ਪੂਰਨ ਸ਼ਾਹਕੋਟੀ ਦਾ ਜਨਮ 22 ਦਸੰਬਰ 1952 ਦਾ ਸੀ। ਜਨਮ ਅਸਥਾਨ ਸ਼ਾਹਕੋਟ, ਜ਼ਿਲ੍ਹਾ ਜਲੰਧਰ। ਮਾਂ ਦਾ ਨਾਂ ਲਾਜਵੰਤੀ (ਲਾਜੋ) ਤੇ ਪਿਤਾ ਨਿਰੰਜਣ ਦਾਸ (ਨੰਜੂ)। ਪੂਰਨ ਦੇ ਜਨਮ ਮਗਰੋਂ ਦੋ ਭਰਾ ਹੋਰ ਜਨਮੇ ਸਨ, ਮਹਿਤਾ ਤੇ ਸਾਗਰ। ਦੋਵੇਂ ਹੀ ਚੱਲ ਵਸੇ ਸਨ। ਉਸ ਮਗਰੋਂ ਭਰਾ ਰੇਸ਼ਮ ਲਾਲ (ਰੇਸ਼ੀ), ਕੇਸ਼ਮ ਲਾਲ (ਕੇਸ਼ੀ) ਤੇ ਭੈਣਾਂ ਮੱਤੀ, ਛੱਤੀ ਤੇ ਫੱਤੀ ਜਨਮੀਆਂ। ਹੌਲੀ ਹੌਲੀ ਪੂਰਨ ਸ਼ਾਹਕੋਟੀ ਰਾਗ-ਵਿੱਦਿਆ ਤੇ ਗਾਣੇ ਵਿਚ ਨਿਪੁੰਨ ਹੁੰਦਾ ਗਿਆ। ਕੱਵਾਲੀਆਂ ਗਾਉਣ ਲਈ ਮੇਲਿਆਂ ਮੁਸਾਹਬਿਆਂ ਤੇ ਪੀਰਾਂ-ਫਕੀਰਾਂ ਦੀਆਂ ਦਰਗਾਹਾਂ ’ਤੇ ਤੁਰੇ ਰਹਿੰਦੇ। ਇਵੇਂ ਹੀ ਤੁਰਦਾ-ਫਿਰਦਾ ਪੂਰਨ ਹਲਟੀ ਵਾਲੇ ਬਾਬਾ ਜੀ ਨੂੰ ਮਿਲ ਗਿਆ, ਉਹ ਕਲਾਸੀਕਲ ਸੰਗੀਤ ਦੇ ਚੰਗੇ ਗਿਆਨੀ ਸਨ, ਉਹਨਾਂ ਤੋਂ ਸੰਗੀਤ ਸਿੱਖਣ ਲੱਗਿਆ। ਇਹਨਾਂ ਨਾਲ ਫਿਰਦਿਆਂ ਹੀ ਸਾਈਂ ਢੇਰੀਆਂ ਵਾਲੇ ਨਾਲ ਮੇਲ ਹੋ ਗਿਆ, ਸਾਈਂ ਜੀ ਦਾ ਅਸਲੀ ਨਾਂ ਗੁਰਦਾਸ ਸੀ, ਸੁਭਾਓ ਅਬੈੜਾ ਸੀ, ਤਦ ਵੀ ਉਹ ਢਾਈ ਵਰ੍ਹੇ ਤੀਕ ਨਾਲੇ-ਨਾਲ ਹੀ ਤੁਰਿਆ। ਸ਼ਾਹਕੋਟੀ ਨੇ ਰੋਜ਼ਗਾਰ ਦਫ਼ਤਰ ਵਿਚ ਆਪਣਾ ਨਾਮ ਦਰਜ ਕਰਵਾਇਆ। ਲੋਕ ਸੰਪਰਕ ਵਿਭਾਗ ਦੇ ਕਿਸੇ ਕਲਾਕਾਰ ਨੇ ਛੇ ਮਹੀਨੇ ਦੀ ਛੁੱਟੀ ’ਤੇ ਜਾਣਾ ਸੀ, ਉਹਦੀ ਥਾਵੇਂ ਪੂਰਨ ਨੂੰ ਰੱਖ ਲਿਆ। ਛੇ ਮਹੀਨਿਆਂ ਵਿਚ ਹੀ ਉਹਦੇ ਕਾਫ਼ੀ ਸਾਰੇ ਪ੍ਰੋਗਰਾਮ ਪੇਸ਼ ਕਰਕੇ ਮਹਿਕਮੇ ਵਿਚ ਆਪਣੀ ਚੋਖੀ ਭੱਲ ਬਣਾ ਲਈ। ਬੜੀਆਂ ਚੰਗੀਆਂ ਥਾਵਾਂ ਉੱਤੇ ਉਹਨੂੰ ਗਉਣ ਲਈ ਮੌਕਾ ਮਿਲਿਆ। ਉਸਤਾਦ ਲਾਲ ਚੰਦ ਯਮਲਾ ਜੱਟ, ਬੀਬਾ, ਭੰਵਰਾ, ਰਾਜਨ, ਸੁਰਿੰਦਰ ਕੌਰ, ਰੰਜਨਾ, ਸਵਰਨ ਲਤਾ, ਸੁਰੇਸ਼ ਕਪੂਰ ਤੇ ਚੰਦਰ ਕਾਂਤਾ ਆਦਿ ਦੀਆਂ ਸਟੇਜਾਂ ਉੱਤੇ ਉਹਨੇ ਗਾਇਆ। ਉਹ ਗਾਉਂਦਾ ਹੁੰਦਾ:
ਮੇਰਿਆ ਢੋਲਾ, ਤੈਨੂੰ ਰੱਬ ਦੀਆਂ ਰੱਖਾਂ
ਅੱਜ ਤਕਦੀਆਂ ਤੈਨੂੰ, ਸਾਰੇ ਜੱਗ ਦੀਆਂ ਅੱਖਾਂ
ਤੇਰੇ ਹਰੇ ਖੇਤ, ਤੇਰੇ ਭਰੇ ਖੇਤ
ਤੇਰੀ ਕੋਠੀ ਦੇ ਵਿਚ ਦਾਣੇ ਨੇ
ਤੇਰੇ ਰੰਗਲੇ ਮਹਿਲ ਵਿਚ ਚਹਿਲ-ਪਹਿਲ
ਤੇਰੇ ਕਮਲੇ ਅੱਜ ਸਿਆਣੇ ਨੇ
ਇਕ ਰਾਤ, ਮਾਡਲ ਟਾਊਨ ਜਲੰਧਰ ਵਿਚ ਰਾਮ ਲੀਲਾ ਦਾ ਅਖ਼ੀਰਲਾ ਦਿਨ ਸੀ। ਟਿਕੀ ਹੋਈ ਰਾਤ, ਪੂਰਨ ਸ਼ਾਹਕੋਟੀ ਗਾ ਰਿਹਾ ਸੀ:
ਕਿੱਥੋਂ ਸਿੱਖਿਆ ਫ਼ਕੀਰਾਂ ਨੂੰ ਸਤਾਉਣਾ
ਮੁੜ ਜੋਗੀਆਂ ਨੇ ਖੇੜੀਂ ਨਹੀਂਉਂ ਆਉਣਾ
ਮੂੰਹੋਂ ਨਾ ਮੰਦਾ ਬੋਲ ਸਹਿਤੀਏ…
ਸ਼ਾਹਕੋਟੀ ਨੇ ਗਾਉਂਦੇ-ਗਾਉਂਦੇ ਦੇਖਿਆ ਕਿ ਲੋਕਾਂ ਦੇ ਇਕੱਠ ਦੇ ਪਿਛਲੇ ਪਾਸੇ ਇਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਆਣ ਰੁਕੀ ਹੈ। ਉਸ ਵਿਚੋਂ ਇਕ ਬਾਊ-ਅਫ਼ਸਰ ਤੇ ਉਹਦੀ ਪਤਨੀ ਤੇ ਪੁੱਤਰ ਨਿਕਲੇ ਹਨ ਤੇ ਸਿੱਧੇ ਸਟੇਜ ਵੱਲ ਆ ਗਏ ਹਨ। ਇਹ ਕੌਣ ਹਨ? ਸ਼ਾਹਕੋਟੀ ਨਹੀਂ ਜਾਣਦਾ, ਇਹ ਸ਼ਾਹਕੋਟੀ ਦੀ ਆਵਾਜ਼ ਸੁਣ ਕੇ ਹੀ ਏਧਰ ਆ ਨਿਕਲੇ ਹਨ, ਇਹ ਸ੍ਰੀ ਨਰਿੰਦਰ ਮੋਹਨ ਭਾਟੀਆ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ ਹਨ। ਇਨ੍ਹਾਂ ਆਉਂਦੇ ਸਾਰ ਹੀ ਸਟੇਜ ਸਕੱਤਰ (ਦੀਦਾਰ) ਨੂੰ ਪੁੱਛਿਆ, ‘‘ਏਹ ਗਾਣ ਵਾਲਾ ਕੌਣ ਆਦਮੀ ਏਂ? ਬੜਾ ਸੁਰੀਲਾ ਗਾਉਂਦਾ ਏ, ਇਸ ਨੂੰ ਇਕ ਗੀਤ ਹੋਰ ਗਾਣ ਲਈ ਵਕਤ ਦੇਵੋ।’’
ਦੀਦਾਰ ਨੇ ਆਖਿਆ, ‘‘ਸਾਡੇ ਕੋਲ ਹੋਰ ਵਕਤ ਹੈ ਨਹੀਂ, ਅਗਲੇ ਸੀਨ ਲਈ ਕਲਾਕਾਰ ਬਿਲਕੁਲ ਤਿਆਰ ਨੇ।’’
ਇਹ ਸੁਣ ਕੇ ਭਾਟੀਆ ਨੇ ਆਖਿਆ, ‘‘ਮੈਂ ਰੇਡੀਉ ਡਾਇਰੈਕਟਰ ਹਾਂ, ਇਸ ਕਲਾਕਾਰ ਦੀ ਆਵਾਜ਼ ਮੈਨੂੰ ਬੜੀ ਭਾਈ ਏ, ਪਲੀਜ਼ ਇਕ ਗੀਤ…।’’
ਇਹ ਸਭ ਗੱਲਾਂ ਪੂਰਨ ਸ਼ਾਹਕੋਟੀ ਵੀ ਪਰਦੇ ਪਿੱਛੇ ਖਲੋਤਾ ਸੁਣ ਰਿਹਾ ਸੀ। ਆਖ਼ਿਰ ਸਟੇਜ ਸਕੱਤਰ ਮੰਨ ਗਿਆ। ਹੁਣ ਪੂਰਨ ਗਾ ਰਿਹਾ ਹੈ:
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ
ਆ ਦੇਖ, ਮੇਰਾ ਇੰਤਜ਼ਾਰ ਆ ਜਾ
ਭਾਟੀਆ ਸਾਹਿਬ ਬੜੇ ਖ਼ੁਸ਼ ਹੋਏ, ਉਹਨਾਂ ਸ਼ਾਹਕੋਟੀ ਨੂੰ ਇਕ ਚਿੱਟ ਦਿੱਤੀ ਤੇ ਅਗਲੇ ਦਿਨ ਗਿਆਰਾਂ ਵਜੇ ਰੇਡੀਉ ਸਟੇਸ਼ਨ ਉਤੇ ਬੁਲਾ ਲਿਆ। ਇਸ ਤੋਂ ਪਹਿਲੋਂ ਸ਼ਾਹਕੋਟੀ ਨੇ ਪੰਜਾਹ ਗੇੜੇ ਰੇਡੀਓ ਸਟੇਸ਼ਨ ਦੇ ਕੱਢੇ ਸਨ, ਪਰ ਕਿਸੇ ਅੰਦਰ ਨਹੀਂ ਸੀ ਲੰਘਣ ਦਿੱਤਾ। ਕਮਾਲ ਹੋ ਗਈ ਸੀ, ਹੁਣ ਖ਼ੁਦ ਰੇਡੀਉ ਦਾ ਮੁਖੀ ਸੱਦਾ ਦੇ ਗਿਆ ਸੀ। ਪੂਰਨ ਸ਼ਾਹਕੋਟੀ ਨੇ ਚਾਅ-ਚਾਅ ਵਿਚ ਰਾਤ ਔਖੀ ਕੱਢੀ, ਰਾਤ ਨੂੰ ਉਹ ਜਗਤ ਸਿੰਘ ਜੱਗਾ ਦੇ ਘਰ ਰਿਹਾ। ਸਵੇਰੇ ਜੱਗੇ ਨੇ ਆਪਣੀ ਕਾਰ ਸਟਾਰਟ ਕੀਤੀ ਤੇ ਰੇਡੀਓ ’ਤੇ ਪੁੱਜੇ, ਸਿੱਧੇ ਭਾਟੀਆ ਸਾਹਿਬ ਦੇ ਕਮਰੇ ਵਿਚ ਗਏ। ਚਾਹ-ਪਾਣੀ ਮਗਰੋਂ ਇਕ ਰਸਮੀਂ ਟੈਸਟ ਹੋਇਆ, ਪੂਰਨ ਨੇ ਗਾ ਕੇ ਸੁਣਾਇਆ। ਡਾਇਰੈਕਟਰ ਨੇ ਹੋਰ ਅਧਿਕਾਰੀ ਤੇ ਕਰਮਚਾਰੀ ਸਟੂਡੀਉ ਵਿਚ ਬੁਲਾ ਲਏ। ਸ਼ਾਹਕੋਟੀ ਨਾਲ ਤਬਲੇ ਉੱਤੇ ਸੰਗਤ ਉਸਤਾਦ ਮੋਹਨ ਸਿੰਘ ਜੀ ਨੇ ਕੀਤੀ। ਐਨ ਮੌਕੇ ਸਿਰ ਢੁਕਦੇ ਬੋਲ ਪੂਰਨ ਨੇ ਗਾਏ:
ਡੂੰਘੇ ਪੈਂਡੇ ਥਲਾਂ ਵਾਲੇ ਮੁੱਕਦੇ ਨਹੀਂ
ਪੈਰੀਂ ਪੈ ਗਏ ਨੇ ਛਾਲੇ, ਹੰਝੂ ਰੁਕਦੇ ਨਹੀਂ
ਥੋੜ੍ਹੇ ਦਿਨਾਂ ਮਗਰੋਂ ਹੀ ਉਹਨੂੰ ਬੀ-ਹਾਈ ਗਰੇਡ ਮਿਲ ਗਿਆ, (ਅੱਜ ਵੀ ਬੀ ਹਾਈ ਗਰੇਡ ਵਿਚ ਸੀ, ਜਿਸ ਵਿਚ ਚੋਟੀ ਦੇ ਕਲਾਕਾਰ ਗਾਉਂਦੇ ਹਨ, ਹੁਣ ਕੁਝ ਸਾਲਾਂ ਤੋਂ ਸਿਹਤ ਠੀਕ ਨਾ ਹੋਣ ਕਾਰਣ ਰੇਡੀਓ ਟੀਵੀ ਉਤੇ ਗਾਉਣ ਨਹੀਂ ਸੀ ਜਾਂਦਾ) ਸ਼ਾਹਕੋਟੀ ਜੀ ਦੱਸਦੇ ਸਨ ਕਿ ਜਿਉਂ-ਜਿਉਂ ਰੇਡੀਓ ਤੋਂ ਪ੍ਰੋਗਰਾਮ ਦੇਣ ਲੱਗਿਆ ਤਿਉਂ-ਤਿਉਂ ਉਸਦੇ ਸਰੋਤਿਆਂ ਦਾ ਘੇਰਾ ਵੀ ਵਿਸ਼ਾਲ ਹੁੰਦਾ ਗਿਆ। ਭਾਟੀਆ ਸਾਹਿਬ ਉਸ ਨੂੰ ਇਕ ਫਰਿਸ਼ਤਾ ਜਾਪੇ, ਜਿਨ੍ਹਾਂ ਛੁਪੇ ਹੋਏ ਕਲਾਕਾਰ ਨੂੰ ਲੱਭਿਆ ਸੀ। ਤੁਰਦੇ ਫਿਰਦੇ ਸ਼ਾਹਕੋਟੀ ਨੇ ਪਟਿਆਲਾ ਸੰਗੀਤ ਘਰਾਣੇ ਦੇ ਉਸਤਾਦ ਬਾਕਰ ਹੁਸੈਨ ਖਾਂ ਨੂੰ ਆਪਣਾ ਗੁਰੂ ਧਾਰ ਲਿਆ।

ਪੂਰਨ ਸ਼ਾਹਕੋਟੀ ਅਦਬੀ ਮਹਿਫ਼ਲਾਂ ਦਾ ਸ਼ਿੰਗਾਰ ਬਣ ਗਿਆ। ਸੂਫ਼ੀਆਨਾ ਕਲਾਮ ਉਸਦੇ ਮੂੰਹੋਂ ਅਜਿਹੇ ਫਬਦੇ ਕਿ ਲੋਕ ਉਸ ਨੂੰ ਸੂਫ਼ੀ ਗਵੱਈਆ ਸੱਦਣ ਲੱਗੇ। ਸ੍ਰੀਨਗਰ ਰੇਡੀਓ ਤੋਂ ਨਰਿੰਦਰ ਬੀਬਾ ਨਾਲ ਚਾਰ ਗੋਜਰੀ ਗੀਤ ਗਾਏ। ਬੰਬੇ ਵਿਸਾਖੀ ਮੇਲੇ ਦੀਆਂ ਰਾਤਾਂ ਵਿਚ ਗਾਉਣ ਗਿਆ, ਖਾਸੀ ਸ਼ੋਭਾ-ਸਿਫ਼ਤ ਹੋਈ। ਜਗਜੀਤ ਸਿੰਘ, ਖ਼ਯਾਮ ਸਾਹਿਬ, ਸਾਗਰ ਸਰਹੱਦੀ, ਦੀਪਕ ਪਰਾਸ਼ਰ ਤੇ ਮਨਮੋਹਨ ਕ੍ਰਿਸ਼ਨ ਨੇ ਦਿਲੋਂ ਪਿਆਰਿਆ-ਸਤਿਕਾਰਿਆ। ਦੂਰਦਰਸ਼ਨ ਜਲੰਧਰ ਤੋਂ ਪ੍ਰਕਾਸ਼ ਕੌਰ ਢਿੱਲੋਂ ਨੇ ਵਾਰਿਸ ਦੀ ਹੀਰ ’ਤੇ ਇਕ ਲੜੀਵਾਰ ਫੀਚਰ ਪੇਸ਼ ਕਰਨਾ ਆਰੰਭਿਆ, ਇਹ ਡੇਢ ਸਾਲ ਤੱਕ ਚਲਿਆ। ਇਸ ਵਿਚ ਮੁਹੰਮਦ ਰਫ਼ੀ ਨੇ ਵੀ ਹੀਰ ਗਾਈ, ਨਰਿੰਦਰ ਬੀਬਾ ਨੇ ਵੀ ਤੇ ਪੂਰਨ ਸ਼ਾਹਕੋਟੀ ਨੇ ਵੀ। ਇੱਥੋਂ ਹੀ ਪੂਰਨ ਦੀ ਗਾਈ ਹੀਰ ਪ੍ਰਵਾਨ ਚੜ੍ਹੀ। 1980 ਸੀ, ਪੂਰਨ ਸ਼ਾਹਕੋਟੀ ਦੀ ਪ੍ਰਸਿੱਧੀ ਸਿਖ਼ਰਾਂ ਉੱਤੇ ਸੀ। ਨਾਨਕ ਸਿੰਘ ਦੇ ਨਾਵਲ ‘ਚਿੱਟਾ ਲਹੂ’ ਉੱਤੇ ਅਧਾਰਿਤ ਨਾਟਕ ਜਲੰਧਰ ਦੂਰਦਰਸ਼ਨ ਤੋਂ ਦਿਖਾਇਆ ਗਿਆ ਤਾਂ ਜਸਵੰਤ ਦੀਦ ਦਾ ਲਿਖਿਆ ਤੇ ਪੂਰਨ ਸ਼ਾਹਕੋਟੀ ਦਾ ਗਾਇਆ ਇਹ ਗੀਤ ਹਰੇਕ ਪੰਜਾਬੀ ਦੀ ਜ਼ੁਬਾਨ ਉੱਪਰ ਚੜ੍ਹਿਆ ਹੋਇਆ ਸੀ:
ਫੱਕਰਾਂ ਦੀ ਕੁੱਲੀ ਵਿਚ ਰੱਬ ਵੱਸਦਾ
ਜਗ ਭੈੜਾ ਐਵੇਂ ਸਾਨੂੰ ਤਾਹਨੇ ਕੱਸਦਾ…
ਇਸੇ ਨਾਟਕ ਵਿਚ ਹੀ ਸ਼ਾਹਕੋਟੀ ਨੇ ਗਾਇਆ:
ਕਿਹਨੇ ਹਾਕ ਮਾਰਨੀ ਸੀ, ਕਿਹੜੇ ਮੁੜ ਆਉਣਾ ਸੀ
ਚੰਦਰੇ ਮਨਾਂ ਤੂੰ ਸਾਨੂੰ ਐਵੇ ਕਿਉਂ ਰੁਲਾਉਣਾ ਸੀ…
ਇਕ ਦਿਨ ਪੂਰਨ ਸ਼ਾਹਕੋਟੀ ਨੂੰ ਆਪਣੇ ਗੀਤ ਤਵਿਆਂ ਵਿਚ ਰਿਕਾਰਡ ਕਰਵਾਉਣ ਦੀ ਸੁੱਝੀ ਤੇ ਉਹ ਐਚ.ਐਮ.ਵੀ. ਵਾਲਿਆਂ ਦੇ ਦਿੱਲੀ ਚਲਿਆ ਗਿਆ। ਜ਼ਹੀਰ ਅਹਿਮਦ ਜ਼ਹੀਰ ਉੱਥੇ ਡਾਇਰੈਕਟਰ ਸਨ। ਪੂਰਨ ਦੇ ਸੂਫ਼ੀਆਨਾ ਤੇ ਸਾਹਿਤਕ ਕਲਾਮ ਸੁਣ ਕੇ ਉਹ ਖਸਿਆਨੀ ਜਿਹੀ ਹਾਸੀ ਹੱਸੇ ਤੇ ਬੋਲੇ, ‘‘ਕੌਣ ਸੁਣੇਗਾ ਤੁਮਾਰਾ ਯੇ ਗਾਨਾ? ਕੰਪਨੀ ਕਹਾਂ ਸੇ ਇਤਨੇ ਪੈਸੇ ਲਾਏ… ਨਸ਼ਟ ਕਰਨੇ ਕੇ ਲੀਏ… ਹੂੰ…? ਬੋਲੋ?’’
ਪੂਰਨ ਚੁੱਪ ਸੀ ਤੇ ਉਹ ਬਿਨਾਂ ਕੁਝ ਬੋਲੇ… ਭਰਿਆ ਪੀਤਾ, ਬਾਜਾ ਚੁੱਕ ਕੇ ਪਿਛਾਂਹ ਮੁੜ ਪਿਆ, ਸਾਰੀ ਉਮਰ ਲਈ ਤਵਿਆਂ ਵਿਚ ਰਿਕਾਰਡ ਭਰਵਾਉਣ ਦੀ ਇੱਛਾ ਮਨੋਂ ਹੀ ਕੱਢ ਮਾਰੀ। ਪੂਰਨ ਸ਼ਾਹਕੋਟੀ ਦੀ ਸਾਹਿਤਕ ਹਲਕਿਆਂ ਵਿਚ ਖ਼ੂਬ ਚਰਚਾ ਹੋਣ ਲੱਗੀ। ਸਾਹਿਤਕਾਰਾਂ ਨਾਲ ਮੇਲ ਜੋਲ ਵੀ ਵੱਧ ਗਿਆ। ਇਕ ਵਾਰੀ ਉਹਨੇ ‘ਨਾਗਮਣੀ’ ’ਚੋਂ ਦਵਿੰਦਰ ਸਤਿਆਰਥੀ ਦਾ ਲਿਖਿਆ ਹੋਇਆ ਪੜ੍ਹਿਆ, ‘‘ਬਾਜ਼ੀਆਂ-ਬਾਜ਼ੀਆਂ ਤੀਵੀਆਂ, ਪਾਉਣ ਕਦੇ ਨਾ ਨੀਵੀਆਂ, ਹਾਏ ਓ ਮੇਰਿਅ ਰੱਬਾ, ਹਾਏ ਓ ਮੇਰਿਆ ਰੱਬਾ।’’ ਪੂਰਨ ਦੇ ਮਨ ਬੜਾ ਭਾਇਆ, ਕੁਝ ਵਰ੍ਹਿਆਂ ਪਿਛੋਂ ਸਤਿਆਰਥੀ ਜੀ ਦੂਰਦਰਸ਼ਨ ਕੇਂਦਰ ਆਏ ਮਿਲ ਗਏ, ਪੂਰਨ ਨੇ ਆਖਿਆ, ‘‘ਪੂਰੇ ਪੈਰ੍ਹੇ ਲਿਖ ਦੇਂਦੇ, ਮੈਂ ਗਾਉਂਦਾ। ਹੁਣ ਮੈਂ ਏਨਾ ਕੁ ਗਾ ਕੇ ਹੀ ਗੁਜ਼ਾਰਾ ਕਰਾ ਲੈਂਦਾ ਹਾਂ… ਹਾਏ… ਓ ਮੇਰਿਆ ਰੱਬਾ… ਬਾਜ਼ੀਆਂ-ਬਾਜ਼ੀਆਂ ਤੀਵੀਆਂ…।’’ ਸ਼ਾਹਕੋਟੀ ਖਲੋਤਾ ਹੀ ਗਾਉਣ ਲੱਗ ਪਿਆ। ਸਤਿਆਰਥੀ ਅਜਿਹਾ ਨਿਹਾਲ ਹੋਇਆ ਕਿ ਪੂਰਨ ਦੇ ਪਿਛਿਓਂ ਹੀ ਨਾ ਲੱਥਣ ’ਚ ਆਵੇ।
ਇਕ ਵਾਰ ਸੁਰਜੀਤ ਰਾਮਪੁਰੀ ਨੇ ਇਕ ਖ਼ਤ ਵਿਚ ਸ਼ਾਹਕੋਟੀ ਨੂੰ ਲਿਖ ਭੇਜਿਆ ਸੀ:
‘‘ਗਾਉਣ ਵਾਲਿਓ, ਸ਼ਾਇਰਾਂ ਦੇ ਪਰਾਂ ਉੱਤੇ ਉੱਡਣਾ ਸਿੱਖੋ।’’
ਹਰੀ ਸਿਆਹੀ ’ਚ ਉਕਰੀਆਂ ਉਪਰੋਕਤ ਸਤਰਾਂ ਪੂਰਨ ਨੇ ਸਾਂਭੀਆਂ ਹੋਈਆਂ ਸਨ। ਆਕਾਸ਼ਵਾਣੀ ਜਲੰਧਰ ਵਿਚ ਇਕ ਮੁਲਾਕਾਤ ਵਿਚ ਪੂਰਨ ਸ਼ਾਹਕੋਟੀ ਆਖ ਰਿਹਾ ਸੀ, ‘‘ਮੈਂ ਗਾਣੇ ਨਾਲ ਇਸ਼ਕ ਕਰ ਰਿਹਾਂ… ਕਲਾ ਨੂੰ ਪੂਜਾ ਮੰਨ ਕੇ ਤੁਰਿਆ ਸਾਂ… ਮੇਰਾ ਜੀਵਨ ਕਲਾ ਲਈ ਹੈ… ਕਲਾ ਦੀ ਭਰਪੂਰਤਾ ਵਿਚ ਹੀ ਮੈਨੂੰ ਆਨੰਦ ਆਉਂਦਾ ਹੈ… ਭੁੱਖਾ ਭਾਵੇਂ ਮਰ ਜਾਵਾਂ, ਮਾੜਾ ਨਹੀਂ ਗਾਉਣਾ…।’’
ਸਪੱਸ਼ਟ ਹੈ ਕਿ ਉਸ ਨੇ ਪੈਸੇ ਖ਼ਾਤਿਰ ਨਹੀਂ ਸੀ ਗਾਇਆ। ਗਾਉਂਦਿਆਂ-ਗਾਉਂਦਿਆਂ ਜੋ ‘ਤਿਲ-ਫੁਲ’ ਮਿਲ ਗਿਆ ਉਸ ਨਾਲ ਗੁਜ਼ਾਰਾ ਟਪਾ ਲਿਆ। ਹੁਣ ਤਾਂ ਸਲੀਮ ਨੇ ਵਾਰੇ ਨਿਆਰੇ ਕਰ ਦਿੱਤੇ ਸਨ। ਬਹੁਤ ਸਾਰੇ ਹਿੱਟ ਗਾਣੇ ਗਾ ਚੁੱਕਾ ਹੈ ਤੇ ਫ਼ਿਲਮਾਂ ਲਈ ਵੀ ਗਾ ਰਿਹਾ ਹੈ। ਬੱਲੇ ਬੱਲੇ ਹੈ।
ਇਕ ਦਿਨ ਮੈਂ ਉਸਤਾਦ ਜੀ ਨੂੰ ਪੁੱਛਿਆ ਸੀ, ‘‘ਕਿਸ-ਕਿਸ ਦਾ, ਕੀ-ਕੀ ਸੁਣਦੇ ਓ?’’ ਉਸ ਇਕੋ ਸਾਹੇ ਸਭ ਦੇ ਨਾਂ ਗਿਣਵਾ ਦਿੱਤੇ ਸਨ, ‘‘ਮੈਂ ਪੰਡਤ ਜਸਰਾਜ ਜੀ, ਬੇਗ਼ਮ ਪ੍ਰਵੀਨ, ਸੁਲਤਾਨਾ ਸਾਹਿਬਾਂ, ਭੀਮ ਸੈਨ ਜੋਸ਼ੀ ਦਾ ਗਾਇਨ ਸੁਣਦਾ ਹਾਂ, ਇਨ੍ਹਾਂ ਸਾਰਿਆਂ ਦੀਆਂ ਟੇਪਾਂ ਨੇ ਮੇਰੇ ਕੋਲ… ਇਹ ਸੱਪ ਨੇ ਸੱਪ! ਖ਼ਤਰਨਾਕ… ਹਰੀ ਪ੍ਰਸ਼ਾਦਿ ਚੌਰਸੀਆ ਦੀ ਬੰਸਰੀ ਸੁਣਦਾ ਹਾਂ ਤੇ ਜ਼ਾਕਿਰ ਖਾਂ ਸਾਹਿਬ ਦਾ ਤਬਲਾ… ਅਮਜ਼ਦ ਅਲੀ ਖਾਂ ਸਾਹਿਬ ਦੀ ਸਰੋਦ ਤੇ ਪੰਡਤ ਸ਼ਿਵ ਕੁਮਾਰ ਦਾ ਸੰਤੂਰ ਸੁਣ ਕੇ ਰੂਹ ਨਸ਼ਿਆਉਂਦਾ ਹਾਂ… ਉਸਤਾਦ ਬਿਸਮਿੱਲਾ ਖਾਂ ਦੀ ਸ਼ਹਿਨਾਈ ਤੇ ਐਮ ਰਾਜਨ ਬੀਬਾ ਦਾ ਵਾਇਲਨ… ਇਕਾਂਤ ਤੇ ਇਕਾਗਰਤਾ ਵੀ ਮੇਰੀ ਖ਼ੁਰਾਕ ਨੇ ਪਰ ਇਹ ਬੜਾ ਘੱਟ ਮਿਲਦੇ ਨੇ… ਏਹ ਮੇਰੇ ਕੋਲੋਂ ਖੋਹਣ ਲਈ ਬੜੇ ਲੋਕੀਂ ਆਉਂਦੇ ਨੇ… ਹਾਭ੍ਹੜੇ ਹੋਏ, ਹਲ੍ਹਕੇ ਹੋਏ, ਕਲਾਕਾਰ ਢੂੰਡਦਾ ਹਾਂ… ਗਲੀ ਵਿਚ ਫਿਰਦੇ ਮੰਗਤੇ ਨੂੰ ਘਰ ਸੱਦ ਕੇ, ਉਹਦੀ ਸੇਵਾ ਕਰਕੇ ਉਹਤੋਂ ਗਾਣਾ ਸੁਣਦਾ ਹਾਂ, ਜੇ ਉਹ ਸੱਚੀਓਂ ਈ ਕਲਾਕਾਰ ਹੋਵੇ ਉਹਦੇ ਪੈਰੀਂ ਡਿੱਗ ਪੈਂਦਾ ਹਾਂ… ਏਦਾਂ ਮੈਂ ਬੜੇ ਕਲਾਕਾਰ ਲੱਭੇ ਨੇ… ਇਹੋ-ਜਿਹੇ ਬੜੇ ਖ਼ਤਰਨਾਕ ਹੁੰਦੇ ਨੇ, ਸੁਰੱਈਏ… ਦੁਰਲਭ ਸੁਰਾਂ ਸਾਂਭੀ ਫਿਰਦੇ ਹੁੰਦੇ ਨੇ! ਜ਼ਾਲਿਮ… ਤਬਾਹ ਕਰ ਸੁੱਟਣ ਵਾਲੇ… ਜੇਹੜੇ ਸਵੇਰੇ-ਸਵੇਰੇ ਮੰਗਦੇ ਆ, ਮੂੰਹ ਨ੍ਹੇਰੇ ਗਾਉਂਦੇ ਆ… ਏਹ ਮੈਨੂੰ ਬੜੇ ਚੰਗੇ ਲਗਦੇ ਆ… ਮੈਂ ਤੈਨੂੰ ਕੁਝ ਬੋਲ ਦੱਸਦਾਂ…
ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ,
ਸਿੰਬਲਾ ਤੂੰ ਮਾਣ ਨਾ ਕਰੀਂ…
ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ
ਨੀਂ ਔਖੇ ਵੇਲੇ ਕੰਮ ਆਊਗਾ…
ਪਾ ਲੈ ਤੱਤਿਆਂ ਥੰਮ੍ਹਾਂ ਨੂੰ ਜੱਫ਼ੀਆਂ
ਦੇਖਾਂ ਜੇ ਤੇਰਾ ਰਾਮ ਰੱਖ ਲੂ….
ਸਾਢੇ ਤਿੰਨ ਹੱਥ ਧਰਤੀ ਤੇਰੀ
ਬਹੁਤੀਆਂ ਜਗੀਰਾਂ ਵਾਲਿਆਂ
ਪਾਪੀ ਹੰਭ ਗਏ ਸਾੜ੍ਹੀਆਂ ਲਾਹ ਕੇ
ਤੇ ਦਰੋਪਦਾਂ ਦੀ ਪੱਤ ਰੱਖ ਲਈ…
ਇਹੋ ਜਿਹੇ ਬੋਲ… ਹੋਰ ਬੜਾ ਕੁਝ… ਨਾ ਮੁੱਕਣ ਵਾਲਾ…।’’
ਜਦ 1999 ਵਿਚ ਜਲੰਧਰੋਂ ਆਪਣੇ ਪਿੰਡ ਆ ਗਿਆ ਸਾਂ ਸ਼ਾਹਕੋਟੀ ਨਾਲ ਮੇਲ-ਗੇਲ ਘਟ ਹੋ ਗਿਆ। ਬੜੇ ਚਿਰ ਬਾਅਦ ਇਕ ਦਿਨ ਮੈਂ ਉਹਨੂੰ ਮਿਲਣ ਗਿਆ। ਹਾਲੇ ਉਹਦੇ ਕਮਰੇ ਵਿਚ ਵੜਨ ਹੀ ਲੱਗਾ ਸਾਂ ਕਿ ਮੰਜੇ ਉੱਤੇ ਬੈਠੇ ਨੇ ਉਹਨੇ ਇਤਨੀਂ ਉੱਚੀ ਤੇ ਲੰਮੀ ਕੂਕ ਮਾਰੀ ਕਿ ਸੁਣਦੇ ਸਾਰ ਹੀ ਮੈਂ ਪਿਛਾਂਹ ਨੂੰ ਭੱਜ ਲਿਆ। ਮੈਂ ਡਰਿਆ ਹੋਇਆ ਭੱਜ ਰਿਹਾ ਸਾਂ। ਬੀਬੀ ਮਥਰੋ ਨੇ ਪਿੱਛਿਓਂ ਆਵਾਜ਼ ਮਾਰ ਕੇ ਆਖਿਆ, ‘‘ਵੇ ਪੁੱਤਰ ਮੁੜ ਆ… ਮੁੜ ਆ… ਕੁਛ ਨ੍ਹੀਂ ਆਂਹਦਾ ਪੂਰਨ ਤੈਨੂੰ, ਇਹ ਤਾਂ ਅੱਜ ਮੌਜ ’ਚ ਆਇਆ… ਤਦੇ ਈ ਚੀਕ ਮਾਰੀ ਆ…।’’
ਜਦ ਮੈਂ ਕੋਲ ਗਿਆ ਤਾਂ ਉਸ ਜੱਫ਼ੀ ਵਿਚ ਲੈ ਕੇ ਆਖਿਆ, ‘‘ਮੇਰੇ ਬੇਟੇ, ਮੈਂ ਜਦ ਤੈਨੂੰ ਵੇਖਿਆ, ਬੂਹੇ ਵੜਿਆ… ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਈ ਨਾ ਰਿਹਾ, ਬੇਟਾ ਮੈਂ ਉਦਾਸ ਸਾਂ… ਬੜਾ ਉਦਾਸ ਸਾਂ ਤੈਨੂੰ ਵੇਖਕੇ ਚਾਅ ਚੜ੍ਹ ਗਿਆ… ਮੇਰਾ ਬੱਚਾ ਕਿਥੇ ਰਿਹਾ ਏਨਾ ਚਿਰ? ਮੇਰਾ ਦਿਲ ਖ਼ੁਸ਼ ਹੋਵੇ ਤਾਂ ਮੈਂ ਚੀਕਾਂ ਮਾਰਦਾਂ… ਤੈਨੂੰ ਪਤਾ ਤਾਂ ਹੈ ਬੇਟੇ!’’ …ਤੇ ਉਹ ਕਿਸੇ ਫ਼ਿਲਮ ਦੇ ਖਲਨਾਇਕ ਵਾਂਗ ਹੱਸਣ ਲੱਗਿਆ ਸੀ।
ਅਰੇ ਵਾਹ ਉਸਤਾਦ, ਤੇਰੇ ਰੰਗ ਨਿਆਰੇ ਸਨ। ਯਾਦਾਂ ਆਉਂਦੀਆਂ ਰਹਿਣਗੀਆਂ। ਦਿਲ ਨੂੰ ਧੂਹੀ ਪਾਉਂਦੀਆਂ ਰਹਿਣਗੀਆਂ, ਪਰ ਉਸਤਾਦ ਤੈਂ ਨੀ ਆਉਣਾ।



Leave a Comment