Punjabi films and music connecting the two Punjabs

ਦੋਹਾਂ ਪੰਜਾਬਾਂ ਨੂੰ ਜੋੜਦੀਆਂ ਪੰਜਾਬੀ ਫਿਲਮਾਂ ਅਤੇ ਸੰਗੀਤ

“ਖ਼ੂਨ ਖੰਨੇ ਦਾ ਵੀ ਉਹੀ, ਖ਼ੂਨ ਲਾਹੌਰ ਦਾ ਵੀ ਉਹੀ,
ਖ਼ੂਨ ਲਾਇਲਪੁਰ ਵਾਲੇ ਲੁਧਿਆਣੇ ਬੋਲਦੇ।”

ਇਹ ਬੋਲ ਪਾਕਿਸਤਾਨੀ ਪੰਜਾਬ (ਲਹਿੰਦੇ ਪੰਜਾਬ ) ਵਿੱਚ ਗਾਏ ਗਏ ਗੀਤ ‘ਪੰਜਾਬ’ ‘ਚੋਂ ਹਨ, ਇਨ੍ਹਾਂ ਬੋਲਾਂ ਵਿੱਚ ਸਾਂਝੇ ਪੰਜਾਬ ਅਤੇ ਪੰਜਾਬੀਅਤ ਦੀ ਇੱਕ ਖ਼ੂਬਸੂਰਤ ਝਲਕ ਦਿਖਾਈ ਦਿੰਦੀ ਹੈ। ਵੰਡ ਦੇ 78 ਸਾਲਾਂ ਬਾਅਦ ਵੀ ਦੋਵਾਂ ਪਾਸਿਆਂ ਦੇ ਪੰਜਾਬੀਆਂ ਦੇ ਦਿਲ ਇੱਕ ਦੂਜੇ ਲਈ ਧੜਕਦੇ ਹਨ। ਦੋਵਾਂ ਪਾਸਿਆਂ ਦੇ ਪੰਜਾਬੀਆਂ ਨੇ ਵੰਡ ਦੀ ਵੱਡੀ ਕੀਮਤ ਚੁਕਾਈ ਹੈ। ਹਾਕਮਾਂ ਨੇ ਧਰਤੀ ਦੇ ਨਾਲ-ਨਾਲ ਦਿਲਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ , ਜੋ ਅਜੇ ਤੱਕ ਜਾਰੀ ਹੈ । ਪੰਜਾਬ ਵਿੱਚ ਪਾਕਿਸਤਾਨ ਪ੍ਰਤੀ ਦੁਸ਼ਮਣੀ ਦੀ ਉਹ ਭਾਵਨਾ ਨਹੀਂ ਮਿਲਦੀ , ਜੋ ਮੀਡੀਆ ਦਾ ਨਫਰਤੀ ਹਿੱਸਾ ਦੇਸ਼ ਦੇ ਵੱਡੇ ਹਿੱਸੇ ਵਿਚ ਭਰ ਰਿਹਾ ਹੈ |

historical social and cultural connection of Punjabis on both sides
Pic Credit : Wikipedia / Express Tribune

ਦੋਵਾਂ ਪਾਸਿਆਂ ਦੇ ਪੰਜਾਬੀਆਂ ਦੀ ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਸਾਂਝ ਬਹੁਤ ਡੂੰਘੀ ਹੈ। ਰਸਮ-ਰਿਵਾਜ, ਕਿੱਸੇ-ਕਹਾਣੀਆਂ ਅਤੇ ਮਾਨਤਾਵਾਂ ਇੱਕੋ ਜਿਹੀਆਂ ਹਨ। ਭਾਰਤੀ ਪੰਜਾਬ ਦੇ ਪੰਜਾਬੀ ਸਾਹਿਤਕਾਰ ਪਾਕਿਸਤਾਨੀ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਪੜ੍ਹਾਏ ਜਾਂਦੇ ਹਨ ਅਤੇ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਸਾਹਿਤਕਾਰ ਭਾਰਤੀ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਪੜ੍ਹਾਏ ਜਾਂਦੇ ਹਨ। ਭਾਰਤੀ ਪੰਜਾਬ ਦੇ ਪੰਜਾਬੀ ਅਖ਼ਬਾਰ ਲਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿਸਤਾਨੀ ਪੰਜਾਬ ਲਈ ‘ਲਹਿੰਦਾ ਪੰਜਾਬ’ (ਪੱਛਮੀ ਪੰਜਾਬ) ਅਤੇ ਭਾਰਤੀ ਪੰਜਾਬ ਲਈ ‘ਚੜ੍ਹਦਾ ਪੰਜਾਬ’ (ਪੂਰਬੀ ਪੰਜਾਬ) ਸ਼ਬਦ ਵਰਤਦੇ ਹਨ। ਇਨ੍ਹਾਂ ਸ਼ਬਦਾਂ ਦੀ ਸ਼ੁਰੂਆਤ ਦੋਵਾਂ ਪਾਸਿਆਂ ਦੇ ਕੁਝ ਪੰਜਾਬ-ਪ੍ਰੇਮੀਆਂ ਅਤੇ ਪੰਜਾਬੀ ਸਾਹਿਤਕਾਰਾਂ ਨੇ ਕੀਤੀ ਸੀ। ਚੜ੍ਹਦੇ ਪੰਜਾਬ (ਭਾਰਤੀ ਪੰਜਾਬ) ਦੇ ਅਖ਼ਬਾਰਾਂ ਵਿੱਚ ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਦੇ ਲੇਖਕਾਂ ਦੀਆਂ ਰਚਨਾਵਾਂ ਆਮ ਤੌਰ ’ਤੇ ਛਪਦੀਆਂ ਰਹਿੰਦੀਆਂ ਹਨ। ਇਹ ਪੰਜਾਬੀ ਪਾਠਕਾਂ ਦੀ ਪਸੰਦ ਅਤੇ ਮੰਗ ਹਨ ।

ਇਸੇ ਤਰ੍ਹਾਂ ਦੋਹਾਂ ਪਾਸਿਆਂ ਦੀਆਂ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਨੇ ਵੀ ਪੰਜਾਬੀਆਂ ਨੂੰ ਆਪਸ ਵਿੱਚ ਜੋੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਭਾਵੇਂ ਭਾਰਤੀ ਅਤੇ ਪਾਕਿਸਤਾਨੀ ਫ਼ਿਲਮਾਂ ਅਤੇ ਸੰਗੀਤ, ਇੱਥੋਂ ਤੱਕ ਕਿ ਟੀ.ਵੀ. ਇਸ਼ਤਿਹਾਰਾਂ ਵਿੱਚ ਵੀ ‘ਚੋਰੀ-ਚੋਰੀ ਚੁਪਕੇ-ਚੁਪਕੇ’ ਵਾਲਾ ਰਿਸ਼ਤਾ ਹੈ, ਪਰ ਇੱਥੇ ਅਸੀਂ ਗੱਲ ਨੂੰ ਦੋਹਾਂ ਦੇਸ਼ਾਂ ਦੀਆਂ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਤੱਕ ਹੀ ਸੀਮਤ ਰੱਖਾਂਗੇ।

Pakistani films were shown in Indian Punjab till 1970
Pic Credit : Social Media

ਭਾਰਤੀ ਪੰਜਾਬ ਵਿੱਚ 1970 ਤੱਕ ਪਾਕਿਸਤਾਨੀ ਫ਼ਿਲਮਾਂ ਦਿਖਾਈਆਂ ਜਾਂਦੀਆਂ ਰਹੀਆਂ ਹਨ। ਪਾਕਿਸਤਾਨ ਬਣਨ ਤੋਂ ਬਾਅਦ ਉੱਥੇ ਬਣੀ ਪਹਿਲੀ ਪੰਜਾਬੀ ਫ਼ਿਲਮ ‘ਫੇਰੇ’ ਤੋਂ ਲੈ ਕੇ 1970 ਵਿੱਚ ਬਣੀ ਫ਼ਿਲਮ ‘ਹੀਰ-ਰਾਂਝਾ’ ਤੱਕ ਦੀਆਂ ਕਹਾਣੀਆਂ ਅਤੇ ਗੀਤ ਬਜ਼ੁਰਗ ਲੋਕਾਂ ਨੂੰ ਅਜੇ ਤੱਕ ਯਾਦ ਹਨ। ਜੇ ਪੁਰਾਣੇ ਬਜ਼ੁਰਗਾਂ ਨਾਲ ਗੱਲਾਂ ਸ਼ੁਰੂ ਕਰੀਏ ਤਾਂ ਉਹ ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਦੀਆਂ ਪੰਜਾਬੀ ਫ਼ਿਲਮਾਂ—‘ਫੇਰੇ’, ‘ਕਰਤਾਰ ਸਿੰਘ’, ‘ਯੱਕੇ ਵਾਲੀ’, ‘ਹੀਰ ਸਿਆਲ’, ‘ਦੁੱਲਾ ਭੱਟੀ’ ਅਤੇ ‘ਹੀਰ-ਰਾਂਝਾ’ ਦੀਆਂ ਗੱਲਾਂ ਛੇੜ ਲੈਣਗੇ। ‘ਦੁੱਲਾ ਭੱਟੀ’ ਫ਼ਿਲਮ ਦਾ ਗੀਤ ‘ਵਾਸਤਾ ਵੇ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲੇ ਨੂੰ ਪਹੁੰਚਾਵੀਂ ਵੇ ਕਬੂਤਰਾ’ ਚੜ੍ਹਦੇ ਪੰਜਾਬ (ਭਾਰਤੀ ਪੰਜਾਬ) ਵਿੱਚ ਵੀ ਸਦਾਬਹਾਰ ਗੀਤ ਹੈ। ਸਾਲ 1951 ਵਿੱਚ ਬਣੀ ਪਾਕਿਸਤਾਨੀ ਪੰਜਾਬੀ ਫ਼ਿਲਮ ‘ਚੰਨ ਵੇ’ ਵਿੱਚ ਨੂਰਜਹਾਂ ਦਾ ਗਾਇਆ ਗੀਤ ‘ਤੇਰੇ ਮੁਖੜੇ ਦਾ ਕਾਲਾ ਕਾਲਾ ਤਿਲ ਵੇ, ਮੇਰਾ ਕੱਢ ਕੇ ਲੈ ਗਿਆ ਦਿਲ ਵੇ, ਮੁੰਡਿਆ ਸਿਆਲਕੋਟੀਆ’ ਭਾਰਤੀ ਪੰਜਾਬ ਵਿੱਚ ਅਮਰ ਗੀਤ ਹੈ।

1970 ਵਿੱਚ ਬਣੀ ਪਾਕਿਸਤਾਨੀ ਪੰਜਾਬੀ ਫਿਲਮ ‘ਹੀਰ-ਰਾਂਝਾ’, ਜਿਸ ਦੀ ਕਹਾਣੀ ਅਤੇ ਗੀਤ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਹਿਮਦ ਰਾਹੀ ਨੇ ਲਿਖੇ ਹਨ ਅਤੇ ਫਿਲਮ ਵਿੱਚ ਰਾਂਝੇ ਦਾ ਰੋਲ ਐਜਾਜ਼ ਦੁਰਾਨੀ ਅਤੇ ਹੀਰ ਦਾ ਰੋਲ ਫਿਰਦੌਸ ਨੇ ਕੀਤਾ ਸੀ। ਫਿਲਮ ਵਿੱਚ ਗਾਏ ਨੂਰਜਹਾਂ ਦੇ ਸਾਰੇ ਗੀਤ ਭਾਰਤੀ ਪੰਜਾਬ ਵਿੱਚ ਵੀ ਲੋਕਗੀਤਾਂ ਵਰਗਾ ਰੁਤਬਾ ਹਾਸਲ ਕਰ ਚੁੱਕੇ ਹਨ। ਇਸ ਫਿਲਮ ਦੇ ਪ੍ਰਸਿੱਧ ਗੀਤ ਹਨ–‘ਵੇ ਵੰਝਲੀ ਵਾਲੜਿਆ, ਤੂੰ ਤਾਂ ਮੋਹ ਲਈ ਓਹ ਮੁਟਿਆਰ ਜਿਨੇ ਕਦੇ ਨਾ ਮੰਨੀ ਸੀ ਹਾਰ, ਮੈਂ ਕਰ ਬੈਠੀ ਤੈਨੂੰ ਪਿਆਰ’, ‘ਸੁਣ ਵੰਝਲੀ ਦੀ ਮਿੱਠੜੀ ਤਾਨ ਵੇ’।

screening of Pakistani films in cinemas of Indian Punjab was banned
Pic Credit : BBC

1970 ਤੋਂ ਬਾਅਦ ਭਾਰਤੀ ਪੰਜਾਬ ਦੇ ਸਿਨੇਮਾ ਵਿੱਚ ਪਾਕਿਸਤਾਨੀ ਫਿਲਮਾਂ ਦਿਖਾਏ ਜਾਣ ’ਤੇ ਰੋਕ ਲੱਗ ਗਈ। ਅੱਜ ਇੰਟਰਨੈੱਟ ਦੇ ਜ਼ਮਾਨੇ ਵਿੱਚ ਜਦੋਂ ਭਾਰਤੀ ਪੰਜਾਬ ਦੀ ਨੌਜਵਾਨ ਪੀੜ੍ਹੀ ਪੁਰਾਣੀਆਂ ਪਾਕਿਸਤਾਨੀ ਪੰਜਾਬੀ ਫਿਲਮਾਂ ਵੇਖਦੀ ਹੈ ਤਾਂ ਕਮੈਂਟ ਕਰਦੀ ਹੈ-‘ਹਾਇ ਰੱਬਾ! ਅਸੀਂ ਹੁਣ ਤੱਕ ਕਿੰਨੀਆਂ ਵਧੀਆ ਫਿਲਮਾਂ ਦੇਖਣ ਤੋਂ ਵਾਂਝੇ ਰਹਿ ਗਏ ਸੀ’।

ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ’ਤੇ ਥੋੜ੍ਹੇ ਸਮੇਂ ਤੋਂ ਹੀ ਪਾਬੰਦੀ ਲੱਗੀ ਹੈ | ਜਦੋਂ ਦੋਵਾਂ ਦੇਸ਼ਾਂ ਦੇ ਸੰਬੰਧ ਜ਼ਿਆਦਾ ਖਰਾਬ ਹੋ ਗਏ ਸਨ ਪਰ ਵਿਦੇਸ਼ਾਂ ਵਿਚ ਸ਼ੂਟ ਹੁੰਦੀਆਂ ਭਾਰਤੀ ਕਲਾਕਾਰਾਂ ਦੀਆਂ ਪੰਜਾਬੀ ਫ਼ਿਲਮਾਂ ਅੱਜ ਵੀ ਪਾਕਿਸਤਾਨ ਵਿਚ ਰਿਕਾਰਡ ਤੋੜ ਦੇਖੀਆਂ ਜਾਂਦੀਆਂ ਹਨ| ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਸਾਹਿਰ ਦੱਸਦੇ ਹਨ, “ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਦੀ ਫਿਲਮੀ ਇੰਡਸਟਰੀ ਸੰਕਟ ਵਿੱਚ ਹੈ। ਚੰਗੀਆਂ ਫਿਲਮਾਂ ਨਹੀਂ ਬਣ ਪਾ ਰਹੀਆਂ, ਜਦਕਿ ਇੱਥੇ ਸਿਨੇਮਾ ਹਾਲ ਬਹੁਤ ਵੱਡੇ ਅਤੇ ਸ਼ਾਨਦਾਰ ਹਨ। ਇੱਥੇ ਭਾਰਤੀ ਫਿਲਮਾਂ ਖੂਬ ਦੇਖੀਆਂ ਜਾਂਦੀਆਂ ਹਨ ਅਤੇ ਜਿਸ ਦੇ ਚਲਦੇ ਸਿਨੇਮਾ ਘਰਾਂ ਦਾ ਕਾਰੋਬਾਰ ਵੀ ਚੰਗਾ ਚੱਲਦਾ ਹੈ। ਪਹਿਲਾਂ ਇੱਥੇ ਭਾਰਤ ਦੀਆਂ ਸਿਰਫ ਹਿੰਦੀ ਫਿਲਮਾਂ ਦੇਖੀਆਂ ਜਾਂਦੀਆਂ ਸਨ ਪਰ ਹੁਣ ਜਦੋਂ ਤੋਂ ਭਾਰਤ ਵਿੱਚ ਚੰਗੀਆਂ ਪੰਜਾਬੀ ਫਿਲਮਾਂ ਬਣਨ ਲੱਗੀਆਂ ਹਨ, ਉਨ੍ਹਾਂ ਨੂੰ ਵੀ ਖੂਬ ਦੇਖਿਆ ਜਾਂਦਾ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਪਾਕਿਸਤਾਨੀ ਹਕੂਮਤ ਭਾਰਤੀ ਫਿਲਮਾਂ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾ ਸਕਦੀ। ਵਿਦੇਸ਼ਾਂ ਵਿਚ ਸ਼ੂਟ ਹੁੰਦੀਆਂ ਪੰਜਾਬੀ ਫਿਲਮਾਂ ਇਥੇ ‘ਨਾਨ ਇੰਡੀਅਨ’ ਪੰਜਾਬੀ ਫ਼ਿਲਮਾਂ ਦੀ ਕੈਟਾਗਿਰੀ ਵਿਚ ਖੂਬ ਦੇਖੀਆਂ ਜਾਂਦੀਆਂ ਹਨ | ਖੂਬ ਕਮਾਈ ਵੀ ਕਰਦੀਆਂ ਹਨ | ਸਾਡੇ ਨਵੇਂ ਬੱਚੇ ਇਹਨਾਂ ਫ਼ਿਲਮਾਂ ਨੂੰ ਦੇਖ ਕੇ ਆਪਣੀ ਮਾਂ-ਬੋਲੀ ਪੰਜਾਬੀ ਨਾਲ ਦੁਬਾਰਾ ਜੁੜਨ ਲੱਗੇ ਹਨ |”

ਇਹ ਸੱਚਾਈ ਹੈ ਕਿ ਲਹਿੰਦੇ ਪੰਜਾਬ ਵਾਲੇ ਪਹਿਲਾਂ ਭਾਰਤੀ ਪੰਜਾਬੀ ਫ਼ਿਲਮਾਂ ਦੀ ਥਾਂ ਹਿੰਦੀ ਫ਼ਿਲਮਾਂ ਨੂੰ ਜ਼ਿਆਦਾ ਪਸੰਦ ਕਰਦੇ ਸਨ । ਇਸ ਦਾ ਕਾਰਨ ਇੱਕ ਤਾਂ ਇਹ ਹੈ ਕਿ ਭਾਰਤੀ ਪੰਜਾਬ ਵਿੱਚ ਪਾਕਿਸਤਾਨੀ ਪੰਜਾਬ ਦੇ ਮੁਕਾਬਲੇ ਚੰਗੀਆਂ ਪੰਜਾਬੀ ਫ਼ਿਲਮਾਂ ਘੱਟ ਬਣੀਆਂ ਹਨ। 2002 ਤੱਕ ਭਾਰਤੀ ਪੰਜਾਬੀ ਫ਼ਿਲਮਾਂ ਦੀ ਗਿਣਤੀ ਵੀ ਘੱਟ ਸੀ। 2002 ਵਿੱਚ ਆਈ ਫ਼ਿਲਮ ‘ਜੀ ਆਇਆਂ ਨੂੰ’, ਜਿਸ ਦਾ ਬਜਟ 5 ਕਰੋੜ ਦਾ ਰਿਹਾ ਅਤੇ ਜੋ ਉਸ ਸਮੇਂ ਦੀਆਂ ਭਾਰਤੀ ਪੰਜਾਬੀ ਫ਼ਿਲਮਾਂ ਦਾ ਸਭ ਤੋਂ ਵੱਡਾ ਬਜਟ ਸੀ, ਨੇ ਹੀ ਰਿਕਾਰਡ ਤੋੜ ਕਮਾਈ ਕੀਤੀ। ਉਸ ਤੋਂ ਬਾਅਦ ਹੀ ਪਾਕਿਸਤਾਨ ਵਿੱਚ ਵੀ ਭਾਰਤੀ ਪੰਜਾਬੀ ਫ਼ਿਲਮਾਂ ਜ਼ਿਆਦਾ ਦੇਖੀਆਂ ਜਾਣ ਲੱਗੀਆਂ। ਪਰ ਇਸ ਦੇ ਬਾਵਜੂਦ ਭਾਰਤੀ ਪੰਜਾਬ ਦੀਆਂ ਪੁਰਾਣੀਆਂ ਪੰਜਾਬੀ ਫ਼ਿਲਮਾਂ, ਜਿਨ੍ਹਾਂ ਵਿੱਚੋਂ ‘ਚਮਨ’ (ਜੋ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਦੀ ਪਹਿਲੀ ਪੰਜਾਬੀ ਫ਼ਿਲਮ ਸੀ) ਅਤੇ ‘ਦੋ ਲੱਛੀਆਂ’ ਫ਼ਿਲਮਾਂ ਦੇ ਗੀਤ ਲਹਿੰਦੇ ਪੰਜਾਬ ਵਿੱਚ ਮਸ਼ਹੂਰ ਹਨ।

ਭਾਰਤੀ ਪੰਜਾਬੀ ਸਿਨੇਮਾ ਨੇ ਹਮੇਸ਼ਾ ਪਾਕਿਸਤਾਨੀ ਪੰਜਾਬੀ ਸਿਨੇਮਾ ਦੀ ਨਕਲ ਕੀਤੀ ਹੈ। ਜਦੋਂ ਪਾਕਿਸਤਾਨ ਵਿੱਚ ਜੱਟਾਂ ਉੱਤੇ ਫ਼ਿਲਮਾਂ ਬਣਨ ਲੱਗੀਆਂ ਤਾਂ ਭਾਰਤੀ ਪੰਜਾਬੀ ਫ਼ਿਲਮਾਂ ਨੇ ਵੀ ਨਕਲ ਕਰਕੇ ਜੱਟਾਂ ਉੱਤੇ ਫ਼ਿਲਮਾਂ ਬਣਾਈਆਂ। ਜਦੋਂ ਪਾਕਿਸਤਾਨ ਵਿੱਚ ਰੋਮਾਂਟਿਕ, ਕਲਾਸੀਕਲ ਪ੍ਰੇਮ ਕਹਾਣੀਆਂ ਅਤੇ ਐਕਸ਼ਨ ਫ਼ਿਲਮਾਂ ਬਣੀਆਂ ਤਾਂ ਭਾਰਤੀ ਪੰਜਾਬੀ ਸਿਨੇਮਾ ਨੇ ਵੀ ਇਸੇ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪਾਕਿਸਤਾਨ ਵਿੱਚ 18 ਜੂਨ 1959 ਨੂੰ ਈਦ ਦੇ ਦਿਨ ਰਿਲੀਜ਼ ਹੋਈ ਵੰਡ ਉੱਤੇ ਬਣੀ ਪੰਜਾਬੀ ਫ਼ਿਲਮ ‘ਕਰਤਾਰ ਸਿੰਘ’ ਦੀ ਹੁਬਹੂ ਨਕਲ ਕਰਕੇ ਭਾਰਤ ਵਿੱਚ 1964 ਵਿੱਚ ‘ਚੌਧਰੀ ਕਰਨੈਲ ਸਿੰਘ’ ਪੰਜਾਬੀ ਫ਼ਿਲਮ ਰਿਲੀਜ਼ ਹੋਈ। 70ਵੇਂ ਦਹਾਕੇ ਦੇ ਅੰਤ ਵਿੱਚ ਸੁਲਤਾਨ ਰਾਹੀ ਅਤੇ ਮੁਸਤਫ਼ਾ ਕੁਰੈਸ਼ੀ ਦੇ ਸ਼ਾਨਦਾਰ ਅਭਿਨੈ ਵਾਲੀ ਫ਼ਿਲਮ ‘ਮੌਲਾ ਜੱਟ’ ਆਈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਨੇ ਭਾਰਤੀ ਹਿੰਦੀ ਸਿਨੇਮਾ ਦੀ ਫ਼ਿਲਮ ‘ਸ਼ੋਲੇ’ ਦੇ ਬਰਾਬਰ ਕਮਾਈ ਕੀਤੀ ਸੀ। ਇਸੇ ਫ਼ਿਲਮ ਦੀ ਨਕਲ ਕਰਕੇ ਭਾਰਤੀ ਪੰਜਾਬ ਵਿੱਚ 1983 ਵਿੱਚ ਫ਼ਿਲਮ ‘ਪੁੱਤ ਜੱਟਾਂ ਦੇ’ ਰਿਲੀਜ਼ ਹੋਈ। ਭਾਰਤੀ ਪੰਜਾਬੀ ਸਿਨੇਮਾ ਦੇ ਦੋ ਅਦਾਕਾਰਾਂ—ਗੱਗੂ ਗਿੱਲ ਅਤੇ ਯੋਗਰਾਜ (ਸਾਬਕਾ ਕ੍ਰਿਕਟਰ)—ਨੂੰ ਪਾਕਿਸਤਾਨੀ ਅਦਾਕਾਰ ਸੁਲਤਾਨ ਰਾਹੀ ਅਤੇ ਮੁਸਤਫ਼ਾ ਕੁਰੈਸ਼ੀ ਦੀ ਨਕਲ ਵਿੱਚ ਪਰਦੇ ਉੱਤੇ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਹਦਾਇਤ ਵੀ ਦਿੱਤੀ ਗਈ ਸੀ ਕਿ ਉਨ੍ਹਾਂ ਦੋਵਾਂ ਨੇ ਪਾਕਿਸਤਾਨ ਦੇ ਇਨ੍ਹਾਂ ਅਦਾਕਾਰਾਂ ਦੀ ਨਕਲ ਕਰਨੀ ਹੈ (ਇਸ ਗੱਲ ਦਾ ਖੁਲਾਸਾ ਯੋਗਰਾਜ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ)।

1998 ਵਿੱਚ ਬਣੀ ਪਾਕਿਸਤਾਨੀ ਪੰਜਾਬੀ ਫਿਲਮ ‘ਚੂੜੀਆਂ’ ਦੀ ਨਕਲ ’ਤੇ ਭਾਰਤੀ ਪੰਜਾਬ ਵਿੱਚ 2007 ਵਿੱਚ ਪੰਜਾਬੀ ਫਿਲਮ ‘ਮਜਾਜਣ’ ਬਣੀ (ਹਾਸੇ ਵਾਲੀ ਗੱਲ ਹੈ ਕਿ ਇਸ ਫਿਲਮ ਦਾ ਟਾਈਟਲ ਤੱਕ ਵੀ ਪਾਕਿਸਤਾਨੀ ਪੰਜਾਬੀ ਫਿਲਮ ‘ਮਜਾਜਣ’ ਤੋਂ ਲਿਆ ਗਿਆ, ਜੋ ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਰਿਲੀਜ਼ ਹੋਈ ਸੀ)। 1970 ਵਿੱਚ ਬਣੀ ਪਾਕਿਸਤਾਨੀ ਪੰਜਾਬੀ ਫਿਲਮ ‘ਹੀਰ-ਰਾਂਝਾ’ ਤੋਂ ਪ੍ਰੇਰਿਤ ਹੋ ਕੇ ਭਾਰਤ ਵਿੱਚ ਤਿੰਨ-ਚਾਰ ਹਿੰਦੀ ਅਤੇ ਪੰਜਾਬੀ ਫਿਲਮਾਂ ਬਣੀਆਂ। ਭਾਰਤੀ ਪੰਜਾਬ ਵਿੱਚ ਪਾਕਿਸਤਾਨੀ ਪੰਜਾਬੀ ਫਿਲਮਾਂ ਦੀ ਨਕਲ ਕਰਕੇ ਜੋ ਹੋਰ ਫਿਲਮਾਂ ਬਣੀਆਂ ਹਨ, ਉਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ- ‘ਧੀ ਰਾਣੀ’, ‘ਸੁਖੀ ਪਰਿਵਾਰ’, ‘ਦਾਜ’, ‘ਨੌਕਰ ਵਹੁਟੀ ਦਾ’, ‘ਬਦਲਾ ਜੱਟੀ ਦਾ’ ਆਦਿ।

ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬੀ ਸਿਨੇਮਾ ਨੇ ਵੀ ਭਾਰਤੀ ਪੰਜਾਬੀ ਫਿਲਮਾਂ ਦੀਆਂ ਕੁਝ ਫਿਲਮਾਂ ਦੀ ਨਕਲ ਕੀਤੀ ਹੈ। ਭਾਰਤੀ ਪੰਜਾਬ ਵਿੱਚ 1986 ਵਿੱਚ ਬਣੀ ਪੰਜਾਬੀ ਫਿਲਮ ‘ਲੌਂਗ ਦਾ ਲਿਸ਼ਕਾਰਾ’ (ਰਾਜ ਬੱਬਰ ਅਤੇ ਗੁਰਦਾਸ ਮਾਨ ਦੀ ਅਦਾਕਾਰੀ ) ਦੀ ਨਕਲ ਕਰਕੇ ਸਾਲ 2000 ਵਿੱਚ ਇਸੇ ਟਾਈਟਲ ਨਾਲ ਪਾਕਿਸਤਾਨ ਵਿੱਚ ਪੰਜਾਬੀ ਫਿਲਮ ਬਣਾਈ ਗਈ, ਜਿਸ ਵਿੱਚ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਸ਼ਾਨ, ਸ਼ਫ਼ਕਤ ਚੀਮਾ, ਅਦਾਕਾਰਾ ਰੀਮਾ ਅਤੇ ਨਰਗਿਸ ਨੇ ਅਦਾਕਾਰੀ ਕੀਤੀ।

division between Pakistani and Indian Punjabi films
Pic Credit : The Siasat Daily

ਪਾਕਿਸਤਾਨੀ ਅਤੇ ਭਾਰਤੀ ਪੰਜਾਬੀ ਫਿਲਮਾਂ ਵਿੱਚ ਵੰਡ ਦਾ ਜ਼ਿਕਰ ਵੀ ਹੋਇਆ ਹੈ, ਭਾਰਤੀ ਪੰਜਾਬੀ ਫਿਲਮਾਂ ਵਿੱਚ ਇਹ ਅਜੇ ਤੱਕ ਜਾਰੀ ਹੈ। ਪਾਕਿਸਤਾਨੀ ਪੰਜਾਬੀ ਸਿਨੇਮਾ ਵਿੱਚ ਵੰਡ ਅਤੇ ਵੰਡ ਤੋਂ ਪਹਿਲਾਂ ਸਿੱਖਾਂ-ਮੁਸਲਮਾਨਾਂ ਦੇ ਖੂਬਸੂਰਤ ਸੰਬੰਧਾਂ ਨੂੰ ਦਿਖਾਉਂਦੀਆਂ ਕੁਝ ਚੰਗੀਆਂ ਫਿਲਮਾਂ ਮਿਲ ਜਾਂਦੀਆਂ ਹਨ, ਹਾਲਾਂਕਿ ਪਾਕਿਸਤਾਨ ਦੇ ਫਿਲਮ ਨਿਰਮਾਤਾਵਾਂ ਨੇ ਵੰਡ ਦੇ ਵਿਸ਼ੇ ਨੂੰ, ਖਾਸ ਕਰਕੇ ਉੱਥੇ ਹੋਏ ਖੂਨ-ਖਰਾਬੇ ਨੂੰ ਆਪਣੀਆਂ ਫਿਲਮਾਂ ਵਿੱਚ ਜ਼ਿਆਦਾ ਥਾਂ ਨਹੀਂ ਦਿੱਤੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪਾਕਿਸਤਾਨੀ ਸਿਨੇਮਾ ਦਾ ਆਧਾਰ ਭਾਰਤੀ ਸਿਨੇਮਾ ਜਿੰਨਾ ਧਰਮਨਿਰਪੱਖ ਨਹੀਂ ਰਿਹਾ ਹੈ। ਵੰਡ ’ਤੇ 1959 ਵਿੱਚ ਸੈਫੁੱਦੀਨ ਸੈਫ਼ ਦੁਆਰਾ ਨਿਰਦੇਸ਼ਿਤ ਫਿਲਮ ‘ਕਰਤਾਰ ਸਿੰਘ’ ਨੂੰ ਸਭ ਤੋਂ ਬਿਹਤਰੀਨ ਫਿਲਮ ਕਿਹਾ ਜਾ ਸਕਦਾ ਹੈ। ਇਸ ਫਿਲਮ ਵਿੱਚ ਵੰਡ ਤੋਂ ਪਹਿਲਾਂ ਦੇ ਭਾਰਤ ਦੇ ਪੰਜਾਬ ਦਾ ਇੱਕ ਪ੍ਰਤੀਕਾਤਮਕ ਪਿੰਡ ਹੈ, ਜਿਸ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਮਿਲਜੁਲ ਕੇ ਰਹਿੰਦੇ ਹਨ। ਇਸ ਫਿਲਮ ਵਿੱਚ ਹਿੰਦੂਆਂ ਅਤੇ ਸਿੱਖਾਂ (ਖਾਸ ਕਰਕੇ ਹਿੰਦੂਆਂ) ਦੇ ਕਿਰਦਾਰ ਨੂੰ ਬਹੁਤ ਸਕਾਰਾਤਮਕ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੈ, ਜੋ ਪਾਕਿਸਤਾਨ ਦੀਆਂ ਫਿਲਮਾਂ ਵਿੱਚ ਆਮ ਤੌਰ ’ਤੇ ਘੱਟ ਦਿਖਾਈ ਦਿੰਦਾ ਹੈ।

ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖਿਆ ਗੀਤ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਇਸ ਫ਼ਿਲਮ ਵਿੱਚ ਇਨਾਇਤ ਹੁਸੈਨ ਭੱਟੀ ਨੇ ਬਹੁਤ ਹੀ ਭਾਵਪੂਰਨ ਢੰਗ ਨਾਲ ਗਾਇਆ ਹੈ। ਇਜਾਜ਼ ਬਾਜਵਾ ਦੁਆਰਾ 2010 ਵਿੱਚ ਬਣਾਈ ਗਈ ਫ਼ਿਲਮ ‘ਚੰਨਾ ਸੱਚੀ ਮੁੱਚੀ’ ਵੰਡ ’ਤੇ ਪਾਕਿਸਤਾਨ ਵਿੱਚ ਬਣੀਆਂ ਨਵੀਆਂ ਫ਼ਿਲਮਾਂ ਵਿੱਚੋਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਫ਼ਿਲਮ ਨੇ ਕਮਜ਼ੋਰ ਹੋ ਚੁੱਕੀ ਪਾਕਿਸਤਾਨੀ ਫ਼ਿਲਮ ਇੰਡਸਟਰੀ (ਲਾਲੀਵੁੱਡ) ਵਿੱਚ ਨਵੀਂ ਜਾਨ ਪਾ ਦਿੱਤੀ। ਇਹ 1947 ਦੇ ਸਮੇਂ ਦੀ ਇੱਕ ਪ੍ਰੇਮ ਕਹਾਣੀ ਹੈ। ਇਹ ਫ਼ਿਲਮ ਭਾਰਤੀ ਪੰਜਾਬ ਅਤੇ ਆਸਟ੍ਰੇਲੀਆ ਵਿੱਚ ਵੀ ਰਿਲੀਜ਼ ਹੋਈ। ਇਸ ਫ਼ਿਲਮ ਵਿੱਚ ਪਾਕਿਸਤਾਨ ਦੇ ਵੱਡੇ ਕਲਾਕਾਰਾਂ ਜਿਵੇਂ ਮੁਆਮਰ ਰਾਣਾ, ਸਾਇਮਾ ਨੂਰ, ਬਾਬਰ ਅਲੀ, ਹੀਨਾ, ਨਗਮਾ, ਸ਼ਫ਼ਕਤ ਚੀਮਾ ਅਤੇ ਕਾਮੇਡੀਅਨ ਇਰਫ਼ਾਨ ਖੂਸਟ ਨੇ ਕੰਮ ਕੀਤਾ ਹੈ। ਭਾਰਤੀ ਪੰਜਾਬੀ ਫ਼ਿਲਮਾਂ ਵਿੱਚ ਅਜੇ ਵੀ ਵੰਡ ਦੇ ਵਿਸ਼ੇ ਨੂੰ ਛੂਹਿਆ ਜਾਂਦਾ ਰਿਹਾ ਹੈ, ਹਾਲ ਹੀ ਵਿੱਚ ਬਣੀਆਂ ‘ਲਾਹੌਰੀਏ’, ‘ਸਰਦਾਰ ਮੁਹੰਮਦ’, ‘ਚੱਲ ਮੇਰੇ ਪੁੱਤ’ ਵਰਗੀਆਂ ਪੰਜਾਬੀ ਫ਼ਿਲਮਾਂ ਇਸ ਦੀਆਂ ਉਦਾਹਰਣਾਂ ਹਨ। 2015 ਵਿੱਚ ਬਣੀ ਪੰਜਾਬੀ ਫ਼ਿਲਮ ‘ਅੰਗਰੇਜ਼’ ਵੰਡ ’ਤੇ ਤਾਂ ਨਹੀਂ ਹੈ, ਪਰ 1945 ਦੀ ਕਹਾਣੀ ਹੈ ਜੋ ਸਾਂਝੇ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਉਂਦੀ ਹੈ ਅਤੇ ਸਿੱਖ-ਮੁਸਲਮਾਨ ਦੋਸਤੀ ਦੀ ਖੂਬਸੂਰਤ ਤਸਵੀਰ ਪੇਸ਼ ਕਰਦੀ ਹੈ। 1999 ਵਿੱਚ ਵੰਡ ’ਤੇ ਬਣੀ ਫ਼ਿਲਮ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ (ਇਸ ਦੇ ਡਾਇਰੈਕਟਰ ਮਨੋਜ ਪੁੰਜ ਫ਼ਿਲਮ ਨੂੰ ਸੱਚੀ ਪ੍ਰੇਮ ਕਹਾਣੀ ’ਤੇ ਆਧਾਰਿਤ ਦੱਸਦੇ ਹਨ) ਵਿੱਚ ਗੁਰਦਾਸ ਮਾਨ ਅਤੇ ਦਿਵਿਆ ਦੱਤਾ ਨੇ ਅਦਾਕਾਰੀ ਕੀਤੀ ਹੈ। ਪਾਕਿਸਤਾਨ ਦੇ ਕੁਝ ਅਦਾਕਾਰ ਭਾਰਤ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਪਾਕਿਸਤਾਨ ਦੀ ਅਦਾਕਾਰਾ ਵੀਨਾ ਮਲਿਕ ਭਾਰਤ ਦੀ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ’ ਵਿੱਚ ਅਦਾਕਾਰੀ ਕਰ ਚੁੱਕੀ ਹੈ।

ਪਾਕਿਸਤਾਨ ਦੀਆਂ ਪੰਜਾਬੀ ਫ਼ਿਲਮਾਂ ਦੀ ਇੱਕ ਖ਼ਾਸੀਅਤ ਇਹ ਹੈ ਕਿ ਉਹ ਆਪਣੀਆਂ ਫ਼ਿਲਮਾਂ ਵਿੱਚ ਅਕਸਰ ਹੀ ਸਿੱਖ ਕਿਰਦਾਰ ਜ਼ਰੂਰ ਲੈਂਦੀਆਂ ਹਨ, ਭਾਵੇਂ ਉਨ੍ਹਾਂ ਫ਼ਿਲਮਾਂ ਦੀ ਕਹਾਣੀ 1947 ਤੋਂ ਬਾਅਦ ਦੀ ਹੀ ਕਿਉਂ ਨਾ ਹੋਵੇ, ਇਸ ਦੀ ਉਦਾਹਰਣ ਹੈ ‘ਪੁੱਤਰ ਜੱਗੇ ਦਾ’। ਪਾਕਿਸਤਾਨ ਦੀਆਂ ਫ਼ਿਲਮਾਂ ਵਿੱਚ ਸਿੱਖ ਕਿਰਦਾਰਾਂ ਨੂੰ ਜ਼ਿਆਦਾਤਰ ਮਜ਼ਾਕੀਆ ਢੰਗ ਨਾਲ ਹੀ ਪੇਸ਼ ਕੀਤਾ ਜਾਂਦਾ ਹੈ, ਪਰ ‘ਮਲੰਗੀ’ ਅਤੇ ‘ਚੰਨ ਵਰਿਆਮ’ ਵਰਗੀਆਂ ਫ਼ਿਲਮਾਂ ਮੁਸਲਮਾਨ-ਸਿੱਖ ਦੋਸਤੀ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀਆਂ ਹਨ। ਕਈ ਟੈਲੀਵਿਜ਼ਨ ਲੜੀਵਾਰਾਂ ਵਿੱਚ ਵੀ ਸਿੱਖ ਕਿਰਦਾਰਾਂ ਨੂੰ ਸਕਾਰਾਤਮਕ ਰੂਪ ਵਿੱਚ ਦਿਖਾਇਆ ਗਿਆ ਹੈ, ਜਿਵੇਂ ਕਿ ‘ਮੁੱਠੀ ਭਰ ਚਾਵਲ’ ਲੜੀਵਾਰ ਇਸ ਦੀ ਇੱਕ ਉਦਾਹਰਣ ਹੈ। ਇਨ੍ਹਾਂ ਦਿਨਾਂ ਪਾਕਿਸਤਾਨ ਵਿੱਚ ਚਰਚਿਤ ਲੜੀਵਾਰ ‘ਘੁੱਗੀ’ ਵਿੱਚ ਵੀ ਸਿੱਖ ਕਿਰਦਾਰ ਮਿਲ ਜਾਂਦੇ ਹਨ।

ਪੰਜਾਬੀ ਦੇ ਬਹੁਤ ਸਾਰੇ ਗਾਇਕ ਦੋਵਾਂ ਪੰਜਾਬਾਂ ਵਿੱਚ ਬਰਾਬਰ ਸੁਣੇ ਜਾਂਦੇ ਹਨ, ਜਿਵੇਂ ਮਲਿਕਾ-ਏ-ਤਰੰਨੁਮ ਨੂਰਜਹਾਂ, ਨੁਸਰਤ ਫ਼ਤਹ ਅਲੀ ਖ਼ਾਂ, ਸ਼ੌਕਤ ਅਲੀ, ਮਹਿਦੀ ਹਸਨ, ਗੁਲਾਮ ਅਲੀ, ਇਨਾਇਤ ਹੁਸੈਨ ਭੱਟੀ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਮਹਿੰਦਰ ਕਪੂਰ, ਮੁਹੰਮਦ ਰਫ਼ੀ, ਗੁਰਦਾਸ ਮਾਨ, ਹੰਸ ਰਾਜ ਹੰਸ, ਹਰਭਜਨ ਮਾਨ, ਨਸੀਬੋ ਲਾਲ। ਇਨ੍ਹਾਂ ਦਿਨਾਂ ਦੋਵਾਂ ਪਾਸਿਆਂ ਦੇ ਨਵੇਂ ਪੰਜਾਬੀ ਗਾਇਕਾਂ ਦੇ ਵੀ ਅਜਿਹੇ ਬਹੁਤ ਸਾਰੇ ਗੀਤ ਆਏ ਹਨ ਜੋ ਦੋਵਾਂ ਪੰਜਾਬਾਂ ਦੀ ਸਾਂਝ ਅਤੇ ਮੁਹੱਬਤ ਦੀ ਗੱਲ ਕਰਦੇ ਹਨ।

ਭਾਰਤ-ਪਾਕਿਸਤਾਨ ਦੀਆਂ ਲੱਖਾਂ ਤਲਖ਼ੀਆਂ ਦੇ ਬਾਵਜੂਦ ਦੋਵਾਂ ਪਾਸਿਆਂ ਦੇ ਪੰਜਾਬੀਆਂ ਦੇ ਦਿਲ ਮੁਹੱਬਤ ਲਈ ਧੜਕਦੇ ਹਨ, ਉਨ੍ਹਾਂ ਦੀ ਭਾਸ਼ਾ ਅਤੇ ਸਭਿਆਚਾਰ ਦੀ ਸਾਂਝ ਉਨ੍ਹਾਂ ਨੂੰ ਇੱਕ-ਦੂਜੇ ਵੱਲ ਖਿੱਚਦੀ ਹੈ। ਇਹੀ ਕਾਰਨ ਹੈ ਕਿ 79 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਵੀਂ ਪੀੜ੍ਹੀ ਦੇ ਅੰਦਰ ਵੀ ਪਰਲੇ ਪਾਰ ਨੂੰ ਸਮਝਣ-ਜਾਣਨ ਦਾ ਜਜ਼ਬਾ ਖ਼ਤਮ ਨਹੀਂ ਹੋਇਆ। 1947 ਦੀ ਵੰਡ ਦੀ ਪੰਜਾਬੀਆਂ ਨੂੰ ਵੱਡੀ ਕੀਮਤ ਅਦਾ ਕਰਨੀ ਪਈ ਹੈ। ਅੱਜ ਇਸ ਸੱਚਾਈ ਨੂੰ ਸਵੀਕਾਰਨਾ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਸੁਧਾਰਨ ਵਿੱਚ ਦੋਵਾਂ ਪਾਸਿਆਂ ਦੇ ਪੰਜਾਬੀ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਪਾਕਿਸਤਾਨੀ ਪੰਜਾਬੀ ਸ਼ਾਇਰ ਇਕਬਾਲ ਕੈਸਰ ਦਾ ਕਹਿਣਾ ਹੈ, “ਦੋਵਾਂ ਪੰਜਾਬਾਂ ਦੇ ਸੰਗੀਤ ਅਤੇ ਫ਼ਿਲਮਾਂ ਦੀ ਭੂਮਿਕਾ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਕਲਾ, ਸੰਗੀਤ ਅਤੇ ਫ਼ਿਲਮਾਂ ਲੋਕਾਂ ਨੂੰ ਜੋੜਨ ਵਿੱਚ ਅਹਿਮ ਯੋਗਦਾਨ ਦਿੰਦੀਆਂ ਹਨ। ਪੰਜਾਬ ਅਸਲ ਵਿੱਚ ਪੰਜਾਬ ਹੈ। ਤੁਸੀਂ ਸਰਹੱਦਾਂ ਨਾਲ ਧਰਤੀ ਵੰਡ ਸਕਦੇ ਹੋ, ਪੰਜਾਬੀਅਤ ਨਹੀਂ।”

Shiv Inder Singh

Shiv Inder Singh is an independent journalist, writer, and political analyst with 25 years of experience in journalism and media. Founder and Editor-in-Chief of Suhi Saver (2010), he contributes to The Caravan, The Wire, and LiveMint. He is a Jagjit Singh Anand Award recipient, known for his commitment to public-interest and investigative journalism.

Post navigation

Leave a Comment

Leave a Reply

Your email address will not be published. Required fields are marked *