Communal Harmony

“ਸਰਬੱਤ ਦਾ ਭਲਾ”: ਭਾਈਚਾਰਕ ਸਾਂਝ ਸਿੱਖ ਧਰਮ ਦਾ ਥੰਮ੍ਹ, ਪੰਜਾਬ ਦੀ ਰੂਹ

“ਉਹ ਇੱਕ ਸੱਚੇ ਸ਼ਰਧਾਲੂ ਵਾਂਗ ਮੂਰਤੀ ਪੂਜਾ ਕਰਦੇ ਸਨ, ਜਦੋਂ ਬਿਮਾਰ ਹੁੰਦੇ ਤਾਂ ਸਵੇਰੇ -ਸਵੇਰੇ ਮੂਰਤੀਆਂ ਨੂੰ ਇਸ਼ਨਾਨ ਕਰਵਾਉਣ , ਉਹਨਾਂ ਨੂੰ ਪੋਸ਼ਾਕ ਪਹਿਨਾਉਣ ਫੁੱਲ ,ਮਠਿਆਈਆਂ ਦਾ ਚੜ੍ਹਾਵਾ ਚੜ੍ਹਾਉਣ ਅਤੇ ਧੂਫ਼ -ਬੱਤੀ ਆਦਿ ਦੇ ਸਾਰੇ ਕਾਰਜ ਮੈਨੂੰ ਕਰਨ ਲਈ ਕਹਿੰਦੇ | ਅਜਿਹੇ ਸਮੇਂ (ਬਿਮਾਰੀ ਮੌਕੇ ) ਉਹਨਾਂ ਦੀ ਮੰਜੀ ਮੂਰਤੀਆਂ ਨੇੜੇ ਲਿਆਂਦੀ ਜਾਂਦੀ ਅਤੇ ਉਹ ਲੋੜ ਅਨੁਸਾਰ ਭਜਨ ਗਾਉਂਦੇ | ਜਿੰਨੀ ਡੂੰਘੀ ਭਾਵਨਾ ਨਾਲ ਅਤੇ ਜਿੰਨੇ ਨਿਯਮਿਤ ਰੂਪ ਵਿਚ ਉਹ ਇਹ ਪੂਜਾ ਅਰਾਧਨਾ ਕਰਦੇ ਸਨ ਉਸ ਤੋਂ ਮੈਂ ਸਪਸ਼ਟ ਸਿੱਟਾ ਕੱਢਦਾ ਸੀ ਕਿ ਉਹ ਪੱਕੇ ਮੂਰਤੀ -ਪੂਜਕ ਹਨ | ਪਰ ਹੁਣ ਮੇਰੇ ਮਨ ਵਿਚ ਇਹ ਤੱਥ ਸ਼ੰਕੇ ਪੈਦਾ ਕਰਦਾ ਹੈ ਕਿਉਂਕਿ ਉਹ ਏਨੀ ਹੀ ਨਿਯਮਿਤਤਾ ਨਾਲ ਅਤੇ ਇੰਨੀ ਹੀ ਡੂੰਘੀ ਭਾਵਨਾ ਨਾਲ ਸੁਭ੍ਹਾ ਸ਼ਾਮ ਸਿੱਖ ਬਾਣੀਆਂ ਸੁਖਮਨੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਸਨ |”

ਇਹ ਸ਼ਬਦ ਪੰਜਾਬ ਦੇ ਪ੍ਰਸਿੱਧ ਵਿਦਵਾਨ, ਵਿਗਿਆਨੀ ਅਤੇ ਸਿਖਿਆ ਸ਼ਾਸਤਰੀ ਰੁਚੀ ਰਾਮ ਸਾਹਨੀ ((1863 -1948 )ਦੇ ਆਪਣੇ ਪਿਤਾ ਬਾਰੇ ਯਾਦਾਂ ਵਿਚੋਂ ਕਿਤਾਬ ‘Memoirs of Ruchi Ram Sahni ‘ (ਸੰਪਾਦਕ ਨਰੇਂਦਰ ਕੇ ਸਹਿਗਲ , ਸੁਬੋਧ ਮਹੰਤੀ ) ਵਿਚੋਂ ਹਨ (ਸਫ਼ਾ 132 )| ਸਿਖਾਂ ਦੀ ਅੰਗਰੇਜ਼ਾਂ ਨਾਲ ਹੋਈ ਆਖਰੀ ਲੜਾਈ ਜਿਸ ਵਿਚ ਸਿੱਖ ਬਹਾਦਰੀ ਨਾਲ ਲੜੇ ਪਰ ਹਾਰ ਗਏ | ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ (1849 ) ਦਾ ਵਰਨਣ ਪੰਜਾਬੀ ਕਿੱਸਾਕਾਰ ਸ਼ਾਹ ਮੁਹੰਮਦ ਨੇ ਆਪਣੇ ਕਿੱਸੇ ‘ਜੰਗਨਾਮਾ: ਸਿੰਘਾਂ ਤੇ ਫ਼ਿਰੰਗੀਆਂ ਦਾ ‘ਵਿਚ ਕੀਤਾ ਹੈ | ਇਸੇ ਕਿੱਸੇ ਵਿਚ ਉਹ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਦੀ ਸਿਫਤ ਕਰਦਾ ਹੋਇਆ, ਪੰਜਾਬੀਆਂ ਦੀ ਭਾਈਚਾਰਕ ਏਕਤਾ ਨੂੰ ਬਿਆਨਦਾ ਅਤੇ ਅੰਗਰੇਜ਼ਾਂ ਵਿਰੁੱਧ ਆਪਣੇ ਗੁੱਸੇ ਦਾ ਇਜ਼ਹਾਰ ਕਰਦਾ ਲਿਖਦਾ ਹੈ :

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ,
ਸਿਰ ਦੋਹਾਂ ਦੇ ਉੱਤੇ ਆਫ਼ਤ ਆਈ |
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੀ ਨਹੀਂ ਸੀ ਤੀਸਰੀ ਜ਼ਾਤ ਆਈ |

difficult to separate

ਜਦੋਂ ਅੰਗਰੇਜ਼ ਦਾ ਪੰਜਾਬ ਉੱਤੇ ਕਬਜ਼ਾ ਹੋਇਆ ਉਸ ਸਮੇਂ ਤੱਕ ਪੰਜਾਬ ਦੇ ਵੱਖ -ਵੱਖ ਧਰਮਾਂ ਦੇ ਲੋਕਾਂ ਵੱਲੋਂ ਕੀਤੇ ਜਾਂਦੇ ਧਾਰਮਿਕ ਕਾਰਜ ਅਤੇ ਧਾਰਮਿਕ ਵਿਸ਼ਵਾਸ ਇੰਨੇ ਰਲਗੱਡ ਸਨ ਕਿ ਉਹਨਾਂ ਵਿਚ ਵਖਰੇਵਾਂ ਕਰਨਾ ਬੜਾ ਮੁਸ਼ਕਿਲ ਸੀ | ਅੰਗਰੇਜ਼ਾਂ ਲਈ ਇਹ ਸਭ ਕੁਝ ਬੜਾ ਹੈਰਾਨ ਕਰਨ ਵਾਲਾ ਸੀ | ਉਹ ਹੈਰਾਨ ਸਨ ਕਿ ਹਜ਼ਾਰਾਂ ਹਿੰਦੂ ਮੁਸਲਮਾਨਾਂ ਦੇ ਮਜ਼ਾਰਾਂ ‘ਤੇ ਮੱਥਾ ਟੇਕਦੇ ਹਨ ਅਤੇ ਬਹੁਤ ਸਾਰੇ ਮੁਸਲਮਾਨ ਆਪਣੇ ਪੂਰਵਜਾਂ ਵਾਲੀਆਂ ਹਿੰਦੂ ਰੀਤੀਆਂ ਅਤੇ ਸਮਾਜਿਕ ਸਬੰਧਾਂ ਨੂੰ ਲਾਗੂ ਕਰਦੇ ਹਨ | ਸਿੱਖ ਅਤੇ ਹਿੰਦੂ ਤਾਂ ਆਪਸ ਵਿਚ ਘੁਲੇ ਮਿਲੇ ਸਨ ਹੀ | 1881 ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਇਬਟਸਨ ਨੂੰ ਪੰਜਾਬ ਦੀ ਜਨਗਣਨਾ ਰਿਪੋਰਟ ਵਿਚ ਇਹ ਨੋਟ ਦੇਣਾ ਪਿਆ , “ਜਾਤੀ ਨੂੰ ਛੱਡ ਕੇ ਹੋਰ ਕਿਸੇ ਵੇਰਵੇ ਨੂੰ ਦਰੁਸਤ ਦਰਜ ਕਰਨਾ ਐਨਾ ਔਖਾ ਨਹੀਂ ਜਾਂ ਇੰਨੀ ਵਿਆਖਿਆ ਨਹੀਂ ਮੰਗਦਾ ਜਿੰਨਾ ਧਰਮ ਦਾ ਮਾਮਲਾ …”

ਬਾਅਦ ਵਿਚ ਜਨਗਣਨਾ ਅਧਿਕਾਰੀਆਂ ਨੇ ਵੀ ਇਹੀ ਰਿਪੋਰਟਾਂ ਦਿੱਤੀਆਂ ਕਿ ਧਰਮ ਬਾਰੇ ਅੰਕੜੇ ਇਕੱਠੇ ਕਰਨਾ ਮੁਸ਼ਕਿਲ ਹੈ | ਇੱਕ ਮਰਦਮਸ਼ੁਮਾਰੀ ਤੋਂ ਦੂਜੀ ਮਰਦਮਸ਼ੁਮਾਰੀ ਤੱਕ ਇੱਕੋ ਹੀ ਇਲਾਕੇ ਦੇ ਵੱਖ -ਵੱਖ ਧਰਮਾਂ ਦੇ ਲੋਕਾਂ ਦੀ ਗਿਣਤੀ ਵਧਦੀ ਘਟਦੀ ਰਹਿੰਦੀ ਸੀ | ਕਦੇ ਕਈ ਹਿੰਦੂ ਆਪਣੇ ਆਪ ਨੂੰ ਸਿੱਖ ਲਿਖਾ ਦਿੰਦੇ ਅਤੇ ਸਿੱਖ ਆਪਣੇ ਆਪ ਨੂੰ ਹਿੰਦੂ ਲਿਖਾ ਦਿੰਦੇ | ਦੋਵੇ ਮੁਸਲਮਾਨਾਂ ਦੇ ਮਜ਼ਾਰਾਂ ਉੱਤੇ ਮੱਥਾ ਵੀ ਟੇਕ ਆਉਂਦੇ ਅਤੇ ਮੁਸਲਿਮ ਫਕੀਰਾਂ ਕੋਲ ਸੁਖਣਾ ਵੀ ਸੁਖ ਆਉਂਦੇ | ਇੰਝ ਲੱਗਦਾ ਜਿਵੇ ਇਹ ਧਰਮਾਂ ਦੀਆਂ ਹੱਦਾਂ ਤੋਂ ਬੇਖਬਰ ਭੋਲੇ ਤੇ ਸਾਫ ਦਿਲ ਪੰਜਾਬੀ ਆਪਣੇ ਸਾਂਝੇ ਸਤਿਕਾਰਤ ਬਾਬੇ, ਬਾਬੇ ਨਾਨਕ ਦੇ ਆਖੇ ਬੋਲ ਪੁਗਾ ਰਹੇ ਹੋਣ ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ ‘ | ਜਿਵੇਂ ਇਹਨਾਂ ਆਪਣੇ ਬਜ਼ੁਰਗ ਸੂਫ਼ੀ ਬੁਲ੍ਹੇ ਸ਼ਾਹ ਦੇ ਸ਼ਬਦ ਲੜ੍ਹ ਬੰਨ੍ਹ ਲਏ ਹੋਣ :

Soul of Punjab

ਨਾ ਮੈਂ ਮੋਮਨ ਵਿਚ ਮਸੀਤਾਂ , ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ ,
ਨਾ ਮੈਂ ਪਾਕਾਂ ਵਿਚ ਪਲੀਤਾਂ , ਨਾ ਮੈਂ ਮੂਸਾ ਨਾ ਫਰਔਨ
ਬੁੱਲ੍ਹਾ ਕੀ ਜਾਣੇ ਮੈਂ ਕੌਣ |

ਅਸਲ ਵਿਚ ਪੰਜਾਬ ਦੀਆਂ ਦੋ ਪ੍ਰਮੁੱਖ ਬੌਧਿਕ ਕ੍ਰਾਂਤੀਆਂ ਗੁਰਬਾਣੀ ਤੇ ਸੂਫ਼ੀ ਮੱਤ ਪੰਜਾਬੀਆਂ ਨੂੰ ਸਾਂਝੀਵਾਲਤਾ ਤੇ ਪਿਆਰ ਦਾ ਸੁਨੇਹਾ ਦਿੱਤਾ | ਭਗਤੀ ਲਹਿਰ ਦੇ ਇਸ ਖਿੱਤੇ ਉੱਤੇ ਪਏ ਪ੍ਰਭਾਵ ਨੇ ਪੰਜਾਬ ਨੂੰ ਧਾਰਮਿਕ ਕੱਟੜਤਾ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ | ਆਜ਼ਾਦੀ ਅੰਦੋਲਨ ਦੌਰਾਨ ਪੰਜਾਬ ਵਿਚ ਚੱਲੀਆਂ ਲੋਕ -ਪੱਖੀ ਲਹਿਰਾਂ ਤੇ ਅੰਦੋਲਨਾਂ ਜਿਨ੍ਹਾਂ ਵਿਚ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ , ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸਮਾਜਵਾਦੀ ਵਿਚਾਧਾਰਾ ਨੇ ਜਿਥੇ ਇਸ ਖਿੱਤੇ ਦੇ ਲੋਕਾਂ ਅੰਦਰ ਆਜ਼ਾਦੀ ਅਤੇ ਨਵਾਂ ਸਮਾਜ ਬਣਾਉਣ ਦੀ ਤਾਂਘ ਪੈਦਾ ਕੀਤੀ, ਉਥੇ ਹੱਕ -ਸੱਚ ਲਈ ਲੜਨ ਅਗਾਂਹਵਧੂ ਵਿਚਾਰਾਂ, ਧਰਮ ਨਿਰਪੱਖਤਾ ਦੀ ਸੋਚ ਦਾ ਸੰਚਾਰ ਕੀਤਾ | ਗ਼ਦਰ ਲਹਿਰ ਨੇ ਪੰਜਾਬੀਆਂ ਦਾ ਸੰਵਾਦ ਜਿਥੇ ਦੇਸ਼ -ਦੁਨੀਆ ਨਾਲ ਰਚਾਇਆ ਉਥੇ ਲੋਕਾਂ ਨੂੰ ਧਾਰਮਿਕ ਕੱਟੜਤਾ ਵਿਚੋਂ ਬਾਹਰ ਨਿਕਲ ਕੇ ਆਪਣੇ ਹੱਕਾਂ ਅਤੇ ਆਜ਼ਾਦੀ ਲਈ ਇਕੱਠੇ ਹੋ ਕੇ ਲੜਨ ਦਾ ਸੁਨੇਹਾ ਦਿੱਤਾ | ਗ਼ਦਰੀਆਂ ਦੀ ਸ਼ਾਇਰੀ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ :

ਖ਼ਾਤਰ ਦੇਸ਼ ਦੀ ਲੜਨ ਤੋਂ ਖੌਫ਼ ਆਵੇ, ਪਾਲਨ ਪੇਟ ਤਾਈਂ ਪੂਜਾ ਖਾਣ ਵਾਲੇ।
ਹੋਕਾ ਮਜ਼ਹਬ ਪਾਖੰਡ ਦਾ ਪਏ ਦਿੰਦੇ, ਸੌਦਾ ਬੇਚਦੇ ਜਿਵੇਂ ਦੁਕਾਨ ਵਾਲੇ।
ਉਲਟਾ ਅਸਰ ਪੈਂਦਾ ਲੋਕਾਂ ਭੋਲਿਆਂ ’ਤੇ, ਝਗੜੇ ਛੇੜਦੇ ਵੇਦ ਕੁਰਾਨ ਵਾਲੇ।
ਰੌਲਾ ਪਾਵੰਦੇ ਨਰਕ ਸੁਵਰਗ ਵਾਲਾ, ਬਚਨ ਦਸਦੇ ਨਹੀਂ ਗਿਯਾਨ ਵਾਲੇ।
ਅਸੀਂ ਯੁੱਧ ਫਰੰਗੀਆਂ ਨਾਲ ਕਰਨਾ, ਸਿੱਧੇ ਬੋਲ ਹਨ ਸੱਚ ਸੁਨਾਨ ਵਾਲੇ।
ਬਿਨਾਂ ਗ਼ਦਰ ਦੇ ਹੋਰ ਸਭ ਕੰਮ ਝੂਠੇ, ਧੋਖਾ ਦੇਵੰਦੇ ਪੁੱਤ ਸ਼ੈਤਾਨ ਵਾਲੇ।

ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਂਕ ਹੈ ਬੇੜਾ ਡੁਬਾਵਣੇ ਦਾ।
ਮੰਦਰ ਮਸਜਿਦਾਂ ਕਿਸੇ ਨਾ ਕੰਮ ਸਾਡੇ, ਛੱਡੋ ਖਿਆਲ ਗੁਰਦੁਆਰੇ ਬਣਾਵਣੇ ਦਾ।
ਕਿਸੇ ਕੰਮ ਨਾ ਪੋਥੀਆਂ ਪਿਛਲੀਆਂ ਜੋ, ਐਵੇਂ ਢੰਗ ਸੀ ਵਖਤ ਲੰਘਾਵਣੇ ਦਾ।
ਜਪ ਜਾਪ ਦਾ ਵਖ਼ਤ ਬਤੀਤ ਹੋਇਆ, ਵੇਲਾ ਆ ਗਿਆ ਤੇਗ ਉਠਾਵਣੇ ਦਾ।
ਗੱਲਾਂ ਫੋਕੀਆਂ ਨਾਲ ਨਾ ਕੰਮ ਹੁੰਦੇ, ਵੇਲਾ ਆ ਗਿਆ ਯੁੱਧ ਮਚਾਵਣੇ ਦਾ।
ਨਾਮ ਉਨਾਂ ਦਾ ਵਿੱਚ ਜਹਾਨ ਰੋਸ਼ਨ, ਜਿਨ੍ਹਾਂ ਸ਼ੌਕ ਸ਼ਹੀਦੀਆਂ ਪਾਵਣੇ ਦਾ।

unaware of strict religious boundaries

ਪੰਜਾਬੀਆਂ ਵਿਚ ਧਰਮ ਦੇ ਆਧਾਰ ‘ਤੇ ਵੰਡ ਪਾਉਣ ਦਾ ਕੰਮ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਮਰਦਮਸ਼ੁਮਾਰੀ ਨੇ ਹੀ ਕੀਤਾ | ਇਸ ਵਿਚ ਇੱਕ ਧਰਮ ਦਾ ਖਾਨਾ ਸੀ ਜਿਸਨੂੰ ਭਰਨਾ ਜ਼ਰੂਰੀ ਸੀ | ਮਰਦਮਸ਼ੁਮਾਰੀ ਦੇ ਆਧਾਰ ‘ਤੇ ਹੀ ਵੱਖ ਵੱਖ ਧਰਮਾਂ ਦੇ ਅਧਾਰ ‘ਤੇ ਸਰਕਾਰੀ ਨੌਕਰੀਆਂ ਵਿਚ ਜਗ੍ਹਾ ਦਿੱਤੀ ਗਈ ਅਤੇ ਬਾਅਦ ਵਿਚ ਧਰਮ ਦੇ ਆਧਾਰ ‘ਤੇ ਅਸੈਂਬਲੀਆਂ ਵਿਚ ਪ੍ਰਤੀਨਿਧਤਾ ਦਿੱਤੀ ਗਈ | ਇਸਨੇ ਧਾਰਮਿਕ ਵੰਡੀਆਂ ਨੂੰ ਹੋਰ ਮਜ਼ਬੂਤ ਕੀਤਾ | ਈਸਾਈ ਮਿਸ਼ਨਰੀਆਂ ਦੇ ਧਾਰਮਿਕ ਪ੍ਰਚਾਰ ਨਾਲ ਸਿਖਾਂ, ਹਿੰਦੂਆਂ ਤੇ ਮੁਸਲਮਾਨਾਂ ਵਿਚ ਵੀ ਧਾਰਮਿਕ ਮੂਲਵਾਦੀ ਲਹਿਰਾਂ ਪੈਦਾ ਹੋਈਆਂ ਜਿਨ੍ਹਾਂ ਧਾਰਮਿਕ ਸ਼ੁੱਧਤਾ ਤੇ ਧਾਰਮਿਕ ਕੱਟੜਤਾ ਨੂੰ ਮਜ਼ਬੂਤ ਕੀਤਾ | ਸਿੰਘ ਸਭਾ ਤੇ ਆਰੀਆ ਸਮਾਜੀਆਂ ਦਾ ਵਿਰੋਧ ਖੁੱਲ੍ਹ ਕੇ ਸਾਹਮਣੇ ਆਇਆ | ਇਸ ਸਭ ਵਰਤਾਰੇ ਪੰਜਾਬੀਆਂ ਨੂੰ ਆਪਣਾ ਸਾਂਝੀਵਾਲਤਾ ਦਾ ਵਿਰਸਾ ਜਿਵੇਂ ਭੁਲਾ ਹੀ ਦਿੱਤਾ | ਇਸੇ ਧਾਰਮਿਕ ਨਫਰਤ ਦੇ ਆਧਾਰ ‘ਤੇ 47 ਵਿਚ ਮੁਲਕ ਵੰਡਿਆ ਗਿਆ | ਦੁਨੀਆ ਦੇ ਇਤਿਹਾਸ ਦਾ ਇਹ ਕਾਲਾ ਅਧਿਆਏ ਹੈ | ਪੰਜਾਬੀਆਂ ਨੇ ਆਪੋ – ਆਪਣੇ ਧਰਮ ਦੇ ਪਵਿੱਤਰ ਨਾਅਰੇ ਲੈ ਕੇ ਆਪਣਿਆਂ ਨੂੰ ਕਤਲ ਕੀਤਾ ਆਪਣਿਆਂ ਨਾਲ ਬਲਾਤਕਾਰ ਕੀਤੇ | ਇਸ ਵੰਡ ਵਿਚ 10 ਲੱਖ ਤੋਂ ਵੱਧ ਪੰਜਾਬੀ ਦੋਵੇਂ ਪਾਸੇ ਮਾਰੇ ਗਏ (ਕਈ ਅੰਕੜੇ ਇਹ ਗਿਣਤੀ 15 ਲੱਖ ਦੇ ਕਰੀਬ ਦੱਸਦੇ ਹਨ |), ਲੱਖਾਂ ਔਰਤਾਂ ਦੇ ਬਲਾਤਕਾਰ ਹੋਏ | ਇੱਕ ਕਰੋੜ ਪੰਜਾਬੀਆਂ ਨੂੰ ਉਜੜਨਾ ਪਿਆ |

ਲੇਕਿਨ ਇਸ ਨਫਰਤੀ ਮਾਹੌਲ ਵਿਚ ਉਸ ਵੇਲੇ ਗਹਿਲ ਸਿੰਘ ਛੱਜਲਵੱਡੀ , ਮੇਘ ਸਿੰਘ , ਸੂਬਾ ਸਿੰਘ , ਸਾਈਂ ਉਮਰੂ ਦੀਨ ਵਰਗੀਆਂ ਮਹਾਨ ਹਸਤੀਆਂ ਵੀ ਹੋਈਆਂ, ਜਿਨ੍ਹਾਂ ਨੇ ਆਪਣੀ ਜਾਨ ਵਾਰ ਕੇ ਮਾਸੂਮਾਂ ਨੂੰ ਧਾਰਮਿਕ ਕੱਟੜਵਾਦੀਆਂ ਕੋਲੋਂ ਬਚਾਇਆ |

80 ਵਿਆਂ ਦੇ ਕਾਲੇ ਦੌਰ ਜਿਸ ਵਿਚ ਪੰਜਾਬ ਨੇ ਸਟੇਟ ਦਾ ਜ਼ੁਲਮ ਵੀ ਸਹਿਆ ਤੇ ਖਾਲਿਸਤਾਨ ਦੇ ਨਾਮ ‘ਤੇ ਕਤਲੇਆਮ ਕਰਨ ਵਾਲੇ ਦਹਿਸ਼ਤਗਰਦਾਂ ਦਾ ਵੀ | ਪੁਲਿਸ ਜਿਥੇ ਪੱਗਾਂ ਵਾਲਿਆਂ ਨੂੰ ਚੁੱਕ ਕੇ ਉਹਨਾਂ ‘ਤੇ ਜ਼ੁਲਮ ਢਾਅ ਰਹੀ ਸੀ ਉਥੇ ਦਹਿਸ਼ਤਗਰਦ ਬੰਦੂਕਧਾਰੀ ਬੱਸਾਂ ਵਿਚੋਂ ਕੱਢ ਕੇ ਮੋਨਿਆਂ ਨੂੰ (ਵਾਲ ਕੱਟੇ ਵਾਲਿਆਂ ਨੂੰ ) ਮਾਰ ਰਹੇ ਸਨ | ਇਸ ਦੌਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਕਈ ਘਟਨਾਵਾਂ ਹੋਈਆਂ | ਦਰਬਾਰ ਸਾਹਿਬ ਉੱਤੇ ਫੌਜੀ ਹਮਲਾ | ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕੱਟੜ ਗੈਰ-ਸਿੱਖ ਭੀੜਾਂ ਦੁਆਰਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਿਨ੍ਹਾਂ ਦੀ ਅਗਵਾਈ ਮੁੱਖ ਤੌਰ ‘ਤੇ ਕਾਂਗਰਸ ਦੇ ਉਸ ਸਮੇਂ ਦੇ ਨੇਤਾਵਾਂ ਨੇ ਕੀਤੀ ਸੀ। ਹਾਲਾਂਕਿ, ਭਾਜਪਾ ਅਤੇ ਆਰਐਸਐਸ ਨੇਤਾਵਾਂ ਦੇ ਨਾਮ ਵੀ ਦਿੱਲੀ ਦੇ ਥਾਣਿਆਂ ਵਿੱਚ ਪੀੜਤਾਂ ਦੁਆਰਾ ਦਰਜ ਕੀਤੀਆਂ ਗਈਆਂ ਐਫਆਈਆਰਜ਼ ਵਿੱਚ ਪਾਏ ਗਏ ਹਨ। ਦਰਅਸਲ, ਉਸ ਸਮੇਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋ. ਜਗਮੋਹਨ ਨੇ ਆਪਣੇ ਸਾਥੀ ਮਨੁੱਖੀ ਅਧਿਕਾਰ ਕਾਰਕੁਨਾਂ ਨਾਲ ਮਿਲ ਕੇ ਇੱਕ ਕਿਤਾਬਚਾ ‘ਕੌਣ ਹੈ ਦੋਸ਼ੀ’ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿੱਚ ਕਾਂਗਰਸੀ ਨੇਤਾਵਾਂ ਦੇ ਨਾਲ-ਨਾਲ ਭਾਜਪਾ ਅਤੇ ਆਰਐਸਐਸ ਦੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਸੀ।

ਪਰ ਨਫਰਤ ਦੇ ਇਸ ਦੌਰ ਵਿਚ ਵੀ ਪੰਜਾਬੀਆਂ ਨੇ ਆਪਣੀ ਭਾਈਚਾਰਕ ਸਾਂਝ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਕੀਤੀ | ਪੰਜਾਬ ਦੇ ਕਈ ਪਿੰਡਾਂ ਵਿਚ ਸਿੱਖ ਲੋਕ ਆਪਣੇ ਪਿੰਡ ਦੇ ਹਿੰਦੂ ਭਰਾਵਾਂ ਲਈ ਢਾਲ ਬਣੇ | ਪੰਜਾਬ ਦੀ ਭਾਈਚਾਰਕ ਸਾਂਝ ਦੀ ਰੱਖਿਆ ਕਰਦਿਆਂ ਕਈ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ |

ਅਸਲ ਵਿਚ ਪੰਜਾਬ ਵਿਚ ਫਿਰਕੂ ਚਾਲ ਉਦੋਂ ਹੀ ਕਾਮਯਾਬ ਹੋਈ ਜਦੋਂ ਜਦੋਂ ਸਮੇਂ ਦੇ ਹੁਕਮਰਾਨ ਨੇ ਆਪਣਾ ਸਿਆਸੀ ਉੱਲੂ ਸਿੱਧਾ ਕਰਨ ਲਈ ਇਸਨੂੰ ਖੇਡਿਆ | ਮੂਲ ਰੂਪ ਵਿਚ ਲੋਕਾਂ ਅੰਦਰ ਫਿਰਕੂ ਸਦਭਾਵਨਾ ਦੇਖਣ ਨੂੰ ਮਿਲੀ | ਪੰਜਾਬ ਵਿਚ ਹੁਣ ਵਿਧਾਨ ਸਭਾ ਚੋਣਾਂ ਫੇਰ ਨੇੜੇ ਹਨ | ਸਿਆਸੀ ਪਾਰਟੀਆਂ ਹੁਣ ਫੇਰ ਧਰਮ ਤੇ ਜਾਤ ਦਾ ਪੱਤਾ ਖੇਡਣਗੀਆਂ ਹੁਣ ਪੰਜਾਬੀਆਂ ਨੇ ਇਹ ਸੋਚਣਾ ਹੈ ਕਿ ਉਹਨਾਂ ਆਪਣਾ ਗੁਰੂਆਂ ਸੂਫ਼ੀਆਂ , ਭਗਤ ਸਿੰਘ , ਕਰਤਾਰ ਸਰਾਭੇ ਵਾਲਾ ਵਿਰਸਾ ਅਪਣਾਉਣਾ ਹੈ ਜਾਂ ਕਿਸੇ ਚਲਾਕ ਸਿਆਸਤਦਾਨ ਜਾਂ ਸਿਆਸੀ ਪਾਰਟੀ ਦੀ ਗੰਦੀ ਸਿਆਸਤ ਦਾ ਸ਼ਿਕਾਰ ਹੋ ਕੇ ਆਪਣਾ ਤੇ ਪੰਜਾਬੀਅਤ ਦਾ ਨੁਕਸਾਨ ਕਰਾਉਣਾ ਹੈ | ਵੈਸੇ ਮਹਾਨ ਸਾਂਝੀਵਾਲਤਾ ਦਾ ਵਿਰਸਾ ਸਦਾ ਸੇਧ ਦੇਣ ਦੀ ਤਾਕਤ ਰੱਖਦਾ ਹੈ |

Shiv Inder Singh

Shiv Inder Singh is an independent journalist, writer, and political analyst with 25 years of experience in journalism and media. Founder and Editor-in-Chief of Suhi Saver (2010), he contributes to The Caravan, The Wire, and LiveMint. He is a Jagjit Singh Anand Award recipient, known for his commitment to public-interest and investigative journalism.

Post navigation

Leave a Comment

Leave a Reply

Your email address will not be published. Required fields are marked *