Sher e Punjab Maharaja Ranjit Singh

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ: ਸਿੱਖ ਰਾਜ ਦੇ ਸ਼ਾਹੀ ਦੌਰ ਦੀਆਂ ਯਾਦਾਂ

27 ਜੂਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ। ਇਹ ਉਹ ਦਿਨ ਹੈ ਜਦੋਂ ਸਿੱਖ ਸਾਮਰਾਜ ਦੇ ਸੰਸਥਾਪਕ, ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਨੇ 1839 ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀ। ਅੱਜ, ਉਨ੍ਹਾਂ ਦੀ ਬਰਸੀ ‘ਤੇ, ਆਓ ਉਨ੍ਹਾਂ ਦੇ ਮਹਾਨ ਰਾਜ ਨੂੰ ਯਾਦ ਕਰੀਏ, ਜਿਸ ਨੇ ਦੁਨੀਆ ਭਰ ਦੇ ਪੰਜਾਬੀਆਂ ਲਈ ਇੱਕ ਵੱਖਰੀ ਪਛਾਣ ਬਣਾਈ। ਮਹਾਰਾਜਾ ਰਣਜੀਤ ਸਿੰਘ ਨਾ ਸਿਰਫ਼ ਇੱਕ ਜੇਤੂ ਯੋਧਾ ਸਨ, ਸਗੋਂ ਇੱਕ ਬਹੁਤ ਹੀ ਦੂਰਅੰਦੇਸ਼ੀ, ਉਦਾਰ ਅਤੇ ਲੋਕ-ਪੱਖੀ ਸ਼ਾਸਕ ਵੀ ਸਨ।

ਸੈਕੂਲਰ ਰਾਜ: ਸਾਰੇ ਧਰਮਾਂ ਨੂੰ ਬਰਾਬਰ ਮਾਣ
Secular rule Equal respect for all religions
Pic Credit : Social Media

ਮਹਾਰਾਜਾ ਰਣਜੀਤ ਸਿੰਘ ਦਾ ‘ਸਰਕਾਰ-ਏ-ਖ਼ਾਲਸਾ’ ਇੱਕ ਸੱਚਾ ਧਰਮ-ਨਿਰਪੱਖ (ਸੈਕੂਲਰ) ਰਾਜ ਸੀ। ਭਾਵੇਂ ਉਹ ਖ਼ੁਦ ਇੱਕ ਪੱਕੇ ਸਿੱਖ ਸਨ, ਪਰ ਉਨ੍ਹਾਂ ਦੇ ਦਰਬਾਰ ਵਿੱਚ ਜਾਤ-ਪਾਤ ਜਾਂ ਧਰਮ ਦੇ ਨਾਮ ‘ਤੇ ਕੋਈ ਵਿਤਕਰਾ ਨਹੀਂ ਹੁੰਦਾ ਸੀ। ਹਿੰਦੂ, ਮੁਸਲਮਾਨ ਅਤੇ ਯੂਰਪੀਅਨ ਅਫ਼ਸਰ ਉਨ੍ਹਾਂ ਦੇ ਦਰਬਾਰ ਵਿੱਚ ਉੱਚੇ ਅਹੁਦਿਆਂ ‘ਤੇ ਸਨ। ਫ਼ਕੀਰ ਅਜ਼ੀਜ਼ ਉੱਦ-ਦੀਨ ਉਨ੍ਹਾਂ ਦੇ ਵਿਦੇਸ਼ ਮੰਤਰੀ ਸਨ, ਦੀਵਾਨ ਦੀਨਾ ਨਾਥ ਖ਼ਜ਼ਾਨਾ ਸੰਭਾਲਦੇ ਸਨ ਅਤੇ ਜਨਰਲ ਅਲਾਰਡ ਅਤੇ ਵੈਂਚੁਰਾ ਵਰਗੇ ਫਰਾਂਸੀਸੀ ਅਫ਼ਸਰ ਖ਼ਾਲਸਾ ਫ਼ੌਜ ਨੂੰ ਆਧੁਨਿਕ ਬਣਾਉਂਦੇ ਸਨ।

ਮਹਾਰਾਜਾ ਅਕਸਰ ਕਹਿੰਦੇ ਸਨ ਕਿ “ਪ੍ਰਮਾਤਮਾ ਨੇ ਮੈਨੂੰ ਇੱਕ ਅੱਖ ਦੀ ਰੌਸ਼ਨੀ ਇਸ ਲਈ ਦਿੱਤੀ ਹੈ ਤਾਂ ਜੋ ਮੈਂ ਸਭ ਧਰਮਾਂ ਨੂੰ ਇੱਕੋ ਨਜ਼ਰ ਨਾਲ ਦੇਖ ਸਕਾਂ।” ਉਨ੍ਹਾਂ ਨੇ ਮਸਜਿਦਾਂ, ਮੰਦਰਾਂ ਅਤੇ ਗੁਰਦੁਆਰਿਆਂ ਸਭ ਨੂੰ ਬਰਾਬਰ ਸਰਕਾਰੀ ਸਹਾਇਤਾ ਦਿੱਤੀ। ਇਸੇ ਕਰਕੇ ਉਸ ਸਮੇਂ ਲੋਕ ਆਪਣੇ ਆਪ ਨੂੰ ਹਿੰਦੂ, ਮੁਸਲਮਾਨ ਜਾਂ ਸਿੱਖ ਨਾਲੋਂ ਪਹਿਲਾਂ “ਪੰਜਾਬੀ” ਸਮਝਣ ਲੱਗ ਪਏ ਸਨ।

ਲਾਹੌਰ ਦਰਬਾਰ ਦੀ ਨਿਆਂ ਪ੍ਰਣਾਲੀ: ਫਾਂਸੀ ਬਿਨਾਂ ਸੁਨਹਿਰੀ ਦੌਰ
Lahore Courts Justice System
Pic Credit : Social Media

ਜਿੱਥੇ ਉਸ ਸਮੇਂ ਦੇ ਜ਼ਿਆਦਾਤਰ ਰਾਜਿਆਂ ਦੀ ਨਿਆਂ ਪ੍ਰਣਾਲੀ ਡਰ ਅਤੇ ਸਖ਼ਤੀ ‘ਤੇ ਆਧਾਰਿਤ ਸੀ, ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ 40 ਸਾਲਾਂ ਦੇ ਰਾਜ ਵਿੱਚ ਕਿਸੇ ਵੀ ਵਿਅਕਤੀ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਨਹੀਂ ਸੁਣਾਈ। ਸਭ ਤੋਂ ਵੱਡੇ ਗੁਨਾਹਗਾਰ ਨੂੰ ਵੀ ਜਾਨੋਂ ਮਾਰਨ ਦੀ ਥਾਂ ਜ਼ੁਰਮਾਨੇ, ਜਾਇਦਾਦ ਦੀ ਜ਼ਬਤੀ ਜਾਂ ਦੇਸ਼-ਨਿਕਾਲੇ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। 

ਇਨਸਾਫ਼ ਲਈ ਵਿਸ਼ੇਸ਼ ਅਦਾਲਤਾਂ ਬਣਾਈਆਂ ਗਈਆਂ, ਜਿੱਥੇ ਮੁਸਲਮਾਨਾਂ ਦੇ ਨਿੱਜੀ ਮਾਮਲੇ ਸ਼ਰੀਅਤ ਅਨੁਸਾਰ ਅਤੇ ਹਿੰਦੂਆਂ-ਸਿੱਖਾਂ ਦੇ ਮਾਮਲੇ ਉਨ੍ਹਾਂ ਦੇ ਰੀਤੀ-ਰਿਵਾਜਾਂ ਮੁਤਾਬਕ ਨਿਪਟਾਏ ਜਾਂਦੇ ਸਨ। ਪਿੰਡਾਂ ਦੇ ਛੋਟੇ ਝਗੜੇ ਪੰਚਾਇਤਾਂ ਰਾਹੀਂ ਸੁਲਝਾਏ ਜਾਂਦੇ ਸਨ। ਇਹ ਨਿਆਂ ਪ੍ਰਣਾਲੀ ਆਪਣੀ ਨਿਰਪੱਖਤਾ ਕਾਰਨ ਮਸ਼ਹੂਰ ਸੀ, ਜਿਸ ਕਰਕੇ ਰਾਜ ਵਿੱਚ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਨਾਂਮਾਤਰ ਸੀ। ਅਫ਼ਗਾਨਾਂ ਅਤੇ ਮੁਗ਼ਲਾਂ ਦੇ ਜ਼ੁਲਮ ਹੇਠ ਦੱਬੇ ਪੰਜਾਬੀਆਂ ਨੇ ਇਸ ਦੌਰ ਵਿੱਚ ਪਹਿਲੀ ਵਾਰ ਸੁੱਖ ਦਾ ਸਾਹ ਲਿਆ। 

ਦਰਬਾਰ ਸਾਹਿਬ ‘ਤੇ ਸੋਨੇ ਦੀ ਸੇਵਾ
Golden service at the Darbar Sahib
Pic Credit : Wikimedia

ਅੱਜ, ਦੁਨੀਆ ਸ੍ਰੀ ਹਰਿਮੰਦਰ ਸਾਹਿਬ ਨੂੰ “ਗੋਲਡਨ ਟੈਂਪਲ” ਦੇ ਨਾਮ ਨਾਲ ਜਾਣਦੀ ਹੈ ਅਤੇ ਉਸ ਦੀ ਇਹ ਸੁਨਹਿਰੀ ਪਛਾਣ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਧਾ ਦੀ ਦੇਣ ਹੈ। ਮਹਾਰਾਜਾ ਨੇ 1809 ਵਿੱਚ ਅਫ਼ਗਾਨ ਹਮਲਾਵਰਾਂ ਦੁਆਰਾ ਨੁਕਸਾਨੀ ਗਈ ਇਮਾਰਤ ਨੂੰ ਸੰਗਮਰਮਰ ਅਤੇ ਤਾਂਬੇ ਨਾਲ ਦੁਬਾਰਾ ਮਜ਼ਬੂਤ ਕਰਵਾਇਆ। ਇਸ ਤੋਂ ਬਾਅਦ, 1830 ਵਿੱਚ ਉਨ੍ਹਾਂ ਨੇ ਇਸ ਦੇ ਉੱਪਰਲੇ ਹਿੱਸੇ ਅਤੇ ਮੰਜ਼ਿਲਾਂ ਨੂੰ 750 ਕਿਲੋ ਖ਼ਾਲਸ ਸੋਨੇ ਦੀਆਂ ਪਰਤਾਂ ਨਾਲ ਢੱਕ ਕੇ ਇਸ ਦੀ ਸੁਨਿਹਰੀ ਸੇਵਾ ਕਰਵਾਈ। 

ਮਹਾਰਾਜਾ ਨੇ ਇਸ ਕੰਮ ਲਈ ਆਪਣੇ ਖ਼ਜ਼ਾਨੇ ਵਿੱਚੋਂ ਖੁੱਲ੍ਹੇ ਮਨ ਨਾਲ ਸੇਵਾ ਕੀਤੀ। ਨਾਲ ਹੀ, ਉਨ੍ਹਾਂ ਨੇ ਅਕਾਲ ਬੁੰਗੇ ਅਤੇ ਬਾਬਾ ਅਟੱਲ ਸਾਹਿਬ ਵਰਗੇ ਨੇੜਲੇ ਗੁਰਦੁਆਰਿਆਂ ਨੂੰ ਵੀ ਸੰਵਾਰਿਆ। ਇਸ ਸੇਵਾ ਨੇ ਸਿੱਖ ਕਲਾ ਨੂੰ ਇੱਕ ਨਵਾਂ ਜੀਵਨ ਦਿੱਤਾ। ਕਾਂਗੜਾ ਦੇ ਕਲਾਕਾਰਾਂ ਨੂੰ ਸੱਦ ਕੇ ਕੰਧਾਂ ‘ਤੇ ਮੀਨਾਕਾਰੀ ਅਤੇ ਫੁੱਲ-ਬੂਟਿਆਂ ਦੇ ਚਿੱਤਰ ਬਣਾਏ ਗਏ, ਜਿਨ੍ਹਾਂ ਦੀ ਝਲਕ ਅੱਜ ਵੀ ਦਰਬਾਰ ਸਾਹਿਬ ਦੀਆਂ ਦੀਵਾਰਾਂ ‘ਤੇ ਦੇਖੀ ਜਾ ਸਕਦੀ ਹੈ।

ਕੋਹਿਨੂਰ ਹੀਰਾ: ਪੰਜਾਬ ਦੇ ਸ਼ਾਹੀ ਤਾਜ ਦੀ ਸ਼ਾਨ
Kohinoor Diamond
Pic Credit : TV9

ਦੁਨੀਆ ਦੇ ਸਭ ਤੋਂ ਕੀਮਤੀ ਹੀਰਿਆਂ ਵਿੱਚੋਂ ਇੱਕ, ਕੋਹਿਨੂਰ, ਕਦੇ ਪੰਜਾਬ ਦੀ ਸ਼ਾਨ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਹ ਹੀਰਾ 1813 ਵਿੱਚ ਅਫ਼ਗਾਨ ਸ਼ਾਸਕ ਸ਼ਾਹ ਸ਼ੁਜਾਅ ਤੋਂ ਪ੍ਰਾਪਤ ਕੀਤਾ, ਜਦੋਂ ਮਹਾਰਾਜੇ ਨੇ ਉਸਨੂੰ ਲਾਹੌਰ ਵਿੱਚ ਪਨਾਹ ਦਿੱਤੀ ਸੀ। ਇਹ ਹੀਰਾ ਮਹਾਰਾਜੇ ਲਈ ਸਿਰਫ਼ ਇੱਕ ਗਹਿਣਾ ਨਹੀਂ ਸੀ, ਸਗੋਂ ਉਨ੍ਹਾਂ ਦੀ ਸਲਤਨਤ ਦੀ ਸ਼ਾਨ ਅਤੇ ਪਛਾਣ ਸੀ। ਖ਼ਾਸ ਮੌਕਿਆਂ ‘ਤੇ ਇਹ ਕੋਹਿਨੂਰ ਹੀਰਾ ਮਹਾਰਾਜੇ ਦੇ ਸਭ ਤੋਂ ਪਸੰਦੀਦਾ ਘੋੜੇ ‘ਲੈਲੀ’ ਦੇ ਗਲ਼ ਵਿੱਚ ਸਜਾ ਕੇ ਸ਼ਾਹੀ ਜਲੂਸਾਂ ਦੀ ਸ਼ਾਨ ਬਣਾਇਆ ਜਾਂਦਾ ਸੀ।

diamond is in the British royal treasury
Pic Credit: The Express Tribune

ਮਹਾਰਾਜੇ ਦੀ ਮੌਤ ਤੋਂ ਬਾਅਦ, ਇਹ ਹੀਰਾ ਲਾਹੌਰ ਦਰਬਾਰ ਦੇ ਖ਼ਜ਼ਾਨੇ ਵਿੱਚ ਰਿਹਾ, ਪਰ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰਨ ਮਗਰੋਂ ਇਸਨੂੰ ਬਾਲ ਮਹਾਰਾਜਾ ਦਲੀਪ ਸਿੰਘ ਤੋਂ ਲੈ ਕੇ ਮਹਾਰਾਣੀ ਵਿਕਟੋਰੀਆ ਨੂੰ ਭੇਜ ਦਿੱਤਾ। ਅੱਜ, ਇਹ ਹੀਰਾ ਬ੍ਰਿਟੇਨ ਦੇ ਸ਼ਾਹੀ ਖ਼ਜ਼ਾਨੇ ਵਿੱਚ ਹੈ।

ਸਿੱਖਿਆ ਅਤੇ ਸਾਖਰਤਾ ਦਰ ‘ਚ ਕ੍ਰਾਂਤੀ
Revolution in education and literacy rate
Pic Credit: SikhNet

ਮਹਾਰਾਜਾ ਰਣਜੀਤ ਸਿੰਘ ਖ਼ੁਦ ਪੜ੍ਹੇ-ਲਿਖੇ ਨਹੀਂ ਸਨ, ਪਰ ਉਹ ਆਪਣੇ ਰਾਜ ਵਿੱਚ ਸਿੱਖਿਆ ਨੂੰ ਬਹੁਤ ਮਹੱਤਵ ਦਿੰਦੇ ਸਨ। ਬ੍ਰਿਟਿਸ਼ ਇਤਿਹਾਸਕਾਰ ਜੀ.ਡਬਲਯੂ. ਲੀਟਨਰ ਦੇ ਅਨੁਸਾਰ, 1857 ਤੋਂ ਪਹਿਲਾਂ, ਪੰਜਾਬ ਵਿੱਚ ਲਗਭਗ 330,000 ਵਿਦਿਆਰਥੀ ਅਰਬੀ-ਸੰਸਕ੍ਰਿਤ, ਗਣਿਤ, ਕਾਨੂੰਨ, ਤਰਕ ਅਤੇ ਆਯੁਰਵੇਦ ਵਰਗੇ ਵਿਸ਼ੇ ਪੜ੍ਹਦੇ ਸਨ। ਸਿਰਫ਼ ਲਾਹੌਰ ਸ਼ਹਿਰ ਵਿੱਚ ਇਕੱਲੇ ਕੁੜੀਆਂ ਲਈ ਕਈ ਸਕੂਲ ਸਨ।

ਹਰ ਪਿੰਡ ਵਿੱਚ ਘਰ-ਘਰ ਜਾ ਕੇ ਪੰਜਾਬੀ ‘ਕਾਇਦਾ’ ਪਹੁੰਚਾਇਆ ਜਾਂਦਾ ਸੀ ਅਤੇ ਕੁੜੀਆਂ ਲਈ ਵਿਆਹ ਤੋਂ ਪਹਿਲਾਂ ਗੁਰਮੁਖੀ ਪੜ੍ਹਨਾ-ਲਿਖਣਾ ਸਿੱਖਣਾ ਆਮ ਮੰਨਿਆ ਜਾਂਦਾ ਸੀ। ਇਸੇ ਕਰਕੇ ਉਸ ਸਮੇਂ ਦੌਰਾਨ ਪੰਜਾਬ ਦੀ ਸਾਖਰਤਾ ਦਰ ਬਾਕੀ ਬ੍ਰਿਟਿਸ਼ ਭਾਰਤ ਨਾਲੋਂ ਬਹੁਤ ਜ਼ਿਆਦਾ ਸੀ। ਦੁੱਖ ਦੀ ਗੱਲ ਹੈ ਕਿ ਮਹਾਰਾਜਾ ਦੀ ਮੌਤ ਤੋਂ ਬਾਅਦ, ਜਦੋਂ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ, ਤਾਂ ਇਹ ਪੁਰਾਣੀ ਸਿੱਖਿਆ ਪ੍ਰਣਾਲੀ ਹੌਲੀ-ਹੌਲੀ ਖ਼ਤਮ ਹੋ ਗਈ।

ਜਾਨਵਰਾਂ ਪ੍ਰਤੀ ਅਥਾਹ ਪ੍ਰੇਮ: ਸ਼ਾਹੀ ਘੋੜਾ ‘ਲੈਲੀ’
The royal horse ‘Laili
Pic Credit: Wikimedia

ਮਹਾਰਾਜਾ ਰਣਜੀਤ ਸਿੰਘ ਦਾ ਘੋੜਿਆਂ ਨਾਲ ਪਿਆਰ ਸ਼ਾਇਦ ਇਤਿਹਾਸ ਦੀਆਂ ਸਭ ਤੋਂ ਅਨੋਖੀਆਂ ਕਹਾਣੀਆਂ ਵਿੱਚੋਂ ਇੱਕ ਹੈ। ਪਿਸ਼ਾਵਰ ਦੇ ਹਾਕਮ ਕੋਲ ਲੈਲੀ ਨਾਮ ਦਾ ਇੱਕ ਅਦਭੁਤ ਸੋਹਣਾ ਘੋੜਾ ਸੀ। ਮਹਾਰਾਜੇ ਨੇ 1822 ਵਿੱਚ ਇਸ ਘੋੜੇ ਬਾਰੇ ਸੁਣਿਆ ਅਤੇ ਜਦੋਂ ਹਾਕਮ ਨੇ ਘੋੜਾ ਦੇਣ ਤੋਂ ਟਾਲਾ-ਮਟੋਲ ਕੀਤਾ, ਤਾਂ ਮਹਾਰਾਜੇ ਨੇ ਫ਼ੌਜ ਭੇਜ ਦਿੱਤੀ। ਇਸ ਘੋੜੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਵੱਡੀ ਕੀਮਤ 60 ਲੱਖ ਰੁਪਏ ਅਤੇ 12,000 ਸਿਪਾਹੀ ਅਦਾ ਕਰਨੇ ਪਏ। ਆਖ਼ਰਕਾਰ 1827 ਵਿੱਚ ਲੈਲੀ ਨੂੰ ਲਾਹੌਰ ਲਿਆਂਦਾ ਗਿਆ। ਲੈਲੀ ਮਹਾਰਾਜੇ ਦਾ ਸਭ ਤੋਂ ਪਸੰਦੀਦਾ ਘੋੜਾ ਬਣ ਗਿਆ, ਜਦੋਂ 1839 ਦੀ ਸ਼ੁਰੂਆਤ ਵਿੱਚ ਲੈਲੀ ਦੀ ਮੌਤ ਹੋਈ, ਮਹਾਰਾਜਾ ਬਹੁਤ ਦੁੱਖੀ ਹੋਏ। ਉਨ੍ਹਾਂ ਨੇ ਆਪਣੇ ਇਸ ਪਿਆਰੇ ਘੋੜੇ ਲੈਲੀ ਨੂੰ 21 ਤੋਪਾਂ ਦੀ ਸਲਾਮੀ ਨਾਲ ਪੂਰੇ ਸ਼ਾਹੀ ਸਨਮਾਨ ਨਾਲ ਦਫ਼ਨਾਇਆ।

Maharaja Ranjit Singh was not only a warrior
Pic Credit : The Tribune

ਮਹਾਰਾਜਾ ਰਣਜੀਤ ਸਿੰਘ ਸਿਰਫ਼ ਇੱਕ ਯੋਧਾ ਹੀ ਨਹੀਂ ਸੀ, ਸਗੋਂ ਉਹ ਇੱਕ ਅਜਿਹੇ ਰਾਜਾ ਸੀ ਜਿਸਨੇ ਸਹਿਣਸ਼ੀਲਤਾ, ਨਿਆਂ, ਕਲਾ ਅਤੇ ਸਿੱਖਿਆ ਨੂੰ ਆਪਣੇ ਰਾਜ ਦੀ ਨੀਂਹ ਬਣਾਇਆ। ਮਹਾਰਾਜਾ ਦੀ ਮੌਤ ਤੋਂ ਸਿਰਫ਼ 10 ਸਾਲਾਂ ਦੇ ਅੰਦਰ, ਅੰਦਰੂਨੀ ਫੁੱਟ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਕਾਰਨ ਉਨ੍ਹਾਂ ਦਾ ਬਣਾਇਆ ਸਾਮਰਾਜ ਖ਼ਤਮ ਹੋ ਗਿਆ, ਪਰ ਉਨ੍ਹਾਂ ਦਾ ਨਾਮ ਅੱਜ ਵੀ ਪੰਜਾਬ ਦੇ ਹਰ ਘਰ ਵਿੱਚ ਮਾਣ ਨਾਲ ਲਿਆ ਜਾਂਦਾ ਹੈ। ਸ਼ੇਰ-ਏ-ਪੰਜਾਬ ਦੀ ਬਰਸੀ ਸਿਰਫ਼ ਉਨ੍ਹਾਂ ਦੀ ਮੌਤ ਦੀ ਯਾਦ ਨਹੀਂ, ਸਗੋਂ ਉਸ ਸੁਨਹਿਰੀ ਦੌਰ ਦੀ ਯਾਦ ਹੈ ਜਦੋਂ ਪੰਜਾਬ ਨੇ ਮਾਣ ਨਾਲ ਆਪਣਾ ਸਿਰ ਉੱਚਾ ਕੀਤਾ ਸੀ।

ਸ਼ੇਰ-ਏ-ਪੰਜਾਬ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ। 

Post navigation

Leave a Comment

Leave a Reply

Your email address will not be published. Required fields are marked *