crisis in Punjabs agriculture

ਪੰਜਾਬ ਦੀ ਖੇਤੀ ‘ਤੇ ਨਵਾਂ ਸੰਕਟ! ਹੜ੍ਹਾਂ ਕਾਰਨ ਪੈਦਾ ਹੋਏ ਘਾਤਕ ਨਦੀਨ

ਪਿਛਲੇ ਕੁਝ ਸਾਲਾਂ ਦੌਰਾਨ ਜਲਵਾਯੂ ਪਰਿਵਰਤਨ ਦੇ ਕਾਰਨ ਪੰਜਾਬ ਨੂੰ ਕਈ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 2023 ਅਤੇ 2025 ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ, ਉੱਥੇ ਹੀ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ। ਹੁਣ ਇਨ੍ਹਾਂ ਹੜ੍ਹਾਂ ਦਾ ਇੱਕ ਅਜਿਹਾ ਮਾਰੂ ਪ੍ਰਭਾਵ ਸਾਹਮਣੇ ਆ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਉਪਜਾਊ ਜ਼ਮੀਨ ਅਤੇ ਖੇਤੀ ਅਰਥਚਾਰੇ ਲਈ ਇੱਕ ਨਵਾਂ ਬਿਪਤਾ ਦਾ ਸਬੱਬ ਬਣ ਸਕਦਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਨੇ ਵਾਤਾਵਰਣ ਵਿੱਚ ਪੈਦਾ ਹੋ ਰਹੀ ਇੱਕ ਬੇਹੱਦ ਗੰਭੀਰ ਅਤੇ ਨਵੀਂ ਚੁਣੌਤੀ ਦੀ ਪਛਾਣ ਕੀਤੀ ਹੈ। ਵਿਗਿਆਨੀਆਂ ਮੁਤਾਬਕ, ਹੜ੍ਹ ਦੇ ਪਾਣੀ ਨਾਲ ਪਹਾੜੀ ਅਤੇ ਬਾਹਰੀ ਖੇਤਰਾਂ ਤੋਂ ਰੁੜ੍ਹ ਕੇ ਆਏ ਅਣਜਾਣ ਬੀਜਾਂ ਤੋਂ ਪੈਦਾ ਹੋਣ ਵਾਲੇ ਨਦੀਨ ਰਾਜ ਦੀ ਖੇਤੀਬਾੜੀ ਪ੍ਰਣਾਲੀ ਲਈ ਵੱਡਾ ਖ਼ਤਰਾ ਬਣ ਰਹੇ ਹਨ।

keep a special eye
Pic Credit : Social Media

ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੀ.ਏ.ਯੂ. ਦੇ ਮਾਹਿਰਾਂ ਵੱਲੋਂ ਇੱਕ ਵਿਸ਼ੇਸ਼ ਸਰਵੇਖਣ ਉਲੀਕਿਆ ਗਿਆ ਸੀ। ਇਸ ਸਰਵੇਖਣ ਵਿੱਚ ਮੁੱਖ ਤੌਰ ‘ਤੇ ਹੜ੍ਹ ਦੀ ਮਾਰ ਹੇਠ ਆਏ ਜ਼ਿਲ੍ਹੇ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ (ਰੂਪਨਗਰ), ਅੰਮ੍ਰਿਤਸਰ ਅਤੇ ਪਟਿਆਲਾ ਸ਼ਾਮਲ ਕੀਤੇ ਗਏ। ਇਸ ਵਿਗਿਆਨਕ ਸਰਵੇਖਣ ਦੇ ਨਤੀਜੇ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਹਨ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਨਦੀਨਾਂ ਦੀਆਂ ਅਜਿਹੀਆਂ ਨਵੀਆਂ ਕਿਸਮਾਂ ਉੱਗ ਰਹੀਆਂ ਹਨ, ਜੋ ਪਹਿਲਾਂ ਕਦੇ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਨਹੀਂ ਦੇਖੀਆਂ ਗਈਆਂ ਸਨ।

ਹੜ੍ਹ ਦੇ ਪਾਣੀ ਨੇ ਸਥਾਨਕ ਬਨਸਪਤੀ ਦੇ ਮੂਲ ਢਾਂਚੇ ਵਿੱਚ ਬਹੁਤ ਵੱਡਾ ਬਦਲਾਅ ਕਰ ਦਿੱਤਾ ਹੈ, ਜੋ ਖੇਤੀ ਵਾਤਾਵਰਣ ‘ਤੇ ਲੰਮੇ ਸਮੇਂ ਤੱਕ ਮਾੜਾ ਅਸਰ ਪਾਵੇਗਾ। ਵਿਗਿਆਨੀਆਂ ਵੱਲੋਂ ਪ੍ਰਭਾਵਿਤ ਖੇਤਾਂ ਵਿੱਚੋਂ ਮੁੱਖ ਤੌਰ ‘ਤੇ ਤਿੰਨ ਅਜਿਹੀਆਂ ਨਦੀਨ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ, ਜੋ ਫ਼ਸਲਾਂ ਦੇ ਵਾਧੇ-ਵਿਕਾਸ ਨੂੰ ਰੋਕਣ ਵਿੱਚ ਸਮਰੱਥ ਹਨ। ਜੰਗਲੀ ਮੂਲੀ ਬੂਟੀ ਜਿਹੜੀ ਕਿ, ਆਮ ਤੌਰ ‘ਤੇ ਪਹਾੜੀ ਜਾਂ ਨੀਮ-ਪਹਾੜੀ ਇਲਾਕਿਆਂ ਵਿੱਚ ਪਾਈ ਜਾਂਦੀ ਹੈ, ਪਰ ਹੁਣ ਇਹ ਪੰਜਾਬ ਦੇ ਮੈਦਾਨੀ ਖੇਤਾਂ ਵਿੱਚ ਫੈਲ ਰਹੀ ਹੈ। ਨਮੀ ਵਾਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਫੈਲਣ ਵਾਲੀ ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ ਜਿਹੀ ਬੂਟੀ ਮੁੱਖ ਫ਼ਸਲ ਦੇ ਪੋਸ਼ਣ ਨੂੰ ਖ਼ਤਮ ਕਰ ਦਿੰਦੀ ਹੈ। ਇਸੇ ਤਰ੍ਹਾਂ ਮਾਰਸ਼ ਪੀਲੀ-ਕ੍ਰੇਸ, ਪ੍ਰਜਾਤੀ ਬੇਹੱਦ ਹਮਲਾਵਰ ਮੰਨੀ ਜਾਂਦੀ ਹੈ। ਸਰਵੇਖਣ ਦੌਰਾਨ ਦੇਖਿਆ ਗਿਆ ਕਿ ਕਈ ਥਾਵਾਂ ‘ਤੇ ਇਸ ਬੂਟੀ ਨੇ ਮਟਰਾਂ ਦੀ ਫ਼ਸਲ ਦੇ ਖੇਤਾਂ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪ੍ਰਜਾਤੀਆਂ ਹੜ੍ਹ ਦੇ ਤੇਜ਼ ਪਾਣੀ ਦੇ ਵਹਾਅ ਰਾਹੀਂ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਖੇਤਰਾਂ ਤੋਂ ਬੀਜਾਂ ਅਤੇ ਬਨਸਪਤੀ ਦੇ ਰੂਪ ਵਿੱਚ ਰੁੜ੍ਹ ਕੇ ਪੰਜਾਬ ਦੇ ਮੈਦਾਨੀ ਖੇਤਾਂ ਤੱਕ ਪਹੁੰਚੀਆਂ ਹਨ।

ਹਾੜੀ ਦੇ ਮੌਸਮ ਵਿੱਚ ਦੇਖੇ ਗਏ ਬਦਲਾਅ ਅਤੇ ਨੁਕਸਾਨ

Deadly weeds
Pic Credit : Social Media

ਸਰਵੇਖਣ ਮੁਤਾਬਕ, ਹਾੜੀ ਦੇ ਮੌਸਮ ਦੌਰਾਨ ਇਨ੍ਹਾਂ ਨਦੀਨਾਂ ਵਿੱਚ ਧਿਆਨ ਦੇਣ ਯੋਗ ਵਾਧਾ ਦੇਖਿਆ ਗਿਆ। ਹੜ੍ਹ ਤੋਂ ਬਾਅਦ ਜਿਨ੍ਹਾਂ ਖੇਤਾਂ ਵਿੱਚ ਲੰਮੇ ਸਮੇਂ ਤੱਕ ਨਮੀ ਬਣੀ ਰਹੀ, ਉੱਥੇ ਇਹ ਨਦੀਨ ਬਹੁਤ ਜਲਦੀ ਅਤੇ ਮਜ਼ਬੂਤੀ ਨਾਲ ਉੱਗ ਆਏ। ਇਹ ਬਦਲਾਅ ਵੱਡੀ ਚਿੰਤਾ ਦਾ ਵਿਸ਼ਾ ਹੈ। ਨਵੇਂ ਨਦੀਨ ਜ਼ਮੀਨ ਦੇ ਅੰਦਰਲੇ ਪੌਸ਼ਟਿਕ ਤੱਤਾਂ, ਨਮੀ, ਸੂਰਜ ਦੀ ਰੌਸ਼ਨੀ ਅਤੇ ਜਗ੍ਹਾ ਲਈ ਮੁੱਖ ਫ਼ਸਲ (ਜਿਵੇਂ ਕਣਕ, ਮਟਰ, ਆਲੂ) ਨਾਲ ਸਿੱਧਾ ਮੁਕਾਬਲਾ ਕਰਦੇ ਹਨ, ਜਿਸ ਨਾਲ ਫ਼ਸਲ ਦਾ ਝਾੜ ਬੁਰੀ ਤਰ੍ਹਾਂ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਹ ਅਣਜਾਣ ਬਨਸਪਤੀਆਂ ਕਈ ਤਰ੍ਹਾਂ ਦੇ ਹਾਨੀਕਾਰਕ ਕੀੜੇ-ਮਕੌੜਿਆਂ ਅਤੇ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵਾਂ ਲਈ ਆਸਰੇ ਵਜੋਂ ਕੰਮ ਕਰਦੀਆਂ ਹਨ। ਇਸ ਨਾਲ ਮੁੱਖ ਫ਼ਸਲ ਵਿੱਚ ਨਵੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਇਸ ਮਾਮਲੇ ਦੀ ਗੰਭੀਰਤਾ ‘ਤੇ ਰੌਸ਼ਨੀ ਪਾਉਂਦਿਆਂ ਦੱਸਿਆ, “ਇਹ ਖੋਜਾਂ ਪ੍ਰਤੱਖ ਪ੍ਰਮਾਣ ਹਨ ਕਿ ਕਿਵੇਂ ਜਲਵਾਯੂ ਪਰਿਵਰਤਨ ਅਤੇ ਅਣਕਿਆਸੇ ਮੌਸਮੀ ਹਾਲਾਤ ਸਾਡੀ ਸਥਾਪਤ ਖੇਤੀ ਵਾਤਾਵਰਣ ਪ੍ਰਣਾਲੀ ਨੂੰ ਅਚਾਨਕ ਤਬਾਹ ਕਰ ਸਕਦੇ ਹਨ।” ਉਨ੍ਹਾਂ ਅੱਗੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਵਿਗਿਆਨੀਆਂ ਕੋਲ ਫ਼ਿਲਹਾਲ ਇਨ੍ਹਾਂ ਨਵੀਆਂ ਨਦੀਨ ਕਿਸਮਾਂ ਦੀ ਤਾਸੀਰ, ਉਨ੍ਹਾਂ ਦੇ ਫੈਲਣ ਦੇ ਸੁਭਾਅ ਅਤੇ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਕੋਈ ਪੁਰਾਣਾ ਅਨੁਭਵ ਜਾਂ ਇਤਿਹਾਸਕ ਡਾਟਾ ਨਹੀਂ ਹੈ। ਇਸ ਤੋਂ ਪਹਿਲਾਂ ਕਿ ਇਹ ਨਦੀਨ ਪੰਜਾਬ ਦੀ ਧਰਤੀ ‘ਤੇ ਮਜ਼ਬੂਤੀ ਨਾਲ ਆਪਣੇ ਪੈਰ ਜਮਾ ਲੈਣ ਅਤੇ ਸਾਡੀ ਜੈਵ-ਵਿਭਿੰਨਤਾ ਤੇ ਫ਼ਸਲ ਉਤਪਾਦਕਤਾ ਨੂੰ ਪੱਕੇ ਤੌਰ ‘ਤੇ ਨੁਕਸਾਨ ਪਹੁੰਚਾਉਣ, ਇਨ੍ਹਾਂ ਦੀ ਤੁਰੰਤ ਰੋਕਥਾਮ ਦੇ ਉਪਾਅ ਕੀਤੇ ਜਾਣੇ ਲਾਜ਼ਮੀ ਹਨ।

ਕਿਸਾਨਾਂ ਲਈ ਅਹਿਮ ਸਲਾਹ, ਸਾਉਣੀ ਦੇ ਸੀਜ਼ਨ ‘ਚ ਰੱਖੋ ਵਿਸ਼ੇਸ਼ ਨਜ਼ਰ

water coriander
Pic Credit : Social Media

ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਚੱਲ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੇਹੱਦ ਸੁਚੇਤ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ।

ਕਿਸਾਨਾਂ ਨੂੰ ਮਾਹਿਰਾਂ ਦੀਆਂ ਹਦਾਇਤਾਂ ਹਨ ਕਿ, ਜੇਕਰ ਖੇਤ ਵਿੱਚ ਕੋਈ ਵੀ ਅਜਿਹਾ ਪੌਦਾ ਜਾਂ ਬੂਟੀ ਦਿਖਾਈ ਦੇਵੇ ਜਿਸ ਦੀ ਪਛਾਣ ਆਮ ਨਦੀਨਾਂ (ਜਿਵੇਂ ਗੁੱਲੀ ਡੰਡਾ ਜਾਂ ਬਾਥੂ ਆਦਿ) ਵਜੋਂ ਨਾ ਹੁੰਦੀ ਹੋਵੇ, ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਅਜਿਹੇ ਅਣਜਾਣ ਪੌਦਿਆਂ ਨੂੰ ਬੀਜ ਬਣਨ ਤੋਂ ਪਹਿਲਾਂ ਹੀ ਖੇਤ ਵਿੱਚੋਂ ਪੁੱਟ ਕੇ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦਾ ਅੱਗੇ ਫੈਲਾਅ ਰੋਕਿਆ ਜਾ ਸਕੇ। ਕਿਸਾਨ ਤੁਰੰਤ ਅਜਿਹੇ ਨਦੀਨਾਂ ਦੇ ਹਮਲੇ ਬਾਰੇ ਪੀ.ਏ.ਯੂ. ਦੇ ਮਾਹਿਰਾਂ, ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਸ਼ੁਰੂਆਤੀ ਪੜਾਅ ‘ਤੇ ਹੀ ਢੁਕਵੀਂ ਤਕਨੀਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

wild radishjangli mooli
Pic Credit : Social Media

ਦੱਸਦੇ ਚਲੀਏ ਕਿ ਪੰਜਾਬ ਦੀ ਖੇਤੀਬਾੜੀ ਪਹਿਲਾਂ ਹੀ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਵੱਧਦੀਆਂ ਲਾਗਤਾਂ ਕਾਰਨ ਸੰਕਟ ਵਿੱਚੋਂ ਲੰਘ ਰਹੀ ਹੈ। ਅਜਿਹੇ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਇਹ ਨਵੀਂ ਨਦੀਨਾਂ ਦੀ ਸਮੱਸਿਆ ਖੇਤੀ ਨੂੰ ਹੋਰ ਖ਼ਰਚੇ ਵਾਲੀ ਅਤੇ ਜੋਖਮ ਭਰੀ ਬਣਾ ਸਕਦੀ ਹੈ। ਖੇਤੀ ਮਾਹਿਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਦੀ ਖੇਤੀਬਾੜੀ ਜੈਵ ਭਿੰਨਤਾ ਦੀ ਰੱਖਿਆ ਕਰਨ ਲਈ ਕਿਸਾਨਾਂ, ਖੇਤੀ ਵਿਗਿਆਨੀਆਂ, ਪਸਾਰ ਕਰਮਚਾਰੀਆਂ ਅਤੇ ਸਰਕਾਰੀ ਹਿੱਸੇਦਾਰਾਂ ਨੂੰ ਇੱਕ ਮੰਚ ‘ਤੇ ਆ ਕੇ ਸਾਂਝੇ ਯਤਨ ਕਰਨੇ ਪੈਣਗੇ, ਤਾਂ ਹੀ ਇਸ ਜਲਵਾਯੂ ਸੰਕਟ ਦੇ ਮਾਰੂ ਪ੍ਰਭਾਵਾਂ ਤੋਂ ਪੰਜਾਬ ਦੀ ਹਰੀ-ਭਰੀ ਧਰਤੀ ਨੂੰ ਬਚਾਇਆ ਜਾ ਸਕਦਾ ਹੈ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *