ਦੇ ਗੁਣਾਂ ਦੀ ਪਰਖ ਇਸੇ ਫਿਲਮ ਨੇ ਪਹਿਲੀ ਵਾਰ ਕੀਤੀ । ਲੁਧਿਆਣਾ ਤੋਂ ਗਏ ਕਿਸੇ ਗੀਤਕਾਰ ਦਾ ਫਿਲਮ ਨਿਰਮਾਣ ਵਿੱਚ ਇਹ ਪਹਿਲਾਂ ਯਤਨ ਸੀ । ਇਸੇ ਫਿਲਮ ਵਿੱਚ ਨਰਿੰਦਰ ਬੀਬਾ ਨੇ ਗਾਇਆ, ‘ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ’, ‘ਇਸ਼ਕੇ ਨੇ ਛੱਜ ਵਿਚ ਪਾ ਕੇ ਛੱਟਿਆ, ਦੱਸ ਕੀ ਕਰਾਂ’ । ਸ਼ੀਤਲ ਸਿੰਘ ਸ਼ੀਤਲ ਨੇ ਤੇਰੀ ਮੇਰੀ ਇੱਕ ਜਿੰਦੜੀ ਫਿਲਮ ਦਾ ਟਾਇਟਲ ਗੀਤ ਨਰਿੰਦਰ ਬੀਬਾ ਨਾਲ ਰਲ ਕੇ ਗਾਇਆ । ਧਰਮਿੰਦਰ ਦਾ ਵੀ ਇਸੇ ਪੰਜਾਬੀ ਫਿਲਮ ਵਿੱਚ ਪਹਿਲੀ ਵਾਰ ਕੋਈ ਰੋਲ ਸੀ । ਇਸ ਤੋਂ ਬਾਅਦ ਹਸਨਪੁਰੀ ਨੇ ਦਾਜ, ਸੁਖੀ ਪਰਿਵਾਰ ਅਤੇ ਹਿੰਦੀ ਵਿੱਚ ਦਹੇਜ ਨਾਂ ਦੀਆਂ ਫਿਲਮਾਂ ਬਣਾਈਆਂ । ਉਸਨੇ ਅਨੇਕਾਂ ਹੋਰ ਪੰਜਾਬੀਆਂ ਫਿਲਮਾਂ ਦੇ ਗੀਤ ਵੀ ਲਿਖੇ ਜਿਨਾਂ ਵਿਚੋਂ, ਮਨ ਜੀਤੇ ਜਗਜੀਤ, ਦੁੱਖ ਭੰਜਨ ਤੇਰਾ ਨਾਮ, ਪਾਪੀ ਤਰੇ ਅਨੇਕ, ਧਰਮਜੀਤ, ਫੌਜੀ ਚਾਚਾ, ਯਮਲਾ ਜੱਟ, ਜੈ ਮਾਤਾ ਦੀ, ਗੋਰੀ ਦੀਆਂ ਝਾਂਜਰਾਂ, ਮਾਂ ਦਾ ਲਾਡਲਾ, ਚੋਰਾਂ ਨੂੰ ਮੋਰ, ਲੌਂਗ ਦਾ ਲਿਸ਼ਕਾਰਾ, ਮੋਟਰ ਮਿੱਤਰਾਂ ਦੀ ਅਤੇ ਨਹੀਂ ਰੀਸਾਂ ਪੰਜਾਬ ਦੀਆਂ ਪ੍ਰਮੁੱਖ ਹਨ ।
1984 ਦੇ ਦੰਗਿਆਂ ਤੋਂ ਬਾਅਦ ਹਸਨਪੁਰੀ ਬੰਬਈ ਤੋਂ ਆਪਣੇ ਪਿੰਡ ਆਣ ਵਸਿਆ ਅਤੇ ਮੁੰਬਈ ਨਾਲ ਹੌਲੀ ਹੌਲੀ ਮੋਹ ਤੋੜ ਗਿਆ । ਉਹ ਦੂਰਦਰਸ਼ਨ ਜਲੰਧਰ ਕੇਂਦਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਦਸਤਾਂਵੇਜੀ ਫਿਲਮਾਂ ਦਾ ਨਿਰਮਾਣ ਕਰਦਾ । ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਾਰੇ ਲਿਖਿਆ ਉਸਦਾ ਗੀਤ ਅਨੇਕਾਂ ਗਾਇਕਾਂ ਨੇ ਗਾਇਆ ਹੈ । ਚੱਲ ਵੇਖਣ ਚੱਲੀਏ ਨੀ, ਬੱਲੀਏ ਨੀ, ਕਿਲ੍ਹਾ ਰਾਏਪੁਰ ਦੀਆਂ ਖੇਡਾਂ । ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਉਹ ਲਗਾਤਾਰ ਸ਼ਾਨ ਹੈ । 1992 ਵਿੱਚ ਉਹਨਾਂ ਨੂੰ ਮੋਹਨ ਸਿੰਘ ਫਾਊਾਡੇਸ਼ਨ ਵਲੋਂ ਸ. ਪੂਰਨ ਸਿੰਘ ਬਸਹਿਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਦੇਸ਼ ਵਿਦੇਸ਼ ਦੀਆਂ ਸੈਂਕੜੇ ਸੰਸਥਾਵਾਂ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਸ਼੍ਰੋਮਣੀ ਕਵੀ ਪੁਰਸਕਾਰ ਦੇ ਕੇ ਸਨਮਾਨਿਆ । ਟੋਰਾਂਟੋ ਵਿਖੇ ਉਸ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਇਕਬਾਲ ਮਾਹਿਲ ਅਤੇ ਇਕਬਾਲ ਰਾਮੂਵਾਲੀਆ ਨੇ ਸਨਮਾਨਿਤ ਕੀਤਾ ਹੈ । ਹਸਨਪੁਰੀ ਦੀ ਵਿਅੰਗਆਤਮਕ ਸ਼ਾਇਰੀ ਕਾਰਨ ਉਸਨੂੰ ਹਰ ਮੈਦਾਨ ਫਤਿਹ ਨਸੀਬ ਹੁੰਦੀ ਰਹੀ ਹੈ ।
ਕਵੀ ਦਰਬਾਰ ਭਾਵੇਂ ਲਾਲ ਕਿਲ੍ਹਾ ਨਵੀਂ ਦਿੱਲੀ ਵਿਖੇ ਹੋਵੇ ਜਾਂ ਕਿਸੇ ਹੋਰ ਥਾਂ ਤੇ ।
ਇੰਦਰਜੀਤ ਹਸਨਪੁਰੀ ਹਿੰਦ-ਪਾਕਿ ਦੋਸਤੀ ਦਾ ਦਾਅਵੇਦਾਰ ਸ਼ਾਇਰ ਸੀ । ਹਿੰਦ-ਪਾਕਿ ਦੋਸਤੀ ਮੰਚ ਵਲੋਂ ਸਰਹੱਦ ਤੇ 14 ਅਗਸਤ ਨੂੰ ਬਲਦੇ ਚਿਰਾਗਾਂ ਵਿੱਚ ਉਸਦੀ ਅਵਾਜ਼ ਵੀ ਸ਼ਾਮਲ ਹੁੰਦੀ ਰਹੀ ਹੈ । ਹੰਸਰਾਜ ਹੰਸ ਨੇ ਉਸਦੇ ਹੀ ਗੀਤ ਨੂੰ ਅਵਾਜ਼ ਦਿੰਦਿਆਂ ਕਿਹਾ ਸੀ, ਇਸ ਕੰਡਿਆਲੀ ਤਾਰ ਨੇ, ਇੱਕ ਦਿਨ ਫੁੱਲ ਬਣਨਾ । ਸਬੱਬ ਵੇਖੋ ਇਸ ਤੋਂ ਅਗਲੇ ਸਾਲ ਹੀ ਅੱਟਲ ਬਿਹਾਰੀ ਵਾਜਪੇਈ ਅਤੇ ਨਵਾਜ਼ ਸਰੀਫ ਦੀਆਂ ਗਲਵੱਕੜੀਆਂ ਪੈ ਗਈਆਂ । 2003 ਦੀ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਹ ਸਾਡੇ ਨਾਲ ਹੀ ਪਾਕਿਸਤਾਨ ਗਿਆ । ਹਰ ਥਾਂ ਇੱਕੋ ਹੀ ਆਵਾਜ਼ ਕਿ ਮੁਹੱਬਤਾਂ ਦਾ ਰੰਗ ਗੂੜਾ ਹੋਵੇ।
ਇਕਬਾਲ ਮਾਹਲ ਯਾਦਾਂ ਦੇ ਕਾਫਿਲੇ ਦਾ ਜਿਕਰ ਛੇੜਦਿਆ ਹਸਨਪੁਰੀ ਬਾਰੇ ਅੱਜ ਹੀ ਦੱਸ ਰਹੇ ਸਨ ਕਿ ਟੋਰਾਂਟੋ ਦੇ ਸਪਿਨਿੰਗ ਵੀਲ ਫਿਲਮ ਫੈਸਟੀਵਲ ਵਿੱਚ ਉਹਨਾਂ ਨੂੰ ਸਾਡੇ ਸਾਹਮਣੇ ਜੀਵਨ ਪ੍ਰਾਪਤੀ ਵੇਰਵੇ ਦੇ ਆਧਾਰ ਤੇ ਸ੍ਰੋਮਣੀ ਪੁਰਸ਼ਕਾਰ ਮਿਲਿਆ । ਸਾਡੇ ਨਾਲ ਨਵੀਂ ਫਿਲਮ ਦੇ ਨਿਰਮਾਣ ਦੀਆਂ ਸਲਾਹਾਂ ਬਣਾ ਰਹੇ ਸਨ । ਆਪਣੀ ਜਿੰਦਗੀ ਦੀਆਂ ਯਾਦਾਂ ਕਨੇਡਾ ਦੇ ਇਸ ਚੈਨਲ ਨਾਲ ਰਿਕਾਰਡ ਕਰਵਾਉਂਦਿਆਂ ਉਹਨਾਂ ਨੇ ਵਾਰ ਵਾਰ ਇਹੀ ਆਖਿਆ ਕਿ ਮੇਰੀ ਇਹ ਫੇਰੀ ਮੁਹੱਬਤ ਪੱਖੋਂ ਯਾਦਗਾਰੀ ਬਣ ਗਈ ਹੈ ਕਿਉਂਕਿ ਮੈਂ ਏਨੀ ਉਮੀਦ ਨਾਲ ਨਹੀਂ ਸੀ ਆਇਆ । ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ ਸੀ ਤੋਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸੰਗੀਤਕਾਰ ਐਸ ਮਹਿੰਦਰ ਹਸਨਪੁਰੀ ਨੂੰ ਮਿਲਣ ਵਾਸਤੇ ਟੋਰਾਂਟੋ ਆਏ ਕਿਉਂਕਿ ਐਸ ਮਹਿੰਦਰ ਜੀ ਨੇ ਹੀ ਹਸਨਪੁਰੀ ਦੀਆਂ ਸਾਰੀਆਂ ਫਿਲਮਾਂ ਦਾ ਸੰਗੀਤ ਮੁੰਬਈ ਰਹਿੰਦਿਆਂ ਤਿਆਰ ਕੀਤਾ ਸੀ । ਇਕਬਾਲ ਮਾਹਿਲ ਦੀ ਇਹ ਗੱਲਾਂ ਕਰਦਿਆਂ ਇੱਕ ਅੱਖ ਵਿੱਚ ਅੱਥਰੂ ਹੈ ਅਤੇ ਦੂਜੀ ਵਿੱਚ ਹਾਉਕਾ ।
ਇੰਦਰਜੀਤ ਹਸਨਪੁਰੀ ਆਪਣੇ ਗੀਤਾਂ ਦਾ ਪ੍ਰੇਰਕ ਫਿਰੋਜਦੀਨ ਸ਼ਰਫ ਅਤੇ ਨੰਦ ਲਾਲ ਨੂਰਪੁਰੀ ਨੂੰ ਮੰਨਦਾ ਸੀ । ਸ਼ਾਇਰੀ ਵਿੱਚ ਉਹ ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ, ਸਾਹਿਰ ਲੁਧਿਆਣਵੀ, ਅਜਾਇਬ ਚਿਤਰਕਾਰ ਅਤੇ ਅੰਮਿ੍ਤਾ ਪ੍ਰੀਤਮ ਨੂੰ ਸਲਾਮ ਆਖਦਾ । ਆਪਣੇ ਸਮਕਾਲੀਆਂ ਵਿਚੋਂ ਉਸਦੀ ਮੁਹੱਬਤ ਅਜਾਇਬ ਚਿੱਤਰਕਾਰ ,ਸੁਰਜੀਤ ਰਾਮਪੁਰੀ ਅਤੇ ਡਾ. ਰਣਧੀਰ ਸਿੰਘ ਚੰਦ ਨਾਲ ਜੱਗ ਜਾਹਿਰ ਸੀ। ਅਮਰੀਕਾ ਵਸਦੇ ਪੰਜਾਬੀ ਗਜ਼ਲਗੋ ਹਰਭਜਨ ਸਿੰਘ ਬੈਂਸ ਤੋਂ ਇਲਾਵਾ ਅਮਰੀਕਾ, ਕਨੇਡਾ, ਦੇ ਅਦਬੀ ਹਲਕਿਆਂ ਵਿੱਚ ਅਜਬ ਉਦਾਸੀ ਪਸਰੀ ਹਸਨਪੁਰੀ ਦੇ ਜਾਣ ਤੇ । ਰੇਡੀਓ ਐਫ ਐਮ ਵਾਲਾ ਹਰਜਿੰਦਰ ਥਿੰਦ ਟੈਲੀਫੋਨ ਤੇ ਮੇਰੇ ਨਾਲ ਸੰਪਰਕ ਕੀਤਾ। ਸੁਰ ਸੰਗਮ ਰੇਡੀਓ ਕੈਲਗਿਰੀ ਤੋਂ ਰਣਜੀਤ ਸਿੱਧੂ ਲਗਾਤਾਰ ਹਸਨਪੁਰੀ ਦਾ ਹਾਲਚਾਲ ਪੰਜਾਬੀਆਂ ਨੂੰ।
ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਦੇ ਕੌਂਸਲਰ ਡਾ. ਹਰੀ ਸਿੰਘ ਬਰਾੜ ਹਸਪਤਾਲੋ ਖਬਰ ਲੈ ਕੇ ਪਰਤੇ ਤਾਂ ਦੱਸਿਆ ਕਿ ਡਾ. ਸ.ਨ. ਸੇਵਕ ,ਸਰਦਾਰ ਪੰਛੀ, ਤ੍ਰੈਲੋਚਨ ਲੋਚੀ,ਮਨਜਿੰਦਰ ਧਨੋਆ, ਡਾ. ਜਗਤਾਰ ਧੀਮਾਨ ਤੇ ਨਿਰਮਲ ਜੌੜਾ ਵੀ ਓਥੇ ਹੀ ਹਨ । ਮੈਂ ਤੇ ਪ੍ਰਗਟ ਸਿੰਘ ਗਰੇਵਾਲ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਾਂ । ਤੇਜਪ੍ਰਤਾਪ ਸਿੰਘ ਸੰਧੂ ਨੂੰ ਇੰਦਰਜੀਤ ਹਸਨਪੁਰੀ ਦੀ ਆਖਰੀ ਮੁਲਾਕਾਤ ਚੇਤੇ ਆ ਰਹੀ ਸੀ।
ਮੈਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ 2008 ਵਾਲੀ ਪ੍ਰਧਾਨਗੀ ਚੋਣ ਚੇਤੇ ਆ ਰਹੀ ਸੀ। ਇੰਦਰਜੀਤ ਹਸਨਪੁਰੀ ਸਮੇਤ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਸਰਦਾਰ ਪੰਛੀ, ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਸਭ ਮੇਰੀ ਧਿਰ ਬਣੇ। ਦੂਸਰੇ ਪੱਖ ਦੀ ਉਮੀਦਵਾਰ ਸਾਡੀ ਸਮਰੱਥ ਲੇਖਕ ਦੇ ਪੱਖ ਵਿੱਚ ਸਭ ਲਾਲ ਗੁਲਾਬੀ ਪਾਰਟੀਆਂ ਸਮੇਤ ਡਾ. ਰਵਿੰਦਰ ਰਵੀ ਦੇ ਨਾਮ ਲੇਵਾ ਵੀ ਮੇਰੇ ਖ਼ਿਲਾਫ਼ ਡਟੇ ਹੋਏ ਸਨ। ਫ਼ਰਕ ਸਿਰਫ਼ 31 ਵੋਟਾਂ ਦਾ ਹੀ ਰਹਿ ਗਿਆ ਸੀ। ਸੋਲਾਂ ਵੇਟਾਂ ਮੈਨੂੰ ਹੋਰ ਮਿਲ ਜਾਂਦੀਆਂ ਤਾਂ ਮੈਂ ਜਿੱਤ ਜਾਂਦਾ। ਅਸੀਂ ਤਾਂ ਪਟਿਆਲੇ ਵੀ ਸਮਰਥਨ ਮੰਗਣ ਨਹੀਂ ਸਾਂ ਗਏ।
ਪਰ ਚੰਗਾ ਹੀ ਹੋਇਆ, ਮੈਂ ਹਾਰ ਗਿਆ। ਨਹੀਂ ਤਾਂ ਡਾ. ਦਲੀਪ ਕੌਰ ਟਿਵਾਣਾ ਦੇ ਹਾਰਨ ਦਾ ਸਭ ਤੋਂ ਵੱਡਾ ਹਿਰਖ ਮੈਨੂੰ ਹੋਣਾ ਸੀ। ਮੈਂ ਤਾਂ ਦਸਵੀਂ ਜਮਾਤ ਵਿੱਚ ਉਨ੍ਹਾਂ ਦੀ ਕਹਾਣੀ ਬੱਸ ਕੰਡਕਟਰ ਪੜ੍ਹ ਕੇ ਇਮਤਿਹਾਨ ਦਿੱਤਾ ਸੀ।
ਹਸਨਪੁਰੀ ਅੰਤਿਮ ਵੇਲੇ ਤੀਕ ਲੁਧਿਆਣਾ ਸ਼ਹਿਰ ਦੀਆਂ ਅਦਬੀ ਸਰਗਰਮੀਆਂ ਦਾ ਕੇਂਦਰ ਬਿੰਦੂ ਸੀ। ਸ਼ਹਿਰ ਦੇ ਸਰਗਰਮ ਬਜੁਰਗ ਲੇਖਕਾਂ ਵਿਚੋਂ ਸਭ ਤੋਂ ਵੱਧ ਕਾਰਜਸ਼ੀਲ ।



Leave a Comment