ਅੱਜ-ਕੱਲ੍ਹ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਦਿਨੋ-ਦਿਨ ਵੱਧ ਰਿਹਾ ਹੈ, ਜਿਸ ਕਾਰਨ ਲੱਖਾਂ ਘਰਾਂ ਵਿੱਚੋਂ ਪਰਵਾਸ ਦੀ ਇੱਕ ਅੰਨ੍ਹੀ ਦੌੜ ਸ਼ੁਰੂ ਹੋ ਚੁੱਕੀ ਹੈ। ਚੰਗੇ ਭਵਿੱਖ ਅਤੇ ਸੁਨਹਿਰੀ ਸੁਪਨਿਆਂ ਦੀ ਅੱਜਕੱਲ੍ਹ ਵਿੱਚ, ਕਈ ਨੌਜਵਾਨ ਅਜਿਹੇ ਗ਼ੈਰ-ਕਾਨੂੰਨੀ ਅਤੇ ਖ਼ਤਰਨਾਕ ਰਸਤੇ ਚੁਣ ਲੈਂਦੇ ਹਨ, ਜਿੱਥੇ ਜ਼ਿੰਦਗੀ ਅਤੇ ਮੌਤ ਵਿਚਾਲੇ ਬਹੁਤ ਥੋੜ੍ਹਾ ਫ਼ਰਕ ਰਹਿ ਜਾਂਦਾ ਹੈ। ਗ਼ੈਰ-ਕਾਨੂੰਨੀ ਢੰਗ ਯਾਨੀ ‘ਡੰਕੀ’ ਰਾਹੀਂ ਅਮਰੀਕਾ ਪਹੁੰਚੇ ਪੰਜਾਬ ਦੇ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਦਾ ਦਰਦਨਾਕ ਸਫ਼ਰ ਅਤੇ ਜ਼ਮੀਨੀ ਹਕੀਕਤ ਸਾਂਝੀ ਕਰਦਿਆਂ ਨੌਜਵਾਨਾਂ ਨੂੰ ਇਸ ਖ਼ਤਰਨਾਕ ਰਾਹ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਚਾਰ ਮਹੀਨਿਆਂ ਦਾ ਖ਼ਤਰਨਾਕ ਸਫ਼ਰ
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਸਫ਼ਰ 16 ਦਸੰਬਰ, 2022 ਨੂੰ ਸ਼ੁਰੂ ਹੋਇਆ ਸੀ ਅਤੇ ਲਗਭਗ ਚਾਰ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ, ਉਹ ਅਪ੍ਰੈਲ 2023 ਵਿੱਚ ਅਮਰੀਕਾ ਦਾਖ਼ਲ ਹੋਏ। ਉਨ੍ਹਾਂ ਦੇ ਅਨੁਸਾਰ ਡੰਕੀ ਦੇ ਕਈ ਰਸਤੇ ਹਨ, ਜਿਨ੍ਹਾਂ ਵਿੱਚ ਯੂਰਪ, ਦੁਬਈ ਜਾਂ ਹੋਰ ਦੇਸ਼ਾਂ ਰਾਹੀਂ ਮੈਕਸੀਕੋ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਨੂੰ ਕਰੀਬ ਇੱਕ ਮਹੀਨਾ ਦੁਬਈ ਰਹਿਣਾ ਪਿਆ ਅਤੇ ਫਿਰ ਇਕਵਾਡੋਰ, ਪੇਰੂ, ਹੋਂਡੂਰਾਸ, ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚੋਂ ਲੰਘਦੇ ਹੋਏ ਅਖ਼ੀਰ ਮੈਕਸੀਕੋ ਪਹੁੰਚਾਇਆ ਗਿਆ, ਜਿੱਥੋਂ ਉਹ ਕੰਧ ਟੱਪ ਕੇ ਅਮਰੀਕਾ ਦੀ ਹੱਦ ਅੰਦਰ ਦਾਖ਼ਲਾ ਹੁੰਦੇ ਹਨ।
ਮੌਤ ਦੀ ਬੇੜੀ ਅਤੇ ਪਨਾਮਾ ਦਾ ਜੰਗਲ

ਸਫ਼ਰ ਦੇ ਮੁਸ਼ਕਲ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਹਵਾਈ ਜਹਾਜ਼ਾਂ ਨਾਲ ਹੋਈ ਸੀ, ਪਰ ਫਿਰ ਵੀ ਬਾਅਦ ਵਿੱਚ ਅੱਠ-ਅੱਠ ਘੰਟੇ ਲਗਾਤਾਰ ਬੱਸਾਂ ਅਤੇ ਛੋਟੀਆਂ ਗੱਡੀਆਂ ਵਿੱਚ ਬਿਨਾਂ ਰੁਕੇ ਸਫ਼ਰ ਕਰਨਾ ਪਿਆ। ਇਸ ਦੌਰਾਨ ਸਭ ਤੋਂ ਖ਼ਤਰਨਾਕ ਮੋੜ ਉਦੋਂ ਆਇਆ ਜਦੋਂ 20-25 ਲੋਕਾਂ ਨੂੰ ਅੱਧੀ ਰਾਤ ਵੇਲੇ ਦਰਿਆ ਪਾਰ ਕਰਨ ਲਈ ਇੱਕ ਛੋਟੀ ਜਿਹੀ ਬੇੜੀ ਵਿੱਚ ਬਿਠਾਇਆ ਗਿਆ। ਕਿਉਂਕਿ ਉਹ ਬਾਰਡਰ ਖੇਤਰ ਸੀ, ਇਸ ਲਈ ਉੱਥੇ ਹਰ ਪਲ ਗੋਲੀ ਚੱਲਣ ਦਾ ਖ਼ਤਰਾ ਬਣਿਆ ਰਹਿੰਦਾ ਸੀ, ਨਾਲ ਹੀ ਫ਼ੋਨ ਵਰਤਣ ਦੀ ਸਖ਼ਤ ਮਨਾਹੀ ਸੀ ਅਤੇ ਚਾਰੇ ਪਾਸੇ ਘੁੱਪ ਹਨੇਰਾ ਪਸਰਿਆ ਹੋਇਆ ਸੀ।
ਦਰਿਆ ਪਾਰ ਕਰਨ ਤੋਂ ਬਾਅਦ, ਪਨਾਮਾ ਦਾ ਖ਼ਤਰਨਾਕ ਜੰਗਲ ਸ਼ੁਰੂ ਹੋਇਆ। ਉਹ ਦੱਸਦੇ ਹਨ ਕਿ ਜੰਗਲ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕ ਇਕੱਠੇ ਤੁਰ ਰਹੇ ਸਨ। ਸਵੇਰੇ 5 ਵਜੇ, ਉਨ੍ਹਾਂ ਨੂੰ ਮੋਢਿਆਂ ਉੱਤੇ ਟੈਂਟ ਚੁੱਕ ਕੇ ਪੈਦਲ ਤੁਰਨਾ ਪੈਂਦਾ ਸੀ। ਰਸਤੇ ਵਿੱਚ ਖਾਣ-ਪੀਣ ਦੀਆਂ ਸਮੱਸਿਆਵਾਂ ਆਉਂਦੀਆਂ ਸਨ। ਜੰਗਲੀ ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਬਚਣ ਲਈ, ਉਹ ਸਰੀਰ ‘ਤੇ ਟਿਊਬਾਂ ਮਲ ਕੇ ਟੈਂਟਾਂ ਵਿੱਚ ਸੌਂਦੇ ਸਨ। ਲਗਾਤਾਰ ਪੈਦਲ ਤੁਰਨ ਕਾਰਨ, ਉਨ੍ਹਾਂ ਨੂੰ ਬੋਝ ਘਟਾਉਣ ਲਈ ਆਪਣੇ ਕੱਪੜੇ ਜੰਗਲ ਵਿੱਚ ਸੁੱਟਣੇ ਪੈਂਦੇ ਸਨ ਅਤੇ ਅੰਤ ਵਿੱਚ ਸਿਰਫ਼ ਭੁੰਨੇ ਹੋਏ ਛੋਲਿਆਂ, ਬਦਾਮ ਅਤੇ ਬਿਸਕੁਟਾਂ ਦੇ ਸਹਾਰੇ ਕਈ ਦਿਨ ਬਿਤਾਉਣੇ ਪੈਂਦੇ ਸਨ।
ਤਰਪਾਲ ਹੇਠਾਂ ਘੁੱਟਦਾ ਦਮ
ਜੰਗਲ ਪਾਰ ਕਰਨ ਤੋਂ ਬਾਅਦ, ਮੈਕਸੀਕੋ ਦਾ ਸਫ਼ਰ ਹੋਰ ਵੀ ਅਸਹਿਣਯੋਗ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ 5-10 ਲੋਕਾਂ ਨੂੰ ਛੋਟੇ ਪਿਕਅੱਪ ਟਰੱਕਾਂ ਦੇ ਪਿੱਛੇ ਬਿਠਾ ਕੇ ਉੱਪਰੋਂ ਤਰਪਾਲ ਪਾ ਦਿੱਤੀ ਜਾਂਦੀ ਸੀ। ਮੈਕਸੀਕੋ ਦੀ ਭਿਆਨਕ ਗਰਮੀ ਵਿੱਚ, ਤਰਪਾਲ ਦੇ ਹੇਠਾਂ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਸੀ ਅਤੇ ਉਹ ਸਿਰਫ਼ ਤਰਪਾਲ ਦਾ ਕੋਨਾ ਚੁੱਕ ਕੇ ਤਾਜ਼ੀ ਹਵਾ ਲੈਣ ਦੀ ਕੋਸ਼ਿਸ਼ ਕਰਦੇ ਸਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਰਸਤੇ ਦੀਆਂ ਤਕਲੀਫ਼ਾਂ ਬਾਰੇ ਕਦੇ ਸੱਚ ਨਹੀਂ ਦੱਸਿਆ। ਆਪਣੇ ਮਾਪਿਆਂ ਦੀ ਚਿੰਤਾ ਘਟਾਉਣ ਲਈ ਉਹ ਫ਼ੋਨ ‘ਤੇ ਇਹੀ ਕਹਿੰਦੇ ਰਹੇ ਕਿ ਉਹ ਘੋੜਿਆਂ ‘ਤੇ ਸਫ਼ਰ ਕਰ ਰਹੇ ਹਨ ਅਤੇ ਸਭ ਕੁਝ ਬਹੁਤ ਆਰਾਮਦਾਇਕ ਹੈ।
ਡੰਕੀ: ਲੱਖਾਂ ਰੁਪਏ ਦਾ ਖ਼ਰਚਾ

ਉਨ੍ਹਾਂ ਨੇ ਦੱਸਿਆ ਕਿ ਡੰਕੀ ਲਗਾਉਣ ਦਾ ਪ੍ਰਤੀ ਵਿਅਕਤੀ 35 ਤੋਂ 40 ਲੱਖ ਰੁਪਏ ਦਾ ਖ਼ਰਚਾ ਆਸਾਨੀ ਨਾਲ ਆ ਜਾਂਦਾ ਹੈ। ਇੰਨਾ ਪੈਸਾ ਅਤੇ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾਉਣ ਦੇ ਬਾਵਜੂਦ, ਅਮਰੀਕਾ ਪਹੁੰਚ ਕੇ ਕਾਨੂੰਨੀ ਤੌਰ ‘ਤੇ ਪੱਕੇ ਹੋਣ ਦਾ ਕੋਈ ਆਸਾਨ ਤਰੀਕਾ ਨਹੀਂ ਹੈ। ਉਹ ਖ਼ੁਦ ਅਸਾਈਲਮ (ਸ਼ਰਨ) ਦੇ ਸਹਾਰੇ ਰਹਿ ਰਹੇ ਹਨ, ਜਿਸ ਕਾਰਨ ਉਹ ਆਪਣੀ ਮਰਜ਼ੀ ਨਾਲ ਭਾਰਤ ਵਾਪਸ ਵੀ ਨਹੀਂ ਆ ਸਕਦੇ। ਉਹ ਕਹਿੰਦੇ ਹਨ ਕਿ ਅਮਰੀਕਾ ਵਿੱਚ ਸ਼ੁਰੂਆਤੀ ਸਮਾਂ ਬਹੁਤ ਔਖਾ ਹੁੰਦਾ ਹੈ। ਦਸਤਾਵੇਜ਼ਾਂ ਤੋਂ ਬਿਨਾਂ ਕੰਮ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ। ਕਈ ਵਾਰ ਲੋਕ ਮਜ਼ਬੂਰੀ ਦਾ ਫ਼ਾਇਦਾ ਚੁੱਕ ਕੇ ਘੱਟ ਪੈਸੇ ਦਿੰਦੇ ਹਨ ਜਾਂ ਪੈਸੇ ਮਾਰ ਲੈਂਦੇ ਹਨ। ਉਹ ਖ਼ੁਦ ਪਹਿਲੇ ਤਿੰਨ ਮਹੀਨੇ ਬਿਨਾਂ ਕੰਮ ਦੇ ਰਹੇ ਅਤੇ ਬਾਅਦ ਵਿੱਚ ਕਿਸੇ ਤਰ੍ਹਾਂ ਰੁਜ਼ਗਾਰ ਦਾ ਪ੍ਰਬੰਧ ਹੋਇਆ।
ਸੋਸ਼ਲ ਮੀਡੀਆ ਅਤੇ ‘ਮਿੱਠੀ ਜੇਲ੍ਹ’ ਦਾ ਸੱਚ
ਸੋਸ਼ਲ ਮੀਡੀਆ ਦੀ ਚਮਕ-ਦਮਕ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਉੱਤੇ ਦਿਖਾਈ ਜਾਣ ਵਾਲੀ ਵਿਦੇਸ਼ੀ ਜ਼ਿੰਦਗੀ ਜ਼ਿਆਦਾਤਰ ਦਿਖਾਵਾ ਹੁੰਦੀ ਹੈ। ਉਨ੍ਹਾਂ ਦੇ ਅਨੁਸਾਰ ਬਾਹਰਲੀ ਜ਼ਿੰਦਗੀ ਇੱਕ “ਮਿੱਠੀ ਜੇਲ੍ਹ” ਵਰਗੀ ਹੈ, ਜਿੱਥੇ ਸੁੱਖ-ਸਹੂਲਤਾਂ ਅਤੇ ਸਾਫ਼-ਸੁਥਰਾ ਲਾਈਫਸਟਾਈਲ ਤਾਂ ਮਿਲਦਾ ਹੈ, ਪਰ ਅਸਲ ਵਿੱਚ ਆਪਣਾਪਣ ਪੂਰੀ ਤਰ੍ਹਾਂ ਗ਼ਾਇਬ ਹੁੰਦਾ ਹੈ।
ਇਸ ਤੋਂ ਇਲਾਵਾ, ਉਸ ਨੇ ਦੱਸਿਆ ਕਿ ਇੱਥੇ ਹਰ ਰੋਜ਼ ਸਿਰਫ਼ ਕੰਮ ਅਤੇ ਬਿੱਲਾਂ ਦੀ ਚਿੰਤਾ ਰਹਿੰਦੀ ਹੈ। ਬਿਮਾਰ ਜਾਂ ਥੱਕੇ ਹੋਣ ਦੇ ਬਾਵਜੂਦ ਕੰਮ ‘ਤੇ ਜਾਣਾ ਪੈਂਦਾ ਹੈ ਅਤੇ ਫਿਰ ਘਰ ਆ ਕੇ ਖ਼ੁਦ ਰੋਟੀ ਬਣਾਉਣੀ ਪੈਂਦੀ ਹੈ। ਇੰਨਾ ਹੀ ਨਹੀਂ, ਜਿਨ੍ਹਾਂ ਕੋਲ ਕਾਰ ਨਹੀਂ ਹੁੰਦੀ, ਉਹਨਾਂ ਦਾ ਅੱਧਾ ਸਮਾਂ ਬੱਸਾਂ ਦੇ ਸਫ਼ਰ ਵਿੱਚ ਲੰਘ ਜਾਂਦਾ ਹੈ। ਦੂਜੇ ਪਾਸੇ, ਪੰਜਾਬ ਵਿੱਚ ਮਾਪਿਆਂ ਦਾ ਸਹਾਰਾ ਅਤੇ ਘਰ ਦਾ ਨਿੱਘ ਹੁੰਦਾ ਹੈ, ਜਦਕਿ ਇੱਥੇ ਹਰ ਤਰ੍ਹਾਂ ਦਾ ਮਾਨਸਿਕ ਤਣਾਅ ਇਕੱਲਿਆਂ ਹੀ ਸਹਿਣਾ ਪੈਂਦਾ ਹੈ।
ਪਰਿਵਾਰ ਅਤੇ ਪੰਜਾਬੀਅਤ ਦੀ ਕਦਰ
ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਹਰ ਰੋਜ਼ ਆਪਣੇ ਪਿੰਡ, ਦੋਸਤਾਂ, ਮਾਪਿਆਂ ਅਤੇ ਗਲੀਆਂ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦੇ ਹਨ। ਪੰਜਾਬ ਵਿੱਚ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੋਵੇ ਤਾਂ ਲੋਕ ਤੁਰੰਤ ਖੜ੍ਹੇ ਹੋ ਜਾਂਦੇ ਹਨ, ਪਰ ਵਿਦੇਸ਼ਾਂ ਵਿੱਚ ਹਰ ਕੋਈ ਆਪਣੇ ਮਤਲਬ ਤੱਕ ਹੀ ਸੀਮਤ ਰਹਿੰਦਾ ਹੈ। ਰਿਹਾਇਸ਼ ਲਈ ਭਾਰੀ ਕਿਰਾਇਆ ਦੇਣਾ ਪੈਂਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਛੋਟੇ-ਛੋਟੇ ਕਮਰਿਆਂ ਵਿੱਚ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਭਾਵੇਂ ਅੰਗਰੇਜ਼ੀ ਬੋਲਣੀ ਮਜ਼ਬੂਰੀ ਬਣ ਚੁੱਕੀ ਹੈ, ਪਰ ਆਪਣੀ ਮਾਂ-ਬੋਲੀ ਪੰਜਾਬੀ ਬੋਲਣ ਨਾਲ ਜੋ ਦਿਲ ਨੂੰ ਸਕੂਨ ਮਿਲਦਾ ਹੈ, ਉਸ ਦੀ ਕੋਈ ਬਰਾਬਰੀ ਨਹੀਂ ਹੈ।
ਨੌਜਵਾਨਾਂ ਨੂੰ ਖ਼ਾਸ ਸਲਾਹ
ਉਹ ਪੰਜਾਬ ਦੇ ਨੌਜਵਾਨਾਂ ਨੂੰ ਸਲਾਹ ਦਿੰਦੇ ਹਨ ਕਿ ਕਦੇ ਵੀ ਡੰਕੀ ਲਗਾ ਕੇ ਬਾਹਰ ਜਾਣ ਦੀ ਗ਼ਲਤੀ ਨਾ ਕਰਨ। ਉਹ ਕਹਿੰਦੇ ਹਨ ਕਿ ਜੇਕਰ ਵਿਦੇਸ਼ ਜਾਣਾ ਹੀ ਹੈ ਤਾਂ ਸਟੱਡੀ ਵੀਜ਼ਾ ਜਾਂ ਕਾਨੂੰਨੀ ਢੰਗ ਨਾਲ ਜਾਓ, ਤਾਂ ਜੋ ਲੋੜ ਪੈਣ ‘ਤੇ ਤੁਸੀਂ ਆਪਣੇ ਪਰਿਵਾਰ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਲਈ ਘਰ ਵਾਪਸ ਆ ਸਕੋ। ਉਨ੍ਹਾਂ ਦੇ ਅੱਗੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਚੰਗੀ ਨੌਕਰੀ ਜਾਂ ਕਾਰੋਬਾਰ ਦਾ ਮੌਕਾ ਮਿਲਦਾ ਹੈ, ਤਾਂ ਕਿਸੇ ਨੂੰ ਵੀ ਆਪਣਾ ਘਰ ਛੱਡ ਕੇ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ। ਅਖ਼ੀਰ ਵਿੱਚ, ਉਹ ਇਹੀ ਕਹਿੰਦੇ ਹਨ ਕਿ ਪੰਜਾਬ ਵਿਦੇਸ਼ਾਂ ਤੋਂ ਉੱਤੇ ਹੈ ਜਿਸ ਦਾ ਸਕੂਨ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਨਹੀਂ ਮਿਲ ਸਕਦਾ।




Leave a Comment