diljit dosanjh delhi concert

ਦਿੱਲੀ ਕੰਸਰਟ ‘ਚ ਦਿਲਜੀਤ ਦੋਸਾਂਝ ਦਾ ਜਲਵਾ, ਪੁਲਿਸ ਮੁਲਾਜ਼ਮਾਂ ਦਾ ਸਨਮਾਨ, ਸਟੇਜ ਤੋਂ ਆਲੋਚਕਾਂ ਨੂੰ ਕਰਾਰਾ ਜਵਾਬ – ‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’

ਦਿਲ ਜਿੱਤਣ ਦਾ ਹੁਨਰ ਹੋਵੇ ਤਾਂ ਦੋਸਾਂਝਾ ਵਾਲਿਆ ਵਰਗਾ!

ਕਦੇ ਆਪਣੇ ਗੀਤਾਂ ਨਾਲ, ਕਦੇ ਆਪਣੇ ਅੰਦਾਜ਼ ਨਾਲ ਅਤੇ ਕਦੇ ਆਪਣੀਆਂ ਗੱਲਾਂ ਨਾਲ ਦਿਲਜੀਤ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਇਆ ਉਨ੍ਹਾਂ ਦਾ ਕੰਸਰਟ ਵੀ ਕੁਝ ਅਜਿਹਾ ਹੀ ਰਿਹਾ। ‘ਰੂਪੇ ਔਰਾ ਇੰਡੀਆ ਟੂਰ 2026’ ਦੀ ਸ਼ੁਰੂਆਤ ਕਰਦਿਆਂ ਦਿਲਜੀਤ ਨੇ ਜਿੱਥੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ, ਉੱਥੇ ਹੀ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਕੇ ਅਤੇ ਫਿਲਮ ‘ਸਤਲੁਜ’ ਦੇ ਵਿਵਾਦ ‘ਤੇ ਆਪਣਾ ਪੱਖ ਰੱਖ ਕੇ ਵੀ ਸੁਰਖੀਆਂ ਬਟੋਰੀਆਂ।

ਹਾਊਸਫੁੱਲ ਸ਼ੋਅ, ਗੀਤਾਂ ਦਾ ਜਾਦੂ ਤੇ ਪ੍ਰਸ਼ੰਸਕਾਂ ਦਾ ਪਿਆਰ

delhi concert
Pic Credit: The Hindu

ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦਿਲਜੀਤ ਦੋਸਾਂਝ ਦੀ ਐਂਟਰੀ ਤੋਂ ਲੈ ਕੇ ਉਨ੍ਹਾਂ ਦੀ ਹਰ ਪੇਸ਼ਕਾਰੀ ਤੱਕ ਦਰਸ਼ਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਹਾਊਸਫੁੱਲ ਸ਼ੋਅ ਦੌਰਾਨ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਦਿਲਜੀਤ ਦੇ ਗੀਤਾਂ ‘ਤੇ ਝੂਮਦਾ ਨਜ਼ਰ ਆਇਆ।

ਦਿਲਜੀਤ ਦੀ ਖ਼ਾਸੀਅਤ ਸਿਰਫ਼ ਉਨ੍ਹਾਂ ਦੀ ਗਾਇਕੀ ਹੀ ਨਹੀਂ, ਸਗੋਂ ਲੋਕਾਂ ਨਾਲ ਜੁੜਨ ਅਤੇ ਹਰ ਕਿਸੇ ਦਾ ਸਨਮਾਨ ਕਰਨ ਦਾ ਉਨ੍ਹਾਂ ਦਾ ਅੰਦਾਜ਼ ਵੀ ਹੈ। ਇਸ ਦੀ ਝਲਕ ਦਿੱਲੀ ਕੰਸਰਟ ਦੌਰਾਨ ਵੀ ਦੇਖਣ ਨੂੰ ਮਿਲੀ।

ਜਦੋਂ ਪੁਲਿਸ ਮੁਲਾਜ਼ਮਾਂ ਦੇ ਸਨਮਾਨ ‘ਚ ਰੋਕੀ ਪੇਸ਼ਕਾਰੀ

ਕੰਸਰਟ ਦੌਰਾਨ ਦਿਲਜੀਤ ਦੀ ਨਜ਼ਰ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ‘ਤੇ ਪਈ ਤਾਂ ਉਨ੍ਹਾਂ ਨੇ ਕੁਝ ਸਮੇਂ ਲਈ ਆਪਣੀ ਪੇਸ਼ਕਾਰੀ ਰੋਕ ਦਿੱਤੀ। ਉਨ੍ਹਾਂ ਨੇ ਨਾ ਸਿਰਫ਼ ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਅਤੇ ਮਿਹਨਤ ਦੀ ਸ਼ਲਾਘਾ ਕੀਤੀ, ਸਗੋਂ ਉੱਥੇ ਮੌਜੂਦ ਲੋਕਾਂ ਨੂੰ ਵੀ ਉਨ੍ਹਾਂ ਦੇ ਸਨਮਾਨ ਵਿੱਚ ਤਾੜੀਆਂ ਵਜਾਉਣ ਦੀ ਅਪੀਲ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਇੱਕ ਮਹਿਲਾ ਸੀਆਰਪੀਐੱਫ (CRPF) ਅਧਿਕਾਰੀ ਨਾਲ ਵੀ ਭਾਵੁਕ ਪਲ ਸਾਂਝਾ ਕੀਤਾ। ਦਿਲਜੀਤ ਦੇ ਇਸ ਅੰਦਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਕੰਸਰਟ ਦੀ ਸੁਰੱਖਿਆ ਲਈ ਤਾਇਨਾਤ ਪੂਰੇ ਪੁਲਿਸ ਦਸਤੇ ਦਾ ਧੰਨਵਾਦ ਵੀ ਕੀਤਾ।

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, ਫਿਲਮ ‘ਸਤਲੁਜ’ ਵਿਵਾਦ ‘ਤੇ ਦਿਲਜੀਤ ਦਾ ਜਵਾਬ

ਕੰਸਰਟ ਦੀ ਸਭ ਤੋਂ ਵੱਧ ਚਰਚਾ ਉਨ੍ਹਾਂ ਦੀ ਉਸ ਟਿੱਪਣੀ ਦੀ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਆਨਲਾਈਨ ਆਲੋਚਨਾ ‘ਤੇ ਗੱਲ ਕੀਤੀ।

ਸਟੇਜ ਤੋਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਦਿਲਜੀਤ ਨੇ ਕਿਹਾ ਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਹਨ, ਕਿਉਂਕਿ ਉਹ ਇੱਕ ਕਲਾਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀਆਂ ਦੇ ਸੰਘਰਸ਼ਾਂ ਅਤੇ ਇਤਿਹਾਸ ਨੂੰ ਸਮਝਣ ਦੀ ਗੱਲ ਵੀ ਆਖੀ।

ਦਿਲਜੀਤ ਨੇ ਕਿਹਾ, “ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ ਕਿਉਂਕਿ ਮੈਂ ਇੱਕ ਕਲਾਕਾਰ ਹਾਂ, ਬ੍ਰੋ। ਮੈਂ ਚੁੱਪ ਹਾਂ, ਇਸ ਲਈ ਮੈਨੂੰ ਚੁੱਪ ਹੀ ਰਹਿਣ ਦਿਓ। ਮੈਂ ਤੁਹਾਡੇ ਸਾਰਿਆਂ ਦਾ ਸਮਰਥਨ ਕਰਦਾ ਹਾਂ। ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ।”

ਫਿਲਮ ‘ਸਤਲੁਜ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਜਿਸ ਫਿਲਮ ਦਾ ਤੁਸੀਂ ਸਟੇਜ ‘ਤੇ ਮਜ਼ਾਕ ਉਡਾ ਰਹੇ ਹੋ, ਜਸਵੰਤ ਸਿੰਘ ਖਾਲੜਾ ਦੀ ਫਿਲਮ, ਅਸੀਂ ਉਸ ਫਿਲਮ ਲਈ ਲੰਬੇ ਸਮੇਂ ਤੱਕ ਲੜਾਈ ਲੜੀ ਹੈ। ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਵੀ ਕੋਈ ਗੱਲ ਨਹੀਂ। ਪਰ ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ।”

ਦੱਸਣਯੋਗ ਹੈ ਕਿ CJP ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਸੀ ਕਿ ਕਲਾਕਾਰਾਂ ਨੂੰ ਅਹਿਮ ਮੁੱਦਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਜਿਹੇ ਮੁੱਦਿਆਂ ‘ਤੇ ਚੁੱਪ ਰਹਿਣ ਨਾਲ ਕਲਾਕਾਰਾਂ ਦੀਆਂ ਫਿਲਮਾਂ ‘ਤੇ ਵਾਰ-ਵਾਰ ਪਾਬੰਦੀ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਫਿਲਮ ‘ਸਤਲੁਜ’ ਨਾਲ ਜੁੜੇ ਵਿਵਾਦ ਵੱਲ ਇਸ਼ਾਰਾ ਮੰਨੀ ਗਈ ਸੀ।

ਦਿਲਜੀਤ ਨੇ ਆਪਣੇ ਹੀ ਅੰਦਾਜ਼ ਵਿੱਚ ਇਸ ਆਲੋਚਨਾ ਦਾ ਜਵਾਬ ਦਿੱਤਾ ਅਤੇ ਪੰਜਾਬੀਆਂ ਦੇ ਸੰਘਰਸ਼ਾਂ ਨੂੰ ਹਲਕੇ ਵਿੱਚ ਨਾ ਲੈਣ ਦੀ ਗੱਲ ਆਖੀ।

‘ਛੋਟਾ ਭਰਾ ਸਮਝ ਕੇ ਮਿੱਟੀ ਪਾਓ’, ਅਭਿਜੀਤ ਦੀਪਕੇ ਨੇ ਵੀ ਦਿੱਤਾ ਜਵਾਬ

ਦਿਲਜੀਤ ਦੇ ਕੰਸਰਟ ਵਿੱਚ ਦਿੱਤੇ ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਜੂਨ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਿਲਜੀਤ ਦੀ ਟਿੱਪਣੀ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਸੀ, ਪਰ ਇਸ ਦੇ ਬਾਵਜੂਦ ਗਾਇਕ ਲਈ ਉਨ੍ਹਾਂ ਦਾ ਸਤਿਕਾਰ ਅਤੇ ਪ੍ਰਸ਼ੰਸਾ ਬਰਕਰਾਰ ਹੈ।

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਪੋਸਟ ਵਿੱਚ ਦੀਪਕੇ ਨੇ ਲਿਖਿਆ ਕਿ ਉਨ੍ਹਾਂ ਨੂੰ ਦਿਲਜੀਤ ਤੋਂ ਇਸ ਲਈ ਨਿਰਾਸ਼ਾ ਹੋਈ ਸੀ ਕਿਉਂਕਿ ਉਹ ਹਮੇਸ਼ਾ ਗਾਇਕ ਨੂੰ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਵਿਅਕਤੀ ਵਜੋਂ ਦੇਖਦੇ ਰਹੇ ਹਨ।

ਉਨ੍ਹਾਂ ਕਿਹਾ, “ਭਾਜੀ, ਜੂਨ ਵਿੱਚ ਜਦੋਂ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ, ਮੈਨੂੰ ਤੁਹਾਡੀ ਟਿੱਪਣੀ ਤੋਂ ਥੋੜ੍ਹੀ ਠੇਸ ਪਹੁੰਚੀ ਸੀ। ਇਸ ਲਈ ਨਹੀਂ ਕਿ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਨਿੱਜੀ ਤੌਰ ‘ਤੇ ਕੁਝ ਸੀ, ਸਗੋਂ ਇਸ ਲਈ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਅਜਿਹੇ ਵਿਅਕਤੀ ਵਜੋਂ ਦੇਖਿਆ ਹੈ ਜੋ ਹੱਕਾਂ ਲਈ ਆਵਾਜ਼ ਉਠਾਉਂਦਾ ਹੈ, ਬਿਲਕੁਲ ਉਵੇਂ ਹੀ ਜਿਵੇਂ ਤੁਸੀਂ ਖੁਦ ਕਿਹਾ ਸੀ।”

ਦੀਪਕੇ ਨੇ ਇਹ ਵੀ ਦੱਸਿਆ ਕਿ ਉਹ ਦਿਲਜੀਤ ਦੇ ਸੰਗੀਤ ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੂੰ ਇੱਕ ਕਲਾਕਾਰ ਦੇ ਨਾਲ-ਨਾਲ ਇਨਸਾਨ ਵਜੋਂ ਵੀ ਬਹੁਤ ਸਤਿਕਾਰ ਦਿੰਦੇ ਹਨ। ਉਨ੍ਹਾਂ ਮੁਤਾਬਕ, ਉਹ ਭਾਰਤ ਪਰਤਣ ਤੋਂ ਪਹਿਲਾਂ ਮਈ ਵਿੱਚ ਸ਼ਿਕਾਗੋ ਵਿਖੇ ਹੋਏ ਦਿਲਜੀਤ ਦੇ ਕੰਸਰਟ ਵਿੱਚ ਵੀ ਸ਼ਾਮਲ ਹੋਏ ਸਨ।

ਉਨ੍ਹਾਂ ਨੇ ਦਿਲਜੀਤ ਦੀ ਹਿੰਮਤ, ਉਨ੍ਹਾਂ ਦੀ ਅਸਲੀਅਤ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਵਿਸ਼ਵ ਪੱਧਰ ‘ਤੇ ਸਫ਼ਲਤਾ ਹਾਸਲ ਕਰਨ ਦੀ ਸ਼ਲਾਘਾ ਕੀਤੀ। ਦੀਪਕੇ ਨੇ ਸਪੱਸ਼ਟ ਕੀਤਾ ਕਿ ਇੱਕ ਅਸਹਿਮਤੀ ਜਾਂ ਗਲਤਫਹਿਮੀ ਕਾਰਨ ਗਾਇਕ ਪ੍ਰਤੀ ਉਨ੍ਹਾਂ ਦਾ ਸਤਿਕਾਰ ਘੱਟ ਨਹੀਂ ਹੋਇਆ।

ਆਪਣੀ ਪੋਸਟ ਦੇ ਅਖੀਰ ਵਿੱਚ ਉਨ੍ਹਾਂ ਨੇ ਬੇਹੱਦ ਪਿਆਰ ਭਰੇ ਅੰਦਾਜ਼ ਵਿੱਚ ਲਿਖਿਆ, “ਬਾਕੀ ਭਾਜੀ, ਛੋਟਾ ਭਰਾ ਸਮਝ ਕੇ ਮਿੱਟੀ ਪਾਓ।”

ਇਸ ਤਰ੍ਹਾਂ ਦਿੱਲੀ ਦਾ ਇਹ ਕੰਸਰਟ ਸਿਰਫ਼ ਸੰਗੀਤ ਅਤੇ ਮਨੋਰੰਜਨ ਤੱਕ ਸੀਮਤ ਨਹੀਂ ਰਿਹਾ, ਸਗੋਂ ਦਿਲਜੀਤ ਦੇ ਬਿਆਨਾਂ, ਫਿਲਮ ‘ਸਤਲੁਜ’ ਨਾਲ ਜੁੜੇ ਵਿਵਾਦ ਅਤੇ ਅਭਿਜੀਤ ਦੀਪਕੇ ਦੇ ਜਵਾਬ ਕਾਰਨ ਵੀ ਚਰਚਾ ਵਿੱਚ ਆ ਗਿਆ।

ਕੁੱਲ ਮਿਲਾ ਕੇ ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਸੰਗੀਤ, ਸਤਿਕਾਰ ਅਤੇ ਬੇਬਾਕੀ ਦਾ ਸੁਮੇਲ ਬਣਿਆ। ਇੱਕ ਪਾਸੇ ਉਨ੍ਹਾਂ ਨੇ ਆਪਣੀ ਗਾਇਕੀ ਨਾਲ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਨੱਚਣ ਲਈ ਮਜਬੂਰ ਕੀਤਾ, ਦੂਜੇ ਪਾਸੇ ਆਪਣੇ ਬਿਆਨ ਰਾਹੀਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਸਹਿਮਤੀਆਂ ਦੇ ਬਾਵਜੂਦ ਪਿਆਰ ਅਤੇ ਸਤਿਕਾਰ ਦੀ ਭਾਵਨਾ ਕਾਇਮ ਰਹਿ ਸਕਦੀ ਹੈ।

Richa Ahuja

Richa Ahuja is a journalist, producer, and storyteller with over 14 years of experience in media. Her professional journey spans news agencies, television news channels, digital platforms, and advertising. She has also worked on several special projects, including projects associated with MHRD, an astrology-based television show, and an event centred on the Nirbhaya case. She has a keen interest in writing about trending issues, current affairs, and stories that connect with people. She also enjoys exploring subjects that are close to her heart, bringing a thoughtful and engaging perspective to her work.

Post navigation

1 ਨਵੰਬਰ ‘ਪੰਜਾਬ ਦਿਵਸ’: ਵੰਡਾਂ, ਸੰਘਰਸ਼ਾਂ, ਪੁਨਰਗਠਨ ਅਤੇ ਮੌਜੂਦਾ ਚੁਣੌਤੀਆਂ ਦਾ ਇਤਿਹਾਸਕ ਲੇਖਾ-ਜੋਖਾ

ਜਸ਼ਨ ਦਾ ਦਿਨ ਜਾਂ ਸੁੰਗੜਦੇ ਪੰਜਾਬ ਦੇ ਇਤਿਹਾਸ ਨੂੰ ਯਾਦ ਕਰਨ ਦਾ ਮੌਕਾ? ਹਰ ਸਾਲ ਪਹਿਲੀ…

Leave a Comment

Leave a Reply

Your email address will not be published. Required fields are marked *