ਜਿਵੇਂ ਕਿ ਲੇਬਰ ਪਾਰਟੀ ਵਿੱਚ ਉਤਰਾਧਿਕਾਰ ਦੀ ਲੜਾਈ ਚੁੱਪ-ਚਾਪ ਚਰਚਾਵਾਂ ਤੋਂ ਖੁੱਲ੍ਹੀ ਜੰਗ ਵੱਲ ਵੱਧਦੀ ਜਾ ਰਹੀ ਹੈ, ਪ੍ਰਵਾਸੀ ਭਾਈਚਾਰੇ ਲਈ ਦਾਅ ਸਿਰਫ਼ ਇੱਕ ਦਰਸ਼ਕ ਦੀ ਭੂਮਿਕਾ ਤੋਂ ਕਿਤੇ ਵੱਧ ਹੈ
“ਹਾਂ, ਪ੍ਰਧਾਨ ਮੰਤਰੀ ਆਪਣੀਆਂ ਸਾਰੀਆਂ ਅਨੰਤ ਭਿੰਨਤਾਵਾਂ ਵਿੱਚ ਭੂਮਿਕਾ ਨਿਭਾਉਂਦੇ ਹਨ।”
1984 ਦੇ ਕ੍ਰਿਸਮਸ ਸਪੈਸ਼ਲ ਐਪੀਸੋਡ “ਪਾਰਟੀ ਗੇਮਜ਼” ਵਿੱਚ, ਜਿਸਨੇ “ਯੈੱਸ ਮਨਿਸਟਰ” ਸ਼ੋਅ ਨੂੰ ਖਤਮ ਕੀਤਾ ਅਤੇ ਇਸਦੇ ਸੀਕਵਲ, “ਯੈੱਸ, ਪ੍ਰਾਈਮ ਮਨਿਸਟਰ” ਦੀ ਨੀਂਹ ਰੱਖੀ, ਬ੍ਰਿਟੇਨ ਦੇ ਮੌਜੂਦਾ ਪ੍ਰਧਾਨ ਮੰਤਰੀ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਵ੍ਹਾਈਟਹਾਲ ਵਿੱਚ ਇੱਕ ਉੱਤਰਾਧਿਕਾਰੀ ਲਈ ਅਫਰਾ ਤਫਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮਿਲਣਸਾਰ ਅਤੇ ਬੇਖ਼ੌਫ਼ ਜਿਮ ਹੈਕਰ ਨੂੰ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ਤੱਕ ਪਹੁੰਚਾਇਆ ਗਿਆ; ਇਸਦੇ ਪਿੱਛੇ ਉਨ੍ਹਾਂ ਦੀ ਕੋਈ ਵੱਡੀ ਇੱਛਾ ਨਹੀਂ ਸੀ, ਸਗੋਂ ਉਹ ਸਾਰਿਆਂ ਦੀ ਨਜ਼ਰ ਚ “ਘੱਟ ਤੋਂ ਘੱਟ ਇਤਰਾਜ਼ਯੋਗ” ਦੂਜੀ ਪਸੰਦ ਸਨ। ਚਾਰ ਦਹਾਕਿਆਂ ਬਾਅਦ, ਇਹ ਵਿਅੰਗ ਹੁਣ ਕਾਮੇਡੀ ਘੱਟ ਅਤੇ ਭਵਿੱਖਬਾਣੀ ਜ਼ਿਆਦਾ ਮਹਿਸੂਸ ਹੁੰਦਾ ਹੈ। ਇਸ ਵਿਚ ਸਭ ਤੋਂ ਅਜੀਬ ਗੱਲ ਹੈ ਘਟਨਾਵਾਂ ਦਾ ਕ੍ਰਮ: ਕੈਬਨਿਟ ਮੰਤਰੀ ਚੁੱਪ-ਚਾਪ ਸਥਿਤੀ ਦਾ ਪਤਾ ਲਗਾਉਂਦੇ, ਲੀਡਰਸ਼ਿਪ ਦੀ ਖਾਲੀ ਥਾਂ ਨੂੰ ਖੁੱਲ੍ਹੇ ਐਲਾਨ ਦੀ ਬਜਾਏ ਪ੍ਰਕਿਰਿਆਤਮਕ ਤਰੀਕਿਆਂ ਨਾਲ ਬਣਾਇਆ ਜਾਂਦਾ, ਅਤੇ ਸਭ ਤੋਂ ਮੋਹਰੇ ਚੱਲ ਰਿਹਾ ਉਮੀਦਵਾਰ ਲਗਭਗ ਆਖਰੀ ਪਲ ਤੱਕ ਇਹ ਕਾਇਮ ਰੱਖਦਾ ਹੈ ਕਿ ਉਹ ਅਸਲ ਵਿੱਚ ਇਹ ਅਹੁਦਾ ਨਹੀਂ ਚਾਹੁੰਦਾ। ਸਪੱਸ਼ਟ ਅੰਤਰ ਮਾਹੌਲ ਦਾ ਹੈ। ਹੈਕਰ ਦਾ ਅੱਗੇ ਵੱਧਣਾ ਬਿਨਾ ਕਿਸੇ ਖੂਨ ਖਰਾਬੇ ਦੇ ਮਜ਼ਾਕ ਵਾਂਗ ਸੀ, ਜੋ ਸ਼ੈਰੀ ਪੀਂਦੇ ਹੋਏ ਅਤੇ ਗੋਲ-ਮੋਲ ਗੱਲਬਾਤ ਕਰਦੇ ਹੋਏ ਹੋਇਆ। ਕੀਰ ਸਟਾਰਮਰ ਦੇ ਆਲੇ-ਦੁਆਲੇ ਜੋ ਕੁਝ ਹੋ ਰਿਹਾ ਹੈ ਉਹ ਨਾ ਤਾਂ ਨਿਜੀ ਹੈ ਅਤੇ ਨਾ ਹੀ ਸੁਭਾਵਕ – ਇਹ ਜਨਤਕ ਤੌਰ ‘ਤੇ, ਅਸਲ ਸਮੇਂ ਵਿੱਚ, ਕੈਬਨਿਟ ਮੀਟਿੰਗਾਂ, ਉਪ-ਚੋਣਾਂ ਦੀਆਂ ਗਿਣਤੀਆਂ, ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਲੜਿਆ ਜਾ ਰਿਹਾ ਹੈ, ਅਤੇ ਇਸ ਵਿਚ ਸ਼ਾਮਲ ਕਿਸੇ ਵੀ ਧਿਰ ਨੂੰ ਮਰਿਆਦਾ ਬਣਾਏ ਰੱਖਣ ਦਾ ਦਿਖਾਵਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਸਟਾਰਮਰ ਦਾ ਲੀਡਰਸ਼ਿਪ ਸੰਕਟ ਹੁਣ ਇੱਕ ਹੋਰ ਗੰਭੀਰ ਅਤੇ ਖ਼ਤਰਨਾਕ ਪੜਾਅ ‘ਤੇ ਪਹੁੰਚ ਗਿਆ ਹੈ – ਅਤੇ ਇਸਦੇ ਨਤੀਜੇ ਵੈਸਟਮਿੰਸਟਰ ਤੋਂ ਬਹੁਤ ਦੂਰ ਮਹਿਸੂਸ ਕੀਤੇ ਜਾਣਗੇ; ਇਹ ਅਸਰ ਨੀਸਡਨ ਅਤੇ ਲੈਸਟਰ ਦੇ ਗੁਰਦੁਆਰਿਆਂ, ਹਿੰਦੂ ਮੰਦਰਾਂ ਅਤੇ ਘਰਾਂ ਤਕ ਅਤੇ ਬ੍ਰਿਟੇਨ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ – ਭਾਵੇਂ ਉਹ ਸਿੱਖ ਹੋਣ ਜਾਂ ਗੁਜਰਾਤੀ – ਦੇ ਵਟਸਐਪ ਸਮੂਹਾਂ ਤੱਕ ਪਹੁੰਚਣਗੇ – । ਦ ਕੇਬੀਐਸ ਕ੍ਰੋਨਿਕਲ ਦੇ ਪਾਠਕਾਂ ਲਈ, ਸਵਾਲ ਹੁਣ ਇਹ ਨਹੀਂ ਹੈ ਕਿ ਕੀ ਸਟਾਰਮਰ ਮੁਸੀਬਤ ਵਿੱਚ ਹੈ ਜਾਂ ਨਹੀਂ । ਉਹ ਸਪੱਸ਼ਟ ਤੌਰ ‘ਤੇ ਮੁਸ਼ਕਲ ਵਿਚ ਹੈ। ਅਸਲ ਸਵਾਲ ਇਹ ਹੈ ਕਿ ਇਹ ਉਤਰਾਧਿਕਾਰ ਦੀ ਇਹ ਲੜਾਈ ਉਸ ਰਾਜਨੀਤਿਕ ਮਾਹੌਲ ਨੂੰ ਕਿਵੇਂ ਮੁੜ ਆਕਾਰ ਦਿੰਦੀ ਹੈ ਜਿਸ ਵਿੱਚ ਬ੍ਰਿਟੇਨ ਦੇ ਭਾਰਤੀ ਭਾਈਚਾਰੇ ਨੂੰ ਅੱਗੇ ਵਧਣਾ ਪਵੇਗਾ।
I. ਮੁਸ਼ਕਲਾਂ ਵਿੱਚ ਘਿਰਿਆ ਪ੍ਰਧਾਨ ਮੰਤਰੀ ਦਾ ਅਹੁਦਾ
ਗ੍ਰੇਟਰ ਮੈਨਚੈਸਟਰ ਦੇ ਲੰਬੇ ਸਮੇਂ ਤੋਂ ਮੇਅਰ ਰਹੇ ਅਤੇ “ਉੱਤਰ ਦੇ ਰਾਜਾ” ਵਜੋਂ ਜਾਣੇ ਜਾਂਦੇ ਐਂਡੀ ਬਰਨਹੈਮ ਨੇ ਮੇਕਰਫੀਲਡ ਉਪ-ਚੋਣ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ – ਇਹ ਨਤੀਜਾ ਅਸਲ ਵਿੱਚ ਮੇਕਰਫੀਲਡ ਬਾਰੇ ਬਿਲਕੁਲ ਵੀ ਨਹੀਂ ਸੀ। ਮੌਜੂਦਾ ਲੇਬਰ ਸੰਸਦ ਮੈਂਬਰ, ਜੋਸ਼ ਸਾਇਮਨਸ ਨੇ ਖਾਸ ਤੌਰ ‘ਤੇ ਆਪਣੀ ਸੀਟ ਤੋਂ ਅਸਤੀਫ਼ਾ ਦਿੱਤਾ ਤਾਂ ਜੋ ਬਰਨਹੈਮ ਲਈ ਸੰਸਦ ਵਿੱਚ ਵਾਪਸੀ ਦਾ ਰਸਤਾ ਸਾਫ਼ ਹੋ ਸਕੇ। ਇਹ ਇੱਕ ਕਿਸਮ ਦੀ ਤਿਆਰੀ ਸੀ ਜਿਸ ਨੂੰ ਇੱਕ ਪ੍ਰਕਿਰਿਆ ਦਾ ਰੂਪ ਦਿੱਤਾ ਗਿਆ ਸੀ।
ਬਰਨਹੈਮ ਨੇ ਆਪਣੇ ਇਰਾਦਿਆਂ ਬਾਰੇ ਕੋਈ ਅਸਪਸ਼ਟਤਾ ਨਹੀਂ ਛੱਡੀ। ਆਪਣੀ ਜਿੱਤ ਦੀ ਰਾਤ, ਉਨ੍ਹਾਂ ਨੇ ਸਮਰਥਕਾਂ ਨੂੰ ਕਿਹਾ, “ਹਰ ਕੋਈ ਜਾਣਦਾ ਹੈ ਕਿ ਰਾਜਨੀਤੀ ਕੰਮ ਨਹੀਂ ਕਰ ਰਹੀ।” “ਅੱਜ ਦੀ ਰਾਤ ਇੱਕ ਅਹਿਮ ਮੋੜ ਸਾਬਤ ਹੋ ਸਕਦੀ ਹੈ।” ਇਸ ਦੌਰਾਨ, ਸਟਾਰਮਰ ਨੇ ਸੁਲ੍ਹਾ-ਸਫਾਈ ਦਾ ਕੋਈ ਵੀ ਦਿਖਾਵਾ ਛੱਡ ਦਿੱਤਾ ਹੈ। ਡਾਊਨਿੰਗ ਸਟ੍ਰੀਟ ਦੇ ਇੱਕ ਸੀਨੀਅਰ ਸਰੋਤ ਨੇ ਕਿਹਾ ਕਿ ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਹੈ: ਲੀਡਰਸ਼ਿਪ ਲਈ ਮੁਕਾਬਲਾ ਪਾਰਟੀ ਅਤੇ ਦੇਸ਼ ਦੋਵਾਂ ਨੂੰ ਨੁਕਸਾਨ ਪਹੁੰਚਾਏਗਾ, ਪਰ “ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਇਸਦੇ ਲਈ ਤਿਆਰ ਹੈ।” ਮਈ ਵਿੱਚ ਸਿਹਤ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਵੇਸ ਸਟ੍ਰੀਟਿੰਗ ਨੇ ਵੀ ਕਿਹਾ ਹੈ ਕਿ ਜੇਕਰ ਕੋਈ ਮੁਕਾਬਲਾ ਹੁੰਦਾ ਹੈ ਤਾਂ ਉਹ ਮੈਦਾਨ ਵਿੱਚ ਉਤਰਨਗੇ; ਉਨ੍ਹਾਂ ਨੇ ਇਸ ਮੁਕਾਬਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ, ਜੋ ਕਿ ਸ਼ੁਰੂ ਵਿੱਚ ਦੋ ਲੋਕਾਂ ਵਿਚਕਾਰ ਦੌੜ ਜਾਪਦੀ ਸੀ।
ਰਸਮੀ ਤੌਰ ‘ਤੇ, ਪ੍ਰਕਿਰਿਆ ਚ ਕੋਈ ਬਦਲਾਅ ਨਹੀਂ ਹੋਇਆ ਹੈ: ਚੁਣੌਤੀ ਦੇਣ ਵਾਲੇ ਨੂੰ ਮੁਕਾਬਲਾ ਕਰਨ ਲਈ ਲਗਭਗ 81 ਲੇਬਰ ਸਾਂਸਦ – ਮਤਲਬ ਕਿ ਸੰਸਦੀ ਪਾਰਟੀ ਦੇ ਲਗਭਗ 20% ਮੈਂਬਰਾਂ – ਦੀ ਹਮਾਇਤ ਦੀ ਲੋੜ ਹੁੰਦੀ ਹੈ। ਰਾਜਨੀਤਿਕ ਨਜ਼ਰੀਏ ਤੋਂ ਦੇਖੀਏ ਤਾਂ , ਸਥਿਤੀ ਇਸ ਹੱਦ ਤੋਂ ਕਿਤੇ ਵੱਧ ਗਈ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ 100 ਤੋਂ ਵੱਧ ਲੇਬਰ ਸੰਸਦ ਮੈਂਬਰਾਂ ਨੇ ਸਿੱਧੇ ਤੌਰ ‘ਤੇ ਸਟਾਰਮਰ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਸਮਾਂ ਖਤਮ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਪੰਦਰਾਂ ਤੋਂ ਵੱਧ ਕੈਬਨਿਟ ਮੰਤਰੀਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਸਪੱਸ਼ਟ ਬਹੁਮਤ ਹੁਣ ਬਰਨਹੈਮ ਦੇ ਉੱਤਰਾਧਿਕਾਰੀ ਨੂੰ ਲਗਭਗ ਨਿਸ਼ਚਿਤ ਮੰਨਿਆ ਜਾ ਰਿਹਾ ਹੈ, ਹਾਲਾਂਕਿ ਸਟਾਰਮਰ ਜਨਤਕ ਤੌਰ ‘ਤੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਨੂੰ ਸੱਤ ਸਾਲਾਂ ਵਿੱਚ ਛੇਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ, ਅਤੇ ਜੇਕਰ ਸੱਤਾ ਦਾ ਇਹ ਪਰਿਵਰਤਨ ਹੁੰਦਾ ਹੈ, ਤਾਂ ਇਹ ਅਜਿਹਾ ਲਗਦਾ ਹੈ ਕਿ ਇਹ ਪਹਿਲਾਂ ਤੋਂ ਨਿਰਧਾਰਤ ਜਾਂ ਯੋਜਨਾਬੱਧ ਤਰੀਕੇ ਦੀ ਬਜਾਏ ਮੁਕਾਬਲੇ ਰਾਹੀਂ ਹੋਵੇਗਾ।
II. ਅੱਗੇ ਕੀ ਹੋਵੇਗਾ ਇਸਦੀ ਪ੍ਰਕਿਰਿਆ
ਵੈਸਟਮਿੰਸਟਰ ਵਾਪਸ ਜਾਣ ਲਈ ਬਰਨਹੈਮ ਨੂੰ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਹੋਵੇਗਾ। ਇਸ ਨਾਲ 20 ਲੱਖ ਤੋਂ ਵੱਧ ਵੋਟਰਾਂ ਵਾਲੇ ਇਸ ਖੇਤਰ ਵਿੱਚ ਇੱਕ ਵੱਡਾ ਮੁਕਾਬਲਾ ਸ਼ੁਰੂ ਹੋਵੇਗਾ, ਜਿਸਦੀ ਜੁਲਾਈ ਦੇ ਅੰਤ ਤੱਕ ਹੋਣ ਦੀ ਉਮੀਦ ਹੈ। ਇਹ ਮੁਕਾਬਲਾ ਲੇਬਰ ਪਾਰਟੀ ਦੀ ਦਿਸ਼ਾ ਅਤੇ ਬਰਨਹੈਮ ਦੀ ਆਪਣੀ ਸਥਿਤੀ ਦੋਵਾਂ ‘ਤੇ ਇੱਕ ਸ਼ੁਰੂਆਤੀ ਸੰਕੇਤ, ਜਾਂ ਇੱਕ ‘ਪ੍ਰੌਕਸੀ ਫੈਸਲਾ’ ਹੋਵੇਗਾ — ਯਾਨੀ, ਅਸਲ ਪ੍ਰੀਖਿਆ ਤੋਂ ਪਹਿਲਾਂ ਦੀ ਪ੍ਰੀਖਿਆ।
ਇਸ ਤੋਂ ਇਲਾਵਾ, ਜੇਕਰ ਸਟਾਰਮਰ ਇਸ ਦੌਰ ਤੋਂ ਬਚ ਵੀ ਜਾਂਦੇ ਹਨ ਪਰ ਕਮਜ਼ੋਰ ਪੈ ਜਾਂਦੇ ਹਨ, ਤਾਂ ਘੱਟ ਅੰਤਰ ਵਾਲੀ ਸੀਟਾਂ ਤੇ ਜਿੱਤਣ ਵਾਲੇ ਲੇਬਰ ਸੰਸਦ ਮੈਂਬਰ ਇਹ ਸੋਚ ਸਕਦੇ ਹਨ ਕਿ ਉਨ੍ਹਾਂ ਪ੍ਰਤੀ ਵਫ਼ਾਦਾਰੀ ਬਣਾਏ ਰੱਖਣਾ ਹੀ ਚੋਣਵੀ ਜੋਖਮ ਹੈ। ਮੇਕਰਫੀਲਡ ਨੇ ਦਿਖਾਇਆ ਹੈ ਕਿ ਇੱਕ ਸਹੀ ਸਮੇਂ ‘ਤੇ ਹੋਇਆ ਇਕ ਉਪ-ਚੋਣ ਅੰਦਰੂਨੀ ਦਬਾਅ ਬਣਾਉਣ ਦਾ ਇੱਕ ਜ਼ਰੀਆ ਬਣ ਸਕਦਾ ਹੈ। ਕੀ ਇਹ ਤਰੀਕਾ ਬਾਰ-ਬਾਰ ਅਪਣਾਇਆ ਜਾ ਸਕਦਾ ਹੈ – ਜਾਂ ਸਟਾਰਮਰ ਦਾ ਹਮਲਾਵਰ ਜਵਾਬ ਇਸਨੂੰ ਰੋਕੇਗਾ – ਹੁਣ ਇਹ ਪਾਰਟੀ ਦੇ ਅੰਦਰ ਦਾ ਇੱਕ ਮੁੱਖ ਸਵਾਲ ਹੈ।
III. ਡਾਇਸਪੋਰਾ ਨੂੰ ਨੇੜਿਓਂ ਕਿਉਂ ਦੇਖਣਾ ਚਾਹੀਦਾ ਹੈ
ਬ੍ਰਿਟੇਨ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਨਾਲ ਲੇਬਰ ਪਾਰਟੀ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੋਰਬਿਨ ਦੇ ਕਾਰਜਕਾਲ ਤੋਂ ਹੀ ਜਾਣ ਬੁੱਝ ਕੇ ਕੀਤੀ ਜਾ ਰਹੀ ਹੈ। ਉਸ ਸਮੇਂ, ਕਸ਼ਮੀਰ ‘ਤੇ ਪਾਰਟੀ ਦੇ ਰੁਖ਼ ਅਤੇ ਪਾਰਟੀ ਦੇ ਅੰਦਰ ਭਾਰਤ ਵਿਰੋਧੀ ਭਾਵਨਾ ਨੂੰ ਬਰਦਾਸ਼ਤ ਕਰਨ ਦੀ ਵਜ੍ਹਾ ਨਾਲ ਹੀ ਰਿਸ਼ਤਿਆਂ ਨੂੰ ਸਥਾਈ ਨੁਕਸਾਨ ਪਹੁੰਚਿਆ ਸੀ। ਸਟਾਰਮਰ ਨੇ ਆਪਣੀ ਲੀਡਰਸ਼ਿਪ ਦੇ ਸ਼ੁਰੂ ਵਿੱਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਲੇਬਰ ਪਾਰਟੀ ਕਸ਼ਮੀਰ ਜਾਂ ਭਾਰਤ ਦੇ ਕਿਸੇ ਹੋਰ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਵੇਗੀ – ਇੱਕ ਰੁਖ਼ ਖਾਸ ਤੌਰ ‘ਤੇ ਉਸ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਲਈ ਤਿਆਰ ਕੀਤਾ ਗਿਆ ਸੀ।
ਸਿੱਖ ਵੋਟਰਾਂ ਨਾਲ ਸਥਿਤੀ ਗੁੰਝਲਦਾਰ ਹੈ ਅਤੇ ਇਹ ਇੱਕ ਸ਼ਿਕਾਇਤ ਤੋਂ ਕਿਤੇ ਵੱਧ ਫੈਲੀ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ, ਕਈ ਮੁੱਦੇ ਇਕੱਠੇ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਸਿੱਖ ਸੰਗਠਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ – ਕਿ 1984 ਵਿੱਚ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਵਿੱਚ ਬ੍ਰਿਟੇਨ ਦੀ ਭੂਮਿਕਾ ਦੇ ਪੂਰੇ ਵੇਰਵੇ ਪ੍ਰਗਟ ਕੀਤੇ ਜਾਣ। ਇਹ ਇੱਕ ਅਜਿਹੀ ਮੰਗ ਹੈ ਜੋ ਅਜਿਹੇ ਮੌਕਿਆਂ ‘ਤੇ ਦੁਬਾਰਾ ਉੱਠਦੀ ਹੈ, ਪਰ ਹੁਣ ਤੱਕ ਕੋਈ ਠੋਸ ਨਤੀਜੇ ਨਹੀਂ ਮਿਲੇ ਹਨ।
ਘਰ ਦੇ ਨੇੜੇ ਦੀਆਂ ਚਿੰਤਾਵਾਂ ਵਧੇਰੇ ਤੁਰੰਤ, ਅਤੇ ਸ਼ਾਇਦ ਰਾਜਨੀਤਿਕ ਤੌਰ ‘ਤੇ ਵਧੇਰੇ ਮਹੱਤਵਪੂਰਨ ਹਨ। ਸਿੱਖ ਭਾਈਚਾਰੇ ਦੇ ਆਗੂਆਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਨਫ਼ਰਤ ਦੇ ਅਪਰਾਧਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਹੈ, ਜਿਸ ਵਿੱਚ ਸਾਊਥੈਂਪਟਨ ਵਿੱਚ ਇੱਕ ਹਾਈ-ਪ੍ਰੋਫਾਈਲ ਕਤਲ ਕੇਸ ਤੋਂ ਬਾਅਦ ਮੌਖਿਕ ਅਤੇ ਨਸਲੀ ਦੁਰਵਿਵਹਾਰ ਦੀਆਂ ਘਟਨਾਵਾਂ ਸ਼ਾਮਲ ਹਨ। ਭਾਈਚਾਰੇ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਪ੍ਰਬੰਧ ਖੁਦ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਰਕਾਰ ਨੇ ਸਿੱਖਾਂ ਤੱਕ ਪਹੁੰਚਣ ਚ ਓਨੀ ਜਲਦੀ ਨਹੀਂ ਦਿਖਾਈ ਜਿੰਨੀ ਦੂਜੇ ਭਾਈਚਾਰਿਆਂ ਨੂੰ ਸਮਰਥਨ ਦੇਣ ਚ ਦਿਖਾਈ ਗਈ ਸੀ। ਇਸ ਤੋਂ ਇਲਾਵਾ, ਗਰੂਮਿੰਗ ਗੈਂਗਾਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਸਕੈਂਡਲ – ਜੋ ਪੁਲਿਸਿੰਗ ਅਤੇ ਬੱਚਿਆਂ ਦੀ ਸੁਰੱਖਿਆ ਵਿੱਚ ਇੱਕ ਗੰਭੀਰ ਅਸਫਲਤਾ ਸੀ ਅਤੇ ਜਿਸਨੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਿਸ ਵਿਚ ਸਿੱਖ ਪਰਿਵਾਰਾਂ ਵੀ ਸ਼ਾਮਲ ਸਨ – ਦੱਖਣ-ਪੱਖੀ ਸਮੂਹਾਂ ਲਈ ਇੱਕ ਮੁੱਦਾ ਬਣ ਗਿਆ ਹੈ। ਇਸ ਦੌਰਾਨ, ਕੁਝ ਸਿੱਖ ਸੰਗਠਨ ਇਸ ਗੱਲ ਦੀ ਪੂਰੀ ਸਮਝ ਦੀ ਮੰਗ ਕਰਦੇ ਹਨ ਕਿ ਇਹਨਾਂ ਅਸਫਲਤਾਵਾਂ ਨੂੰ ਕਿਉਂ ਰਹਿਣ ਦਿੱਤਾ ਗਿਆ। ਦੋਵੇਂ ਮੁੱਦੇ ਲੇਬਰ ਪਾਰਟੀ ਦੇ ਭਾਈਚਾਰਕ ਸੁਰੱਖਿਆ ਅਤੇ ਕਾਨੂੰਨ ਦੇ ਤਹਿਤ ਬਰਾਬਰ ਸੁਰੱਖਿਆ ਦੇ ਵਿਆਪਕ ਵਾਅਦਿਆਂ ਨਾਲ ਮੇਲ ਨਹੀਂ ਖਾਂਦੇ। ਅਤੇ ਕਿਸੇ ਵੀ ਨਵੀਂ ਲੀਡਰਸ਼ਿਪ ਨੂੰ ਇਸ ਸਵਾਲ ਦਾ ਸਾਹਮਣਾ ਕਰਨਾ ਪਵੇਗਾ ਕਿ ਕੀ ਇਹਨਾਂ ਮੁੱਦਿਆਂ ‘ਤੇ ਸਿੱਖ ਭਾਈਚਾਰੇ ਦੀ ਆਵਾਜ਼ ਨੂੰ ਦੂਜਿਆਂ ਵਾਂਗ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ।
ਲੇਬਰ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਵਿੱਚ ਤਬਦੀਲੀ – ਜਾਂ ਇੱਕ ਕਮਜ਼ੋਰ ਅਤੇ ਵਧੇਰੇ ਰੱਖਿਆਤਮਕ ਮੁਦਰਾ ਵਿੱਚ ਸਟਾਰਮਰ ਦੀ ਨਿਰੰਤਰਤਾ – ਇਸ ਨੂੰ ਪ੍ਰਵਾਸੀ ਭਾਈਚਾਰੇ ਦੁਆਰਾ ਕਈ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾਵੇਗਾ:
— ਭਾਈਚਾਰਕ ਸੁਰੱਖਿਆ ਅਤੇ ਬਰਾਬਰ ਸੁਰੱਖਿਆ। ਕੀ ਨਫ਼ਰਤ ਅਪਰਾਧ, ਪੁਲਿਸਿੰਗ ਜਵਾਬਦੇਹੀ, ਅਤੇ ਗਰੂਮਿੰਗ ਗੈਂਗ ਸਕੈਂਡਲ ਦੇ ਪ੍ਰਭਾਵ ਬਾਰੇ ਸਿੱਖਾਂ ਨੂੰ ਦੂਜੇ ਭਾਈਚਾਰਿਆਂ ਵਾਂਗ ਹੀ ਤਰਜੀਹ ਦਿੱਤੀ ਜਾਂਦੀ ਹੈ?
— 1984 ਦਾ ਸਵਾਲ। ਕੀ ਇੱਕ ਉੱਤਰਾਧਿਕਾਰੀ, ਜਾਂ ਆਪਣੀ ਰਾਜਨੀਤਿਕ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਟਾਰਮਰ, ਨੂੰ ਇਸ ਮੁੱਦੇ ‘ਤੇ ਮੁੜ ਵਿਚਾਰ ਕਰਨਾ ਜ਼ਰੂਰੀ ਲੱਗੇਗਾ?
— ਕਸ਼ਮੀਰ ਅਤੇ ਦਖਲਅੰਦਾਜ਼ੀ ਨਾ ਕਰਨ ਦੀ ਨੀਤੀ। ਕੀ ਨਵੀਂ ਲੀਡਰਸ਼ਿਪ ਦੇ ਤਹਿਤ ਮੌਜੂਦਾ ਰੁਖ਼ ਬਣਿਆ ਰਹੇਗਾ, ਜਾਂ ਨਵੇਂ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਨਵੇਂ ਨੇਤਾ ਦੇ ਪੁਰਾਣੇ ਰਵੱਈਏ ਮੁੜ ਸੁਰਜੀਤ ਹੋਣਗੇ?
— ਖਾਲਿਸਤਾਨ ਨਾਲ ਸਬੰਧਤ ਕੱਟੜਪੰਥ ਦੀ ਸਮੱਸਿਆ। ਲੇਬਰ ਪਾਰਟੀ ਦੀ ਲੀਡਰਸ਼ਿਪ ਦਾ ਅਗਲਾ ਪੜਾਅ ਪਾਰਟੀ ਦੇ ਨੇਤਾਵਾਂ ਦੁਆਰਾ ਕੱਟੜਪੰਥੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਜਾਂ ਉਸਨੂੰ ਬਰਦਾਸ਼ਤ ਕੀਤੇ ਜਾਣ ਦੀ ਪਿਛਲੀਆਂ ਘਟਨਾਵਾਂ ਦੁਆਰਾ ਪੈਦਾ ਹੋਈ ਅਸਹਿਜ ਸਥਿਤੀ ਨਾਲ ਕਿਵੇਂ ਨਿਪਟਦਾ ਹੈ।

ਸੰਸਦੀ ਲੇਬਰ ਪਾਰਟੀ ਦੇ ਅੰਦਰ ਵੀ, ਇੱਕ ਅਜਿਹਾ ਪੈਮਾਨਾ ਹੈ ਜਿਸ ਤੇ ਨਜ਼ਰ ਰੱਖਣ ਦੀ ਲੋੜ ਹੈ:ਸਲੋ (Slough) ਦੇ ਸੰਸਦ ਮੈਂਬਰ ਅਤੇ ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ, ਤਨਮਨਜੀਤ ਸਿੰਘ “ਤਾਨ” ਢੇਸੀ, ਵਰਤਮਾਨ ਵਿੱਚ ਕਾਮਨਜ਼ ਡਿਫੈਂਸ ਕਮੇਟੀ ਦੀ ਪ੍ਰਧਾਨਗੀ ਕਰਦੇ ਹਨ – ਜੋ ਕਿ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਸਿੱਖ ਦੁਆਰਾ ਸੰਭਾਲਿਆ ਗਿਆ ਸਭ ਤੋਂ ਸੀਨੀਅਰ ਸੰਸਥਾਗਤ ਅਹੁਦਾ ਹੈ। ਢੇਸੀ ਨੇ ਉਤਰਾਧਿਕਾਰ ਦੀ ਲੜਾਈ ਵਿੱਚ ਕੋਈ ਪੱਖ ਨਹੀਂ ਲਿਆ, ਅਤੇ ਨਾ ਹੀ ਅਜਿਹਾ ਕਰਨ ਦਾ ਕੋਈ ਸੰਕੇਤ ਦਿੱਤਾ ਹੈ। ਪਰ ਉਨ੍ਹਾਂ ਦੀ ਸਥਿਤੀ ਉਨ੍ਹਾਂ ਨੂੰ ਇੱਕ ਕੁਦਰਤੀ ਬੈਰੋਮੀਟਰ ਬਣਾਉਂਦੀ ਹੈ ਜਿਸ ਨਾਲ ਇਹ ਪਤਾ ਲਗੇਗਾ ਕਿ ਲੇਬਰ ਪਾਰਟੀ ਦੀ ਕੋਈ ਵੀ ਨਵੀਂ ਲੀਡਰਸ਼ਿਪ ਅਸਲ ਵਿੱਚ ਪ੍ਰਵਾਸੀ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ – ਸਿਰਫ ਸ਼ਬਦਾਂ ਵਿੱਚ ਹੀ ਨਹੀਂ, ਸਗੋਂ ਅਸਲ ਵਿੱਚ ਵੀ। ਨਵੀਂ ਲੀਡਰਸ਼ਿਪ ਅਧੀਨ ਉਨ੍ਹਾਂ ਦੀ ਕਮੇਟੀ ਦੀ ਭੂਮਿਕਾ ਅਤੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਜਾਂ ਚੁੱਪ-ਚਾਪ ਪਾਸੇ ਕਰ ਦਿੱਤਾ ਜਾਂਦਾ ਹੈ, ਇਸ ਨਾਲ ਪੂਰੀ ਕਹਾਣੀ ਦਾ ਖੁਲਾਸਾ ਹੋ ਜਾਵੇਗਾ, ਭਾਵੇਂ ਡਿਸਪੈਚ ਬਾਕਸ ਤੋਂ ਜੋ ਵੀ ਕਿਹਾ ਜਾਵੇ।
ਇਸਦਾ ਇੱਕ ਵਿਦੇਸ਼-ਨੀਤੀ ਦਾ ਪਹਿਲੂ ਵੀ ਹੈ। ਵਪਾਰ ਅਤੇ ਸੁਰੱਖਿਆ ਸਹਿਯੋਗ ਨੂੰ ਲੈ ਕੇ ਯੂਕੇ ਅਤੇ ਭਾਰਤ ਵਿਚਕਾਰ ਗੱਲਬਾਤ ਚੱਲ ਰਹੀ ਹੈ। ਡਾਊਨਿੰਗ ਸਟ੍ਰੀਟ ਵਿੱਚ ਲਗਾਤਾਰ ਅਸਥਿਰਤਾ ਉਸ ਸਮਾਂ ਸੀਮਾ ਨੂੰ ਮੁਸ਼ਕਲ ਬਣਾਉਂਦੀ ਹੈ, ਭਾਵੇਂ ਲੇਬਰ ਪਾਰਟੀ ਦੀ ਕਮਾਨ ਕੋਈ ਵੀ ਸੰਭਾਲੇ – ਕਮਜ਼ੋਰ ਸਥਿਤੀ ਵਾਲੇ ਮੌਜੂਦਾ ਨੇਤਾ ਦੇ ਕੋਲ ਸਮਝੌਤਾ ਕਰਨ ਦੀ ਗੁੰਜਾਇਸ਼ ਘੱਟ ਹੁੰਦੀ ਹੈ, ਅਤੇ ਜੋ ਵੀ ਨਵੇਂ ਨੇਤਾ ਆਵੇਗਾ, ਉਸ ਨੂੰ ਨਵੀਂ ਦਿੱਲੀ ਵਿੱਚ ਆਪਣੀ ਭਰੋਸੇਯੋਗਤਾ ਸ਼ੁਰੂ ਤੋਂ ਬਣਾਉਣ ਲਈ ਸਮਾਂ ਚਾਹੀਦਾ ਹੋਵੇਗਾ।
IV. ਡਾਇਸਪੋਰਾ ਦਾ ਅਸਲ ਪ੍ਰਭਾਵ
ਬ੍ਰਿਟੇਨ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦਾ ਲੇਬਰ ਪਾਰਟੀ ਦੇ ਅੰਦਰੂਨੀ ਮੁਕਾਬਲਿਆਂ ਵਿੱਚ ਕੋਈ ਵੋਟ ਨਹੀਂ ਹੈ। ਪਰ ਉਨ੍ਹਾਂ ਕੋਲ ਕੁਝ ਹੋਰ ਵੀ ਸ਼ਕਤੀਸ਼ਾਲੀ ਹੈ: ਅਗਲੀਆਂ ਆਮ ਚੋਣਾਂ ਵਿੱਚ ਸੀਮਾਂਤ ਸੀਟਾਂ (ਜਿੱਤ ਦੇ ਬਹੁਤ ਘੱਟ ਫਰਕ ਵਾਲੀਆਂ) ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ। ਨਤੀਜਾ ਜੋ ਵੀ ਹੋਵੇ – ਸਟਾਰਮਰ ਚੁਣੌਤੀ ਦਾ ਸਾਹਮਣਾ ਕਰ ਲੈਣ, ਬਾਰਨਹੈਮ ਜਿੱਤ ਜਾਵੇ, ਜਾਂ ਸਟ੍ਰੀਟਿੰਗ ਤੀਜੀ ਤਾਕਤ ਵਜੋਂ ਬਣ ਕੇ ਉਭਰੇ – ਲੇਬਰ ਪਾਰਟੀ ਲਈ ਅਸਲ ਪ੍ਰੀਖਿਆ ਉਹੀ ਰਹੇਗੀ: ਕੀ ਭਾਰਤ, ਪੰਜਾਬ ਅਤੇ ਗੁਜਰਾਤ, ਅਤੇ ਦੇਸ਼ ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਪ੍ਰਤੀ ਪ੍ਰਤੀਕਾਤਮਕ ਇਸ਼ਾਰਿਆਂ ਪਿੱਛੇ ਸੁਰੱਖਿਆ, ਨਿਰਪੱਖਤਾ ਅਤੇ ਸਤਿਕਾਰ ਵਰਗੇ ਠੋਸ ਕਦਮ ਹਨ, ਜਾਂ ਇਹ ਸਿਰਫ ਪ੍ਰਤੀਕਾਤਮਕ ਹੀ ਬਣ ਕੇ ਰਹਿ ਜਾਂਦੇ ਹਨ?



Leave a Comment