ਪੰਜਾਬ ਦਾ ਅਮੀਰ ਸੱਭਿਆਚਾਰ ਅਤੇ ਵਿਰਾਸਤ ਸਦੀਆਂ ਤੋਂ ਸਾਡੀ ਪਛਾਣ ਰਿਹਾ ਹੈ, ਪਰ ਆਧੁਨਿਕਤਾ ਦੀ ਦੌੜ ਵਿੱਚ ਹੁਣ ਬਹੁਤ ਸਾਰੀਆਂ ਪੁਰਾਤਨ ਕਲਾਵਾਂ ਅਲੋਪ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਬਹੁਤ ਹੀ ਖ਼ਾਸ ਕਲਾ ‘ਗੁੱਡੀਆਂ-ਪਟੋਲੇ’ ਬਣਾਉਣਾ ਹੈ, ਜੋ ਕਿ ਪੁਰਾਣੇ ਸਮੇਂ ਵਿੱਚ ਪੰਜਾਬੀ ਕੁੜੀਆਂ ਦੇ ਬਚਪਨ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਸੀ। ਜ਼ਿਕਰਯੋਗ, ਇਸ ਬੇਸ਼ਕੀਮਤੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਫਾਈਨ ਆਰਟਸ ਦੀ ਪ੍ਰੋਫ਼ੈਸਰ ਡਾ. ਦਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਜਸਮੇਰ ਸਿੰਘ ਢੱਡ ਵੱਲੋਂ ਇੱਕ ਸ਼ਲਾਘਾਯੋਗ ਅਤੇ ਅਨੋਖੀ ਮੁਹਿੰਮ ਚਲਾਈ ਜਾ ਰਹੀ ਹੈ।
ਬਚਪਨ ਦਾ ਸ਼ੌਕ ਬਣਿਆ ਜ਼ਿੰਦਗੀ ਦਾ ਮਿਸ਼ਨ

ਡਾ. ਦਵਿੰਦਰ ਕੌਰ ਬਚਪਨ ਤੋਂ ਹੀ ਕੱਪੜੇ ਦੀਆਂ ਗੁੱਡੀਆਂ (Dolls) ਬਣਾਉਣ ਦੀ ਕਲਾ ਵਿੱਚ ਨਿਪੁੰਨ ਹਨ। ਆਪਣੇ ਸਫ਼ਰ ਬਾਰੇ ਦੱਸਦਿਆਂ ਉਹ ਸਾਂਝਾ ਕਰਦੇ ਹਨ ਕਿ ਜਿੱਥੇ ਸ਼ੁਰੂਆਤ ਵਿੱਚ ਉਹ ਬਿਲਕੁਲ ਸਾਧਾਰਨ ਕੱਪੜੇ ਦੀ ਗੁੱਡੀ ਬਣਾ ਕੇ ਉਸ ਨੂੰ ਗੰਢਾਂ ਮਾਰ ਲਿਆ ਕਰਦੇ ਸੀ, ਉੱਥੇ ਹੀ ਹੌਲੀ-ਹੌਲੀ ਉਨ੍ਹਾਂ ਨੇ ਸੂਈ-ਧਾਗੇ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਾਲਜ ਵਿੱਚ ਪੜ੍ਹਾਉਂਦੇ ਸਮੇਂ, ਜਦੋਂ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਨੇ ਉਨ੍ਹਾਂ ਦੀ ਕਲਾ ਦੇਖੀ, ਤਾਂ ਸਭ ਨੇ ਬਹੁਤ ਪ੍ਰਸ਼ੰਸਾ ਕੀਤੀ। ਇਸ ਉਤਸ਼ਾਹ ਨੇ ਉਨ੍ਹਾਂ ਨੂੰ ਇਸ ਕਲਾ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ।
ਕਲਾ ਵਿੱਚ ਆਧੁਨਿਕਤਾ ਅਤੇ ਭਾਵਨਾ

ਸਮੇਂ ਦੇ ਨਾਲ, ਡਾ. ਦਵਿੰਦਰ ਨੇ ਗੁੱਡੀਆਂ ਬਣਾਉਣ ਦੇ ਤਰੀਕੇ ਵਿੱਚ ਕਈ ਨਵੇਂ ਬਦਲਾਅ ਕੀਤੇ। ਉਨ੍ਹਾਂ ਨੇ ਗੁੱਡੀਆਂ ਦੇ ਹੱਥਾਂ ਨੂੰ ਸਹੀ ਆਕਾਰ ਦੇਣ ਲਈ ਅੰਦਰ ਬਰੀਕ ਤਾਰਾਂ ਪਾ ਕੇ ਉਂਗਲਾਂ ਕੱਢਣੀਆਂ ਸ਼ੁਰੂ ਕੀਤੀਆਂ। ਇਸੇ ਤਰ੍ਹਾਂ ਚਿਹਰੇ ਦੀ ਬਣਾਵਟ ਨੂੰ ਕੱਪੜੇ ਦੀ ਥਾਂ ਫਾਈਬਰ ਨਾਲ ਤਿਆਰ ਕਰਕੇ, ਉਨ੍ਹਾਂ ਨੂੰ ਹੱਥਾਂ ਨਾਲ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਪੇਂਟ ਕਰਨਾ ਸ਼ੁਰੂ ਕਰ ਦਿੱਤਾ। ਉਹ ਦੱਸਦੇ ਹਨ ਕਿ ਉਹ ਇਹ ਗੁੱਡੀਆਂ ਕਿਸੇ ਦੇ ਦਬਾਅ ਹੇਠ ਨਹੀਂ, ਸਗੋਂ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਬਣਾਉਂਦੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗੁੱਡੀਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ, ਜਿਵੇਂ ਚਰਖਾ ਕੱਤਦੀ ਪੰਜਾਬਣ, ਚਾਟੀ ਵਿੱਚ ਮਧਾਣੀ ਪਾ ਕੇ ਮੱਖਣ ਕੱਢਦੀ ਮੁਟਿਆਰ ਜਾਂ ਰਵਾਇਤੀ ਨਾਚ ਕਰਦੀਆਂ ਗੁੱਡੀਆਂ।
ਨਵੀਂ ਪੀੜ੍ਹੀ ਨੂੰ ਸਿਖਲਾਈ

ਡਾ. ਦਵਿੰਦਰ ਕੌਰ ਅੱਜ-ਕੱਲ੍ਹ ਦੇ ਬੱਚਿਆਂ ਅਤੇ ਕੁੜੀਆਂ ਨੂੰ ਵੀ ਇਹ ਕਲਾ ਸਿਖਾ ਰਹੇ ਹਨ। ਉਹ ਬੱਚਿਆਂ ਨੂੰ 15 ਇੰਚ ਦੀ ਗੁੱਡੀ ਦਾ ਸਹੀ ਮਾਪ ਲੈਣਾ, ਚਿਹਰਾ, ਹੱਥ-ਪੈਰ ਅਤੇ ਸਰੀਰਕ ਬਣਤਰ ਤਿਆਰ ਕਰਨੀ ਸਿਖਾਉਂਦੇ ਹਨ। ਇਸ ਤੋਂ ਬਾਅਦ, ਉਨ੍ਹਾਂ ਨੂੰ ਰਵਾਇਤੀ ਕੱਪੜੇ ਪਹਿਨਾਉਣ ਦੀ ਕਲਾ ਸਿਖਾਈ ਜਾਂਦੀ ਹੈ। ਛੋਟੇ ਬੱਚਿਆਂ ਦੇ ਖੇਡਣ ਲਈ ਬਣਾਈਆਂ ਜਾਣ ਵਾਲੀਆਂ ਗੁੱਡੀਆਂ ਵਿੱਚ, ਤਾਰਾਂ ਜਾਂ ਰੂੰ ਦੀ ਬਜਾਏ ਸਿਰਫ਼ ਨਰਮ ਕੱਪੜੇ ਦੀਆਂ ਲੀਰਾਂ ਅਤੇ ਸੂਤੀ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਮੁਲਾਇਮ ਰਹਿਣ।
ਸਰੀਰਕ ਅਤੇ ਮਾਨਸਿਕ ਵਿਕਾਸ

ਇਸ ਸਫ਼ਰ ਵਿੱਚ ਡਾ. ਦਵਿੰਦਰ ਦਾ ਸਾਥ ਉਨ੍ਹਾਂ ਦੇ ਪਤੀ ਜਸਮੇਰ ਸਿੰਘ ਢੱਡ ਦੇ ਰਹੇ ਹਨ, ਜੋ ਲੰਬੇ ਸਮੇਂ ਤੋਂ ਆਪਣੀ ਸੰਸਥਾ ਰਾਹੀਂ ਪੰਜਾਬੀ ਵਿਰਸੇ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਮੋਟ ਕਰ ਰਹੇ ਹਨ। ਜਸਮੇਰ ਸਿੰਘ ਦਾ ਮੰਨਣਾ ਹੈ ਕਿ ਅੱਜ-ਕੱਲ੍ਹ ਦੀਆਂ ਕੁੜੀਆਂ ਪੜ੍ਹਾਈ ਤੋਂ ਬਾਅਦ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਫ਼ੋਨਾਂ ਜਾਂ ਇੰਸਟਾਗ੍ਰਾਮ ਰੀਲਾਂ ਦੇਖਣ ਵਿੱਚ ਬਿਤਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਕੋਈ ਸਿਰਜਣਾਤਮਕ ਵਿਕਾਸ ਨਹੀਂ ਹੁੰਦਾ। ਪਰ, ਜਦੋਂ ਕੁੜੀਆਂ ਆਪਣੇ ਹੱਥਾਂ ਨਾਲ ਗੁੱਡੀਆਂ ਬਣਾਉਂਦੀਆਂ ਹਨ, ਉਨ੍ਹਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਾਉਂਦੀਆਂ ਅਤੇ ਸਜਾਉਂਦੀਆਂ ਹਨ, ਤਾਂ ਇਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਹ ਰਚਨਾਤਮਕਤਾ ਉਨ੍ਹਾਂ ਨੂੰ ਆਉਣ ਵਾਲੇ ਘਰੇਲੂ ਜੀਵਨ ਦੀਆਂ ਬਾਰੀਕੀਆਂ ਸਮਝਣ ਵਿੱਚ ਵੀ ਮਦਦ ਕਰਦੀ ਹੈ।
ਅਲੋਪ ਹੋ ਰਹੀ ਕਲਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ

ਇਸ ਅਲੋਪ ਹੋ ਰਹੀ ਕਲਾ ਨੂੰ ਮੁੜ ਸੁਰਜੀਤ ਕਰਨ ਲਈ, ਇਹ ਜੋੜਾ ਪਿਛਲੇ 2-3 ਸਾਲਾਂ ਤੋਂ ਇਸ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ। ਇਸ ਸਾਲ ਵੀ ਉਨ੍ਹਾਂ ਨੇ 15 ਤੋਂ 35 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਬਿਨਾਂ ਫ਼ੀਸ ਦੇ ਭਾਗ ਲੈਣ ਲਈ ਸੱਦਾ ਦਿੱਤਾ ਸੀ। ਲੜਕੀਆਂ ਨੂੰ ਘਰ ਬੈਠੇ ਕੇ 12 ਤੋਂ 15 ਇੰਚ ਦੀ ਗੁੱਡੀ ਤਿਆਰ ਕਰਨੀ ਸੀ ਅਤੇ ਇਸ ਨੂੰ ਬਣਾਉਣ ਦੀ ਇੱਕ ਵੀਡੀਓ ਭੇਜਣੀ ਸੀ। ਇਸ ਮੁਕਾਬਲੇ ਵਿੱਚ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਮਾਹਿਰਾਂ ਦੀ ਟੀਮ ਵੱਲੋਂ ਸਰਵੋਤਮ ਗੁੱਡੀਆਂ ਦੀ ਚੋਣ ਕੀਤੀ ਗਈ। ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੀਆਂ ਲੜਕੀਆਂ ਨੂੰ ਸੰਸਥਾ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਉਪਰਾਲਾ ਸਾਡੀ ਪੁਰਾਤਨ ਅਮੀਰ ਵਿਰਾਸਤ ਨੂੰ ਸੰਭਾਲਣ ਵੱਲ ਇੱਕ ਸੁਲੱਖਣਾ ਕਦਮ ਹੈ।



Leave a Comment