ਪੰਜਾਬ ‘ਚ ਸੂਰਜਮੁਖੀ ਦੀ ਵਾਪਸੀ! ਫ਼ਸਲੀ ਵਿਭਿੰਨਤਾ ਵੱਲ ਇਨਕਲਾਬੀ ਕਦਮ
ਪੰਜਾਬ ਦੀ ਖੇਤੀਬਾੜੀ ਅੱਜ ਇੱਕ ਅਹਿਮ ਮੋੜ ‘ਤੇ ਆਣ ਖੜ੍ਹੀ ਹੈ। ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਅਤੇ ਮਿੱਟੀ ਦੀ ਡਿੱਗ ਰਹੀ ਉਪਜਾਊ ਸ਼ਕਤੀ ਨੇ ਸੂਬੇ ਦੇ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਵਿਕਲਪਿਕ ਫ਼ਸਲਾਂ ਵੱਲ ਦੇਖਣ ਲਈ ਮਜਬੂਰ ਕੀਤਾ ਹੈ। ਵੈਸੇ ਤਾਂ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਤੋਂ ਇਲਾਵਾ ਰੂਪਨਗਰ (ਰੋਪੜ) ਅਤੇ ਸੰਗਰੂਰ ਵਿੱਚ ਵੀ ਸੂਰਜਮੁਖੀ ਦੀ ਖੇਤੀ ਕੀਤੀ ਜਾਂਦੀ ਹੈ। ਪਰ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਇਸ ਕਰਕੇ ਚਰਚਾ ਵਿੱਚ ਹੈ, ਕਿਉਂਕਿ ਉੱਥੋਂ ਦੇ ਖੇਤਾਂ ਵਿੱਚ 20 ਵਰ੍ਹਿਆਂ ਬਾਅਦ ਇਸ ਫ਼ਸਲ ਦੀ ਵਾਪਸੀ ਹੋਈ ਹੈ।
ਇਸ ਸਮੇਂ ਦੌਰਾਨ, ਫ਼ਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਉਤਸ਼ਾਹਜਨਕ ਖ਼ਬਰ ਸਾਹਮਣੇ ਆਈ ਹੈ। ਲਗਭਗ ਦੋ ਦਹਾਕਿਆਂ ਦੇ ਲੰਬੇ ਅਰਸੇ ਬਾਅਦ, ਸਰਹੱਦੀ ਜ਼ਿਲ੍ਹੇ ਵਿੱਚ ਸੂਰਜਮੁਖੀ ਦੀ ਫ਼ਸਲ ਦੀ ਸਰਹੱਦ ਤੇ ਖਿੜਿਆ ਸੂਰਜਮੁਖੀ ਕਿਸਾਨਾਂ ਨੂੰ ਹੋਵੇਗਾ ਮੋਟਾ ਮੁਨਾਫ਼ਾ! ਫ਼ਾਜ਼ਿਲਕਾ-ਮਲੋਟ ਰੋਡ ’ਤੇ ਸਥਿਤ ਪਿੰਡ ਮਹੂਆਣਾ ਬੋਦਲਾ ਨੇੜੇ ਕਰੀਬ 20 ਏਕੜ ਰਕਬੇ ਵਿੱਚ ਖਿੜੇ ਸੂਰਜਮੁਖੀ ਦੇ ਪੀਲੇ ਖੇਤ ਅੱਜ ਕੱਲ੍ਹ ਹਰ ਰਾਹਗੀਰ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਵਾਪਸੀ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਉਣ ਦਾ ਜ਼ਰੀਆ ਬਣ ਰਹੀ ਹੈ, ਸਗੋਂ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਕਰ ਰਹੀ ਹੈ।
ਜ਼ਮੀਨੀ ਹਕੀਕਤ ਅਤੇ ਕਿਸਾਨਾਂ ਦੇ ਤਜਰਬੇ

ਮਹੂਆਣਾ ਬੋਦਲਾ ਦੇ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਧਨ-ਧੰਨਿਆ ਕ੍ਰਿਸ਼ੀ ਯੋਜਨਾ’ ਤਹਿਤ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਸੂਰਜਮੁਖੀ ਦੇ ਬੀਜ ਬਿਲਕੁਲ ਮੁਫ਼ਤ ਮਿਲੇ ਸਨ। ਉਨ੍ਹਾਂ ਨੇ 20 ਏਕੜ ਵਿੱਚ ਇਸ ਦੀ ਬਿਜਾਈ ਕੀਤੀ। ਕਿਸਾਨ ਹਰਮੀਤ ਸਿੰਘ ਅਨੁਸਾਰ, ਇਹ ਫ਼ਸਲ ਪ੍ਰਤੀ ਏਕੜ ਕਰੀਬ 10 ਕੁਇੰਟਲ ਝਾੜ ਦਿੰਦੀ ਹੈ। ਜੇਕਰ ਕਿਸਾਨ ਨੂੰ ਸਹੀ ਮੁੱਲ ਮਿਲੇ, ਤਾਂ ਪ੍ਰਤੀ ਏਕੜ 77,000 ਰੁਪਏ ਤੋਂ ਵੱਧ ਦੀ ਆਮਦਨ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਇੱਕ ਵੱਡੀ ਸਮੱਸਿਆ ਵੱਲ ਧਿਆਨ ਦਿਵਾਉਂਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੀ ਸੂਰਜਮੁਖੀ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ‘ਤੇ ਯਕੀਨੀ ਬਣਾਉਣੀ ਚਾਹੀਦੀ ਹੈ। ਫਿਲਹਾਲ ਪੰਜਾਬ ਵਿੱਚ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਗੁਆਂਢੀ ਸੂਬੇ ਹਰਿਆਣਾ ਜਾਣਾ ਪੈਂਦਾ ਹੈ, ਜਿੱਥੇ 7,721 ਰੁਪਏ ਪ੍ਰਤੀ ਕੁਇੰਟਲ ਐੱਮ.ਐੱਸ.ਪੀ. ਮਿਲ ਰਹੀ ਹੈ।
ਪਿੰਡ ਲਾਲੋਵਾਲੀ ਦੇ ਕਿਸਾਨ ਮੰਗਤ ਰਾਮ ਨੇ ਵੀ 3 ਏਕੜ ਵਿੱਚ ਸੂਰਜਮੁਖੀ ਦੀ ਕਾਸ਼ਤ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਝੋਨੇ ਅਤੇ ਕਣਕ ਦੇ ਚੱਕਰਵਿਊ ‘ਚੋਂ ਨਿਕਲ ਕੇ ਕਿਸਾਨ ਇੱਕ ਹੀ ਸਾਲ ਵਿੱਚ ਝੋਨਾ, ਆਲੂ ਅਤੇ ਸੂਰਜਮੁਖੀ ਵਰਗੀਆਂ ਤਿੰਨ ਫ਼ਸਲਾਂ ਦੀ ਬਿਜਾਈ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਪਾਣੀ ਦੀ ਬਚਤ ਹੁੰਦੀ ਹੈ, ਸਗੋਂ ਘੱਟ ਸਮੇਂ ਵਿੱਚ ਕਿਸਾਨਾਂ ਦੀ ਮੁਨਾਫ਼ਾ ਕਮਾਉਣ ਦੀ ਸਮਰੱਥਾ ਵੀ ਕਈ ਗੁਣਾ ਵਧ ਜਾਂਦੀ ਹੈ।
ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਇਹ ਫ਼ਸਲ ਪੰਜਾਬ ਦੇ ਖੇਤਾਂ ‘ਚੋਂ ਹੋਈ ਸੀ ਗਾਇਬ
ਫ਼ਾਜ਼ਿਲਕਾ ਦੇ 70 ਸਾਲਾ ਪੁਰਾਣੇ ਆੜ੍ਹਤੀਏ ਦੀਨਾ ਨਾਥ ਸਚਦੇਵਾ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਸਾਲ 2005 ਤੱਕ ਫ਼ਾਜ਼ਿਲਕਾ ਮੰਡੀ ਵਿੱਚ ਸੂਰਜਮੁਖੀ ਦੇ ਸੀਜ਼ਨ ਦੌਰਾਨ ਕਰੀਬ ਢਾਈ ਲੱਖ ਤੋੜੇ (40 ਕਿੱਲੋ ਪ੍ਰਤੀ ਬੋਰੀ) ਆਉਂਦੇ ਸਨ। ਪਰ ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ, ਖਰੀਦ ਦੀ ਅਨਿਸ਼ਚਿਤਤਾ ਅਤੇ ਮੰਡੀਕਰਨ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਇਹ ਫ਼ਸਲ ਹੌਲੀ-ਹੌਲੀ ਪੰਜਾਬ ਦੇ ਖੇਤਾਂ ਵਿੱਚੋਂ ਗਾਇਬ ਹੋ ਗਈ ਸੀ।
ਫ਼ਾਜ਼ਿਲਕਾ ਪ੍ਰਸਾਸ਼ਨ ਨੇ ਜ਼ਿਲ੍ਹੇ ਵਿੱਚ ਸੂਰਜਮੁਖੀ ਦੀ ਵਾਪਸੀ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਫ਼ਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਸੈਲਫ਼-ਹੈਲਪ ਗਰੁੱਪਾਂ ਨੂੰ ਸੂਰਜਮੁਖੀ ਦੀ ਖੇਤੀ ਦੇ ਨਾਲ-ਨਾਲ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ, ਕਿਉਂਕਿ ਸੂਰਜਮੁਖੀ ਦੇ ਫੁੱਲ ਸ਼ਹਿਦ ਮੱਖੀਆਂ ਲਈ ਬਹੁਤ ਵਧੀਆ ਸਰੋਤ ਹਨ।
ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਅਨੁਸਾਰ, ਫ਼ਾਜ਼ਿਲਕਾ ਪੰਜਾਬ ਦਾ ਇੱਕੋ-ਇੱਕ ਅਜਿਹਾ ਜ਼ਿਲ੍ਹਾ ਹੈ ਜਿਸ ਨੂੰ ਇਸ ਕੇਂਦਰੀ ਸਕੀਮ ਲਈ ਚੁਣਿਆ ਗਿਆ ਹੈ। ਜ਼ਿਲ੍ਹੇ ਦੇ ਕੁੱਲ 2.48 ਲੱਖ ਹੈਕਟੇਅਰ ਖੇਤੀਯੋਗ ਰਕਬੇ ਵਿੱਚੋਂ 1.04 ਲੱਖ ਹੈਕਟੇਅਰ ਰਕਬੇ ਨੂੰ ਫ਼ਸਲੀ ਵਿਭਿੰਨਤਾ ਹੇਠ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਤਹਿਤ ਕਿੰਨੂ ਦੇ ਬਾਗ਼ਾਂ, ਦੇਸੀ ਨਰਮਾ, ਬਾਸਮਤੀ, ਦਾਲਾਂ, ਸਰ੍ਹੋਂ ਅਤੇ ਸੂਰਜਮੁਖੀ ਦੀ ਕਾਸ਼ਤ ਨੂੰ ਵਿਸ਼ੇਸ਼ ਹੁਲਾਰਾ ਦਿੱਤਾ ਜਾ ਰਿਹਾ ਹੈ।
ਸੂਰਜਮੁਖੀ ਦੀ ਵਿਗਿਆਨਕ ਕਾਸ਼ਤਕਾਰੀ ਅਤੇ ਆਧੁਨਿਕ ਤਕਨੀਕਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ, ਜੇਕਰ ਪੰਜਾਬ ਦੇ ਕਿਸਾਨ ਸੂਰਜਮੁਖੀ ਤੋਂ ਵੱਧ ਤੋਂ ਵੱਧ ਉਤਪਾਦਨ ਅਤੇ ਲਾਭ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਵਿਗਿਆਨਕ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਸੂਰਜਮੁਖੀ ਦੀ ਫ਼ਸਲ ਖੜ੍ਹੇ ਪਾਣੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਇਸ ਲਈ ਖੇਤ ਵਿੱਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਮੈਰਾ ਅਤੇ ਚੰਗੀ ਉਪਜਾਊ ਜ਼ਮੀਨ ਇਸ ਲਈ ਸਭ ਤੋਂ ਉੱਤਮ ਹੈ। ਕਲਰਾਠੀਆਂ ਜਾਂ ਬਹੁਤ ਭਾਰੀਆਂ ਜ਼ਮੀਨਾਂ ਵਿੱਚ ਇਸ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ।
ਸੂਰਜਮੁਖੀ ਦੀ ਬਿਜਾਈ ਲਈ ਜਨਵਰੀ-ਫਰਵਰੀ ਦਾ ਮਹੀਨਾ ਲਈ ਸਭ ਤੋਂ ਉੱਤਮ ਹੈ। ਜੇ ਕਿਸੇ ਕਾਰਨ ਜਨਵਰੀ ਵਿੱਚ ਬਿਜਾਈ ਨਾ ਹੋਵੇ, ਤਾਂ ਫਰਵਰੀ ਦੇ ਸ਼ੁਰੂ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਹਨ। ਪਛੇਤੀ ਬੀਜੀ ਗਈ ਫ਼ਸਲ ‘ਚ ਫੁੱਲ ਪੈਣ ਵੇਲੇ ਤਾਪਮਾਨ ਵਧ ਜਾਂਦਾ ਹੈ, ਜਿਸ ਨਾਲ ਫੁੱਲ ਛੋਟੇ ਰਹਿ ਜਾਂਦੇ ਹਨ, ਬੀਜ ਫੋਕੇ ਰਹਿ ਜਾਂਦੇ ਹਨ ਅਤੇ ਕੀੜਿਆਂ-ਬਿਮਾਰੀਆਂ ਦਾ ਹਮਲਾ ਵਧ ਜਾਂਦਾ ਹੈ।
ਪੱਧਰੇ ਖੇਤ ਦੀ ਬਜਾਏ ਵੱਟਾਂ ‘ਤੇ ਬਿਜਾਈ ਕਰਨ ਦੇ ਬਹੁਤ ਫ਼ਾਇਦੇ ਹਨ। ਵੱਟਾਂ ‘ਤੇ ਬੀਜੀ ਫ਼ਸਲ ਅਗੇਤੀ ਉੱਗਦੀ ਹੈ ਅਤੇ ਕੱਟ-ਵਰਮ ਦਾ ਹਮਲਾ ਘੱਟ ਹੁੰਦਾ ਹੈ। ਫ਼ਸਲ ਦੇ ਡਿੱਗਣ ਦਾ ਖ਼ਤਰਾ ਘਟ ਜਾਂਦਾ ਹੈ ਅਤੇ ਪਾਣੀ ਦੀ ਬਚਤ ਹੁੰਦੀ ਹੈ। ਪੂਰਬ-ਪੱਛਮ ਦਿਸ਼ਾ ਵਿੱਚ 60 ਸੈਂਟੀਮੀਟਰ ਦੀ ਦੂਰੀ ‘ਤੇ ਵੱਟਾਂ ਬਣਾਓ। ਬੀਜ ਨੂੰ ਦੱਖਣ ਵਾਲੇ ਪਾਸੇ, ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਅਤੇ 4-5 ਸੈਂਟੀਮੀਟਰ ਡੂੰਘਾਈ ‘ਤੇ ਬੀਜੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਪ੍ਰਤੀ ਏਕੜ 2 ਕਿੱਲੋ ਬੀਜ ਦੀ ਵਰਤੋਂ ਕਰੋ। ਬਿਮਾਰੀਆਂ (ਜਿਵੇਂ ਕਿ ਤਣਾ ਗਲਣ) ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ 1 ਕਿੱਲੋ ਬੀਜ ਨੂੰ 6 ਗ੍ਰਾਮ ਟੈਗਰਾਨ-35 ਡਬਲਿਊਐੱਸ (ਮੈਟਾਲੈਕਸਲ) ਨਾਲ ਚੰਗੀ ਤਰ੍ਹਾਂ ਸੋਧ ਲਵੋ।
ਨਦੀਨਾਂ ਦੀ ਰੋਕਥਾਮ ਅਤੇ ਸਿੰਜਾਈ ਦਾ ਸ਼ਡਿਊਲ

ਯੂਨੀਵਰਸਿਟੀ ਅਨੁਸਾਰ, ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬੀਜ ਉੱਗਣ ਤੋਂ 2-3 ਹਫ਼ਤੇ ਬਾਅਦ ਅਤੇ ਦੂਜੀ ਗੋਡੀ ਲੋੜ ਪੈਣ ‘ਤੇ ਉਸ ਤੋਂ 3 ਹਫ਼ਤੇ ਪਿੱਛੋਂ ਕਰੋ। ਵੱਟਾਂ ‘ਤੇ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 2-4 ਦਿਨਾਂ ਮਗਰੋਂ (ਬੀਜ ਤੋਂ ਹੇਠਾਂ ਰਹੇ) ਅਤੇ ਦੂਜਾ ਪਾਣੀ ਇੱਕ ਮਹੀਨੇ ਬਾਅਦ ਲਗਾਓ। ਮਾਰਚ ਵਿੱਚ 2-3 ਹਫ਼ਤਿਆਂ ਦੇ ਵਕਫ਼ੇ ‘ਤੇ ਅਤੇ ਅਪ੍ਰੈਲ-ਮਈ ਵਿੱਚ 8-10 ਦਿਨਾਂ ਦੇ ਫ਼ਾਸਲੇ ‘ਤੇ ਸਿੰਜਾਈ ਕਰੋ। 50 ਫ਼ੀਸਦੀ ਫੁੱਲ ਪੈਣ ਸਮੇਂ, ਦਾਣੇ ਬਣਨ ਸਮੇਂ ਅਤੇ ਦਾਣਿਆਂ ਵਿੱਚ ਦੁੱਧ ਭਰਨ ਵੇਲੇ ਪਾਣੀ ਜ਼ਰੂਰ ਲਗਾਓ। ਤੁਪਕਾ ਸਿੰਜਾਈ, ਇਸ ਵਿਧੀ ਨਾਲ 20 ਫ਼ੀਸਦੀ ਪਾਣੀ ਅਤੇ ਖਾਦਾਂ ਦੀ ਬਚਤ ਹੁੰਦੀ ਹੈ ਅਤੇ ਝਾੜ ਵਧਦਾ ਹੈ। ਜਦੋਂ ਫੁੱਲਾਂ ਦੇ ਹੇਠਲੇ ਪਾਸੇ ਦਾ ਰੰਗ ਪੀਲਾ-ਭੂਰਾ ਹੋ ਜਾਵੇ, ਬਾਹਰਲੇ ਪਾਸੇ ਡਿਸਕ ਸੁੱਕਣ ਲੱਗੇ ਅਤੇ ਬੀਜ ਕਾਲੇ ਹੋ ਜਾਣ, ਤਾਂ ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ। ਫੁੱਲਾਂ ਦੇ ਸਿਰਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਥਰੈਸ਼ਰ ਨਾਲ ਗਹਾਈ ਕੀਤੀ ਜਾ ਸਕਦੀ ਹੈ।
ਫ਼ਾਜ਼ਿਲਕਾ ਵਿੱਚ ਸੂਰਜਮੁਖੀ ਦੀ ਮੁੜ ਵਾਪਸੀ ਪੰਜਾਬ ਦੀ ਖੇਤੀਬਾੜੀ ਲਈ ਇੱਕ ਸ਼ੁਭ ਸ਼ੁਰੂਆਤ ਹੈ। ਇਹ ਫ਼ਸਲ ਘੱਟ ਪਾਣੀ, ਘੱਟ ਸਮੇਂ ਅਤੇ ਉੱਚੇ ਮੁਨਾਫ਼ੇ ਦਾ ਇੱਕ ਵਧੀਆ ਵਿਕਲਪ ਹੈ। ਜੇਕਰ ਪੰਜਾਬ ਸਰਕਾਰ ਸੂਬੇ ਵਿੱਚ ਹੀ ਇਸ ਦੀ ਐੱਮ.ਐੱਸ.ਪੀ. ‘ਤੇ ਪੁਖ਼ਤਾ ਖਰੀਦ ਅਤੇ ਮੰਡੀਕਰਨ ਦਾ ਪ੍ਰਬੰਧ ਕਰ ਦੇਵੇ, ਤਾਂ ਸੂਰਜਮੁਖੀ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਦਾ ਸਭ ਤੋਂ ਸਫ਼ਲ ਮਾਡਲ ਬਣ ਸਕਦੀ ਹੈ। ਵਿਗਿਆਨਕ ਤਰੀਕਿਆਂ ਨਾਲ ਕੀਤੀ ਗਈ ਸੂਰਜਮੁਖੀ ਦੀ ਖੇਤੀ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਦੇ ਨਾਲ-ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ।




Leave a Comment