ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮ ਵੱਲ ਪੰਜ ਦਰਿਆਵਾਂ ਦੀ ਜ਼ਰਖੇਜ਼ ਧਰਤੀ ਪੰਜਾਬ ਸਥਿਤ ਹੈ। ਇਸ ਦੇ ਉੱਤਰ ਵੱਲ ਹਿਮਾਲਾ ਪਰਬਤ, ਪੱਛਮ ਵੱਲ ਸੁਲੇਮਾਨ ਦੀਆਂ ਪਹਾੜੀਆਂ, ਦੱਖਣ ਵੱਲ ਵਿਸ਼ਾਲ ਮੈਦਾਨ, ਪੂਰਬ ਵੱਲ ਬੰਗਾਲ ਦੀ ਖਾੜੀ ਤੇ ਮਨਮੋਹਕ ਕੁਦਰਤੀ ਦ੍ਰਿਸ਼ ਇਸ ਖੇਤਰ ਨੂੰ ਭਾਰਤੀ ਉਪ ਮਹਾਂਦੀਪ ਵਿੱਚ ਵਿਸ਼ੇਸ਼ ਮਹੱਤਵ ਪ੍ਰਧਾਨ ਕਰਦੇ ਹਨ। ਇੱਥੇ ਹੀ ਸੰਸਾਰ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਰਿਗਵੇਦ ਦੀ ਸਿਰਜਣਾ ਹੋਈ। ਵੈਦਿਕ ਕਾਲ ਸਮੇਂ ਇਸ ਧਰਤੀ ’ਤੇ ਸੱਤ ਦਰਿਆ ਸਰਸਵਤੀ, ਸਿੰਧ, ਸਤਲੁਜ, ਬਿਆਸ, ਰਾਵੀ, ਝਨਾਂ ਤੇ ਜਿਹਲਮ ਵਗਣ ਸਦਕਾ ਇਸ ਖ਼ੂਬਸੂਰਤ ਧਰਤੀ ਨੂੰ ਸਪਤਸਿੰਧੂ ਆਖਿਆ ਜਾਂਦਾ ਸੀ। ਮੁਸਲਮਾਨਾਂ ਦੇ ਰਾਜ ਸਮੇਂ ਇਸ ਦਾ ਨਾਂ ਪੰਜਾਬ ਭਾਵ ਪੰਜ ਦਰਿਆਵਾਂ ਦੀ ਧਰਤੀ ਪੈ ਗਿਆ ਕਿਉਂਕਿ ਚੜ੍ਹਦੇ ਵੱਲ ਦੀ ਸਰਸਵਤੀ ਨਦੀ ਸੁੱਕਣ ਦੀ ਕਗਾਰ ਉੱਤੇ ਸੀ ਅਤੇ ਲਹਿੰਦੇ ਵੱਲ ਦਾ ਸਿੰਧ ਦਰਿਆ ਦਾ ਇਲਾਕਾ ਪੰਜਾਬ ਨਾਲੋਂ ਅੱਡ ਹੋ ਚੁੱਕਾ ਸੀ। ਰਮਾਇਣ ਅਤੇ ਮਹਾਂਭਾਰਤ ਵਿੱਚ ਇਸ ਭੂ-ਖੰਡ ਨੂੰ ਪੰਚ-ਨਦ ਕਿਹਾ ਗਿਆ ਹੈ।
ਪੰਜਾਬ ਸ਼ਬਦ ਫ਼ਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਪਾਣੀ। ਪੰਜਾਬ ਸ਼ਬਦ ਸਭ ਤੋਂ ਪਹਿਲਾਂ ਅਮੀਰ ਖੁਸਰੋ ਨੇ ਆਪਣੀ ਇੱਕ ਸੋਗ ਨਜ਼ਮ ‘ਮਰਸੀਆ’ ਵਿੱਚ ਵਰਤਿਆ। ਪੰਜਾਬ ਦੇ ਇਤਿਹਾਸ ਦਾ ਮੁੱਢ ਆਰੀਆ ਜਾਤੀ ਦੇ ਲੋਕਾਂ ਤੋਂ ਬੱਝਦਾ ਦਾ ਹੈ। ਇਨ੍ਹਾਂ ਨੇ ਇਸ ਧਰਤੀ ‘ਤੇ ਵੱਸਦੇ ਮੂਲ ਨਿਵਾਸੀਆਂ ‘ਦਸਿਊ’ ਦੀ ਸੱਭਿਅਤਾ ਨੂੰ ਨਸ਼ਟ ਕਰ ਕੇ ਉਨ੍ਹਾਂ ਨੂੰ ਦੱਖਣ ਵੱਲ ਧੱਕ ਦਿੱਤਾ। ਇਸ ਉਪਰੰਤ ਇਰਾਨੀਆਂ, ਵਿਦੇਸ਼ੀ ਕਬੀਲਿਆਂ, ਪਾਰਥੀਆਂ, ਕੁਸ਼ਾਨ, ਹੂਣ, ਤੁਰਕ, ਮੰਗੋਲ ਅਫ਼ਗਾਨ ਤੇ ਮੁਗਲਾਂ ਆਦਿ ਨੇ ਵਾਰੋ-ਵਾਰੀ ਹਮਲੇ ਕੀਤੇ ਅਤੇ ਇਨ੍ਹਾਂ ਕਬੀਲਿਆਂ ਦਾ ਚੌਥਾ ਹਿੱਸਾ ਸਦਾ ਲਈ ਇੱਥੇ ਵਸ ਗਿਆ। ਇਸ ਤਰਾਂ ਪੰਜਾਬ ਬਹੁ-ਭਾਂਤੀ ਸੰਸਕ੍ਰਿਤੀਆਂ ਦੇ ਮਿਸ਼ਰਣ ਦੀ ਧਰਤ ਬਣ ਗਿਆ। ਰਾਜਨੀਤਿਕ ਤੌਰ ’ਤੇ ਇਹ ਸਮਾਂ ਉੱਥਲ-ਪੁਥਲ, ਅਸ਼ਾਂਤੀ, ਅਵਿਸ਼ਵਾਸ, ਸੰਘਰਸ਼, ਮਾਰ-ਕਾਟ ਅਤੇ ਗਹਿਗੱਚ ਯੁੱਧਾਂ ਦਾ ਸੀ, ਜਿਸ ਦੇ ਫਲਸਰੂਪ ਪੰਜਾਬੀ ਸਾਹਿਤ ਨਾ ਰਚਿਆ ਜਾ ਸਕਿਆ ਤੇ ਨਾ ਹੀ ਸਾਂਭਿਆ ਜਾ ਸਕਿਆ। ਸਮੇਂ-ਸਮੇਂ ਹੁੰਦੀ ਉਥਲ- ਪੁਥਲ ਨੇ ਪੰਜਾਬੀਆਂ ਦਾ ਸੁਭਾਅ ਬਦਲ ਕੇ ਰੱਖ ਦਿੱਤਾ। ਉਨ੍ਹਾਂ ਦੇ ਇੱਕ ਹੱਥ ਵਿੱਚ ਤਲਵਾਰ ਹੁੰਦੀ ਸੀ ਅਤੇ ਦੂਜੇ ਹੱਥ ਵਿੱਚ ਹਲ ਦੀ ਮੁੱਠ। ਪੰਜਾਬ ਨੇ ਹਮੇਸ਼ਾ ਭਾਰਤ ਦੀ ਖੜਗ ਭੁਜਾ ਵਜੋਂ ਕਾਰਜ ਕੀਤਾ ਜਿਸ ਸਦਕਾ ਪੰਜਾਬੀ ਜੁਝਾਰੂ, ਸਿਰੜੀ ਤੇ ਸਹਿਨਸ਼ੀਲ ਬਣ ਗਏ।
ਪੰਜਾਬੀ ਸਾਹਿਤ ਨੇ ਮਨੁੱਖੀ ਜੀਵਨ ਦੇ ਅਨੁਭਵਾਂ, ਸਮਾਜਿਕ ਸੰਘਰਸ਼ਾਂ, ਅਧਿਆਤਮਿਕ ਚਿੰਤਨ, ਪ੍ਰੇਮ, ਵਿਦਰੋਹ, ਲੋਕ-ਸੱਭਿਆਚਾਰ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਆਪਣੀ ਅਭਿਵਿਅਕਤੀ ਦਾ ਕੇਂਦਰ ਬਣਾਇਆ ਹੈ। ਪੰਜਾਬ ਦੀ ਧਰਤੀ ਨੇ ਬਹਾਦਰੀ, ਕੁਰਬਾਨੀ, ਮਿਹਨਤ, ਸਾਂਝੀਵਾਲਤਾ ਅਤੇ ਲੋਕ-ਜੀਵਨ ਦੀਆਂ ਅਨੇਕਾਂ ਪਰੰਪਰਾਵਾਂ ਨੂੰ ਜਨਮ ਦਿੱਤਾ। ਸਾਹਿਤ ਦੇ ਇਤਿਹਾਸ ਵਿੱਚ ‘ਸੁਨਹਿਰੀ ਕਾਲ’ ਸਾਹਿਤ ਦੇ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜਦੋਂ ਉਸ ਦੀ ਸਿਰਜਣਾਤਮਕਤਾ, ਵਿਚਾਰਧਾਰਕ ਵਿਸ਼ਾਲਤਾ, ਕਲਾਤਮਕ ਪ੍ਰਾਪਤੀਆਂ ਅਤੇ ਸਮਾਜਿਕ ਪ੍ਰਭਾਵ ਵਿਸ਼ੇਸ਼ ਉਚਾਈਆਂ ਨੂੰ ਛੂਹਦੇ ਹਨ।
ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਇਹ ਸਵਾਲ ਮਹੱਤਵਪੂਰਨ ਹੈ ਕਿ ਇਸ ਦਾ ਸੁਨਹਿਰੀ ਕਾਲ ਕਿਹੜਾ ਹੈ? ਇਤਿਹਾਸਕਾਰਾਂ ਨੇ ਸਮੁੱਚੇ ਪੰਜਾਬੀ ਸਾਹਿਤ ਨੂੰ ਤਿੰਨ ਕਾਲਾਂ ਆਦਿ ਕਾਲ( 8-9 ਸਦੀ ਤੋਂ 12ਵੀਂ ਸਦੀ ਤੱਕ), ਮੱਧ ਕਾਲ (12ਵੀਂ ਸਦੀ ਤੋਂ 18ਵੀਂ ਸਦੀ ਤੱਕ) ਅਤੇ ਆਧੁਨਿਕ ਕਾਲ (19ਵੀਂ ਸਦੀ ਤੋਂ ਬਾਅਦ ) ਵਿੱਚ ਵੰਡਿਆ। ਆਦਿ ਕਾਲ ਕਿਉਂਕਿ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਤੌਰ ਉੱਤੇ ਉੱਥਲ-ਪੁਥਲ ਵਾਲਾ ਸਮਾਂ ਸੀ, ਇਸ ਲਈ ਇਤਿਹਾਸਕਾਰਾਂ ਨੇ ਮੱਧਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਮੰਨਿਆ ਹੈ। ਇਸ ਸਮੇਂ ਮੁਗਲਾਂ ਦੀ ਰਾਜਨੀਤਿਕ ਸਥਿਰਤਾ ਕਾਇਮ ਹੋ ਗਈ ਸੀ ਅਤੇ ਸੱਭਿਆਚਾਰਕ ਖੇਤਰ ਵਿੱਚ ਜਾਗ੍ਰਿਤੀ ਦਾ ਇੱਕ ਨਵਾਂ ਅਧਿਆਇ ਆਰੰਭ ਹੋਇਆ।

ਮੱਧਕਾਲੀਨ ਸੂਫ਼ੀ ਅਤੇ ਗੁਰਮਤਿ ਕਾਵਿ ਨੇ ਇਸ ਦੀ ਵਿਚਾਰਧਾਰਕ ਅਤੇ ਕਾਵਿਕ ਨੀਂਹ ਮਜ਼ਬੂਤ ਕੀਤੀ। ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀਆਂ ਰਚਨਾਵਾਂ ਦਾ ਵੱਡਾ ਹਿੱਸਾ ਮੌਖਿਕ ਪਰੰਪਰਾ ਰਾਹੀਂ ਚਲਦਾ ਰਿਹਾ। ਕਵਿਤਾ, ਲੋਕ-ਗੀਤਾਂ, ਬੁਝਾਰਤਾਂ, ਕਥਾਵਾਂ ਆਦਿ ਨੇ ਪੰਜਾਬੀ ਸਾਹਿਤ ਦੀ ਬੁਨਿਆਦ ਤਿਆਰ ਕੀਤੀ। ਕਿੱਸਾ-ਕਾਵਿ ਨੇ ਲੋਕ-ਜੀਵਨ ਅਤੇ ਪ੍ਰੇਮ ਦੀਆਂ ਕਹਾਣੀਆਂ ਨੂੰ ਕਲਾਤਮਕ ਉਚਾਈ ਦਿੱਤੀ । ਬਾਰ੍ਹਵੀਂ ਅਤੇ ਤੇਰ੍ਹਵੀਂ ਸਦੀ ’ਚ ਬਾਬਾ ਫ਼ਰੀਦ ਪੰਜਾਬੀ ਸੂਫ਼ੀ ਕਾਵਿ ਦੇ ਪ੍ਰਸਿੱਧ ਹਸਤਾਖ਼ਰ ਵਜੋਂ ਉਭਰੇ। ਉਨ੍ਹਾਂ ਦੇ 112 ਸਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ । ਬਾਬਾ ਫ਼ਰੀਦ ਬਾਣੀ ਦੀ ਵਿਸ਼ੇਸ਼ਤਾ ਇਸ ਦੀ ਸਾਦਗੀ ਅਤੇ ਅਰਥਾਂ ਦੀ ਡੂੰਘਾਈ ਹੈ। ਉਨ੍ਹਾਂ ਦੀ ਕਾਵਿ-ਦ੍ਰਿਸ਼ਟੀ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ, ਹੰਕਾਰ ਤੋਂ ਦੂਰ ਰਹਿਣ, ਜੀਵਨ ਦੀ ਨਾਸ਼ਮਾਨਤਾ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸਮਝਣ ਦੀ ਪ੍ਰੇਰਣਾ ਦਿੰਦੀ ਹੈ। ਬਾਬਾ ਫ਼ਰੀਦ ਬਾਣੀ ਦੀ ਭਾਸ਼ਾ ਲੋਕ-ਜੀਵਨ ਦੇ ਨੇੜੇ ਹੈ, ਇਸ ਲਈ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੇ ਸੁਨਹਿਰੀ ਵਿਕਾਸ ਦੀ ਨੀਂਹ ਰੱਖਣ ਵਾਲੇ ਪ੍ਰਸਿੱਧ ਪੰਜਾਬੀ ਕਵੀਆਂ ਵਿੱਚ ਗਿਣਿਆ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਪੰਜਾਬ ਦੀ ਧਰਤੀ ਨੂੰ ਇੱਕ ਅਜਿਹਾ ਨਾਇਕ ਮਿਲਿਆ ਜਿਸ ਨੇ ਸਦੀਆਂ ਤੋਂ ਦੱਬੀ ਕੁਚਲੀ ਜਨਤਾ ਨੂੰ ਪੈਰਾਂ ਸਿਰ ਕੀਤਾ। ਇਸ ਮਹਾਨ ਪੁਰਸ਼ ਸਦਕਾ ਸਦੀਆਂ ਪਿੱਛੋਂ ਮਜ਼ਲੂਮ ਜਾਤਾਂ ਅੰਦਰ ਜੋਸ਼ ਅਤੇ ਹੋਸ਼ ਦੀ ਭਾਵਨਾ ਪੈਦਾ ਹੋਈ। ਪੰਜਾਬ ਨੂੰ ਇੱਕ ਧਰਮ, ਇੱਕ ਬੋਲੀ, ਇੱਕ ਲਿਪੀ, ਅਣਖ਼, ਗ਼ੈਰਤ ਅਤੇ ਜਿਊਣ ਦਾ ਹੱਕ ਮਿਲਿਆ। ਲੁਕਾਈ ਦੀ ਸਮੁੱਚੀ ਸ਼ਖਸ਼ੀਅਤ ਉਸਾਰੀ ਹੋਈ। ਪੰਜਾਬੀਆਂ ਦੇ ਮਨ ਵਿੱਚੋਂ ਸਦੀਆਂ ਦੀ ਗੁਲਾਮੀ ਖ਼ਤਮ ਕਰਨ ਦੀ ਰੀਝ ਪੈਦਾ ਹੋ ਗਈ। ਗੁਰੂ ਜੀ ਨੇ ਜਪੁ ,ਸਿਧ ਗੋਸਟਿ , ਪੱਟੀ, ਬਾਰਾਂਮਾਹ, ਥਿਤੀ, ਸੋ ਦਰ, ਅਲਾਉਣੀਆਂ, ਆਰਤੀ, ਚੌਪਦੇ, ਅਸ਼ਟਪਦੀਆਂ, ਸਲੋਕ ਆਦਿ ਰੂਪਾਂ ਅਤੇ ਰਾਗ ਆਸਾ, ਰਾਗ ਮਾਝ ਅਤੇ ਰਾਗ ਮਲਾਰ ਤਿੰਨ ਵਾਰਾਂ ਵੀ ਲਿਖ ਕੇ ਮਨੁੱਖਤਾ ਨੂੰ ਸੱਚੇ ਜੀਵਨ, ਮਨੁੱਖੀ ਬਰਾਬਰੀ, ਨੈਤਿਕਤਾ, ਕਿਰਤ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਧਾਰਮਿਕ ਦਿਖਾਵੇ, ਅੰਧਵਿਸ਼ਵਾਸ, ਪਖੰਡ ਅਤੇ ਮਨੁੱਖੀ ਵੰਡਾਂ ਉੱਤੇ ਸਵਾਲ ਉਠਾਏ। ਗੁਰੂ ਨਾਨਕ ਦੇਵ ਜੀ ਨੇ ਸੱਚ ਨੂੰ ਕੇਵਲ ਵਿਚਾਰ ਨਹੀਂ, ਸਗੋਂ ਜੀਵਨ ਵਿੱਚ ਅਮਲ ਕਰਨ ਵਾਲਾ ਮੁੱਲ ਮੰਨਿਆ ਗਿਆ ਹੈ। ਰੂਪਕ ਪੱਖੋਂ ਰਾਗਵੱਧਤਾ ਉਨ੍ਹਾਂ ਦੀ ਬਾਣੀ ਦਾ ਪ੍ਰਮੁੱਖ ਗੁਣ ਹੈ। ਉਨ੍ਹਾਂ ਨੇ 19 ਰਾਗਾਂ ਵਿੱਚ ਬਾਣੀ ਰਚੀ, ਇਸ ਤੋਂ ਇਲਾਵਾ ਪ੍ਰਕਿਰਤੀ ਚਿਤਰਣ , ਉਪਮਾ, ਰੂਪਕ, ਦ੍ਰਿਸ਼ਟਾਂਤ, ਅਤਿਕਥਨੀ, ਅਨੁਪ੍ਰਾਸ ਆਦਿ ਅਲੰਕਾਰਾਂ ਦੀ ਵਰਤੋਂ ਕਰਕੇ ਆਪਣੀ ਬਾਣੀ ਨੂੰ ਸ਼ਿੰਗਾਰਿਆ। ਉਨ੍ਹਾਂ ਨੇ ਲੋਕ ਭਾਸ਼ਾ ਵਿੱਚ ਆਪਣਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਬਾਣੀ ਦੀ ਮੂਲ ਭਾਸ਼ਾ ਪੰਜਾਬੀ ਹੈ ਪਰ ਫ਼ਾਰਸੀ ਅਤੇ ਸਾਧ ਭਾਸ਼ਾ ਦਾ ਪ੍ਰਭਾਵ ਵੀ ਪ੍ਰਤੱਖ ਦਿਖਾਈ ਦਿੰਦਾ ਹੈ।।
ਗੁਰੂ ਅੰਗਦ ਦੇਵ ਜੀ ਨੇ 63 ਸਲੋਕ ਲਿਖੇ । ਉਨ੍ਹਾਂ ਦੀ ਬਾਣੀ ਦੀ ਮੂਲ ਸੁਰ ਨਿਰਮਾਣਤਾ, ਗੁਰੂ ਮਹਿਮਾ, ਗੁਰੂ ਭਗਤੀ, ਸ਼ਰਧਾ ਅਤੇ ਪ੍ਰੇਮ ਹੈ। ਉਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਵਿਗਿਆਨਿਕ ਤਰਤੀਬ ਦਿੱਤੀ ਅਤੇ ਇਸ ਦੀ ਪੜ੍ਹਾਈ ਲਿਖਾਈ ਲਈ ਉਚੇਚੇ ਯਤਨ ਕੀਤੇ। ਗੁਰਮੁਖੀ ਦੀ ਪ੍ਰਸਾਰ-ਪਰੰਪਰਾ ਨੇ ਪੰਜਾਬੀ ਵਿੱਚ ਧਾਰਮਿਕ ਬਾਣੀ, ਇਤਿਹਾਸਕ ਲਿਖਤਾਂ ਅਤੇ ਹੋਰ ਸਾਹਿਤਕ ਰਚਨਾਵਾਂ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਯੋਗਦਾਨ ਪਾਇਆ। ਗੁਰਮਤਿ ਕਾਵਿ ਦੀ ਪਰੰਪਰਾ ਵਿੱਚ ਅਗਲੇ ਗੁਰੂ ਸਾਹਿਬਾਨ ਨੇ ਵੀ ਅਧਿਆਤਮਿਕਤਾ, ਸੇਵਾ, ਪ੍ਰੇਮ, ਨਿਮਰਤਾ ਅਤੇ ਸਮਾਜਿਕ ਸਾਂਝ ਦੇ ਵਿਸ਼ਿਆਂ ਨੂੰ ਵਿਸਤਾਰ ਦਿੱਤਾ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ,ਪੱਟੀ, ਅਲਾਉਣੀਆਂ, ਵਾਰਾਂ ਆਦਿ ਬਾਣੀ ਤੋਂ ਬਿਨਾਂ ਚੌਪਦੇ, ਅਸ਼ਟਪਦੀਆਂ, ਸਲੋਕ ਵੀ ਲਿਖੇ । ਉਨ੍ਹਾਂ ਦੀ ਸਮੁੱਚੀ ਬਾਣੀ 18 ਰਾਗਾਂ ਵਿੱਚ ਹੈ। ਉਨ੍ਹਾਂ ਨੇ ਜਾਤ-ਪਾਤ ਅਤੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਤੇ ਸੇਵਾ ਦਾ ਸੰਕਲਪ ਦਿੱਤਾ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ। ਉਨ੍ਹਾਂ ਨੇ ਚੌਪਦੇ, ਅਸ਼ਟਪਦੀਆਂ, ਸਲੋਕ, ਕਰਹਲੇ ਆਦਿ ਤੋਂ ਬਿਨਾਂ ਅੱਠ ਬਾਰਾਂ ਰਚੀਆਂ। ਉਨ੍ਹਾਂ ਦੀ ਬਾਣੀ ਦਾ ਪ੍ਰਮੁੱਖ ਅਧਾਰ ਗੁਰੂ ਨਾਨਕ ਆਸ਼ੇ ਵਾਲਾ ਹੀ ਹੈ ਤੇ ਉਨ੍ਹਾਂ ਨੇ ਪਰਮਾਤਮਾ ਦੀ ਸਰਬਉਚਤਾ ਬਾਰੇ ਲਿਖਿਆ ਕਿ :

ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਧ ਬਾਣੀ ਰਚੀ ਉਨਾਂ ਨੇ 30 ਰਾਗਾਂ ਵਿੱਚ ਸੁਖਮਨੀ ਸਾਹਿਬ , ਬਾਵਨ ਅੱਖਰੀ, ਬਾਰਾਮਾਹ, ਥਿਤੀ, ਰੁਤੀ ਆਦਿ ਬਾਣੀ ਰਚੀ। ਸੁਖਮਨੀ ਸਾਹਿਬ ਉਨ੍ਹਾਂ ਦੀ ਸ਼ਾਹਕਾਰ ਰਚਨਾ ਹੈ ਅਤੇ ਬਾਰਾਮਾਹ ਉਨ੍ਹਾਂ ਦੀ ਦੂਜੀ ਪ੍ਰਮੁੱਖ ਰਚਨਾ ਹੈ ਜਿਸ ਦਾ ਮਹੱਤਵ ਅਧਿਆਤਮਕ ਹੋਣ ਦੇ ਨਾਲ-ਨਾਲ ਸੰਸਥਾਗਤ ਵੀ ਹੈ। ਉਨ੍ਹਾਂ ਦੀ ਸਮੁੱਚੀ ਬਾਣੀ ਕਲਾਤਮਕ ਪੱਖੋਂ ਕਾਫ਼ੀ ਅਮੀਰ ਹੈ। ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਆਦਿ ਗ੍ਰੰਥ ਦਾ ਸੰਕਲਨ ਕਰਵਾਇਆ। ਇਸ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਦਰਜ਼ ਕਰਵਾਈ। ਇਸ ਗ੍ਰੰਥ ਵਿੱਚ ਵੱਖ-ਵੱਖ ਭਾਸ਼ਾਈ ਰੂਪਾਂ ਅਤੇ ਖੇਤਰੀ ਬੋਲੀਆਂ ਦੇ ਤੱਤ ਮੌਜੂਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧਯੁਗ ਦੀ ਨਿਰਗੁਣ ਕਾਵਧਾਰਾ ਦਾ ਵਿਸ਼ਾਲ ਕੋਸ਼ ਹੈ ਅਤੇ ਇਸ ਦਾ ਮੱਧਕਾਲੀਨ ਉੱਤਰੀ ਭਾਰਤ ਦੀ ਸਾਹਿਤਕ ਅਤੇ ਭਾਸ਼ਾਈ ਵਿਰਾਸਤ ਦੇ ਮਹੱਤਵਪੂਰਨ ਸਰੋਤ ਵਜੋਂ ਵੀ ਅਧਿਐਨ ਕੀਤਾ ਜਾਂਦਾ ਹੈ। ਸਿੱਖ ਸਿਧਾਂਤ ਦੇ ਮੁੱਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਜਿਨ੍ਹਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੀ ਕੂੰਜੀ ਆਖਿਆ ਜਾਂਦਾ ਹੈ ਨੇ ਪੰਜਾਬੀ ਭਾਸ਼ਾ ਵਿੱਚ 39 ਵਾਰਾਂ ਰਚੀਆਂ ਅਤੇ ਬ੍ਰਿਜ ਭਾਸ਼ਾ ਵਿੱਚ 600 ਤੋਂ ਉੱਪਰ ਕਬਿਤ ਦੇ ਸਵਈਏ ਰਚੇ। ਉਨ੍ਹਾਂ ਦੀਆਂ ਵਾਰਾਂ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰਮਤਿ ਦੇ ਸੰਕਲਪਾਂ ਦੀ ਵਿਆਖਿਆ ਨਾਲ ਸਬੰਧਤ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 59 ਸ਼ਬਦਾਂ ਅਤੇ 57 ਸਲੋਕ ਲਿਖੇ। ਉਨਾਂ ਦੀ ਸਮੁੱਚੀ ਬਾਣੀ ਸੰਸਾਰ ਦੀ ਨਾਸ਼ਮਾਨਤਾ, ਸਥਿਰਤਾ ਅਤੇ ਵੈਰਾਗ ਨਾਲ ਸੰਬੰਧਿਤ ਹੈ। ਉਨ੍ਹਾਂ ਨੇ ਸੰਸਾਰ ਦੀ ਨਾਸ਼ਮਾਨਤਾ ਨੂੰ ਬਾਦਰ ਦੀ ਜਾਈ, ਬਾਲੂ ਕੀ ਭੀਤ, ਪਾਣੀ ਦਾ ਬੁਲਬੁਲਾ ਆਦਿ ਅਲੰਕਾਰ ਦੁਆਰਾ ਰੂਪਮਾਨ ਕੀਤਾ। ਉਨ੍ਹਾਂ ਵੱਲੋਂ ਵਰਤੇ ਗਏ ਬਿੰਬ, ਪ੍ਰਤੀਕ, ਅਲੰਕਾਰ ਅਸਲੋਂ ਹੀ ਵਿਲੱਖਣ ਹਨ। ਉਨ੍ਹਾਂ ਦੀ ਕਾਵਿ ਭਾਸ਼ਾ ਪੰਜਾਬੀ ਤੇ ਬ੍ਰਿਜ ਭਾਸ਼ਾ ਦੇ ਵਧੇਰੇ ਨੇੜੇ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ, ਅਕਾਲ ਉਸਤਤਿ, ਬਚਿੱਤਰ ਨਾਟਕ, ਚੰਡੀ ਦੀ ਵਾਰ ਅਤੇ ਜ਼ਫਰਨਾਮਾ ਆਦਿ ਲਿਖ ਕੇ ਪੰਜਾਬੀ ਸਾਹਿਤ ਪਿੜ ਨੂੰ ਮੋਕਲਾ ਕੀਤਾ। ਪੰਜਾਬੀ ਸਾਹਿਤ ਦੇ ਵਿਕਾਸ ਅਤੇ ਸਾਂਭ ਸੰਭਾਲ ਲਈ ਉਨ੍ਹਾਂ ਨੇ ਆਪਣੇ ਦਰਬਾਰ ਵਿੱਚ 52 ਪ੍ਰਸਿੱਧ ਪੰਜਾਬੀ ਕਵੀਆਂ ਨੂੰ ਰੱਖਿਆ। ਉਨ੍ਹਾਂ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਸਾਹਿਤ ਰਚਨਾ ਦੇ ਇੱਕ ਕੇਂਦਰ ਵਜੋਂ ਉਭਰਿਆ। ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਚੰਡੀ ਦੀ ਵਾਰ ਲਿਖੀ ਤੇ ਜ਼ਫਰਨਾਮਾ ਫਾਰਸੀ ਭਾਸ਼ਾ ਵਿੱਚ ਲਿਖਿਆ।

ਪੰਜਾਬੀ ਸਾਹਿਤ ਦੀ ਸੁਨਹਿਰੀ ਵਿਰਾਸਤ ਦਾ ਦੂਜਾ ਮਹੱਤਵਪੂਰਨ ਪੱਖ ਸੂਫ਼ੀ ਕਾਵਿ ਹੈ। ਸੂਫ਼ੀ ਕਵੀਆਂ ਨੇ ਪ੍ਰੇਮ, ਵਿਛੋੜੇ, ਰੂਹਾਨੀ ਅਨੁਭਵ, ਆਤਮ-ਪਛਾਣ ਅਤੇ ਸਮਾਜਿਕ ਪਾਖੰਡ ਵਰਗੇ ਵਿਸ਼ਿਆਂ ਨੂੰ ਕਾਵਿ ਦਾ ਆਧਾਰ ਬਣਾਇਆ। ਸ਼ਾਹ ਹੁਸੈਨ (1538–1599), ਸੁਲਤਾਨ ਬਾਹੂ (1630–1691) ਅਤੇ ਬੁੱਲ੍ਹੇ ਸ਼ਾਹ ( 1680–1757) ਆਦਿ ਪੰਜਾਬੀ ਸੂਫ਼ੀ ਕਾਵਿ ਦੇ ਪ੍ਰਮੁੱਖ ਨਾਂ ਹਨ। ਬੁੱਲ੍ਹੇ ਸ਼ਾਹ ਦੀ ਕਵਿਤਾ ਵਿੱਚ ਰੂੜ੍ਹੀਵਾਦੀ ਸੋਚ, ਧਾਰਮਿਕ ਦਿਖਾਵੇ ਅਤੇ ਮਨੁੱਖੀ ਵੰਡਾਂ ਬਾਰੇ ਸਵਾਲ ਉਠਾਏ ਜਾਂਦੇ ਹਨ। ਉਨ੍ਹਾਂ ਦੀ ਕਾਵਿ-ਭਾਸ਼ਾ ਲੋਕਾਂ ਦੀ ਬੋਲਚਾਲ ਦੇ ਨੇੜੇ ਹੈ। ਸੂਫ਼ੀ ਕਾਵਿ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਇਸ ਨੇ ਪੰਜਾਬੀ ਸਾਹਿਤ ਨੂੰ ਲੋਕ-ਮਨ ਨਾਲ ਜੋੜਿਆ ਅਤੇ ਮਨੁੱਖੀ ਅਨੁਭਵਾਂ ਦੀਆਂ ਅਜਿਹੀਆਂ ਪਰਤਾਂ ਨੂੰ ਪ੍ਰਗਟ ਕੀਤਾ ਜੋ ਸਮੇਂ ਦੀਆਂ ਹੱਦਾਂ ਤੋਂ ਪਾਰ ਵੀ ਅਰਥਪੂਰਨ ਰਹਿੰਦੀਆਂ ਹਨ।
ਪੰਜਾਬੀ ਸਾਹਿਤ ਦੇ ਮੱਧਕਾਲੀਨ ਸਾਹਿਤ ਦੇ ਵਿਕਾਸ ਵਿੱਚ ਕਿੱਸਾ-ਕਾਵਿ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ। ਕਿੱਸਾ ਇੱਕ ਕਥਾਤਮਕ ਕਾਵਿ-ਰੂਪ ਹੈ ਜਿਸ ਵਿੱਚ ਪ੍ਰੇਮ-ਕਹਾਣੀ, ਸਮਾਜਿਕ ਟਕਰਾਅ, ਪਰਿਵਾਰਕ ਸੰਬੰਧ, ਰੀਤੀ-ਰਿਵਾਜ ਅਤੇ ਮਨੁੱਖੀ ਭਾਵਨਾਵਾਂ ਨੂੰ ਕਾਵਿਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਕਿੱਸਾ-ਕਾਵਿ ਦੀ ਪਰੰਪਰਾ ਵਿੱਚ ਦਮੋਦਰ, ਪੀਲੂ, ਹਾਸ਼ਮ ਸ਼ਾਹ, ਵਾਰਿਸ ਸ਼ਾਹ ਅਤੇ ਹੋਰ ਕਿੱਸੇਕਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਹੀਰ-ਰਾਂਝਾ, ਸੱਸੀ-ਪੁੰਨੂੰ ਅਤੇ ਸੋਹਣੀ-ਮਹੀਂਵਾਲ ਵਰਗੀਆਂ ਕਥਾਵਾਂ ਪੰਜਾਬੀ ਲੋਕ-ਚੇਤਨਾ ਦਾ ਅਹਿਮ ਹਿੱਸਾ ਹਨ। ਵਾਰਿਸ ਸ਼ਾਹ ਦੀ ‘ਹੀਰ’ ਪੰਜਾਬੀ ਕਿੱਸਾ-ਕਾਵਿ ਦੀਆਂ ਸਭ ਤੋਂ ਪ੍ਰਸਿੱਧ ਰਚਨਾਵਾਂ ਵਿੱਚੋਂ ਇੱਕ ਹੈ। ਉਸ ਦੀ ‘ਹੀਰ’ ਸਿਰਫ਼ ਪ੍ਰੇਮ-ਕਹਾਣੀ ਨਹੀਂ, ਸਗੋਂ ਪੰਜਾਬ ਦੇ ਸਮਾਜਿਕ ਜੀਵਨ, ਪਰਿਵਾਰਕ ਸੰਬੰਧਾਂ, ਜਾਤੀਗਤ ਅਤੇ ਲਿੰਗਕ ਧਾਰਨਾਵਾਂ, ਧਾਰਮਿਕ ਅਤੇ ਸੰਸਥਾਗਤ ਨੇਮਾਂ ਨੂੰ ਸਮਝਣ ਲਈ ਮਹੱਤਵਪੂਰਨ ਸਾਹਿਤਕ ਰਚਨਾ ਹੈ। ਕਿੱਸਾ-ਕਾਵਿ ਨੂੰ ਸੁਨਹਿਰੀ ਸਾਹਿਤਕ ਵਿਰਾਸਤ ਦਾ ਹਿੱਸਾ ਮੰਨਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਨੇ ਲੋਕ-ਕਥਾ ਨੂੰ ਉੱਚ ਪੱਧਰੀ ਕਾਵਿਕ ਕਲਾ ਨਾਲ ਜੋੜਿਆ। ਸਮੁੱਚੇ ਕਿੱਸਾ ਕਾਵਿ ਦੀ ਕਾਵਿ-ਕਲਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸੰਵਾਦ, ਵਿਅੰਗ, ਮੁਹਾਵਰੇਦਾਰ ਭਾਸ਼ਾ, ਪੇਂਡੂ ਜੀਵਨ ਦਾ ਚਿੱਤਰਣ ਅਤੇ ਮਨੁੱਖੀ ਸੁਭਾਅ ਦੀ ਡੂੰਘੀ ਸਮਝ ਸ਼ਾਮਲ ਹਨ। ਲੋਕ-ਸਾਹਿਤ ਪੰਜਾਬੀ ਸਾਹਿਤ ਦੀ ਅਮੀਰ ਵਿਰਾਸਤ ਦਾ ਇਕ ਅਹਿਮ ਪਹਿਲੂ ਹੈ। ਲੋਕ-ਗੀਤ, ਬੋਲੀਆਂ, ਟੱਪੇ, ਮਾਹੀਆ, ਸੁਹਾਗ, ਘੋੜੀਆਂ, ਵਾਰਾਂ, ਲੋਕ-ਕਥਾਵਾਂ ਅਤੇ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦੇ ਅਹਿਮ ਰੂਪ ਹਨ। ਲੋਕ ਸਾਹਿਤ ਮੌਖਿਕ ਪਰੰਪਰਾ ਰਾਹੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਿਆ। ਇਸ ਵਿੱਚ ਵਿਆਹ, ਖੇਤੀਬਾੜੀ, ਰੁੱਤਾਂ, ਵਿਛੋੜੇ, ਮਿਹਨਤ, ਤਿਉਹਾਰਾਂ ਅਤੇ ਪਰਿਵਾਰਕ ਜੀਵਨ ਦੀਆਂ ਝਲਕਾਂ ਮਿਲਦੀਆਂ ਹਨ। ਇਸ ਨੇ ਲੋਕਾਂ ਦੇ ਅਨੁਭਵਾਂ ਨੂੰ ਸਾਹਿਤਕ ਅਭਿਵਿਅਕਤੀ ਦਾ ਦਰਜਾ ਦਿੱਤਾ।
ਇਸ ਤਰ੍ਹਾਂ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ (ਮੱਧਕਾਲੀਨ ) ਇੱਕ ਲਗਾਤਾਰ ਚੱਲਣ ਵਾਲੀ ਰਚਨਾਤਮਕ ਪ੍ਰਕਿਰਿਆ ਹੈ। ਇਸ ਨੇ ਵੱਖ-ਵੱਖ ਇਤਿਹਾਸਕ ਦੌਰਾਂ ਵਿੱਚ ਮਨੁੱਖੀ ਜੀਵਨ ਦੀਆਂ ਗੁੰਝਲਾਂ ਨੂੰ ਸਮਝਣ, ਸਮਾਜਿਕ ਅਨਿਆਂ ਬਾਰੇ ਸਵਾਲ ਉਠਾਉਣ ਅਤੇ ਭਾਸ਼ਾਈ ਤੇ ਸੱਭਿਆਚਾਰਕ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੋਇਆ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਬਣ ਕੇ ਉਭਰਿਆ ਤੇ ਇਸ ਨੇ ਲੁਕਾਈ ਦੀ ਬੌਧਿਕ ਕੰਗਾਲੀ ਨੂੰ ਖਤਮ ਕਰਕੇ ਉਹਨਾਂ ਅੰਦਰ ਚੇਤਨਾ ਪੈਦਾ ਕੀਤੀ ਇਹ ਚੇਤਨਾ ਅਗੋਂ ਸਮਾਜ ਸੁਧਾਰ ਦਾ ਹਥਿਆਰ ਬਣ ਕੇ ਸਾਹਮਣੇ ਆਈ। ਇਸ ਕਾਲ ਦੇ ਸਾਹਿਤ ਦੀ ਉੱਤਮਤਾ, ਅਨੇਕਤਾ, ਵਿਸ਼ਾਲਤਾ , ਸਰੋਕਾਰ, ਰੂਪਕ ਪਕਿਆਈ, ਸਾਹਿਤਿਕ ਜਾਗ੍ਰਿਤੀ, ਸਾਹਿਤਕ ਕਿਰਤਾਂ ਦੀ ਸੰਭਾਲ ਆਦਿ ਕੁਝ ਅਜਿਹੇ ਪੱਖ ਹਨ ਜਿਸ ਸਦਕਾ ਇਸ ਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਆਖਿਆ ਜਾਂਦਾ ਹੈ।



Leave a Comment