ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਲੰਮਾ ਸਮਾਂ ਮੀਤ ਪ੍ਰਧਾਨ ਅਤੇ ਪੰਜਾਬੀ ਗਜ਼ਲ ਮੰਚ ਦਾ ਪ੍ਰਧਾਨ ਰਿਹਾ। ਤ੍ਰੈਲੋਚਨ ਲੋਚੀ ਦੀ ਗਜ਼ਲ ਕਿਤਾਬ “ਦਿਲ ਦਰਵਾਜ਼ੇ” ਛਪਣ ਤੇ ਉਸ ਨੂੰ ਏਨਾ ਚਾਅ ਸੀ ਜਿਨ੍ਹਾਂ ਪੁੱਤਰ ਜੰਮਣ ਤੇ ਸਾਨੂੰ ਪੰਜਾਬੀਆਂ ਨੂੰ ਅਕਸਰ ਹੁੰਦਾ ਹੈ । ਪਿਛਲੇ ਕੁਝ ਮਹੀਨਿਆਂ ਤੋਂ ਉਸਦਾ ਮਨ ਪਰਦੇਸੀ ਹੋ ਰਿਹਾ ਸੀ ਜਿਸ ਦੀ ਚੀਸ ਉਸਨੇ ਸ. ਜਗਦੇਵ ਸਿੰਘ ਜੱਸੋਵਾਲ, ਗੁਰਪ੍ਰੀਤ ਸਿੰਘ ਤੂਰ ਅਤੇ ਮੇਰੇ ਨਾਲ ਕਈ ਵਾਰ ਸਾਂਝੀ ਕੀਤੀ । ਉਹ ਅੰਦਰੋਂ ਟੁੱਟ ਰਿਹਾ ਸੀ, ਸੁਪਨਿਆਂ ਦੇ ਤਿੜਕਣ ਕਰਕੇ।
ਪਰ ਇਸ ਵੇਲੇ ਉਹ ਗੱਲਾਂ ਕਰਨ ਦਾ ਵੇਲਾ ਨਹੀਂ ਸਿਰਫ ਯਾਦ ਕਰਨ ਦਾ ਵੇਲਾ ਹੈ ਕਿ ਸਾਡਾ ਇਹ ਭਰਪੂਰ ਜ਼ਿੰਦਗੀ ਵਾਲਾ ਸ਼ਾਇਰ, ਗੀਤਕਾਰ, ਫਿਲਮ ਨਿਰਮਾਤਾ ਕਿਹੈ ਜਿਹਾ ਸੀ। ਦਿਲ ਕਰਦਾ ਹੈ ਕਿ ਹਸਨਪੁਰੀ ਉਠੇ, ਫਿਰ ਸਾਨੂੰ ਹੱਲਾਸੇਰੀ ਦੇਵੇ, ਕਦੇ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਚੁਬਾਰੇ ਵਿੱਚ ਰੌਣਕਾਂ ਲਾਵੇ, ਕਦੇ ਗਜ਼ਲ ਦੇ ਕਿਸੇ ਮਸਲੇ ਤੇ ਸਰਦਾਰ ਪੰਛੀ ਨਾਲ ਸਿੰਗ ਫਸਾਵੇ।
ਕਦੇ ਕਹੇ, ਤਕੜੇ ਹੋ ਜਾਓ, ਐਤਕੀਂ ਮੈਦਾਨ ਜ਼ਰੂਰ ਜਿੱਤਾਂਗੇ । ਕਦੇ ਇੰਗਲੈਂਡ ਦੀ ਤਿਆਰੀ ਕਰੇ ਅਤੇ ਕਦੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਜਾਣ ਲਈ ਅਟੈਚੀਕੇਸ ਬੰਨ੍ਹੇ । ਦਿਲ ਦਿਲਗੀਰੀ ਦੇ ਆਲਮ ਵਿੱਚ ਉਸਦਾ ਇਲਾਜ ਕਰ ਰਹੇ ਡਾ. ਨਵਦੀਪ ਸਿੰਘ ਖਹਿਰਾ ਨਾਲ ਸੰਪਰਕ ਕਰਦਾ ਹਾਂ ਤਾਂ ਉੱਤਰ ਮਿਲਦਾ ਹੈ ਕਿ ਗੁਰਦੇ ਜਵਾਬ ਦੇ ਗਏ ਨੇ, ਰਾਤੀਂ ਦਿਲ ਵੀ ਸਾਥ ਛੱਡ ਗਿਆ ਸੀ । ਏਦਾਂ ਸਦੀਵੀ ਅਲਵਿਦਾ ਕਹਿ ਗਿਆ ਸੀ ਹਸਨਪੁਰੀ। ਅੱਜ ਅਚਾਨਕ ਚੇਤੇ ਆਏ ਉਸ ਦੀ ਲਿਖੀ ਅਮਰ ਗ਼ਜ਼ਲ ਦੋ ਬੋਲ ਯਾਦ ਆ ਰਹੇ ਨੇ।
ਹਿੰਮਤ ਕਰ ਜੇ ਰਸਤੇ ਵਿੱਚ ਕਠਨਾਈਆਂ ਨੇ।
ਹੰਝੂਆਂ ਨੇ ਤਕਦੀਰਾਂ ਕੱਦ ਪਲਟਾਈਆਂ ਨੇ।
ਜਿੰਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ,
ਉਨ੍ਹਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ।
ਠੇਡਾ ਖਾਂਦੈਂ,ਡਿੱਗ ਪੈਂਦੈਂ , ਫਿਰ ਉੱਠ ਖੜ੍ਹਦੈਂ,
ਤੈਨੂੰ ਮੇਰੇ ਵੱਲੋਂ ਮਨਾਂ ਵਧਾਈਆਂ ਨੇ।
ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ,
ਤੈਨੂੰ ਲੈ ਕੇ ਬਹਿ ਜਾਣਾ ਵਡਿਆਈਆਂ ਨੇ।
ਇੰਦਰਜੀਤ ਹਸਨਪੁਰੀ ਦੀਆਂ ਕੁਝ ਲਿਖਤਾਂ
- ਸਰਹੰਦ ਦੀਏ ਦੀਵਾਰੇ ਨੀ
ਸਰਹੰਦ ਦੀਏ ਦੀਵਾਰੇ ਨੀ ।
ਤੂੰ ਖ਼ੂਨ ਮਸੂਮਾਂ ਦਾ ਪੀਤਾ ।
ਨਾ ਤਰਸ ਜ਼ਰਾ ਵੀ ਤੂੰ ਕੀਤਾ ।
ਤੂੰ ਇਹ ਕੀ ਕੀਤੇ ਕਾਰੇ ਨੇ ।
ਸਰਹੰਦ ਦੀਏ ਦੀਵਾਰੇ ਨੀ ।
ਇਹ ਮਾਂ ਕਿਸੇ ਦੇ ਜਾਏ ਸੀ ।
ਕਿਸੇ ਪਿਉ ਨੇ ਲਾਡ ਲਡਾਏ ਸੀ ।
ਸੀ ਅੱਖ ਕਿਸੇ ਦੇ ਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੈਨੂੰ ਲੋਕੀ ਸਾਰੇ ਕਹਿਣ ਨੀ ।
ਤੂੰ ਖਾ ਗਈ ਬਣ ਕੇ ਡੈਣ ਨੀ ।
ਦਸਮੇਸ਼ ਦੇ ਰਾਜ ਦੁਲਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੂੰ ਡਾਢੇ ਕੀਤੇ ਲੋਹੜੇ ਨੀ ।
ਮਾਤਾ ਤੋਂ ਲਾਲ ਵਿਛੋੜੇ ਨੀ ।
ਤੈਨੂੰ ਲਾਹਨਤ ਪਾਂਦੇ ਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੇਰੇ ਮਾੜੇ ਹੈਸਨ ਭਾਗ ਨੀ ।
ਤੂੰ ਲਾਇਆ ਮੱਥੇ ‘ਤੇ ਦਾਗ ਨੀ ।
ਜਿਸਨੂੰ ਨਾ ਕੋਈ ਉਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੂੰ ਜ਼ੋਰ ਬਥੇਰਾ ਲਾਇਆ ਨੀ ।
ਇਨ੍ਹਾਂ ਨੂੰ ਬਹੁਤ ਡਰਾਇਆ ਨੀ ।
ਪਰ ਇਹ ਨਾ ਬਾਜ਼ੀ ਹਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਜਿਹਨੂੰ ਸ਼ੀਂਹ ਨਾ ਬੇਲਿਉਂ ਬੁਕਦਾ ਏ ।
ਜਿਹਨੂੰ ‘ਹਸਨਪੁਰੀ’ ਜੱਗ ਝੁਕਦਾ ਏ ।
ਉਹ ਲਾਲ ਤੈਂ ਮਨੋਂ ਵਿਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
- ਕੱਤੀਆਂ ਨਾ ਜਾਣ ਪੂਣੀਆਂ
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
ਚਰਖੀ ਦਾ ਗੇੜਾ ਮੈਥੋਂ ਇਕ ਵੀ ਨਾ ਆਂਵਦਾ ।
ਕਿੰਨਾਂ ਹੀ ਬਚਾਵਾਂ ਤੰਦ ਫਿਰ ਟੁੱਟ ਜਾਂਵਦਾ ।
ਟੁੱਟ ਪੈਣਾ ਤੱਕਲਾ ਵਲ ਖਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਾਵਾਂ ਹੇ ਤ੍ਰਿੰਜਣਾਂ ਨੂੰ ਛੇੜਨ ਸਹੇਲੀਆਂ ।
ਵੱਢ ਵੱਢ ਖਾਣ ਮੈਨੂੰ ਸੁੰਨੀਆਂ ਹਵੇਲੀਆਂ ।
ਇਨ੍ਹਾਂ ਵੈਰਨਾਂ ਨੂੰ ਕੌਣ ਸਮਝਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਸਖੀਆਂ ਸਹੇਲੀਆਂ ਨੇ ਮੇਰੇ ਨਾਲੋਂ ਦੂਣੀਆਂ ।
ਸੱਪ ਬਣ ਗਈਆਂ ਹਾਏ ਮੇਰੀਆਂ ਇਹ ਪੂਣੀਆਂ ।
ਮੈਨੂੰ ਚਰਖੀ ਦੀ ਗੂੰਜ ਸੁਜਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
‘ਹਸਨਪੁਰੀ’ ਜਿੰਨਾਂ ਚਿਰ ਤੂੰ ਏਂ ਮੈਥੋਂ ਦੂਰ ਵੇ ।
ਮੱਛੀ ਵਾਂਗ ਤੜਫਾਂ ਮੈਂ ਹੋ ਕੇ ਮਜ਼ਬੂਰ ਵੇ ।
ਮੇਰਾ ਪਲ ਪਲ ਮਨ ਘਬਰਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
- ਵਗ ਰਹੀਆ ਨੇ ਤੇਜ਼ ਹਵਾਵਾਂ ਥਾਂ ਥਾਂ ʼਤੇ
ਵਗ ਰਹੀਆ ਨੇ ਤੇਜ਼ ਹਵਾਵਾਂ ਥਾਂ ਥਾਂ ʼਤੇ।
ਬੁਝਦੇ ਦੀਵੇ ਕਿਵੇਂ ਬਚਾਵਾ ਥਾਂ ਥਾਂ ਤੇ।
ਮਾਣ ਅਸਾਨੂੰ ਯਾਰੋ ਜਿਹਨਾਂ ਬਾਹਵਾਂ ਦਾ,
ਭੱਜ ਰਹੀਆਂ ਨੇ ਓਹ ਵੀ ਬਾਹਵਾਂ ਥਾਂ ਥਾਂ ʼਤੇ।
ਰੁੱਖਾਂ ਦੇ ਹਰ ਹੰਝੂ ਅੰਦਰ ਅੱਗ ਬਲ਼ੇ,
ਜਲ਼ ਰਹੀਆਂ ਨੇ ਠੰਡੀਆਂ ਛਾਵਾਂ ਥਾਂ ਥਾਂ ʼਤੇ।
ਧਰਤੀ ਮਾਂ ਦੀ ਝੋਲੀ ਲਾਸ਼ਾਂ ਨਾਲ ਭਰੀ,
ਹੂਕਾਂ ਬਣੀਆਂ ਦਿਸਣ ਦੁਆਵਾਂ ਥਾਂ ਥਾਂ ʼਤੇ।
ਦਿਲ ਸਹਿੰਦਾ ਖੜਕਾਰ ਨਾ ਖ਼ੂਨੀ ਬੂਟਾਂ ਦੀ,
ਸਿਰ ʼਤੇ ਤੁਰੀਆਂ ਫਿਰਨ ਬਲਾਵਾਂ ਥਾਂ ਥਾਂ ʼਤੇ।
ਅਮਨ ਮੁਹੱਬਤ ਹੋਵੇ ਧਰਤੀ ਅੰਬਰ ʼਤੇ,
ਪੰਛੀ ਵਾਗੂੰ ਆਵਾਂ ਜਾਵਾਂ ਥਾਂ ਥਾਂ ʼਤੇ।
ਰਹੇ ਸ਼ਿਕਾਰੀ ਨਾ ਕੋਈ ਵੀ ਦੁਨੀਆਂ ʼਤੇ,
ਘੁੱਗੀਆਂ ਦੀ ਮੈ ਡਾਰ ਉੜਾਵਾਂ ਥਾਂ ਥਾਂ ʼਤੇ।
ਹੱਕ ਦੀ ਖ਼ਾਤਰ ਜਿੰਨ੍ਹਾਂ ਮੌਤ ਵਿਆਹੀ ਏ,
ਕਿਉਂ ਉਹਨਾਂ ਦੇ ਗੀਤ ਨਾ ਗਾਵਾਂ ਥਾਂ ਥਾਂ ʼਤੇ।
ʼਹਸਨਪੁਰੀʼ ਇਹ ਘੁੱਪ ਹਨੇਰਾ ਮੇਟਣ ਨੂੰ,
ਗ਼ਜ਼ਲਾਂ ਦੀ ਮੈ ਸ਼ਮ੍ਹਾ ਜਗਾਵਾਂ ਥਾਂ ਥਾਂ ʼਤੇ।
- ਜਾਗਣ ਪੰਜ ਦਰਿਆ
ਜਾਗਣ ਪੰਜ ਦਰਿਆ
ਬੇਲੀਆ ਜਾਗਣ ਪੰਜ ਦਰਿਆ
ਮੈ ਬਣ ਜਾਵਾਂ ਸੋਨ-ਸਵੇਰਾ
ਤੂੰ ਸੂਰਜ ਬਣ ਜਾ
ਅੱਖਾਂ ਮੀਚ ਕੇ ਤੁਰਦੇ ਜਿਹੜੇ
ਪਾ ਕੰਨਾਂ ਵਿਚ ਰੂੰ
ਆ ਜਾ ਹੇਕ ਪਿਆਰ ਦੀ ਲਾਈਏ
ਮਿੱਤਰਾ ਮੈਂ ਤੇ ਤੂੰ
ਖੁੱਲ੍ਹਣ ਅੱਖਾਂ, ਕੰਨ ਇਹਨਾਂ ਦੇ
ਦੁੱਲਾ ਭੱਟੀ ਗਾ
ਜਾਗਣ ਪੰਜ ਦਰਿਆ…
ਭੁੱਲ ਗਏ ਜੋ ਵਿਰਸਾ ਆਪਣਾ
ਸਭਿਆਚਾਰ ਨੇ ਭੁੱਲੇ
ਆ ਇਹਨਾਂ ਨੂੰ ਯਾਦ ਕਰਾਈਏ
ਨਾਨਕ, ਵਾਰਿਸ, ਬੁੱਲੇ
ਜਿਹਨਾਂ ਸਾਨੂੰ ਸਬਕ ਪੜ੍ਹਾਇਆ
ਪਿਆਰ ਮੁਹੱਬਤ ਦਾ
ਜਾਗਣ ਪੰਜ ਦਰਿਆ…
ਬੜੇ ਚਲਾ ਲਏ ਬੰਬ, ਗੋਲ਼ੀਆਂ
ਬੜੇ ਬਣਾ ਲਏ ਥੇਹ
ਆਪਣੇ ਸਿਰ ਵਿਚ ਆਪੇ ਪਾਈ
ਅਸੀਂ ਬਥੇਰੀ ਖੇਹ
ਹੋਈਆਂ ਬੀਤੀਆਂ ਉੱਤੇ ਆਪਾਂ
ਮਿੱਟੀ ਦੇਈਏ ਪਾ
ਜਾਗਣ ਪੰਜ ਦਰਿਆ…
ਇੱਕ ਦੂਜੇ ਦੇ ਗਲ਼ ਵਿਚ ਪਾਈਏ
ਆ ਬਾਹਵਾਂ ਦੇ ਹਾਰ
ਪਿਆਰ ਦੇ ਅੱਗੇ ਸਦਾ ਹਾਰਦੀ
ਦੇਖੀ ਏ ਤਲਵਾਰ
ਨਫ਼ਰਤ ਦੀ ਅੱਗ ਬੁਝ ਜਾਵੇਗੀ
ਪਿਆਰ ਦਾ ਮੀਂਹ ਬਰਸਾ
ਜਾਗਣ ਪੰਜ ਦਰਿਆ…



Leave a Comment