ਬਾਬਾ ਬੁੱਢਾ ਜੀ : ਸਿੱਖ ਪੰਥ ਦੇ ਪਹਿਲੇ ਮਹਾਨ ਸੇਵਾਦਾਰ
15ਵੀਂ ਸਦੀ ਦੇ ਅਖੀਰਲੇ ਵਰਿਆਂ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ (ਯਾਤਰਾਵਾਂ) ਸ਼ੁਰੂ ਕੀਤੀਆਂ ਅਤੇ ਸਮੇਂ ਦੀ ਲੋੜ ਅਨੁਸਾਰ ਸਿੱਖ ਧਰਮ ਹੋਂਦ ਵਿੱਚ ਆਇਆ। ਨਾਨਕ ਪਾਤਸ਼ਾਹ ਜੀ ਨੇ ਯਾਤਰਾਵਾਂ ਕਰਦੇ ਹੋਏ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਚਾਰੇ ਦਿਸ਼ਾਵਾਂ ਵਿੱਚ ਆਪਣੀ ਬਾਣੀ ਦਾ ਪ੍ਰਚਾਰ ਕੀਤਾ। ਸਮਾਜ ਵਿੱਚ ਚੱਲਦੀਆਂ ਕੁਰੀਤੀਆਂ ਨੂੰ ਠੱਲ ਪਾਈ ਅਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਗਿਆਨ ਦਾ ਪ੍ਰਚਾਰ ਕੀਤਾ ਤੇ ਸਿੱਖ ਧਰਮ ਦੀਆਂ ਜੜ੍ਹਾਂ ਪੂਰੇ ਭਾਰਤ ਵਿੱਚ ਕਾਇਮ ਕਰ ਦਿੱਤੀਆਂ। ਚਾਰੇ ਉਦਾਸੀਆਂ ਕਰਨ ਤੋਂ ਬਾਅਦ ਨਾਨਕ ਪਾਤਸ਼ਾਹ ਨੇ ਕਰਤਾਰਪੁਰ (ਪਾਕਿਸਤਾਨ) ਦੇ ਵਿੱਚ ਰਹਿਣ ਬਸੇਰਾ ਕੀਤਾ। ਇਥੇ ਹੁਣ ਦੂਰੋਂ-ਦੂਰੋਂ ਚੱਲ ਕੇ ਸੰਗਤ ਜੁੜਨੀ ਸ਼ੁਰੂ ਹੋਈ। ਨਾਨਕ ਪਾਤਸ਼ਾਹ ਜੀ ਰੋਜ਼ਾਨਾ ਕੀਰਤਨ ਕਰਿਆ ਕਰਦੇ ਤੇ ਸੰਗਤਾਂ ਨੂੰ ਆਪਣੇ ਵਚਨਾਂ ਨਾਲ ਨਿਹਾਲ ਕਰਦੇ। ਦੂਰੋਂ-ਦੂਰੋਂ ਚੱਲ ਕੇ ਲੋਕ ਗਿਆਨ ਪ੍ਰਾਪਤੀ ਲਈ ਨਾਨਕ ਪਾਤਸ਼ਾਹ ਦੇ ਲੜ ਲੱਗਦੇ। ਲੰਗਰ ਦਾ ਪ੍ਰਬੰਧ ਕੀਤਾ ਹੁੰਦਾ। ਕੀਰਤਨ ਕਰਨ ਉਪਰੰਤ ਪਰਮਾਤਮਾ ਦਾ ਨਾਮ ਸਿਮਰਨ ਕਰਨ ਉਪਰੰਤ ਸਭ ਇਕੱਠੇ ਬਹਿ ਕੇ ਪੰਗਤ ਵਿੱਚ ਲੰਗਰ ਛਕਦੇ। ਬਹੁਤ ਸਿੱਖ ਕਰਤਾਰਪੁਰ ਪੁੱਜਦੇ ਤੇ ਗੁਰੂ ਜੀ ਪਾਸ ਟਿਕ ਕੇ ਮਨ ਦੇ ਸ਼ੰਕੇ ਨਿਵਾਰਦੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਨਕ ਪਾਤਸ਼ਾਹ ਦੇ ਭਗਤ ਰੋਜ਼ਾਨਾ ਉਹਨਾਂ ਕੋਲ ਪਹੁੰਚਦੇ ਸਨ। ਨਾਨਕ ਪਾਤਸ਼ਾਹ ਨੂੰ ਹਰ ਸਿੱਖ ਇੱਕ ਬਰਾਬਰ ਸੀ। ਉਹਨਾਂ ਨੇ ਕਦੇ ਉਚ-ਨੀਚ ਜ਼ਾਤ-ਪਾਤ ਦਾ ਭੇਦ ਭਾਵ ਨਹੀਂ ਕੀਤਾ। ਪਰ ਫਿਰ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਲਿਖਤਾਂ ਵਿੱਚ ਕੇਵਲ 20 ਹੀ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿੰਨ੍ਹਾਂ ਜੀਵਨ ਪਦਵੀ ਪਾਈ। ਨਾਨਕ ਪਾਤਸ਼ਾਹ ਦੇ ਇਹਨਾਂ ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਸਥਾਨ ਭਾਈ ਤਾਰੂ ਨੂੰ ਦਿੱਤਾ ਗਿਆ ਹੈ। ਉਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਸੀ “ਤਾਰੂ ਤੂੰ ਕੁਲ ਤਾਰੂ ਹੋਵੇਗਾ”। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਦੂਜਾ ਸਿੱਖ ਭਾਈ ਮੂਲਾ ਕੀੜ ਲਿਖਿਆ ਹੈ:
“ਮੂਲਾ ਕੀੜ ਵਖਾਣੀਐ ਚਲਿਤੁ ਅਚਰਜ ਲੁਭਤਿ ਗੁਰਦਾਸੀ”
ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਦੇ ਵਿੱਚ ਅਠਾਰਵੀਂ ਪਵਿੱਤਰ ਥਾਂ ਉਹਨਾਂ ਬਾਬਾ ਬੁੱਢਾ ਜੀ ਨੂੰ ਦਿੱਤੀ ਹੈ। ਭਾਈ ਗੁਰਦਾਸ ਜੀ ਦੇ ਸ਼ਬਦ ਹਨ:
“ਬੁੱਢਾ ਇੱਕ ਮਨਿ ਧਿਆਵੈ”
ਸਿੱਖ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ ਪ੍ਰਸਿੱਧ ਅਤੇ ਕਰਨੀ ਵਾਲੇ ਗੁਰਮੁਖ ਗੁਰਸਿੱਖ ਹੋਏ ਹਨ। ਬਾਬਾ ਬੁੱਢਾ ਜੀ ਹੀ ਇੱਕ ਐਸੇ ਵਿਅਕਤੀ ਹਨ ਜਿੰਨ੍ਹਾਂ ਅੱਠ ਗੁਰੂਆਂ ਦੇ ਪ੍ਰਤੱਖ ਦਰਸ਼ਨ ਕੀਤੇ ਹਨ। ਉਹਨਾਂ ਨੇ ਸਿਰਫ ਦੋ ਗੁਰੂ ਸਾਹਿਬਾਨ ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਹੀਂ ਕੀਤੇ ਬਾਕੀ ਅੱਠ ਦੇਹਧਾਰੀ ਗੁਰੂ ਸਾਹਿਬਾਨਾਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਹਨ। ਬਾਬਾ ਬੁੱਢਾ ਜੀ ਨੇ ਗੁਰਸਿੱਖੀ ਦਾ ਉਪਦੇਸ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਤੱਕ ਗੁਰਸਿੱਖੀ ਦਾ ਨਮੂਨਾ ਬਣ ਕੇ ਜੀਵਨ ਬਤੀਤ ਕੀਤਾ। ਮਹਾਨਕੋਸ਼ ਅਨੁਸਾਰ ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੰਘੇ ਰੰਧਾਵੇ ਜੱਟ ਦੇ ਘਰ ਮਾਤਾ ਗੌਰਾਂ ਦੀ ਕੁੱਖ ਤੋਂ 07 ਕੱਤਕ ਸੰਮਤ 1563 ਮੁਤਾਬਕ ਅਕਤੂਬਰ 22, 1506 ਨੂੰ ਕੱਥੂ ਨੰਗਲ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। ਮਾਪਿਆਂ ਨੇ ਉਹਨਾਂ ਦਾ ਨਾਂ ਬੂੜਾ ਰੱਖਿਆ। ਬਾਬਾ ਬੁੱਢਾ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਉਹਨਾਂ ਦੇ ਮਾਪੇ ਪਿੰਡ ਕੱਥੂ ਨੰਗਲ ਨੂੰ ਛੱਡ ਕੇ ਰਮਦਾਸ ਅੰਮ੍ਰਿਤਸਰ ਵਿੱਚ ਆ ਵਸੇ। ਆਮ ਜੱਟ ਮੁੰਡਿਆਂ ਵਾਂਗ ਬੂੜਾ ਜੀ ਛੋਟੇ ਹੁੰਦੇ ਮੱਝਾਂ ਦੇ ਵਾਗੀ ਬਣੇ।

ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਉਹ 11-12 ਵਰਿਆਂ ਦੇ ਸਨ ਤਦ ਗੁਰੂ ਨਾਨਕ ਦੇਵ ਜੀ ਫਿਰਦੇ-ਫਿਰਦੇ ਅਤੇ ਸਤਿਨਾਮ ਦੇ ਗੱਫੇ ਵਰਤਾਂਦੇ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਵੀ ਮੱਝਾਂ ਚਾਰਦੇ ਉਥੇ ਆ ਗਏ। ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਉਪਦੇਸ਼ ਸੁਣਿਆ। ਉਹਨਾਂ ਦੇ ਮਨ ਵਿੱਚ ਅਜਿਹੀ ਰੀਜ ਪੈਦਾ ਹੋ ਗਈ ਕਿ ਉਹ ਹਰ ਰੋਜ਼ ਨੇਮ ਨਾਲ ਗੁਰੂ ਜੀ ਪਾਸ ਆ ਬੈਠਿਆ ਕਰਨ ਅਤੇ ਕਿੰਨਾ-ਕਿੰਨਾ ਚਿਰ ਟਿਕ ਬੰਨ ਕੇ ਉਹਨਾਂ ਦੇ ਦਰਸ਼ਨ ਕਰਦੇ ਤੇ ਕੰਨ ਲਾ ਕੇ ਬਚਨ ਸੁਣਦੇ ਰਿਹਾ ਕਰਨ। ਇੱਕ ਦਿਨ ਬੂੜਾ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਆਏ ਅਤੇ ਦੁੱਧ ਦਾ ਕਟੋਰਾ ਨਾਨਕ ਪਾਤਸ਼ਾਹ ਦੇ ਅੱਗੇ ਰੱਖ ਕੇ ਆਪ ਜੀ ਨੇ ਕਿਹਾ:
“ਗਰੀਬ ਨਿਵਾਜ ਤੇਰਾ ਦਰਸ਼ਨ ਕੀਤਾ ਹੈ ਮੇਰਾ ਜਨਮ ਮਰਨ ਕਟੀਏ ਜੀ”
ਗੁਰੂ ਨਾਨਕ ਪਾਤਸ਼ਾਹ ਜੀ ਨੇ ਬੂੜਾ ਜੀ ਨੂੰ ਕਿਹਾ ਕਾਕਾ ਤੇਰਾ ਨਾਂ ਕੀ ਹੈ? ਤੂੰ ਕੀ ਕੰਮ ਕਰਦਾ ਹੁੰਦਾ ਏ? ਬੂੜਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਮੈਂ ਰਮਦਾਸ ਵਿੱਚ ਰਹਿਣ ਵਾਲੇ ਇੱਕ ਜੱਟ ਦਾ ਪੁੱਤ ਹਾਂ ਮਾਪਿਆਂ ਨੇ ਮੇਰਾ ਨਾਮ ਬੂੜਾ ਰੱਖਿਆ ਹੈ ਮੈਂ ਮੱਝਾਂ ਚਾਰਿਆ ਕਰਦਾ ਹਾਂ। ਤਾਂ ਗੁਰੂ ਜੀ ਨੇ ਪੁੱਛਿਆ ਤੂੰ ਕੀ ਇੱਛਾ ਧਾਰ ਕੇ ਸਾਡੇ ਪਾਸ ਆਉਂਦਾ ਹੈ? ਤੂੰ ਕੀ ਚਾਹੁੰਦਾ ਹੈ? ਬੂੜਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁੱਖ ਤੇ ਡਰ ਤੋਂ ਬਚਾਓ। ਇਸ 84 ਦੇ ਗੇੜ ਵਿੱਚੋਂ ਕੱਢੋ ਮੁਕਤੀ ਬਖ਼ਸ਼ੋ। ਤਾਂ ਨਾਨਕ ਪਾਤਸ਼ਾਹ ਨੇ ਕਿਹਾ ਕਾਕਾ ਤੇਰੀ ਤਾਂ ਹਾਲੇ ਖੇਡਣ, ਖਾਣ-ਹੰਡਾਉਣ ਦੀ ਉਮਰ ਹੈ ਤੈਨੂੰ ਮੌਤ ਤੇ ਮੁਕਤੀ ਦੇ ਖਿਆਲਾਂ ਨੇ ਕਿਵੇਂ ਆ ਫੜਿਆ? ਵੱਡਾ ਹੋਵੇਗਾ ਤਾਂ ਇਹ ਗੱਲ ਕਰੀ। ਬੂੜਾ ਜੀ ਨੇ ਕਿਹਾ ਮਹਾਰਾਜ ਜੀ ਮੌਤ ਦਾ ਕੀ ਵਸਾਹ ਕੀ ਪਤਾ ਕਦੋਂ ਆ ਝੱਫੇ। ਖਬਰੇ ਵੱਡਾ ਹੋਵਾਂ ਤੇ ਨਾ ਹੀ ਹੋਵਾਂ। ਤਾਂ ਨਾਨਕ ਪਾਤਸ਼ਾਹ ਜੀ ਨੇ ਕਿਹਾ ਤੈਨੂੰ ਇੰਨੀ ਛੋਟੀ ਉਮਰੇ ਇਹ ਸੋਚ ਕਿਵੇਂ ਫੁਰੀ ਕਾਕਾ ਬੂੜਿਆ। ਫਿਰ ਬੂੜਾ ਜੀ ਨੇ ਉਤਰ ਦਿੱਤਾ ਮਹਾਰਾਜ ਜੀ ਹੋਇਆ ਇੰਜ ਕੁਝ ਚਿਰ ਪਹਿਲਾਂ ਪਠਾਣ ਸਾਡੇ ਪਿੰਡ ਪਾਸ ਦੀ ਲੰਘੇ ਉਹ ਬਦੋ-ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ ਪੱਕੀਆਂ ਵੀ ਕੱਚੀਆਂ ਵੀ ਤੇ ਡਡਰੀਆਂ ਵੀ। ਉਦੋਂ ਤੋਂ ਮੇਰੇ ਮਨ ਵਿੱਚ ਘੜੀ ਮੁੜੀ ਖਿਆਲ ਆਉਂਦਾ ਹੈ ਕਿ ਜਿਵੇਂ ਪਠਾਣ ਕੱਚੀਆਂ ਪੱਕੀਆਂ ਫਸਲਾਂ ਵੱਢ ਕੇ ਲੈ ਗਏ ਹਨ ਤਿਵੇਂ ਹੀ ਮੌਤ ਵੀ ਬੱਚੇ ਗੱਭਰੂ ਅੱਧ ਖੜ ਬੁੱਢੇ ਨੂੰ ਜਦੋਂ ਜੀ ਕਰੇ ਆ ਨੱਪੇਗੀ। ਤੇ ਮੇਰੇ ਮਨ ਵਿੱਚ ਆਈ ਹੈ ਜੇ ਇਹਨਾਂ ਡਾਢਿਆਂ ਦਾ ਹੱਥ ਕਿਸੇ ਨਹੀਂ ਫੜਿਆ ਤਾਂ ਜਮਾਂ ਦਾ ਹੱਥ ਕਿਸ ਫੜਨਾ ਹੈ। ਉਹ ਜਦੋਂ ਮਰਜ਼ੀ ਕਿਸੇ ਨੂੰ ਵੀ ਮੌਤ ਦੇ ਮੂੰਹ ਵਿੱਚ ਲਿਜਾ ਸਕਦੇ ਹਨ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ। ਇਸ ਕਰਕੇ ਮੌਤ ਤੋਂ ਡਰਦਾ ਹਾਂ। ਤੁਹਾਡੇ ਪਾਸ ਇਹ ਆਸ ਧਾਰ ਕੇ ਆਉਂਦਾ ਹਾਂ ਤੁਸੀਂ ਮੇਰਾ ਇਹ ਡਰ ਦੂਰ ਕਰੋਗੇ। ਨਾਨਕ ਪਾਤਸ਼ਾਹ ਜੀ ਇਹ ਸਾਰੀ ਗੱਲ ਸੁਣ ਕੇ ਹੱਸ ਪਏ ਤੇ ਉਹਨਾਂ ਬਚਨ ਕੀਤਾ ਤੂੰ ਤਾਂ ਬਾਲਕ ਨਹੀਂ ਤੇਰੀ ਤਾਂ ਬੁੱਢਿਆਂ ਕੀ ਜੈਸੀ ਮਤ ਹੈ। ਤੂੰ ਤਾਂ ਬੁੱਢਾ ਹੈ ਤਕੜਾ ਹੋ ਬੁੱਢੇ ਬਾਲਕਾ। ਰੱਬ ਮੌਤ ਨਾਲੋਂ ਕਿਤੇ ਵਧੇਰੇ ਵੱਡਾ ਤੇ ਬਲਵਾਨ ਹੈ। ਜੇ ਤੂੰ ਉਸਦਾ ਹੋ ਜਾਵੇ ਤਾਂ ਮੌਤ ਤੈਨੂੰ ਡਰਾ ਨਾ ਸਕੇਗੀ। ਉਹ ਤੈਥੋਂ ਡਰਨ ਲੱਗ ਪਵੇਗੀ ਤੂੰ ਅਮਰ ਹੋ ਜਾਵੇਗਾ। ਜਨਮ ਮਰਨ ਦੇ ਗੇੜ੍ਹ ਤੋਂ ਛੁੱਟ ਜਾਵੇਗਾ। ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ। ਉਸ ਦਾ ਨਾਮ ਜਪਿਆ ਕਰ। ਉਸਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ। ਉਹਨਾਂ ਦੀ ਪਿਆਰ ਨਾਲ ਸੇਵਾ ਕਰਿਆ ਕਰ। ਜੇ ਤੇਰੇ ਹਿਰਦੇ ਵਿੱਚ ਰੱਬ ਦਾ ਡਰ ਭਰ ਜਾਵੇ ਤੂੰ ਉਸਨੂੰ ਖੁਸ਼ ਕਰਨ ਦੇ ਯਤਨ ਕਰਦਾ ਰਹੇ ਤਾਂ ਤੇਰੇ ਮਨ ਵਿੱਚ ਰੱਬ ਲਈ ਪਿਆਰ ਪੈਦਾ ਹੋ ਪਵੇ ਫਿਰ ਮੌਤ ਦਾ ਵੀ ਤੇ ਹੋਰ ਸਭੇ ਡਰ ਵੀ ਮਿਟ ਜਾਣ। ਤੈਨੂੰ ਮੁਕਤੀ ਮਿਲ ਜਾਵੇਗੀ। ਉਸ ਸਮੇਂ ਤੋਂ ਹੀ ਉਸ ਦਾ ਨਾਮ ਬੁੱਢਾ ਜੀ ਪੱਕ ਗਿਆ। ਸਿੱਖ ਉਹਨਾਂ ਨੂੰ ਸਤਿਕਾਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ। ਬਾਬਾ ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ। ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ। ਘਰ ਵਾਰ ਛੱਡ ਕੇ ਗੁਰੂ ਜੀ ਦੇ ਦਰਬਾਰੇ ਰਹਿਣ ਲੱਗ ਪਏ। ਸਾਰਾ ਦਿਨ ਸੰਗਤਾਂ ਦੀ ਸੇਵਾ ਟਹਿਲ ਕਰਦੇ ਖੇਤਾਂ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਹਨਾਂ ਨੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਜੀ ਦੇ ਨਾਮ ਜਪਣ ਕਿਰਤ ਕਰਨ ਤੇ ਵੰਡ ਕਿ ਛਕਣ ਦੇ ਉਪਦੇਸ਼ ਨੂੰ ਕਮਾ ਕੇ ਵਿਖਾਇਆ। ਹੁਣ ਸੰਗਤਾਂ ਆਪ ਜੀ ਨੂੰ ਸਤਿਕਾਰ ਨਾਲ ਬਾਬਾ ਜੀ ਆਖਣ ਲੱਗ ਪਈਆਂ। ਸਿੱਖ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਦਾ ਇੱਕ ਵੱਡਾ ਨਾਮ ਹੈ। ਅਹਿਮਦਸ਼ਾਹ ਬਟਾਲਵੀ ਲਿਖਦਾ ਹੈ ਕਿ ਬਾਬਾ ਨਾਨਕ ਦੇ ਉਪਰੰਤ ਬਾਬਾ ਬੁੱਢਾ ਜੀ ਨੇ ਬੜੀ ਨਾਮ ਬਰੀ ਖੱਟੀ। ਲੋਕ ਉਹਨਾਂ ਪ੍ਰਤੀ ਬੜੀ ਸ਼ਰਧਾ ਰੱਖਦੇ ਸਨ। ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੱਕ ਜਿਉਂਦੇ ਰਹੇ। ਤਰਨਤਾਰਨ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਰੱਖੀ ਸੀ। ਇਸ ਤੋਂ ਪਹਿਲਾਂ ਬਾਬਾ ਬੁੱਢਾ ਜੀ ਵੱਲੋਂ ਸੰਕੇਤ ਕੀਤੀ ਥਾਂ ਉੱਤੇ ਹੀ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਹੋਈ ਸੀ। ਬਾਬਾ ਬੁੱਢਾ ਜੀ ਕਰਤਾਰਪੁਰ ਹੀ ਆ ਟਿਕੇ ਅਤੇ ਸੇਵਾ ਦੇ ਵਿੱਚ ਜੁਟੇ ਰਹੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦ ਧਾਣਕ ਰੂਪ ਧਾਰ ਗੁਰੂ ਗੱਦੀ ਸੌਂਪਣ ਵੇਲੇ ਅੰਤਿਮ ਪ੍ਰੀਖਿਆ ਲਈ ਤਾਂ ਅਖੀਰ ਵਿੱਚ ਜੋ ਤਿੰਨ ਰਹਿ ਗਏ ਉਹਨਾਂ ਵਿੱਚ ਇੱਕ ਬਾਬਾ ਬੁੱਢਾ ਜੀ ਹੀ ਸਨ। ਉਹਨਾਂ ਦੀ ਲਗਨ ਦੇਖ ਕੇ ਹੀ ਗੁਰੂ ਨਾਨਕ ਜੀ ਨੇ ਵਰ ਦਿੱਤਾ ਸੀ ਕਿ “ਤੈਥੋਂ ਕਦੇ ਓਲੇ ਨਾ ਹੋਸਾ”। ਗੁਰੂ ਨਾਨਕ ਜੀ ਨੇ ਪਰਦਖਣਾ ਕਰਕੇ ਜਦ ਗੁਰੂ ਅੰਗਦ ਦੇਵ ਜੀ ਨੂੰ ਤਖਤ ਤੇ ਬਿਠਾਇਆ ਤਾਂ ਤਿਲਕ ਲਾਉਣ ਲਈ ਬਾਬਾ ਬੁੱਢਾ ਜੀ ਨੂੰ ਹੀ ਆਗਿਆ ਕੀਤੀ। ਉਨ੍ਹਾਂ ਦੀ ਉੱਚਤਾ ਦੇ ਕਾਰਨ ਉਨ੍ਹਾਂ ਦੇ ਮਗਰੋਂ ਗੁਰਿਆਈ ਦਾ ਤਿਲਕ ਲਾਉਣ ਦਾ ਅਧਿਕਾਰ ਉਹਨਾਂ ਦੀ ਔਲਾਦ ਨੂੰ ਦਿੱਤਾ ਗਿਆ। ਜਦ ਪਹਿਲੀ ਪਾਤਸ਼ਾਹੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਗੁਪਤ-ਵਾਦ ‘ਚ ਰਹੇ ਅਤੇ ਆਪ ਦੇ ਦਰਸ਼ਨਾਂ ਦੇ ਅਭਿਲਾਸ਼ੀ ਸਿੱਖ ਆਪ ਨੂੰ ਲੱਭ ਨਾ ਸਕੇ ਤਾਂ ਉਹ ਬਾਬਾ ਬੁੱਢਾ ਜੀ ਪਾਸ ਪਹੁੰਚੇ ਜੋ ਉਸ ਵੇਲੇ ਆਪਣੇ ਪਿੰਡ ਰਮਦਾਸ ਰਹਿੰਦੇ ਸਨ ਅਤੇ ਬੇਨਤੀ ਕੀਤੇ ਕਿ ਆਪਣੀ ਆਤਮਕ ਸ਼ਕਤੀ ਵਰਤ ਕੇ ਪਤਾ ਕਰੋ ਕਿ ਗੁਰੂ ਜੀ ਕਿੱਥੇ ਹਨ ਤੇ ਫਿਰ ਉਹਨਾਂ ਨੂੰ ਪ੍ਰਗਟ ਹੋ ਕੇ ਦਰਸ਼ਨ ਦੇਣ ਲਈ ਪ੍ਰੇਰੋ। ਬਾਬਾ ਬੁੱਢਾ ਜੀ ਨੇ ਰਾਤ ਦੀ ਇਕਾਂਤ ਸਮੇਂ ਪਾਠ ਕਰਕੇ ਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਉਹਨਾਂ ਨੂੰ ਖਡੂਰ ਸਾਹਿਬ ਦੀ ਮਾਈ ਭਿਰਾਈ ਦੇ ਘਰ ਬਿਰਾਜ ਰਹੇ ਗੁਰੂ ਜੀ ਦੇ ਦਰਸ਼ਨ ਹੋਏ। ਅਗਲੇ ਸਵੇਰ ਉਹ ਖਡੂਰ ਸਾਹਿਬ ਗਏ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਾਏ। ਗੁਰੂ ਅੰਗਦ ਦੇਵ ਜੀ ਨੇ “ਤਿੰਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ” ਆਖ ਕੇ ਮਾਣ ਬਾਬਾ ਬੁੱਢਾ ਜੀ ਨੂੰ ਦਿੱਤਾ ਸੀ।
ਇਸੇ ਤਰ੍ਹਾਂ ਜਦ ਤੀਜੇ ਸਤਿਗੁਰੂ ਦਾਤੂ ਦੇ ਕ੍ਰੋਧ ਅਤੇ ਈਰਖਾ ਦੀ ਅੱਗ ਮੱਠੀ ਕਰਨ ਦੀ ਖਾਤਰ ਬਾਸਰਕੇ ਜਾ ਗੁਪਤ ਹੋ ਬੈਠੇ ਸਨ ਤਾਂ ਵੀ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਲੱਭੋ ਤੇ ਪ੍ਰਗਟ ਕਰੋ। ਜਿਸ ਕੋਠੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਲੁਕੇ ਬੈਠੇ ਸਨ ਉਸਦੀ ਕੰਧ ਨੂੰ ਸੰਨ ਲਾ ਕੇ ਬਾਬਾ ਜੀ ਨੇ ਆਪ ਨੂੰ ਪ੍ਰੇਰਿਆ ਤੇ ਸੰਗਤਾਂ ਨੂੰ ਦਰਸ਼ਨ ਕਰਾਏ।

ਗੁਰੂ ਅਮਰਦਾਸ ਜੀ ਨੇ “ਸਿੱਖੀ ਦੀ ਅਵਿਧ” ਆਖ ਬਾਬਾ ਬੁੱਢਾ ਜੀ ਨੂੰ ਸਤਿਕਾਰਿਆ ਸੀ। ਗੁਰੂ ਅਮਰਦਾਸ ਜੀ ਨੇ ਤਾਂ ਗੁਰੂਗੱਦੀ ਦੇਣ ਸਮੇਂ ਪਹਿਲੀ ਸਲਾਹ ਹੀ ਬਾਬਾ ਬੁੱਢਾ ਜੀ ਕੋਲੋਂ ਲਈ ਤੇ ਬਾਬਾ ਜੀ ਨੇ ਗੁਰੂਗੱਦੀ ਦੇਣ ਦੀ ਸਾਰੀ ਮਰਿਆਦਾ ਗੁਰੂ ਅਮਰਦਾਸ ਜੀ ਨੂੰ ਦੱਸੀ। ਗੁਰੂ ਅਰਜਨ ਦੇਵ ਜੀ ਦੀ ਵਿੱਦਿਆ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਤੇ ਹੀ ਸੁੱਟਿਆ। ਪੰਚਮ ਪਾਤਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਤਿਆਰੀ ਆਰੰਭੀ ਤਾਂ ਬਾਬਾ ਜੀ ਇਸ ਸੇਵਾ ਦੇ ਮੋਢੀ ਪ੍ਰਬੰਧਕ ਬਣੇ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉੱਤਰ ਪੂਰਬ ਦੀ ਵਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰੀ ਹੁਣ ਤੱਕ ਮੌਜੂਦ ਹੈ। ਇਸ ਬੇਰੀ ਹੇਠ ਬਹਿ ਕੇ ਉਹ ਸੰਗਤਾਂ ਪਾਸੋਂ ਠੀਕ ਢੰਗ ਨਾਲ ਸੇਵਾ ਕਰਵਾਇਆ ਕਰਦੇ ਸਨ ਅਤੇ ਰਾਜ ਮਜ਼ਦੂਰਾਂ ਨੂੰ ਤਨਖਾਹ ਵੰਡਿਆ ਕਰਦੇ ਸਨ। ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਵੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਬਾਬਾ ਬੁੱਢਾ ਜੀ ਨੇ ਹੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾ ਵਾਕ ਲਿਆ। ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਪੂਰਨ ਹੋਣ ਤੇ ਬਾਬਾ ਜੀ ਨੇ ਇੱਕ ਹੋਰ ਸੇਵਾ ਸੰਭਾਲੀ।

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਬਾਲ ਦੇ ਪਾਸ ਕਾਫੀ ਸਾਰੀ ਭੋਂ ਗੁਰੂ ਜੀ ਨੂੰ ਭੇਟਾ ਵਿੱਚ ਮਿਲੀ ਹੋਈ ਸੀ। ਇਥੇ ਗੁਰੂ ਸਾਹਿਬਾਂ ਦਾ ਮਾਲ ਡੰਗਰ ਚਰਿਆ ਕਰਦਾ ਸੀ। ਇਸ ਨੂੰ ਬੀੜ ਆਖਦੇ ਸਨ। ਇਸ ਬੀੜ ਦੀ ਤੇ ਇਸ ਵਿਚਲੇ ਮਾਲ ਡੰਗਰ ਦੀ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿੱਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ। ਉਹ ਘਾ ਖੋਤ ਕੇ ਗੁਰੂ ਜੀ ਦੇ ਘੋੜਿਆਂ ਗਊਆਂ ਮੱਝਾਂ ਨੂੰ ਪਾਇਆ ਕਰਦੇ ਸਨ। ਇਸ ਲਈ ਉਹ ਆਪਣੇ ਆਪ ਨੂੰ ਗੁਰੂ ਜੀ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ। ਇਸ ਬੀੜ ਦਾ ਨਾਮ ਬਾਬਾ ਬੁੱਢਾ ਜੀ ਦੀ ਬੀੜ ਜਾਂ ਬਾਬੇ ਦੀ ਬੀੜ ਪੈ ਗਿਆ। ਇਥੇ ਇਸ ਨਾਂ ਦਾ ਇਤਿਹਾਸਿਕ ਗੁਰਦੁਆਰਾ ਵੀ ਹੈ। ਇਸ ਬੀੜ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ ਅਤੇ ਆਪ ਨੇ ਉਹਨਾਂ ਨੂੰ ਮਹਾਂਬਲੀ ਯੋਧੇ ਪੁੱਤਰ ਦਾ ਵਰ ਦਿੱਤਾ ਸੀ। ਗੁਰੂ ਜੀ ਦਾ ਮਾਤਾ ਗੰਗਾ ਜੀ ਨੂੰ ਅਜਿਹਾ ਵਰ ਆਪ ਦੇਣੋ ਅਸਮਰੱਥਾ ਪ੍ਰਗਟ ਕਰਨਾ ਅਤੇ ਉਹਨਾਂ ਨੂੰ ਬਾਬਾ ਬੁੱਢਾ ਜੀ ਦੀ ਸ਼ਰਨ ਭੇਜਣਾ ਨਾ ਕੇਵਲ ਇਹ ਦੱਸਦਾ ਹੈ ਕਿ ਗੁਰੂ ਜੀ ਵਿੱਚ ਕਿੰਨੀ ਨਿਮਰਤਾ ਸੀ ਸਗੋਂ ਇਹ ਵੀ ਦੱਸਦਾ ਹੈ ਕਿ ਬਾਬਾ ਬੁੱਢਾ ਜੀ ਗੁਰੂ ਜੀ ਦੀਆਂ ਅਤੇ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਕਿੰਨੇ ਉੱਚੇ ਅਤੇ ਸਮਰੱਥ ਸਨ। ਆਪ ਦਾ ਗੁਰੂ ਘਰ ਵਿੱਚ ਇਨਾ ਮਾਣ ਸਤਿਕਾਰ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਦੀ ਸਿਖਲਾਈ ਪੜ੍ਹਾਈ ਦਾ ਕੰਮ ਆਪ ਦੇ ਸਪੁਰਦ ਕੀਤਾ। ਬਾਬਾ ਬੁੱਢਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਗੁਰਬਾਣੀ ਤੇ ਗੁਰ ਇਤਿਹਾਸ ਦੀ ਪੜ੍ਹਾਈ ਵੀ ਕਰਵਾਈ ਅਤੇ ਨਾਲ ਹੀ ਘੋੜ ਸਵਾਰੀ ਸ਼ਸਤਰਾਂ ਦੀ ਵਰਤੋਂ ਕੁਸ਼ਤੀ ਅਤੇ ਹੋਰ ਸਰੀਰਕ ਸਿਖਲਾਈ ਵੀ ਕਰਵਾਈ। ਮਗਰੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਵੀ ਬਾਬਾ ਬੁੱਢਾ ਜੀ ਨੇ ਹੀ ਕਰਵਾਈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਬਾਦਸ਼ਾਹ ਨੇ ਕੈਦ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਤਾਂ ਕੁਝ ਚਿਰ ਮਗਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖ਼ਬਰ ਸੁਰਤ ਲਿਆਉਣ ਵਾਸਤੇ ਗਵਾਲੀਅਰ ਭੇਜਿਆ। ਬਾਬਾ ਬੁੱਢਾ ਜੀ ਉਥੇ ਗਏ ਅਤੇ ਗੁਰੂ ਜੀ ਨੂੰ ਮਿਲ ਕੇ ਸੁੱਖ ਸੁਨੇਹਾ ਲੈ ਕੇ ਵਾਪਸ ਆਏ। ਗੁਰੂ ਜੀ ਦੀ ਕੈਦ ਸਮੇਂ ਵਿੱਚ ਹੀ ਬਾਬਾ ਬੁੱਢਾ ਜੀ ਨੇ ਰਾਤ ਵੇਲੇ ਚੌਂਕੀਆਂ ਦਾ ਰਿਵਾਜ ਤੋਰਿਆ। ਸ਼ਾਮ ਵੇਲੇ ਸੰਗਤਾਂ ਜਥਾ ਜਾ ਚੌਂਕੀਆਂ ਬਣਾ ਕੇ ਸ਼ਬਦ ਪੜਦੀਆਂ-ਪੜਦੀਆਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੀਆਂ ਅਤੇ ਮਗਰੋਂ ਅਰਦਾਸਾਂ ਕਰਕੇ ਵਿਦਾ ਹੁੰਦੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਗੱਲ ਬੜੀ ਪਸੰਦ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਗਿਆ ਕੀਤੀ ਕਿ ਇਹ ਰੀਤ ਸਦਾ ਜਾਰੀ ਰਹੇਗੀ ਜੋ ਹੁਣ ਤੱਕ ਜਾਰੀ ਹੈ। ਜਦੋਂ ਮਾਤਾ ਗੰਗਾ ਜੀ ਜੋਤੀ ਜੋਤ ਸਮਾ ਗਏ ਤਾਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਆਪ ਜੰਗਾਂ ਦੀ ਤਿਆਰੀ ਕਰ ਰਹੇ ਹੋ ਮੈਂ ਹੁਣ ਬਿਰਧ ਹਾਂ ਜੰਗ ਵਿੱਚ ਹਿੱਸਾ ਲੈਣ ਜੋਗਾ ਮੇਰਾ ਸਰੀਰ ਨਹੀਂ ਆਪ ਆਗਿਆ ਦਿਓ ਕਿ ਮੈਂ ਬੀੜ ਵਿੱਚ ਜਾ ਕੇ ਸੇਵਾ ਕਰਾਂ। ਗੁਰੂ ਜੀ ਨੇ ਆਗਿਆ ਦੇ ਦਿੱਤੀ ਤੇ ਬਾਬਾ ਜੀ ਫਿਰ ਝਬਾਲ ਪਾਸਲੀ ਬੀੜ ਵਿੱਚ ਚਲੇ ਗਏ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਿਆਸ ਦੇ ਕੰਢੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਨਗਰ ਹਰਗੋਬਿੰਦਪੁਰ ਵਿੱਚ ਜਾ ਟਿਕੇ ਤੇ ਉਥੇ ਉਹਨਾਂ ਨੂੰ ਜੰਗ ਕਰਨਾ ਪਿਆ ਤਾਂ ਬਾਬਾ ਬੁੱਢਾ ਜੀ ਆਪ ਦੇ ਦਰਸ਼ਨਾਂ ਲਈ ਸ੍ਰੀ ਹਰਗੋਬਿੰਦਪੁਰ ਗਏ। ਉਥੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਬੇਨਤੀ ਕੀਤੀ ਕਿ ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ ਬੀੜ ਦੀ ਸੇਵਾ ਤੋਂ ਛੁੱਟੀ ਬਖ਼ਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਜਾ ਕੇ ਭਜਨ ਬੰਦਗੀ ਕਰਦਾ ਉਮਰ ਦੇ ਅਖੀਰੀ ਦਿਨ ਬਿਤਾਵਾਂ। ਨਾਲ ਹੀ ਬਚਨ ਦਿਓ ਕਿ ਜਦ ਮੈਂ ਦਰਸ਼ਨਾਂ ਲਈ ਅਰਦਾਸ ਕਰਾਂ ਆਪ ਨੇ ਜਰੂਰ ਬਹੁੜਨਾ। ਗੁਰੂ ਹਰਗੋਬਿੰਦ ਜੀ ਨੇ ਬਚਨ ਦਿੱਤੇ ਜਦੋਂ ਵੀ ਤੁਸੀਂ ਬੁਲਾਓਗੇ ਮੈਂ ਜਰੂਰ ਤੁਹਾਡੇ ਪਾਸ ਪੁੱਜਾਂਗਾ। ਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਟਿਕੇ ਅਤੇ ਭਜਨ ਬੰਦਗੀ ਵਿੱਚ ਰੁੱਝ ਗਏ।
ਅੰਤ ਵਿੱਚ 1631 ਈਸਵੀ ਵਿੱਚ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਦਾ ਭੇਜਿਆ ਤੇ ਆਪਣੇ ਪੁੱਤਰ ਭਾਨੇ ਦਾ ਹੱਥ ਗੁਰੂ ਹਰਗੋਬਿੰਦ ਸਾਹਿਬ ਦੀ ਹੱਥ ਵਿੱਚ ਪਕੜਾਇਆ ਤੇ ਕਿਹਾ ਕਿ ਇਹ ਮੇਰਾ ਪੁੱਤ ਹੈ ਇਸ ਦੀ ਬਾਂਹ ਪਕੜੋ ਤੇ ਉਸਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ੋ। ਇਸ ਤੋਂ ਬਾਅਦ ਆਪਣੀ ਇੱਛਾ ਅਨੁਸਾਰ ਗੁਰੂ ਹਰਗੋਬਿੰਦ ਜੀ ਦੇ ਪਾਵਨ ਹੱਥਾਂ ਵਿੱਚ 125 ਸਾਲ ਦੀ ਆਯੂ ਵਿੱਚ ਸਰੀਰ ਛੱਡਿਆ। ਗੁਰੂ ਸਾਹਿਬਾਨਾਂ ਦਾ ਬਾਬਾ ਬੁੱਢਾ ਜੀ ਦੇ ਨਾਲ ਬਹੁਤ ਜਿਆਦਾ ਪਿਆਰ ਸੀ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬਾਬਾ ਬੁੱਢਾ ਜੀ ਦੇ ਨਾਲ ਅਤਿਅੰਤ ਪਿਆਰ ਸੀ ਕਿ ਉਹਨਾਂ ਨੇ ਜਦ ਬਾਬਾ ਜੀ ਦੀ ਦੇਹ ਨੂੰ ਚਿਤਾ ਤੇ ਰੱਖਿਆ ਤਾਂ ਦੋ ਜਲ ਦੀਆਂ ਬੂੰਦਾਂ ਮੋਤੀ ਨੈਣਾਂ ਵਿੱਚੋਂ ਛਲਕ ਪਏ:
“ਚਿਤਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇਹਿ ਹਰਿ ਗੋਬਿੰਦ ਕੇ ਨੈਣ ਸੇ ਚਲਿਓ ਨੀਰ ਅਸਨੇਹ”



Leave a Comment