Gurbhajan Gill 2

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਭਾਗ-੩

ਜ਼ਿੰਦਗੀ ਦੇ ਰੰਗਾਂ, ਰਾਗਾਂ ਅਤੇ ਸ਼ਬਦਾਂ ਦਾ ਵਿਲੱਖਣ ਰਸ

ਇਹ ਨਾ ਸਮਝੀਂ ਮੈਂ ਤਾਂ ਸਿਰਫ਼ ਲਿਖਾਰੀ ਹਾਂ।
ਹਰ ਪਲ ਬਦੀਆਂ ਦੀ ਜੜ੍ਹ ਕੱਟਦੀ ਆਰੀ ਹਾਂ।
ਗੀਤ, ਗ਼ਜ਼ਲ ਤੇ ਕਵਿਤਾ ਲਿਖਣਾ ਸ਼ੌਕ ਨਹੀਂ,
ਧਰਮ ਪਛਾਨਣ ਵਰਗੀ ਜ਼ੁੰਮੇਵਾਰੀ ਹਾਂ।
ਜੇ ਮੇਰਾ ਇੱਕ ਸ਼ਬਦ ਕਦੇ ਵੀ ਡੋਲੇ ਤਾਂ,
ਮੈਂ ਮੁਜਰਿਮ ਹਾਂ, ਲਾਅਣਤ ਦਾ ਅਧਿਕਾਰੀ ਹਾਂ।

ਅਜੋਕੇ ਸਮਾਜ ਵਿੱਚ ਵਿਚਰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ‘ਚੁੱਪ’ ਸਾਡੇ ਜੀਵਨ ‘ਤੇ ਅਮਰ ਵੇਲ ਵਾਂਗ ਛਾ ਗਈ ਹੈ ਅਤੇ ਮਨੁੱਖ ਨੂੰ ਅੰਦਰੋਂ-ਅੰਦਰੀ ਖਾ-ਮੁਕਾ ਰਹੀ ਹੈ। ਚੁੱਪ ਦਾ ਸ਼ੋਰ ਮਨ ਦੇ ਬੋਲੇ ਕੰਨਾਂ ਦੇ ਉਪਰੋਂ ਲੰਘ ਜਾਂਦਾ ਹੈ। ਇਹ ਤ੍ਰਾਸਦੀ ਜ਼ਿੰਦਗੀ ਦੇ ਰੰਗ-ਰਸ ਤੇ ਆਪਸੀ ਮੋਹ-ਮੁਹੱਬਤ ਦੀਆਂ ਨੂੰ ਜੜ੍ਹਾਂ ਨੂੰ ਸੁਕਾ ਰਹੀ ਹੈ… ਖਾ ਰਹੀ ਹੈ। ਗੁਰਭਜਨ ਗਿੱਲ ਦੀਆਂ ਇਹ ਸਤਰਾਂ ਖ਼ੂਬਸੂਰਤ ਅੰਦਾਜ਼ ਵਿੱਚ ਪਾਠਕਾਂ ਨਾਲ ਇਸ ਚਿੰਤਾ ਤੇ ਚਿੰਤਨ ਦਾ ਸੰਵਾਦ ਰਚਾ ਰਹੀਆਂ ਹਨ…

ਹੋਠਾਂ ਉੱਤੋਂ ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ।
ਮਨ ਮਸਤਕ ਵਿਚ ਜੋ ਵੀ ਆਵੇ ਬੋਲ ਦਿਆ ਕਰ।
ਤੂੰ ਧਰਤੀ ਦੀ ਧੀ ਹੈਂ ਲੇਖਾ ਮਾਵਾਂ ਧੀਆਂ,
ਮਾਂ ਦੀ ਬੁੱਕਲ ਬਹਿ ਕੇ ਦੁਖ ਸੁਖ ਫ਼ੋਲ ਦਿਆ ਕਰ।
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥

ਜੀਵਨ ਦੇ ਇਸ ਸੱਚ ਤੋਂ ਕੋਈ ਵੀ ਇਨਕਾਰੀ ਨਹੀਂ। ਫਿਰ ਵੀ, ਜਿਊਂਦੇ ਜੀ ਰੂਹ ਵਿੱਚ ਵੱਸਦੇ ਸੱਜਣ ਪਿਆਰੇ ਵਿਛੜਨ ਵੇਲੇ… ਪੂਰੀ ਤਰਾਂ ਕਦੇ ਵੀ ਨਹੀਂ ਵਿਛੜਦੇ। ਉਨ੍ਹਾਂ ਦਾ ਕੁਝ ਹਿੱਸਾ ਸਾਡੇ ਦਿਲ ਅੰਦਰ ਰਹਿ ਜਾਂਦਾ ਹੈ ਅਤੇ ਜਾਂਦੇ-ਜਾਂਦੇ ਸਾਡਾ ਕੁਝ ਨਾ ਕੁਝ ਉਹ ਆਪਣੇ ਨਾਲ ਲੈ ਜਾਂਦੇ ਹਨ। ਜੀਵਨ ਸਾਥਣ ਜਸਵਿੰਦਰ ਕੌਰ ਦੇ ਨਾਂ…. “ਨਜ਼ਰ ਤੇਰੀ ਦੀ ਇਨਾਇਤ” ਗ਼ਜ਼ਲ ਵਿੱਚ ਗੁਰਭਜਨ ਗਿੱਲ ਦਾ ਧੜਕਦਾ ਦਿਲ ਵੀ ਵਿੱਛੜ ਗਿਆ ਨੂੰ ਯਾਦ ਕਰ ਰਿਹਾ ਹੈ।

ਨਜ਼ਰ ਤੇਰੀ ਦੀ ਇਨਾਇਤ, ਵੇਖ ਕੀ ਕੁਝ ਕਰ ਗਈ।
ਬਿਰਖ਼ ਸੁੱਕਾ ਫੁੱਟਿਆ, ਹਰ ਟਾਹਣ ਫੁੱਲੀਂ ਭਰ ਗਈ।
ਲੋਕ ਮਰਦੇ ਰੋਜ਼ ਏਥੇ ਧਰਤ ਅੰਬਰ ਵਾਸਤੇ,
ਮੁਸਕਣੀ ਤੇਰੀ ਕਿਵੇਂ ਮੈਨੂੰ ਸਿਕੰਦਰ ਕਰ ਗਈ।

ਰਿਸ਼ਤਿਆਂ ਦੇ ਤਾਣਿਆਂ-ਬਾਣਿਆਂ ਵਿੱਚੋਂ ਮਾਂ ਦਾ ਰਿਸ਼ਤਾ ਬੇਹੱਦ ਪ੍ਰਿਯ, ਨਾਜ਼ੁਕ, ਕੋਮਲ ਜਾਂ ਫਿਰ ਕਹਿ ਲਵੋ ਕਿ ਆਪਸੀ ਗੰਢ ਵਾਲਾ ਹੁੰਦਾ ਹੈ। ਸ਼ਾਇਦ ਨਹੀਂ…ਯਕੀਨਨ ਹੀ ‘ਨਾੜੂ ਦੀ ਸਾਂਝ’ ਦਾ ਖੇਲ ਹੈ। ਗੁਰਬਾਣੀ ਨੇ ਧਰਤੀ ਨੂੰ ਮਾਂ ਨਾਲ ਗੰਢਿਆ ਹੈ। ਸਮਾਜ, ਸੱਭਿਆਚਾਰ ਅਤੇ ਕਲਚਰ ਨੇ ਬੋਲੀ ਨੂੰ! ਨਾਸ਼ੁਕਰਾ ਬੰਦਾ ਮਾਂ, ਮਾਂ-ਭੂਮੀ ਤੇ ਮਾਂ-ਬੋਲੀ ਦੇ ਤਾਣਿਆਂ ਦੀਆਂ ਤੰਦਾਂ ਨੂੰ ਲੂਹਣ-ਜਾਲਣ ਤੇ ਕੱਟਣ-ਵੱਢਣ ਲਈ ਆਪਣਾ ਖ਼ੁਦ ਦਾ ਤਾਣਾ-ਬਾਣਾ ਬੁਣਦਾ ਈ ਰਹਿੰਦਾ ਹੈ! ਗੁਰਭਜਨ ਗਿੱਲ ਨੇ ਮਾਂ ਦੇ ਕੋਮਲ ਰਿਸ਼ਤੇ ਨੂੰ “ਉਹ ਤਾਂ ਕੇਵਲ ਚੋਲ਼ਾ ਬਦਲੇ” ਗ਼ਜ਼ਲ ਵਿੱਚ ਬਾਖੂਬੀ ਬਿਆਨਿਆ ਹੈ।

ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।
ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ।
ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ,
ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ
ਧਰਤੀ ਮਾਂ ਦੀ ਧੀ ਸੁਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ,
ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ।

“ਇਹ ਸਾਰੀ ਸ਼ਾਨ ਤਾਂ”… ਗਜ਼ਲ ਵਿੱਚ ਗੁਰਭਜਨ ਗਿੱਲ ਗੁਰਾਂ ਦੀ ਬਖਸ਼ੀ ਹੋਈ ਦਸਤਾਰ ਦੀ ਸ਼ਾਨ ਦੇ ਨਾਲ ਹੀ ਦਸਤਾਰ ਲਈ ਚੁਣੌਤੀ, ਹਾਕਮ ਧਿਰਾਂ ਦੀ ਖ਼ੁਦੀ ਦੀ ਫੁੰਕਾਰ ਅਤੇ ਜਵਾਨੀ ਦੀ ਇਨਕਲਾਬੀ ਸੋਚ ਅਤੇ ਵੰਗਾਰ ਨੂੰ ਵੀ ਉਭਾਰਦੀ ਹੈ।

ਇਹ ਸਾਰੀ ਸ਼ਾਨ ਤਾਂ ਦਸਤਾਰ ਦੀ ਹੈ,
ਜੋ ਬਖਸ਼ਿਸ਼ ਬੇਕਸਾਂ ਦੇ ਯਾਰ ਦੀ ਹੈ।
ਤੁਸੀਂ ਅਰਦਾਸ ਕਰਿਓ, ਸੰਭਲ ਜਾਵਾਂ,
ਖ਼ੁਦੀ ਦੀ ਨਾਗਣੀ ਫੁੰਕਾਰਦੀ ਹੈ।
ਤੁਹਾਡੇ ਆਸਰੇ ਜ਼ਿੰਦਾ ਹਾਂ, ਓਦਾਂ,
ਰੋਜ਼ਾਨਾ ਮੌਤ ‘ਵਾਜ਼ਾਂ’ ਮਾਰਦੀ ਹੈ।
ਨਵੇਂ ਸੂਰਜ ਮੁਹਿੰਮਾਂ ਰੋਜ਼ ਨਵੀਆਂ,
ਜਵਾਨੀ ਕੌਣ ਆਖੇ, ਹਾਰਦੀ ਹੈ।
ਤੁਸੀਂ ਵਿਸ਼ਵਾਸ ਕਰਿਉ ਮਿਹਰਬਾਨੋ,
ਮੁਹੱਬਤ ਡੁੱਬਦਿਆਂ ਨੂੰ ਤਾਰਦੀ ਹੈ।

“ਮਿਰਗਾਵਲੀ”ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਕਾਬਲ-ਏ-ਤਾਰੀਫ਼ ਹਨ। “ਜਰਦਾ ਜਰਦਾ ਮਰ ਨਾ ਜਾਵਾਂ”, “ਅੱਗੇ ਅੱਗ ਸੀ ਪਿੱਛੇ ਪਾਣੀ”, “ਤੂੰ ਮੈਨੂੰ ਜੀਣ ਜੋਗਾ ਛੱਡ”, “ਰਾਤੀਂ ਬਿਰਖ ਉਦਾਸ ਬੜੇ ਸੀ”, “ਤੇਰਾ ਹੱਸਣਾ ਬਹਾਰ ਦੇਂਦਾ ਹੈ”, “ ਸੀਨਾ ਤਾਹੀਓਂ ਤਾਣ ਬਰਾਬਰ”, “ਜ਼ੁਲਮ ਜਬਰ ਦਾ ਕਹਿਰੀ”, “ਮੰਨਿਆ ਦਰਦ ਦਿਲੇ ਦਾ”, “ਦੂਰ ਦੇਸ ਪਰਦੇਸੋਂ ਹੁਣ ਤੂੰ”, “ਕਿਸ ਧਰਤੀ ਨੂੰ ਆਖਾਂ ਮਾਂ”, “ਕਿੱਥੇ ਵੱਸਦੇ ਭੇਤ ਨਾ ਦੱਸਦੇ” ਅਤੇ ਕਈ ਹੋਰ ਵੰਨ-ਸੁਵੰਨੀਆਂ ਗ਼ਜ਼ਲਾਂ ਜਿੱਥੇ ਪਾਠਕ ਦਾ ਧਿਆਨ ਖਿੱਚਦੀਆਂ ਹਨ, ਉੱਥੇ ਹੀ ਗੁਰਭਜਨ ਗਿੱਲ ਦੀ ਸੰਵੇਦਨਸ਼ੀਲਤਾ ਅਤੇ ਵਿਸ਼ਾਲ ਸੋਚਣੀ ਦੀ ਗਵਾਹੀ ਵੀ ਭਰਦੀਆਂ ਹਨ। ਬਹੁਤੇ ਮੇਰੇ ਵਰਗੇ ਲੋਕ ਦੋ ਨੇਤਰਾਂ ਨਾਲ ਈ ਸਮਾਜ ਵੱਲ ਝਾਕੀ ਜਾਂਦੇ ਰਹਿੰਦੇ ਨੇ। ਤੀਸਰੇ ਸੰਵੇਦਨਸ਼ੀਲ ਅਤੇ ਕਾਵਿ ਮਨ-ਰੂਹ ਵਾਲੇ ਨੇਤਰ ਦਾ ਕ੍ਰਿਸ਼ਮਈ ਕਮਾਲ ਇਸ ਲਿਖਤ ‘ਚ ਸਾਫ਼ ਝਲਕਦਾ ਹੈ।

ਮੈਨੂੰ ਗੁਰਭਜਨ ਗਿੱਲ ਜੀ ਦੀ ਇਹ ਸਿਰਜਣਾ ਬਾਕਮਾਲ ਲੱਗੀ। ਪਾਠਕ ਹੋਣ ਦੇ ਨਾਤੇ ਮੈਂ ਆਪ ਸੁਹਿਰਦ ਪਾਠਕਾਂ ਨੂੰ ‘ਮਿਰਗਾਵਲੀ’ ਗ਼ਜ਼ਲ ਪੁਸਤਕ ਪੜ੍ਹਣ ਲਈ ਪੁਰਜ਼ੋਰ ਸਿਫਾਰਸ਼ ਕਰਦਾ ਹਾਂ। ਇਹ ਕਿਤਾਬ ਸਿੰਘ ਬਰਦਰਜ਼ ਅੰਮ੍ਰਿਤਸਰ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਤੇ ਨਵਚੇਤਨ ਬੁੱਕ ਡਿਪੋ ਬਰਨਾਲਾ ਰਾਹੀਂ ਸਭ ਪੁਸਤਕ ਵਿਕਰੀ ਕੇਂਦਰਾਂ ਅਤੇ ਐਮਾਜ਼ੋਨ ਤੋਂ ਖਰੀਦੀ ਜਾ ਸਕਦੀ ਹੈ। ਇਸ ਦੀ ਕੀਮਤ 200/- ਰੁਪਏ ਹੈ। ਉਮੀਦ ਕਰਦਾ ਹਾਂ ਕਿ ਇਹ ਪੁਸਤਕ ਤੁਹਾਨੂੰ ਪਸੰਦ ਆਵੇਗੀ। ਗੁਰਭਜਨ ਗਿੱਲ ਦੇ ਅਗਲੇ ਅਤੇ ਅਗਲੇਰੇ ਸਾਹਿਤਕ ਸਫ਼ਰ ਲਈ ਸ਼ੁਭ ਕਾਮਨਾਵਾਂ ਵੀ!!

ਜ਼ਿੰਦਗੀ ਜਿੰਦਾਬਾਦ।

Post navigation

Leave a Comment

Leave a Reply

Your email address will not be published. Required fields are marked *