ਮਈ 2026 ‘ਚ ਪਾਕਿਸਤਾਨ ਦੇ ਫੈਸਲਾਬਾਦ ਪੁਲਿਸ ਨੇ ਇੱਕ ਹੈਰਾਨ ਕਰਨ ਵਾਲਾ ਅੰਕੜਾ ਦਿੱਤਾ। ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਨਸ਼ਾ ਤਸਕਰੀ ਦੇ ਮਾਮਲਿਆਂ ‘ਚ 80 ਤੋਂ ਵੱਧ ਔਰਤਾਂ ਅਤੇ 20 ਮਰਦ ਫੜੇ ਗਏ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ‘ਚੋਂ ਕਈ ਔਰਤਾਂ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਸਟਲਾਂ ‘ਚ ਪੜ੍ਹਦੇ ਬੱਚਿਆਂ ਤੱਕ “ਆਈਸ” ਅਤੇ ਕੋਕੀਨ ਵਰਗੇ ਸਿੰਥੈਟਿਕ ਨਸ਼ੇ ਪਹੁੰਚਾਉਣ ਵਾਲੇ ਨੈੱਟਵਰਕ ਦਾ ਹਿੱਸਾ ਸਨ। ਇਹ ਸਿਰਫ ਇੱਕ ਪੁਲਿਸ ਕਾਰਵਾਈ ਦੀ ਖ਼ਬਰ ਨਹੀਂ। ਇਹ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ – ਕੀ ਦੱਖਣੀ ਏਸ਼ੀਆ ‘ਚ ਨਸ਼ਾ ਤਸਕਰੀ ਦਾ ਤਰੀਕਾ ਬਦਲ ਰਿਹਾ ਹੈ? ਕੀ ਅਪਰਾਧੀ ਹੁਣ ਔਰਤਾਂ ਨੂੰ ਨਵਾਂ ਹਥਿਆਰ ਬਣਾ ਰਹੇ ਹਨ?
ਪੰਜਾਬ ਲਈ ਇਹ ਸਵਾਲ ਹੋਰ ਵੀ ਅਹਿਮ ਹੈ। ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਸਿਰਫ ਸਰਹੱਦ ਨਾਲ ਹੀ ਨਹੀਂ, ਸਗੋਂ ਇਤਿਹਾਸ, ਬੋਲੀ ਅਤੇ ਰਿਸ਼ਤਿਆਂ ਨਾਲ ਜੁੜੇ ਹੋਏ ਨੇ। ਜਦੋਂ ਸਰਹੱਦ ਪਾਰ ਨਸ਼ੇ ਦਾ ਢੰਗ ਬਦਲਦਾ ਹੈ, ਤਾਂ ਉਸਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ।
ਕੀ ਔਰਤਾਂ ਨਸ਼ਾ ਤਸਕਰੀ ਦਾ ਨਵਾਂ ਚਿਹਰਾ ਬਣ ਰਹੀਆਂ ਨੇ?

ਪਹਿਲਾਂ ਅਸੀਂ ਹਮੇਸ਼ਾ ਸੋਚਦੇ ਸੀ ਕਿ ਨਸ਼ਾ ਤਸਕਰੀ ਮਰਦਾਂ ਦਾ ਕੰਮ ਹੈ। ਫਿਲਮਾਂ ਅਤੇ ਖ਼ਬਰਾਂ ‘ਚ ਵੀ ਤਸਕਰ ਦਾ ਮਤਲਬ ਮਰਦ ਹੀ ਹੁੰਦਾ ਸੀ। ਪਰ ਫੈਸਲਾਬਾਦ ਦੇ ਅੰਕੜੇ ਇਸ ਸੋਚ ਨੂੰ ਤੋੜਦੇ ਨੇ। ਇਹ ਪਹਿਲੀ ਵਾਰ ਨਹੀਂ। 2023 ‘ਚ ਉੱਤਰਾਖੰਡ ‘ਚ NDPS ਐਕਟ ਤਹਿਤ ਫੜੀਆਂ ਗਈਆਂ ਔਰਤਾਂ ਦੀ ਗਿਣਤੀ ਵਧੀ ਸੀ। ਜੰਮੂ-ਕਸ਼ਮੀਰ ‘ਚ ਵੀ ਪੁਲਿਸ ਨੇ ਔਰਤਾਂ ਅਤੇ ਜੋੜਿਆਂ ਦੀ ਵੱਧਦੀ ਭੂਮਿਕਾ ਦੇਖ ਕੇ ਖਾਸ ਐਂਟੀ-ਨਾਰਕੋਟਿਕਸ ਟੀਮਾਂ ਬਣਾਈਆਂ। ਹਾਲੇ ਵੀ ਮਰਦ ਤਸਕਰ ਜ਼ਿਆਦਾ ਹਨ, ਪਰ ਇਹ ਸਾਫ਼ ਹੈ ਕਿ ਨੈੱਟਵਰਕ ਆਪਣਾ ਤਰੀਕਾ ਬਦਲ ਰਹੇ ਹਨ। ਪਹਿਲਾਂ ਕੁਝ ਵੱਡੇ ਗਿਰੋਹ ਸਭ ਕੁਝ ਸੰਭਾਲਦੇ ਸਨ। ਹੁਣ ਨੈੱਟਵਰਕ ਛੋਟੇ-ਛੋਟੇ ਗਰੁੱਪਾਂ ‘ਚ ਵੰਡੇ ਗਏ ਹਨ। ਉਹ ਸੋਸ਼ਲ ਮੀਡੀਆ, WhatsApp ਅਤੇ ਨਿਜੀ ਜਾਣ-ਪਛਾਣ ਨਾਲ ਕੰਮ ਕਰਦੇ ਹਨ। ਅਜਿਹੇ ‘ਚ ਉਹ ਲੋਕ ਵਰਤੇ ਜਾਂਦੇ ਹਨ ਜਿਨ੍ਹਾਂ ‘ਤੇ ਕੋਈ ਸ਼ੱਕ ਨਹੀਂ ਕਰਦਾ।
ਸਮਾਜ ਦੀ ਸੋਚ ਹੀ ਬਣ ਰਹੀ ਹੈ ਅਪਰਾਧੀਆਂ ਦਾ ਹਥਿਆਰ

ਮਾਹਰਾਂ ਮੁਤਾਬਕ ਇਸਦੀ ਸਭ ਤੋਂ ਵੱਡੀ ਵਜ੍ਹਾ ਸਾਡੀ ਸੋਚ ਹੈ। ਸਮਾਜ ‘ਚ ਔਰਤਾਂ ਨੂੰ ਅਸੀਂ ਅਕਸਰ ਮਾਂ, ਭੈਣ, ਵਿਦਿਆਰਥਣ ਜਾਂ ਟੀਚਰ ਦੇ ਰੂਪ ‘ਚ ਦੇਖਦੇ ਹਾਂ। ਇਸ ਲਈ ਮਨ ‘ਚ ਉਨ੍ਹਾਂ ਲਈ ਸ਼ੱਕ ਘੱਟ ਹੁੰਦਾ ਹੈ। ਕਈ ਵਾਰ ਪੁਲਿਸ ਦੇ ਮਨ ‘ਚ ਵੀ।
2016 ਦੀ ਇੱਕ ਖੋਜ ‘ਚ ਸਾਹਮਣੇ ਆਇਆ ਸੀ ਕਿ ਕਈ ਮਹਿਲਾ ਡੀਲਰਾਂ ਦਾ ਮੰਨਣਾ ਸੀ ਕਿ ਉਨ੍ਹਾਂ ਦਾ ਲਿੰਗ ਹੀ ਉਨ੍ਹਾਂ ਨੂੰ ਪੁਲਿਸ ਤੋਂ ਬਚਾਉਂਦਾ ਹੈ। ਅਪਰਾਧੀ ਜਾਣਦੇ ਨੇ ਕਿ ਸਮਾਜ ਕਿਸ ‘ਤੇ ਸ਼ੱਕ ਕਰਦਾ ਹੈ ਅਤੇ ਕਿਸ ‘ਤੇ ਨਹੀਂ। ਉਹ ਉਸੇ ਦਾ ਫਾਇਦਾ ਚੁੱਕਦੇ ਨੇ। ਫੈਸਲਾਬਾਦ ਪੁਲਿਸ ਵੀ ਕਹਿੰਦੀ ਹੈ ਕਿ ਕਈ ਔਰਤਾਂ ਸ਼ਹਿਰਾਂ ਅਤੇ ਕਾਲਜਾਂ ਦੇ “ਕੋਈ ਸ਼ੱਕ ਨਹੀਂ ਕਰੇਗਾ” ਵਾਲੇ ਮਾਹੌਲ ਦਾ ਫਾਇਦਾ ਲੈ ਰਹੀਆਂ ਸਨ। ਇੱਕ ਗੱਲ ਸਮਝਣ ਵਾਲੀ ਹੈ। ਤਸਕਰ ਸਿਰਫ਼ ਨਸ਼ਾ ਨਹੀਂ ਵੇਚਦੇ, ਉਹ ਸਮਾਜ ਦੀਆਂ ਕਮਜ਼ੋਰੀਆਂ ਨੂੰ ਵੀ ਪੜ੍ਹਦੇ ਹਨ। ਜੇ ਸਾਡੀ ਸੋਚ ਇਹ ਹੈ ਕਿ “ਔਰਤਾਂ ਅਜਿਹਾ ਕੰਮ ਨਹੀਂ ਕਰ ਸਕਦੀਆਂ”, ਤਾਂ ਉਹ ਉਸੇ ਸੋਚ ਨੂੰ ਆਪਣੇ ਕੰਮ ਲਈ ਵਰਤ ਲੈਂਦੇ ਹਨ। ਦੁਨੀਆ ‘ਚ ਵੀ ਇਹੀ ਹੋ ਰਿਹਾ ਹੈ
ਇਹ ਸਿਰਫ਼ ਭਾਰਤ-ਪਾਕਿਸਤਾਨ ਦੀ ਗੱਲ ਨਹੀਂ।

ਲਾਤੀਨੀ ਅਮਰੀਕਾ ‘ਚ ਜਿਥੇ ਵੱਡੇ ਡਰੱਗ ਕਾਰਟੈਲ ਹਨ, ਉਥੇ ਵੀ ਔਰਤਾਂ ਦੀ ਭੂਮਿਕਾ ਵੱਧ ਰਹੀ ਹੈ। 2023 ਦੀ ਰਿਪੋਰਟ ਮੁਤਾਬਕ ਨਸ਼ੇ ਦੇ ਮਾਮਲਿਆਂ ‘ਚ ਫੜੀਆਂ ਗਈਆਂ ਔਰਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜ਼ਿਆਦਾਤਰ ਔਰਤਾਂ ਕਾਰਟੈਲ ਦੀ ਮੁਖੀ ਨਹੀਂ, ਸਗੋਂ ਕੂਰੀਅਰ ਜਾਂ ਛੋਟੀ ਡਿਸਟ੍ਰੀਬਿਊਟਰ ਹੁੰਦੀਆਂ ਹਨ। ਖੋਜਕਾਰ ਕਹਿੰਦੇ ਹਨ ਕਿ ਅਜਿਹੀਆਂ ਔਰਤਾਂ ਅਕਸਰ ਜਾਲ ਦਾ ਸਭ ਤੋਂ ਕਮਜ਼ੋਰ ਹਿੱਸਾ ਹੁੰਦੀਆਂ ਹਨ। ਗਰੀਬੀ, ਬੇਰੁਜ਼ਗਾਰੀ, ਕਰਜ਼ਾ ਜਾਂ ਪਰਿਵਾਰ ਦਾ ਦਬਾਅ ਉਨ੍ਹਾਂ ਨੂੰ ਇਸ ਰਾਹ ਪਾ ਦਿੰਦਾ ਹੈ। ਕਈ ਵਾਰ ਉਹ ਫੈਸਲਾ ਨਹੀਂ ਕਰਦੀਆਂ, ਸਗੋਂ ਕਿਸੇ ਵੱਡੇ ਨੈੱਟਵਰਕ ਦਾ ਸ਼ਿਕਾਰ ਬਣ ਜਾਂਦੀਆਂ ਹਨ।
ਇਹ ਸਿਰਫ਼ ਅਪਰਾਧ ਨਹੀਂ, ਸਮਾਜ ਦੀ ਕਹਾਣੀ ਵੀ ਹੈ

ਇੱਥੇ ਸੰਤੁਲਨ ਰੱਖਣਾ ਜ਼ਰੂਰੀ ਹੈ। ਕਾਨੂੰਨ ਦੀ ਨਜ਼ਰ ‘ਚ ਅਪਰਾਧ ‘ਅਪਰਾਧ’ ਹੈ। ਪਰ ਖੋਜ ਦੱਸਦੀ ਹੈ ਕਿ ਬਹੁਤ ਸਾਰੀਆਂ ਔਰਤਾਂ ਮਜਬੂਰੀ ‘ਚ ਇਸ ਰਾਹ ਪੈਂਦੀਆਂ ਨੇ। ਪਰਿਵਾਰ ਚਲਾਉਣਾ, ਕਰਜ਼ਾ, ਕੰਮ ਨਾ ਮਿਲਣਾ ਜਾਂ ਕਿਸੇ ਤਾਕਤਵਰ ਦਾ ਦਬਾਅ – ਇਹ ਸਭ ਉਨ੍ਹਾਂ ਨੂੰ ਖ਼ਤਰਨਾਕ ਰਾਹ ਵੱਲ ਧੱਕ ਦਿੰਦਾ ਹੈ। ਇਸ ਲਈ ਮਾਹਰ ਕਹਿੰਦੇ ਹਨ ਕਿ ਔਰਤਾਂ ਦੀ ਵੱਧਦੀ ਸ਼ਮੂਲੀਅਤ ਨੂੰ ਸਿਰਫ “ਅਪਰਾਧ” ਕਹਿ ਕੇ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਹਾਲਾਤਾਂ ‘ਚ ਰੱਖ ਕੇ ਵੀ ਸਮਝਣਾ ਪਏਗਾ।
ਪੰਜਾਬ ਲਈ ਸਬਕ ਕੀ ਹੈ?
ਪੰਜਾਬ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਖ਼ਿਲਾਫ਼ ਲੜ ਰਿਹਾ ਹੈ। ਹੁਣ ਡਰੋਨ ਤੋਂ ਸੁੱਟਿਆ ਨਸ਼ਾ, ਸੋਸ਼ਲ ਮੀਡੀਆ ਤੋਂ ਆਰਡਰ ਅਤੇ ਨਵੇਂ ਸਿੰਥੈਟਿਕ ਨਸ਼ੇ ਨੇ ਲੜਾਈ ਹੋਰ ਔਖੀ ਕਰ ਦਿੱਤੀ ਹੈ। ਅੱਜ ਦੇ ਤਸਕਰ ਸਿਰਫ਼ ਰਸਤੇ ਨਹੀਂ ਬਦਲ ਰਹੇ, ਉਹ ਲੋਕ ਵੀ ਬਦਲ ਰਹੇ ਨੇ। ਜੇ ਤਸਕਰਾਂ ਨੂੰ ਲੱਗਦਾ ਹੈ ਕਿ ਔਰਤਾਂ ਰਾਹੀਂ ਉਹ ਘੱਟ ਫੜੇ ਜਾਣਗੇ, ਤਾਂ ਭਵਿੱਖ ‘ਚ ਅਜਿਹੀ ਭਰਤੀ ਹੋਰ ਵੱਧ ਸਕਦੀ ਹੈ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਪੰਜਾਬ ‘ਚ ਵੀ ਇਹੀ ਹੋ ਰਿਹਾ ਹੈ, ਪਰ ਸਰਹੱਦ ਪਾਰ ਦਾ ਇਹ ਰੁਝਾਨ ਸਮਝਣਾ ਜ਼ਰੂਰੀ ਹੈ। ਪੰਜਾਬ ਲਈ ਸਭ ਤੋਂ ਵੱਡਾ ਸਬਕ ਇਹ ਹੈ ਕਿ ਨਸ਼ੇ ਦਾ ਮੁਕਾਬਲਾ ਸਿਰਫ ਸਰਹੱਦ ‘ਤੇ ਪਹਿਰੇ ਨਾਲ ਨਹੀਂ ਹੋਵੇਗਾ। ਇਸ ਲਈ ਸਮਾਜਿਕ ਜਾਗਰੂਕਤਾ, ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ, ਨੌਜਵਾਨਾਂ ਲਈ ਰੁਜ਼ਗਾਰ ਅਤੇ ਸੁਰੱਖਿਅਤ ਭਵਿੱਖ ਦੇਣਾ ਵੀ ਉਨਾ ਹੀ ਜ਼ਰੂਰੀ ਹੈ।
ਬਦਲਦੇ ਚਿਹਰਿਆਂ ਨੂੰ ਪਛਾਣਨਾ ਪਏਗਾ

ਫੈਸਲਾਬਾਦ ਦੀ ਇਹ ਕਹਾਣੀ ਸਿਰਫ 80 ਔਰਤਾਂ ਦੀ ਨਹੀਂ। ਇਹ ਉਸ ਅਪਰਾਧਿਕ ਦੁਨੀਆ ਦੀ ਕਹਾਣੀ ਹੈ ਜੋ ਪੁਰਾਣੀਆਂ ਧਾਰਨਾਵਾਂ ਤੋਂ ਬਹੁਤ ਅੱਗੇ ਨਿਕਲ ਚੁੱਕੀ ਹੈ। ਫੜੇ ਗਏ ਨਸ਼ੇ ਤੋਂ ਵੱਡਾ ਸੰਕੇਤ ਕਈ ਵਾਰ ਉਨ੍ਹਾਂ ਚਿਹਰਿਆਂ ‘ਚ ਲੁਕਿਆ ਹੁੰਦਾ ਹੈ ਜੋ ਇਸ ਕਾਰੋਬਾਰ ਦਾ ਹਿੱਸਾ ਬਣ ਰਹੇ ਹਨ। ਪੰਜਾਬ ਲਈ ਇਹ ਇੱਕ ਚੇਤਾਵਨੀ ਵੀ ਹੈ ਅਤੇ ਮੌਕਾ ਵੀ। ਚੇਤਾਵਨੀ ਇਸ ਲਈ ਕਿ ਤਸਕਰੀ ਦੇ ਤਰੀਕੇ ਰੋਜ਼ ਬਦਲ ਰਹੇ ਹਨ। ਮੌਕਾ ਇਸ ਲਈ ਕਿ ਅਸੀਂ ਪੁਰਾਣੀ ਸੋਚ ਤੋਂ ਬਾਹਰ ਨਿਕਲ ਕੇ ਇਸ ਬਦਲਾਅ ਨੂੰ ਸਮੇਂ ਰਹਿੰਦੇ ਸਮਝ ਸਕੀਏ।



Leave a Comment