“ਉਹ ਗੁਰਦੁਆਰੇ ਜਾਂਦੇ ਸਨ ਤੇ ਮੈਂ ਮਸਜਿਦ, ਪਰ ਧਰਮ ਕਦੇ ਸਾਡੇ ਵਿਚਾਲੇ ਨਹੀਂ ਆਇਆ”- ਦਹਾਕਿਆਂ ਪੁਰਾਣੀ ਮੁਹੱਬਤ ਦੀ ਸਾਂਝ
ਸਾਲ 1947 ਦੀ ਭਾਰਤ-ਪਾਕਿਸਤਾਨ ਵੰਡ ਨੇ ਨਾ ਸਿਰਫ਼ ਜ਼ਮੀਨ ਦੇ ਦੋ ਟੁਕੜੇ ਕੀਤੇ, ਸਗੋਂ ਲੱਖਾਂ ਹੱਸਦੇ-ਖੇਡਦੇ ਪਰਿਵਾਰ, ਸਾਂਝੀਆਂ ਕੰਧਾਂ ਅਤੇ ਅਟੁੱਟ ਯਾਰੀਆਂ ਨੂੰ ਵੀ ਲਕੀਰ ਦੇ ਆਰ-ਪਾਰ ਵੰਡ ਦਿੱਤਾ। ਸਿਆਸਤਾਂ ਨੇ ਸਰਹੱਦਾਂ ’ਤੇ ਕੰਡਿਆਲੀਆਂ ਤਾਰਾਂ ਲਗਾ ਦਿੱਤੀਆਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਨਫ਼ਰਤਾਂ ਦੇ ਕਈ ਦੌਰ ਚੱਲੇ, ਪਰ ਕੁਝ ਅਜਿਹੀਆਂ ਰੂਹਾਂ ਵੀ ਸਨ, ਜਿਨ੍ਹਾਂ ਦੀ ਦੋਸਤੀ ਨੂੰ ਵੰਡ ਦਾ ਦਰਦ, ਸਰਹੱਦੀ ਪਾਬੰਦੀਆਂ ਅਤੇ ਸਮੇਂ ਦਾ ਲੰਬਾ ਵਕਫ਼ਾ ਵੀ ਫਿੱਕਾ ਨਹੀਂ ਕਰ ਸਕਿਆ। ਅਜਿਹੀ ਹੀ ਇੱਕ ਬੇਮਿਸਾਲ ਅਤੇ ਰੂਹਾਨੀ ਦੋਸਤੀ ਦੀ ਦਾਸਤਾਨ ਫਿਰ ਸੁਰਖੀਆਂ ਵਿੱਚ ਹੈ।
ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਪ੍ਰਸਿੱਧ ਅਤੇ ਵੱਕਾਰੀ ‘ਐਚਿਸਨ ਕਾਲਜ’ (Aitchison College) ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਦੇ ਨਾਮ ’ਤੇ ਇੱਕ ਇਤਿਹਾਸਕ ਕਲਾਸਰੂਮ ਦਾ ਨਾਂ ਰੱਖਿਆ ਜਾ ਰਿਹਾ ਹੈ। ਇਹ ਫ਼ੈਸਲਾ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸੇ ਦੇ ਸੂਝਵਾਨ ਲੋਕਾਂ ਅਤੇ ਇਤਿਹਾਸਕਾਰਾਂ ਵਿੱਚ ਦਿਲਚਸਪੀ ਅਤੇ ਭਾਵੁਕਤਾ ਦਾ ਕੇਂਦਰ ਬਣ ਗਿਆ ਹੈ, ਜੋ ਇਹ ਸਾਬਤ ਕਰਦਾ ਹੈ ਕਿ ਦਿਲਾਂ ਦੇ ਰਿਸ਼ਤੇ ਲਕੀਰਾਂ ਦੇ ਮੋਹਤਾਜ ਨਹੀਂ ਹੁੰਦੇ।
ਇੱਕ ਸਦੀ ਪੁਰਾਣੀ ਯਾਰੀ ਅਤੇ 100ਵੇਂ ਜਨਮਦਿਨ ਦਾ ਤੋਹਫ਼ਾ

ਇਸ ਇਤਿਹਾਸਕ ਅਤੇ ਭਾਵੁਕ ਫ਼ੈਸਲੇ ਦੀ ਪੁਸ਼ਟੀ ਹਰਚਰਨ ਸਿੰਘ ਬਰਾੜ ਦੇ ਪੋਤੇ ਤੇਗਬੀਰ ਸਿੰਘ ਬਰਾੜ ਵੱਲੋਂ ਕੀਤੀ ਗਈ ਹੈ। ਤੇਗਬੀਰ ਸਿੰਘ ਬਰਾੜ ਨੇ ਪਰਿਵਾਰਕ ਯਾਦਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਇਹ ਨਿਵੇਕਲੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਪਹਿਲ ਉਨ੍ਹਾਂ ਦੇ ਦਾਦਾ ਜੀ ਦੇ ਸਭ ਤੋਂ ਕਰੀਬੀ ਅਤੇ ਬਚਪਨ ਦੇ ਮਿੱਤਰ ਸਈਦ ਬਾਬਰ ਅਲੀ ਵੱਲੋਂ ਕੀਤੀ ਗਈ ਹੈ। ਸਈਦ ਬਾਬਰ ਅਲੀ ਪਾਕਿਸਤਾਨ ਦੇ ਸਭ ਤੋਂ ਸਨਮਾਨਿਤ, ਉੱਘੇ ਉਦਯੋਗਪਤੀਆਂ ਅਤੇ ਵੱਡੇ ਸਮਾਜ ਸੇਵੀਆਂ ਵਿੱਚ ਸ਼ੁਮਾਰ ਹਨ।
ਦਿਲਚਸਪ ਗੱਲ ਇਹ ਹੈ ਕਿ ਸਈਦ ਬਾਬਰ ਅਲੀ ਦਾ 100ਵਾਂ ਜਨਮ ਦਿਨ 30 ਜੂਨ ਨੂੰ ਆ ਰਿਹਾ ਹੈ। ਪਰ ਅਗਲੇ ਦਿਨਾਂ ਵਿੱਚ ਮੁਹੱਰਮ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਕਾਰਨ, ਇਸ ਸ਼ਤਾਬਦੀ ਜਨਮ ਦਿਨ ਦੇ ਜਸ਼ਨਾਂ ਅਤੇ ਵਿਸ਼ੇਸ਼ ਸਮਾਗਮ ਨੂੰ ਪਹਿਲਾਂ ਹੀ ਯਾਨੀ 10 ਜੂਨ ਨੂੰ ਰੱਖ ਲਿਆ ਗਿਆ ਹੈ। ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਪਲ, ਜਦੋਂ ਉਹ ਉਮਰ ਦਾ ਸੈਂਕੜਾ ਪੂਰਾ ਕਰ ਰਹੇ ਹਨ, ਸਈਦ ਬਾਬਰ ਅਲੀ ਨੇ ਆਪਣੇ ਉਸ ਯਾਰ ਨੂੰ ਯਾਦ ਕੀਤਾ ਜੋ ਸਾਲ 2009 ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ।
ਇਸ ਖ਼ਾਸ ਮੌਕੇ ‘ਤੇ ਉਨ੍ਹਾਂ ਵੱਲੋਂ ਐਚਿਸਨ ਕਾਲਜ, ਲਾਹੌਰ ਵਿੱਚ ਇੱਕ ਆਧੁਨਿਕ ਕਲਾਸਰੂਮ ਹਰਚਰਨ ਸਿੰਘ ਬਰਾੜ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ। ਤੇਗਬੀਰ ਬਰਾੜ ਮੁਤਾਬਕ ਉਨ੍ਹਾਂ ਦੇ ਪਿਤਾ ਅਤੇ ‘ਬਾਬਰ ਅੰਕਲ’ ਵਿਚਾਲੇ ਰਿਸ਼ਤਾ ਦੋਸਤਾਂ ਵਾਲਾ ਨਹੀਂ, ਸਗੋਂ ਦੋ ਸਕੇ ਭਰਾਵਾਂ ਵਰਗਾ ਸੀ, ਜਿਨ੍ਹਾਂ ਨੂੰ ਕੋਈ ਤਾਕਤ ਜੁਦਾ ਨਹੀਂ ਕਰ ਸਕੀ।
ਸਿਆਸਤਦਾਨ ਹਰਚਰਨ ਸਿੰਘ ਬਰਾੜ ਅਤੇ ਲਾਹੌਰ ਨਾਲ ਸਾਂਝ

ਹਰਚਰਨ ਸਿੰਘ ਬਰਾੜ ਪੰਜਾਬ ਦੀ ਸਿਆਸਤ ਦਾ ਇੱਕ ਬਹੁਤ ਹੀ ਕੱਦਵਾਰ, ਸੁਲਝਿਆ ਹੋਇਆ ਅਤੇ ਸਨਮਾਨਿਤ ਚਿਹਰਾ ਰਹੇ ਹਨ। ਉਹ ਅਗਸਤ 1995 ਤੋਂ ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਉੜੀਸਾ ਅਤੇ ਹਰਿਆਣਾ ਦੇ ਰਾਜਪਾਲ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ। ਬਰਾੜ ਮੁਕਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸਰਾਏਨਾਗਾ ਦੇ ਜੰਮਪਲ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ, ਜਦੋਂ ਲਾਹੌਰ ਅਣਵੰਡੇ ਪੰਜਾਬ ਦੀ ਸੱਭਿਆਚਾਰਕ ਅਤੇ ਵਿਦਿਅਕ ਰਾਜਧਾਨੀ ਹੁੰਦਾ ਸੀ, ਉਦੋਂ ਹਰਚਰਨ ਸਿੰਘ ਬਰਾੜ ਨੇ 1936 ਤੋਂ 1943 ਤੱਕ ਲਾਹੌਰ ਦੇ ਵੱਕਾਰੀ ਐਚਿਸਨ ਕਾਲਜ ਵਿੱਚ ਪੜ੍ਹਾਈ ਕੀਤੀ।
ਐਚਿਸਨ ਕਾਲਜ ਉਸ ਸਮੇਂ ਪੂਰੇ ਉਪ-ਮਹਾਂਦੀਪ ਵਿੱਚ ਅਮੀਰ ਅਤੇ ਰਾਜਸੀ ਪਰਿਵਾਰਾਂ ਦੇ ਬੱਚਿਆਂ ਲਈ ਸਭ ਤੋਂ ਉੱਤਮ ਵਿਦਿਅਕ ਸੰਸਥਾ ਮੰਨਿਆ ਜਾਂਦਾ ਸੀ। ਇਹ ਸਨਮਾਨ ਨਾ ਸਿਰਫ਼ ਕਾਲਜ ਨਾਲ ਬਰਾੜ ਦੇ ਪੁਰਾਣੇ ਰਿਸ਼ਤੇ ਨੂੰ ਮੁੜ ਸੁਰਜੀਤ ਕਰਦਾ ਹੈ, ਸਗੋਂ ਉਨ੍ਹਾਂ ਅਤੇ ਸਈਦ ਬਾਬਰ ਅਲੀ ਵਿਚਾਲੇ ਦਹਾਕਿਆਂ ਤੱਕ ਚੱਲੀ ਉਸ ਡੂੰਘੀ ਦੋਸਤੀ ਨੂੰ ਵੀ ਸਿਜਦਾ ਕਰਦਾ ਹੈ, ਜਿਸ ਦੀ ਮਿਸਾਲ ਅੱਜ ਦੇ ਦੌਰ ਵਿੱਚ ਮਿਲਣੀ ਮੁਸ਼ਕਿਲ ਹੈ।
“ਉਹ ਗੁਰਦੁਆਰੇ ਜਾਂਦਾ ਸੀ, ਮੈਂ ਮਸਜਿਦ”- ਧਰਮ ਤੋਂ ਉੱਪਰ ਉੱਠੀ ਮੁਹੱਬਤ

ਇਸ ਸਮਾਗਮ ਦੇ ਸਬੰਧ ਵਿੱਚ ਸਾਹਮਣੇ ਆਈ ਇੱਕ ਵੀਡੀਓ ਇੰਟਰਵਿਊ ਵਿੱਚ ਸਈਦ ਬਾਬਰ ਅਲੀ ਨੇ ਬੜੇ ਹੀ ਭਾਵੁਕ ਲਹਿਜੇ ਵਿੱਚ ਆਪਣੀਆਂ ਪੁਰਾਣੀਆਂ ਯਾਦਾਂ ਦੇ ਪੱਤਰੇ ਫਰੋਲੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਤੇ ਹਰਚਰਨ ਸਿੰਘ ਬਰਾੜ ਦੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਉਹ ਐਚਿਸਨ ਕਾਲਜ ਵਿੱਚ ਸਕੂਲ ਦੇ ਦਿਨਾਂ ਦੌਰਾਨ ਪੜ੍ਹਦੇ ਸਨ। ਹੌਲੀ-ਹੌਲੀ ਇਹ ਮੁਲਾਕਾਤ ਇੱਕ ਅਜਿਹੀ ਦੋਸਤੀ ਵਿੱਚ ਬਦਲ ਗਈ ਜੋ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਕਾਇਮ ਰਹੀ।
ਸਈਦ ਬਾਬਰ ਅਲੀ ਨੇ ਕਿਹਾ, ‘‘ਉਹ (ਹਰਚਰਨ ਸਿੰਘ) ਗੁਰਦੁਆਰੇ ਜਾਂਦੇ ਸਨ ਅਤੇ ਮੈਂ ਮਸਜਿਦ ਜਾਂਦਾ ਸੀ, ਪਰ ਧਰਮ ਕਦੇ ਵੀ ਸਾਡੀ ਦੋਸਤੀ ਦੇ ਆੜੇ ਨਹੀਂ ਆਇਆ। ਅਸੀਂ ਦੋਵਾਂ ਨੇ ਇੱਕ ਦੂਜੇ ਦੇ ਅਕੀਦੇ (ਧਰਮ) ਦਾ ਹਮੇਸ਼ਾ ਸਤਿਕਾਰ ਕੀਤਾ।’’ ਇਹ ਸ਼ਬਦ ਅੱਜ ਦੇ ਨਫ਼ਰਤ ਭਰੇ ਮਾਹੌਲ ਵਿੱਚ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਇੱਕ ਵੱਡਾ ਸਬਕ ਹਨ। ਸੰਨ 1947 ਵਿੱਚ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ (ਉਜਾੜਾ) ਹੋਈ, ਦੋਵੇਂ ਦੋਸਤ ਵੱਖੋ-ਵੱਖਰੇ ਮੁਲਕਾਂ ਦੇ ਵਾਸੀ ਬਣ ਗਏ, ਪਰ ਉਨ੍ਹਾਂ ਦੇ ਦਿਲਾਂ ਦੀ ਸਾਂਝ ਬਰਕਰਾਰ ਰਹੀ। ਸਾਲ 2009 ਵਿੱਚ ਜਦੋਂ ਹਰਚਰਨ ਸਿੰਘ ਬਰਾੜ ਦਾ ਦੇਹਾਂਤ ਹੋਇਆ, ਤਾਂ ਬਾਬਰ ਅਲੀ ਨੂੰ ਅਜਿਹਾ ਸਦਮਾ ਲੱਗਿਆ, ਜਿਵੇਂ ਉਨ੍ਹਾਂ ਦਾ ਕੋਈ ਆਪਣਾ ਸਾਕ ਚਲਾ ਗਿਆ ਹੋਵੇ।
ਲਾਹੌਰ ਪਹੁੰਚੀ ਸਾਬਕਾ CM ਦੀ ਧੀ ਬਬਲੀ ਬਰਾੜ
ਇਸ ਇਤਿਹਾਸਕ ਅਤੇ ਭਾਵੁਕ ਪਲ ਦੀ ਗਵਾਹ ਬਣਨ ਲਈ ਹਰਚਰਨ ਸਿੰਘ ਬਰਾੜ ਦੀ ਬੇਟੀ ਬਬਲੀ ਬਰਾੜ ਵਿਸ਼ੇਸ਼ ਤੌਰ ‘ਤੇ ਸਰਹੱਦ ਪਾਰ ਕਰਕੇ ਪਾਕਿਸਤਾਨ (ਲਾਹੌਰ) ਪਹੁੰਚ ਚੁੱਕੇ ਹਨ। ਬਬਲੀ ਬਰਾੜ ਲਈ ਇਹ ਬੇਹੱਦ ਮਾਣਮੱਤਾ ਅਤੇ ਅੱਖਾਂ ਨਮ ਕਰ ਦੇਣ ਵਾਲਾ ਪਲ ਹੈ, ਜਿੱਥੇ ਉਹ ਆਪਣੇ ਪਿਤਾ ਦੇ ਬਚਪਨ ਦੇ ਯਾਰ ਅਤੇ ਪਾਕਿਸਤਾਨ ਵਿੱਚ ਆਪਣੇ ‘ਬਾਬਰ ਅੰਕਲ’ ਦੇ 100ਵੇਂ ਜਨਮਦਿਨ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਆਪਣੇ ਪਿਤਾ ਦੇ ਨਾਮ ’ਤੇ ਰੱਖੇ ਜਾਣ ਵਾਲੇ ਕਲਾਸਰੂਮ ਦੇ ਉਦਘਾਟਨ ਦੇ ਇਤਿਹਾਸਕ ਪਲਾਂ ਨੂੰ ਅੱਖੀਂ ਦੇਖਣਗੇ। ਇਹ ਮਿਲਣੀ ਸਿਰਫ਼ ਦੋ ਪਰਿਵਾਰਾਂ ਦੀ ਮਿਲਣੀ ਨਹੀਂ ਹੈ, ਸਗੋਂ ਇਹ ਦੋਵਾਂ ਪੰਜਾਬਾਂ (ਲਹਿੰਦੇ ਅਤੇ ਚੜ੍ਹਦੇ ਪੰਜਾਬ) ਦੇ ਸਾਂਝੇ ਸੱਭਿਆਚਾਰ ਅਤੇ ‘ਪੰਜਾਬੀਅਤ’ ਦੀ ਜਿੱਤ ਹੈ।
ਖ਼ੈਰ, ਲਾਹੌਰ ਦੇ ਐਚਿਸਨ ਕਾਲਜ ਦਾ ਇਹ ਕਦਮ ਸਿਰਫ਼ ਇੱਕ ਇਮਾਰਤ ਦੇ ਕਮਰੇ ਨੂੰ ਨਾਮ ਦੇਣ ਤੱਕ ਸੀਮਿਤ ਨਹੀਂ ਹੈ। ਇਹ ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਸਬੰਧਾਂ ਦੇ ਦਰਮਿਆਨ ਅਮਨ, ਮੁਹੱਬਤ, ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਇੱਕ ਬਹੁਤ ਵੱਡਾ ਅਤੇ ਸਕਾਰਾਤਮਕ ਸੁਨੇਹਾ ਹੈ। ਜਦੋਂ ਐਚਿਸਨ ਕਾਲਜ ਵਿੱਚ ਪੜ੍ਹਨ ਵਾਲੀਆਂ ਪਾਕਿਸਤਾਨ ਦੀਆਂ ਆਉਣ ਵਾਲੀਆਂ ਨਸਲਾਂ ਉਸ ਕਲਾਸਰੂਮ ਦੇ ਬਾਹਰ ‘ਹਰਚਰਨ ਸਿੰਘ ਬਰਾੜ’ ਦਾ ਨਾਮ ਪੜ੍ਹਨਗੀਆਂ, ਤਾਂ ਉਨ੍ਹਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਸਰਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ, ਪਰ ਲੋਕਾਂ ਦੇ ਦਿਲ ਅੱਜ ਵੀ ਇੱਕ ਦੂਜੇ ਲਈ ਧੜਕਦੇ ਹਨ। ਸਈਦ ਬਾਬਰ ਅਲੀ ਵੱਲੋਂ ਆਪਣੇ 100ਵੇਂ ਜਨਮਦਿਨ ’ਤੇ ਦਿੱਤਾ ਗਿਆ ਇਹ ਤੋਹਫ਼ਾ ਦੋਵਾਂ ਦੇਸ਼ਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਕਿਉਂਕਿ ਨਫ਼ਰਤਾਂ ਦੇ ਦੌਰ ਵਿੱਚ ਮੁਹੱਬਤ ਨੂੰ ਜ਼ਿੰਦਾ ਰੱਖਣਾ ਹੀ ਸਭ ਤੋਂ ਵੱਡੀ ਇਬਾਦਤ ਹੈ।



Leave a Comment