ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਪੱਛਮ ਵਿੱਚ ਐਨ ਸਾਹਮਣੇ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਰੋਵਰ ਦੀ ਮਿੱਟੀ ਇੱਥੇ ਸੁੱਟਣ ਨਾਲ ਮਿੱਟੀ ਦਾ ਇੱਕ ਕੱਚਾ ਥੜਾ ਬਣ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਰ-ਸੇਵਾ ਅਤੇ ਸਰੋਵਰ ਪੱਕਾ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਆਪਣੇ ਆਰਾਮ ਹਿੱਤ ਇਸ ਜਗ੍ਹਾ ਇੱਕ ਕੋਠੜੀ ਬਣਾਈ ਸੀ, ਜਿਸ ਨੂੰ ਅੱਜ ਕੱਲ ਕੋਠਾ ਸਾਹਿਬ ਕਹਿੰਦੇ ਹਨ। 1604 ਈਸਵੀ ਵਿੱਚ ਇਸ ਜਗ੍ਹਾ ਕੋਠਾ ਸਾਹਿਬ ਬਣਿਆ ਹੋਇਆ ਸੀ ਜਿਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਿਆ ਕਰਦੇ ਸਨ। 1604 ਈਸਵੀ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੇ ਸਤਿਗੁਰਾਂ ਤੋਂ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ-ਆਸਣ ਕਿੱਥੇ ਕੀਤਾ ਜਾਵੇ
ਗ੍ਰਿੰਥ ਰਹੈ ਕਿਤ ਨਿਸ ਮਹੈ।
ਤਾਂ ਉੱਤਰ ਵਿਚ ਸਤਿਗੁਰਾਂ ਕਿਹਾ
ਬਹੁਰੋ ਲੇ ਜਾਵਹੁ ਅਸਵਾਰਾ। ਜਿਸੀ ਕੋਠੜੀ ਰਹਨਿ ਹਮਾਰਾ॥
ਸਤਿਗੁਰਾਂ ਦੇ ਇਸ ਹੁਕਮ ਅਨੁਸਾਰ ਰਾਤ ਦੀ ਸਮਾਪਤੀ ਦੀ ਅਰਦਾਸ ਉਪਰੰਤ
ਬੁਢਾ ਗ੍ਰਿੰਥ ਲੀਨ ਸਿਰ ਧਾਰੀ। ਚਵਰ ਕਰਹਿ ਗੁਰ ਵਾਰੰਵਾਰੀ॥
ਰਹੈਂ ਕੋਠੜੀ ਮਹਿ ਗੁਰ ਸਦਾ। ਗਮਨਹਿ ਸਦਨ ਆਪਨੇ ਕਦਾ॥
ਤਹਾਂ ਨਿਵਾਸ ਗ੍ਰਿੰਥ ਕੌ ਕੀਨੋ। ਸ਼੍ਰੀ ਗੁਰ ਭੂਤਲ ਨਿਕਟ ਅਸੀਨੋ॥

ਇਸ ਕੋਠੜੀ ਸਾਹਿਬ ਵਿੱਚ ਜਿਸ ਨੂੰ ਅੱਜ ਕੱਲ ਕੋਠਾ ਸਾਹਿਬ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਪਲੰਗ ਉੱਪਰ ਬਿਰਾਜਿਆ ਕਰਦੇ ਸਨ। ਉਸ ਦਿਨ ਤੋਂ ਅੱਜ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਣ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਾਤ ਨੂੰ ਇਸੇ ਕੋਠਾ ਸਾਹਿਬ ਦੇ ਅੰਦਰ ਪਲੰਗ ਉੱਪਰ ਬਿਰਾਜਮਾਨ ਕੀਤੀ ਜਾਂਦੀ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੋਠਾ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਥੜਾ ਕੋਠਾ ਸਾਹਿਬ ਦੇ ਖੱਬੇ ਹੱਥ ਨਾਲ ਹੀ ਬਣਵਾਇਆ। ਜਿਸ ਤੇ ਬੈਠ ਕੇ ਆਪ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਛੇਵੇਂ ਸਤਿਗੁਰਾਂ ਦੇ ਸਮੇਂ 1606 ਤੋਂ 1774 ਤੱਕ ਇਹ ਕੇਵਲ ਇੱਕ ਪੱਕਾ ਥੜਾ ਹੀ ਰਿਹਾ। ਅਕਾਲ ਤਖ਼ਤ ਦੀ ਪਹਿਲੀ ਮੰਜ਼ਿਲ 1774 ਈਸਵੀ ਵਿੱਚ ਸਿੱਖ ਮਿਸਲਾਂ ਸਮੇਂ ਤਿਆਰ ਹੋਈ। ਬਾਕੀ ਚਾਰ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈਆਂ। ਉਦੋਂ ਤੋਂ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਦੀ ਨਵੀਂ ਇਮਾਰਤ ਦਾ ਇੱਕ ਹਿੱਸਾ ਬਣ ਗਿਆ। ਰਿਪੋਰਟ ਸ੍ਰੀ ਦਰਬਾਰ ਸਾਹਿਬ ਨਾਮ ਦੀ ਪੁਸਤਕ ਜੋ 1930 ਈਸਵੀ ਵਿੱਚ ਸ੍ਰੀ ਦਰਬਾਰ ਸਾਹਿਬ ਕਮੇਟੀ ਵੱਲੋਂ ਲਿਖਵਾ ਕੇ ਛਪਾਈ ਗਈ ਸੀ ਉਸ ਵਿੱਚ ਕੋਠਾ ਸਾਹਿਬ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਇਹ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੰਦਰ ਹੈ ਤੇ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਚੌਥੀ ਤੇ ਪੰਜਵੀਂ ਪਾਤਸ਼ਾਹੀ ਨੇ ਆਪਣੀ ਹੱਥੀ ਗਾਰ ਸੁੱਟ ਕੇ ਉੱਚਾ ਕੀਤਾ ਸੀ। ਇੱਥੇ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਪ੍ਰਕਾਸ਼ ਹੋਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਕਰਵਾਏ ਜਾਂਦੇ ਹਨ। ਗੁਰੂ ਸਾਹਿਬ ਜੀ ਦੇ ਵੇਲੇ ਵੀ ਇਸੇ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੱਖ ਆਸਣ ਕੀਤਾ ਜਾਂਦਾ ਸੀ। ਮਹਾਰਾਜ ਜੀ ਦੀ ਸਵਾਰੀ ਹਮੇਸ਼ਾ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਖੁੱਲਣ ਤੋਂ ਦੋ ਘੰਟੇ ਪਿੱਛੋਂ ਚੱਲਦੀ ਹੈ। ਗ੍ਰੰਥੀ ਸਿੰਘ ਦੇ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੁੱਜਣ ਤੋਂ ਪਹਿਲਾਂ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਅਭਿਲਾਖਾ ਵਿੱਚ ਚਕੌਰ ਦੀ ਤਰ੍ਹਾਂ ਬਿਰਤੀ ਲਾਈ ਬੈਠੀਆਂ ਹੁੰਦੀਆਂ ਹਨ। ਇਸ ਸਮੇਂ ਅੰਦਰ ਗ੍ਰੰਥੀ ਸਾਹਿਬ ਕੋਠਾ ਸਾਹਿਬ ਪਹੁੰਚਦਾ ਹੈ ਤੇ ਨਗਾਰੇ ਪਰ ਚੋਟ ਵੱਜਦੀ ਹੈ। ਸਮਾਪਤੀ ਤੋਂ ਉਪਰੰਤ ਸਵਾਰੀ ਉਸੇ ਤਰ੍ਹਾਂ ਕੋਠਾ ਸਾਹਿਬ ਪਹੁੰਚਾਈ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਥੜਾ ਠੋਸ ਹੈ। ਜਦਕਿ ਕੋਠਾ ਸਾਹਿਬ ਦੇ ਹੇਠਾਂ ਭੋਰਾ ਹੈ ਕੋਠਾ ਸਾਹਿਬ ਦੇ ਉੱਪਰ ਦੋ ਮੰਜ਼ਲਾਂ ਹੋਰ ਹਨ। ਕੋਠਾ ਸਾਹਿਬ ਦੀ ਛੱਤ ਅਤੇ ਉਸਦੇ ਅਗਲੇ ਹਿੱਸੇ ਦੀ ਛੱਤ ਤੇ ਬੂਹਾਂ ਤੋਂ ਉੱਪਰ ਕੰਧਾਂ ਤੋਂ ਪਹਿਲਾਂ ਸੀਮੈਂਟ ਨਾਲ ਫੁੱਲ ਬੂਟੇ ਬਣਾ ਕੇ ਉਹਨਾਂ ਉੱਪਰ ਵੱਖ-ਵੱਖ ਰੰਗ ਭਰੇ ਹੋਏ ਸਨ। ਉਹਨਾਂ ਵਿੱਚ ਸੁਨਹਿਰੀ ਰੰਗ ਸੋਨਾ ਪੀਸ ਕੇ ਬਣਾਇਆ ਹੋਇਆ ਰੰਗ ਹੈ। ਇਸ ਨੂੰ ਗੱਚ ਦੀ ਮੁਨੱਵਤ ਆਖਦੇ ਹਨ। 1984 ਈਸਵੀ ਦੇ ਚਾਰ ਤੋਂ ਛੇ ਜੂਨ ਨੂੰ ਹੋਏ ਘੱਲੂਘਾਰੇ ਸਮੇਂ ਭਾਰਤੀ ਫੌਜ ਦੇ ਟੈਂਕਾਂ ਦੇ ਗੋਲਿਆਂ ਨਾਲ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਸਾਹਮਣੇਓ ਸਾਰੀਆਂ ਮੰਜ਼ਿਲਾਂ ਤੇ ਗੁੰਬਦ ਦਾ ਭਾਰੀ ਨੁਕਸਾਨ ਹੋਇਆ ਉੱਥੇ ਕੋਠਾ ਸਾਹਿਬ ਵਾਲੇ ਕਮਰੇ ਨੂੰ ਕੋਈ ਆਂਚ ਨਹੀਂ ਆਈ। ਕਾਰਨ ਇਹ ਸੀ ਟੈਂਕ ਸਰੋਵਰ ਦੇ ਉੱਤਰੀ ਅਤੇ ਦੱਖਣੀ ਵਾਹੀ ਵੱਲੋਂ ਦੋਹਾਂ ਤਰਫ਼ੋਂ ਦੀ ਗੋਲਾਬਾਰੀ ਕਰਦੇ ਸਨ। ਦੱਖਣੀ ਵਾਹੀ ਵੱਲੋਂ ਚਲੇ ਗੋਲੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਾਹਮਣੇ ਵੱਜਦੇ ਸਨ ਅਤੇ ਉੱਤਰੀ ਵਾਹੀ ਵੱਲੋਂ ਚੱਲੇ ਗੋਲੇ ਅਕਾਲ ਤਖ਼ਤ ਦੇ ਦਫਤਰ ਅਤੇ ਉਸ ਦੀਆਂ ਉੱਪਰਲੀਆਂ ਮੰਜ਼ਿਲਾਂ ਵਿੱਚ ਲੱਗਦੇ ਸਨ। ਕੋਠਾ ਸਾਹਿਬ ਦੋਹਾਂ ਦੇ ਵਿਚਕਾਰ ਤੇ ਪਿੱਛੇ ਸੀ ਜਿਸ ਕਰਕੇ ਗੋਲੇ ਕੋਠਾ ਸਾਹਿਬ ਦੇ ਸੱਜੇ ਖੱਬੇ ਵੱਜਦੇ ਰਹੇ ਤੇ ਕੋਠਾ ਸਾਹਿਬ ਸਹੀ ਸਲਾਮਤ ਰਿਹਾ। ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸੁਨਹਿਰੀ ਬੰਗਲਾ ਨਗਾਰਾ ਅਤੇ ਉਹ ਲੱਕੜ ਦਾ ਢਾਂਚਾ ਜਿਸ ਉੱਪਰ ਨਗਾਰਾ ਰੱਖਿਆ ਹੋਇਆ ਸੀ ਤੇ ਸ਼ਸਤਰਾਂ ਵਾਲੀ ਲੱਕੜ ਦੀ ਅਲਮਾਰੀ ਸ਼ਬ ਹੀ ਸੜ ਕੇ ਸੁਆਹ ਹੋ ਗਏ ਪਰ ਕੋਠਾ ਸਾਹਿਬ ਵਿੱਚ ਪਏ ਲੱਕੜ ਦੇ ਪਲੰਗ ਨੂੰ ਆਂਚ ਨਹੀਂ ਆਈ।

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਮੇਂ ਦੌਰਾਨ ਆਉਣ ਵਾਲੇ ਹਾਲਾਤਾਂ ਨੂੰ ਸਮਝਦੇ ਹੋਏ ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ 1606 ਈਸਵੀ ਵਿੱਚ ਕੋਠਾ ਸਾਹਿਬ ਵਾਲੇ ਕਮਰੇ ਵਿੱਚ ਆ ਗਏ ਪੰਜ ਪੈਸੇ ਨਾਰੀਅਲ ਅੱਗੇ ਰੱਖ ਕੇ ਪਰਿਕਰਮਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ ਕਿ ਸਾਡੇ ਬਾਅਦ ਇਹ ਸਾਡਾ ਰੂਪ ਗੁਰੂ ਹੋਵੇਗਾ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਕੇਸਰ ਅਤੇ ਚੰਦਨ ਦਾ ਗੁਰਤਾ ਗੱਦੀ ਦਾ ਤਿਲਕ ਕਰ ਦਿੱਤਾ। 1606 ਈਸਵੀ ਨੂੰ ਲਾਹੌਰ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਉਪਰੰਤ ਗੁਰਮਤ ਰਹੁ ਰੀਤ ਅਨੁਸਾਰ ਮਸੰਦ ਸੈਲੀ, ਮਾਲਾ, ਟੋਪੀ ਤੇ ਮੰਜੀ ਲੈ ਆਏ ਤਾਂ ਗੁਰੂ ਜੀ ਨੇ ਬਾਬਾ ਜੀ ਨੂੰ ਇਹ ਕਿਹਾ ਕਿ ਸਾਨੂੰ ਦਸਤਾਰ ਪਹਿਨਾਓ। ਅਸੀਂ ਸ਼ਸਤਰ ਪਹਿਨ ਕੇ ਜੰਗ ਕਰਨੇ ਹਨ। ਸਤਿਗੁਰਾਂ ਦੇ ਹੁਕਮ ਅਨੁਸਾਰ ਇਹਨਾਂ ਵਸਤੂਆਂ ਨੂੰ ਤੌਸ਼ੇਖਾਨੇ ਭੇਜ ਦਿੱਤਾ ਗਿਆ। ਅਰਦਾਸ ਉਪਰੰਤ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੱਗ ਬਣਾਈ ਭਾਵ ਦਸਤਾਰਬੰਦੀ ਦੀ ਰਸਮ ਕੀਤੀ।
ਹਾੜ ਪ੍ਰਿਥਮ ਏਕਮ ਥਿਤ ਮਾਹੀਂ।
ਹਰਿਗੋਬਿੰਦ ਗੁਰੁ ਪਾਗ ਬੰਧਾਹੀਂ।
ਫਿਰ ਮਸੰਦਾਂ, ਮੁਖੀ ਸਿੱਖਾਂ, ਸ਼ਹਿਰ ਦੇ ਪਤਵੰਤਿਆਂ, ਦੇਸ਼ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਨੇ ਗੁਰੂ ਜੀ ਨੂੰ ਦਸਤਾਰਾਂ ਤੇ ਮਾਇਆ ਭੇਟ ਕੀਤੀ। ਕੜਾਹ ਪ੍ਰਸਾਦ ਵਰਤਾਇਆ ਗਿਆ ਤੇ ਸੰਗਤ ਨੇ ਲੰਗਰ ਛਕੇ। ਪਰ ਸਮੇਂ ਦੀ ਲੋੜ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਰਚਨਾ ਚਾਹੁੰਦੇ ਸਨ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਸਲਾਹ ਕਰਕੇ ਹਾੜ ਵਦੀ ਪੰਚਮੀ ਦਾ ਦਿਨ ਮੁਕਰਰ ਕਰਕੇ ਉੱਪਰੋਂ ਥਾਂ ਪੱਧਰਾ ਕਰਨ ਇੱਟਾਂ ਤੇ ਚੂਨਾ ਆਦਿ ਸਮੱਗਰੀ ਤਿਆਰ ਕਰਨ ਦਾ ਹੁਕਮ ਕੀਤਾ। ਨੀਅਤ ਸਮੇਂ ਹਾੜ ਵਦੀ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਕੇ ਮਹਿਲਾਂ ਤੋਂ ਚੱਲ ਕੇ ਬਾਬਾ ਜੀ ਅਤੇ ਭਾਈ ਗੁਰਦਾਸ ਜੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਨਮਸਕਾਰ ਕੀਤੀ ਪਰਿਕਰਮਾ ਕੀਤੀਆਂ ਤੇ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਥਾਂ ਆ ਗਏ। ਅਰਦਾਸ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਸਾਹਿਬ ਦੀ ਪਹਿਲੀ ਇੱਟ ਆਪਣੇ ਪਵਿੱਤਰ ਕਰ ਕਮਲਾਂ ਨਾਲ ਰੱਖੀ
ਸ੍ਰੀ ਹਰਿਮੰਦਰ ਬੰਦਨ ਕਰੇ । ਚਤੁਰ ਪ੍ਰਦੱਛਨ ਕੇ ਹਿਤ ਫਿਰੇ ॥
ਬਹੁਰੋ ਆਇ ਦਰਸ਼ਨੀ ਪੌਰ । ਪਿਖਿ ਅਕਾਲ ਬੁੰਗੇ ਕੀ ਠੋਰ ।
ਆਇਸ ਦਈ ਸੁਥਲ ਸੁਧਰਾਵਹੁ । ਹਿਤ ਬੈਠਨਿ ਕੇ ਚਾਰੁ ਬਨਾਵਹੁ ॥
ਪ੍ਰਥਮ ਆਪਣੇ ਲੇ ਕਰਿ ਹਾਥ । ਧਰੀ ਈਂਟ ਬਲ ਤੇਜ ਕਿ ਸਾਥ ॥
ਹਾੜ ਬਦੀ ਪੰਚਮੀ ਨੂੰ ਪਹਿਲੀ ਇੱਟ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਆਪਣੇ ਹੱਥੀ ਰੱਖਣ ਦੀ ਪੁਸ਼ਟੀ ਗੁਰ ਬਿਆਲ ਪਾਤਸ਼ਾਹੀ ਛੇਵੀਂ ਵੀ ਹੇਠ ਲਿਖੀ ਲਿਖਤ ਤੋਂ ਹੁੰਦੀ ਹੈ ।
ਹਾੜ ਪੰਚਮੀ ਕੋ ਦਿਨ ਜਾਨ। ਸ੍ਰੀ ਗੁਰ ਉਦਮ ਕੀਨ ਮਹਾਨ
ਪ੍ਰਿਥਮ ਨੀਵ ਸ੍ਰੀ ਗੁਰ ਰਖੀ ਅਬਚਲ ਤਖ਼ਤ ਸੁਹਾਇ ॥

ਇਹ ਤਖ਼ਤ ਇੱਕ ਪੱਕੇ ਥੜੇ ਦੇ ਰੂਪ ਵਿੱਚ ਉਸਾਰਿਆ ਗਿਆ ਗੁਰੂ ਜੀ ਦੇ ਪਾਵਨ ਕਰ ਕਮਲਾਂ ਦੁਆਰਾ ਰੱਖੀ ਨੀਂਹ ਦੀ ਪਹਿਲੀ ਇੱਟ ਤੋਂ ਬਾਅਦ ਕਿਸੇ ਰਾਜ ਨੇ ਹੱਥ ਨਹੀਂ ਲਾਇਆ ਸਿਰਫ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਬਣਾਇਆ । ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁੱਖ ਥੋੜਾ ਜਿਹਾ ਉੱਤਰ ਦਿਸ਼ਾ ਵੱਲ ਨੂੰ ਰੱਖਿਆ । ਕੋਠਾ ਸਾਹਿਬ ਦਾ ਰੁੱਖ ਸਿੱਧਾ ਹੀ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਹੈ । ਥੜੇ ਦਾ ਆਕਾਰ 14 ਫੁੱਟ ਲੰਬਾ ਅੱਠ ਫੁੱਟ ਚੌੜਾ ਤੇ ਸੱਤ ਫੁੱਟ ਉੱਚਾ ਹੈ । ਇਸ ਥੜੇ ਦਾ ਨਾਮ ਸਤਿਗੁਰਾਂ ਨੇ ਆਪਣੇ ਮੁੱਖ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਰੱਖਿਆ । ਥੋੜੇ ਹੀ ਦਿਨਾਂ ਦੇ ਵਿੱਚ ਪੱਕਾ ਥੜਾ ਤਿਆਰ ਹੋ ਗਿਆ । ਤਖ਼ਤ ਨਸ਼ੀਨੀ ਦੇ ਤਿਲਕ ਸਮਾਗਮ ਦੀ ਤਾਰੀਖ਼ ਹਾੜ ਸਦੀ ਦਸਵੀਂ ਨਿਤ ਕੇ ਸਤਿਗੁਰਾਂ ਨੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਇਸ ਮੌਕੇ ਤੇ ਹੁਮ ਹੁਮਾ ਕੇ ਪੁੱਜਣ ਹਿੱਤ ਹੁਕਮਨਾਮੇ ਭੇਜ ਦਿੱਤੇ। ਨਾਲ ਹੀ ਲਿਖ ਭੇਜਿਆ ਕਿ ਉਸ ਸਮੇਂ ਸੋਨਾ ਚਾਂਦੀ ਦੇ ਗਹਿਣਿਆਂ ਤੇ ਕੀਮਤੀ ਕੱਪੜਿਆਂ ਦੀ ਥਾਂ ਚੰਗੇ ਸ਼ਸਤਰਾਂ ਤੇ ਘੋੜਿਆਂ ਦੀ ਭੇਟਾਂ ਲੈ ਕੇ ਆਓ। ਹਾੜ ਸੁਦੀ ਨੌਵੀਂ ਦੀ ਸ਼ਾਮ ਤੱਕ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦਾ ਭਾਰੀ ਇਕੱਠ ਅੰਮ੍ਰਿਤਸਰ ਪੁੱਜ ਗਿਆ। 26 ਹਾੜ ਸੁਦੀ ਦਸਵੀਂ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਤਿਗੁਰਾਂ ਦੇ ਬੈਠਣ ਲਈ ਬਾਦਸ਼ਾਹ ਵਰਗਾ ਸ਼ਾਹੀ ਸਿੰਘਾਸਨ ਸਜਾਇਆ ਗਿਆ।
ਦਸਮੀ ਥਿਤ ਉਦਾਰ ਮਹੂਰਤ ਗਾੜ ਕੇ ॥
ਦਸਮੀ ਸੁਦੀ ਅਸਾਢ ਮਝਾਰੀ। ਆਦਿਤ ਵਾਰ ਤੇਜ ਬਲ ਭਾਰੀ ॥

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਮੇਤ ਮਹਿਲਾਂ ਤੋਂ ਚੱਲ ਕੇ ਦਰਸ਼ਨੀ ਡਿਉਢੀ ਮੱਥਾ ਟੇਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਨਮਸਕਾਰ ਕੀਤੀ ਪਰਿਕਰਮਾ ਕਰਕੇ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਪਹੁੰਚ ਕੇ ਸਜੇ ਹੋਏ ਸੁੰਦਰ ਸਿੰਘਾਸਨ ਤੇ ਬੈਠ ਗਏ। ਤਖ਼ਤ ਸਾਹਿਬ ਉੱਪਰ ਸਾਹਮਣੇ ਹੇਠ ਸਿੱਖ ਸੰਗਤਾਂ ਦਾ ਖਚਾ ਖਚ ਦੀਵਾਨ ਭਰਿਆ ਹੋਇਆ ਸੀ। ਸਤਿਗੁਰਾਂ ਨੇ ਬਹੁਤ ਸੁੰਦਰ ਕੀਮਤੀ ਪੀਲੀ ਪੋਸ਼ਾਕ ਪਹਿਨੀ ਹੋਈ ਸੀ। ਸੀਸ ਤੇ ਸੁੰਦਰ ਦਸਤਾਰ ਉੱਪਰ ਕਲਗੀ ਸਜਾਈ ਹੋਈ ਸੀ। ਬਾਹਾਂ ਵਿੱਚ ਅੰਗਦ ਸੋਭ ਰਹੇ ਸਨ। ਜਦ ਕਿ ਪਿੱਠ ਉੱਤੇ ਢਾਲ ਸਜਾਈ ਹੋਈ ਫਬ ਰਹੀ ਸੀ। ਸੰਗਤਾਂ ਚਕੋਰਾਂ ਵਾਂਗ ਗੁਰੂ ਜੀ ਦੇ ਚੰਦਰਮਾ ਵਰਗੇ ਮੁੱਖ ਵੱਲ ਸ਼ਰਧਾ ਤੇ ਭਾਵਨਾ ਨਾਲ ਤੱਕ ਰਹੀਆਂ ਸਨ। ਸਤਿਗੁਰੂ ਨੇ ਹੁਕਮ ਕੀਤਾ ਕਿ ਉਹ ਸ਼ਸਤਰ ਲਿਆਓ ਜੋ ਅਸਾਂ ਬਣਵਾਏ ਹਨ
ਆਨਹੁ ਸ਼ਸਤ੍ਰ ਜੋ ਹਮ ਬਨਵਾਏ ।
ਜਿਨ ਕੈ ਹਾਟਿਕ ਅਧਿਕ ਲਗਾਏ ॥

ਸੇਵਕਾਂ ਨੇ ਸਾਰੇ ਸ਼ਸਤਰ ਸਤਿਗੁਰਾਂ ਦੇ ਅੱਗੇ ਲਿਆ ਰੱਖੇ। ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਦੋਹੀ ਪਾਸੀ ਦੋ ਸ੍ਰੀ ਸਾਹਿਬ ਸਤਿਗੁਰਾਂ ਨੂੰ ਪਹਿਨਾਏ। ਤੀਰਾਂ ਦਾ ਭਰਿਆ ਭੱਥਾ ਲੱਖ ਨਾਲ ਸਜਾਇਆ। ਖੱਬੇ ਹੱਥ ਵਿੱਚ ਭਾਰੀ ਧਨੁੱਖ ਪਕੜਿਆ ਤੇ ਸੱਜੇ ਹੱਥ ਵਿੱਚ ਤੀਰ ਪਕੜ ਕੇ ਘੁਮਾਇਆ। ਗੁਰੂ ਜੀ ਦੇ ਹਜ਼ੂਰੀ ਢਾਡੀ ਅਬਦੁੱਲਾ ਤੇ ਨੱਥਮਲ ਨੇ ਗੁਰੂ ਜੀ ਦੇ ਜਸ ਦੀ ਵਾਰ ਆ ਕੇ ਸੁਣਾਈ। ਇਸ ਉਪਰੰਤ ਬਾਦਸ਼ਾਹਾਂ ਵਾਂਗ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਉੱਪਰ ਤਖ਼ਤ ਨਸ਼ੀਨੀ ਦਾ ਤਿਲਕ ਲਾਇਆ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਆਪਣੇ ਵੱਲੋਂ ਭੇਟਾਂ ਅਰਪੀ, ਫਿਰ ਭਾਈ ਗੁਰਦਾਸ, ਮਸੰਦਾਂ, ਮੁਖੀ ਸਿੱਖਾਂ, ਸ਼ਹਿਰ ਦੇ ਚੌਧਰੀ ਤੇ ਦੇਸ਼ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਨੇ ਆਪੋ ਆਪਣੀਆਂ ਭੇਟਾਂ ਅਰਪੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇਤਿਹਾਸ ਅਨੁਸਾਰ 1774 ਈਸਵੀ ਤੱਕ ਅਕਾਲ ਤਖ਼ਤ ਸਾਹਿਬ ਕੇਵਲ ਇੱਕ ਥੜੇ ਦੇ ਰੂਪ ਦੇ ਵਿੱਚ ਹੀ ਰਿਹਾ। ਗਿਆਨੀ ਗਿਆਨ ਸਿੰਘ ਜੀ ਦੇ ਲਿਖਣ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਮੰਜ਼ਿਲ ਦੀ ਉਸਾਰੀ 1774 ਈਸਵੀ ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਨਿਗਰਾਨੀ ਅੰਦਰ ਕੀਤੀ ਗਈ। ਬਾਕੀ ਉੱਪਰਲੀਆਂ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਈਆਂ ਜਿਨਾਂ ਉੱਪਰ 2 ਲੱਖ 95 ਖਰਚਾ ਆਇਆ । ਅਖੀਰਲਾ ਬੰਗਲਾ ਤੇ ਗੁੰਬਦ ਸਰਦਾਰ ਹਰੀ ਸਿੰਘ ਜੀ ਨਲਵਾ ਨੇ ਬਣਵਾਇਆ ਤੇ ਗੁੰਬਦ ਨੂੰ ਸੁਨਹਿਰੀ ਕਰਵਾਇਆ। ਉਸ ਸਮੇਂ ਇਸ ਪੰਜ ਮੰਜਲੀ ਮਾਰ ਤੋਂ ਉੱਪਰ 3 ਲੱਖ ਰੁਪਏ ਖਰਚ ਹੋਇਆ ਸੀ। ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਾਂਗ ਸੁਨਹਿਰੀ ਕਰਨ ਦੇ ਖਿਆਲ ਨਾਲ ਆਰੰਭ ਵਿੱਚ ਸਰਦਾਰ ਹਰੀ ਸਿੰਘ ਨਲਵਾ ਨੇ 25 ਹਜ਼ਾਰ ਰੁਪਏ ਦਾ ਸੋਨਾ ਅਰਦਾਸ ਕਰਵਾਇਆ ਸੀ। ਪਰ ਛੇਤੀ ਹੀ ਉਹਨਾਂ ਦੀ ਸ਼ਹੀਦੀ ਹੋ ਜਾਣ ਦੇ ਕਾਰਨ ਉਹ ਸਾਰਾ ਸੋਨਾ ਖੁਰਦ ਬੁਰਦ ਹੋ ਗਿਆ। ਛੇਵੇਂ ਸਤਿਗੁਰਾਂ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ ਇੱਕ ਪੱਕੇ ਥੜੇ ਦੇ ਰੂਪ ਵਿੱਚ ਹੀ ਸੁਸ਼ੋਭਿਤ ਰਿਹਾ । ਇਸ ਉੱਪਰ ਬਾਦਸ਼ਾਹਾਂ ਵਾਂਗ ਸਿੰਘਾਸਨ ਸਜਾ ਕੇ ਗੁਰੂ ਜੀ ਦੋ ਤਲਵਾਰਾਂ ਪਹਿਨ ਸੀਸ ਤੇ ਕਲਗੀ ਅਤੇ ਮੋਢੇ ਉੱਪਰ ਧਨੁਸ਼ ਤੇ ਤੀਰਾਂ ਦਾ ਭੱਥਾ ਸਜਾ ਕਮਰ ਕੱਸਾ ਕਰਕੇ ਹੱਥ ਵਿੱਚ ਇੱਕ ਤੀਰ ਪਕੜ ਕੇ ਸਿੰਘਾਸਣ ਉਪਰ ਬੀਰ ਸੁਣ ਬੈਠ ਕੇ ਸੰਗਤਾਂ ਨੂੰ ਦਰਸ਼ਨ ਬਖਸ਼ਦੇ, ਝਗੜੇ ਨਿਬੇੜਦੇ, ਫੈਸਲੇ ਸੁਣਾਉਂਦੇ, ਹੁਕਮਨਾਮੇ ਜਾਰੀ ਕਰਦੇ ਸਨ। ਦੁਖੀਆਂ ਦੀ ਫ਼ਰਿਆਦ ਸੁਣ ਕੇ ਉਹਨਾਂ ਦੇ ਦੁੱਖ ਦੂਰ ਕਰਦੇ, ਦੋਸ਼ੀਆਂ ਨੂੰ ਯੋਗ ਦੰਡ ਦਿੰਦੇ ਤੇ ਹਰ ਇੱਕ ਨਾਲ ਪੂਰਾ ਨਿਆਂ ਕੀਤਾ ਜਾਂਦਾ ਸੀ। ਅਕਾਲ ਤਖ਼ਤ ਸਾਹਿਬ ਵਿਖੇ ਜੋ ਵੀ ਫੈਸਲਾ ਕੀਤਾ ਜਾਂਦਾ ਸਰਬੱਤ ਖਾਲਸੇ ਦੀ ਮੌਜੂਦਗੀ ਦੇ ਵਿੱਚ ਕੀਤਾ ਜਾਂਦਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਦੇ ਨਾਲ ਵੀ ਧੱਕਾ ਨਹੀਂ ਸੀ ਹੋਣ ਦਿੰਦੇ ਤੇ ਹਰ ਇੱਕ ਨੂੰ ਪੂਰਾ ਨਿਆਂ ਦਿੱਤਾ ਜਾਂਦਾ ਸੀ। 1619 ਈਸਵੀ ਵਿੱਚ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਹਰ ਵਾਰ ਇੱਕ ਖੂਹ ਲਗਵਾਇਆ ਜਿਸ ਦਾ ਨਾਮ ਅਕਾਲ ਸਰ ਰੱਖਿਆ। ਇਸੇ ਖੂਹ ਦੇ ਜਲ ਨਾਲ ਤੱਕ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਰਿਹਾ ਹੈ। ਸਤਿਗੁਰਾਂ ਦੇ ਬੈਠਣ ਵਾਲੀ ਅਸਲ ਜਗਹਾ ਉਹ ਹੈ ਜਿੱਥੇ ਸੁਨਹਿਰੀ ਬੰਗਲੇ ਵਿੱਚ ਇਤਿਹਾਸਿਕ ਸ਼ਸਤਰ ਸਜਾਏ ਜਾਂਦੇ ਹਨ ਇਹ ਬੰਗਲਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਤੇ ਸੁਨਹਿਰੀ ਕਰਵਾਇਆ ਸੀ ਇਸ ਦੇ ਨੇੜੇ ਹੀ ਅੰਦਰ ਵਾਰ ਥੜੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਹੇਠਾਂ ਦੱਖਣ ਦਿਸ਼ਾ ਵੱਲ ਇੱਕ ਇਮਲੀ ਦਾ ਦਰਖ਼ਤ ਸੀ। ਜਿਸ ਨਾਲ ਬੰਨ ਕੇ ਕੋਰੜੇ ਮਾਰਨ ਦੀ ਸਜ਼ਾ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਲਾਈ ਸੀ। ਉਸ ਇਮਲੀ ਦੇ ਹੇਠ ਸੰਗਮਰਮਰੀ ਫੌਜ ਵਿੱਚ ਇੱਕ ਫੁਆਰਾ ਲੱਗਾ ਹੁੰਦਾ ਸੀ ਜਿਸ ਵਿੱਚ ਅਕਾਲ ਸਰ ਖੂਹ ਦਾ ਪਾਣੀ ਪੈਂਦਾ ਸੀ। ਇਹ ਫੁਹਾਰਾ ਪੇਚਦਾਰ ਬਣਿਆ ਹੋਇਆ ਸੀ ਗੁਰਪੁਰਬਾਂ ਦੇ ਦਿਨਾਂ ਵਿੱਚ ਫੁਆਰੇ ਵਿੱਚ ਗੁਲਾਬ ਆਦਕਾਂ ਦਾ ਅਰਕ ਪਾ ਕੇ ਫਰਸ਼ ਨੂੰ ਸੁਗੰਧਿਤ ਕੀਤਾ ਜਾਂਦਾ ਸੀ। ਪਰ ਅੱਜ ਕੱਲ ਕਾਫੀ ਸਮੇਂ ਤੋਂ ਨਹੀਂ ਹੈ। 1984 ਈਸਵੀ ਜੂਨ ਦੇ ਨੀਲਾ ਤਾਰਾ ਘੱਲੂਘਾਰੇ ਸਮੇਂ ਟੈਂਕਾਂ ਦੇ ਗੋਲੀਆਂ ਦੇ ਵੱਜਣ ਨਾਲ ਤੇ ਗੈਸਾਂ ਆਦਿ ਦੇ ਸੇਕ ਨਾਲ ਇਮਲੀ ਦਾ ਦਰਖ਼ਤ ਸੁੱਕ ਗਿਆ । ਜਿਸ ਨੂੰ ਬਾਅਦ ਵਿੱਚ ਉਖਾੜ ਦਿੱਤਾ ਗਿਆ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਨੇ ਰਾਇ ਦਿੱਤੀ ਸੀ ਕਿ ਇਹ ਹੁਣ ਇਹ ਦਰਖਤ ਹਰਾ ਨਹੀਂ ਹੋ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੋਰੇ ਸਮੇਤ ਪੰਜ ਮੰਜਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਕੰਮਲ ਹੋਈ ਅੰਗਰੇਜ਼ੀ ਰਾਜ ਸਮੇਂ ਇਹ ਆਪਣੇ ਸਹੀ ਰੂਪ ਵਿੱਚ ਕਾਇਮ ਰਹੀ। ਪੰਥਕ ਪ੍ਰਬੰਧਕ ਆ ਜਾਣ ਤੇ ਇਸ ਦੀ ਯੋਗ ਮੁਰੰਮਤ ਤੋਂ ਇਲਾਵਾ ਕੁਝ ਥਾਵਾਂ ਤੇ ਨਕਾਸ਼ੀ ਮੁਹਾਰਾਕਸ਼ੀ ਗੱਜ ਦੀ ਮੁਨੱਵਤ ਟੁਕੜੀ ਤੇ ਲਾਏ ਦੀ ਮੁਨਵਤ ਆਦੀ ਸੁੰਦਰ ਕਲਾ ਦੀ ਕੀਮਤੀ ਕੰਮ ਵੀ ਕਰਾਇਆ ਗਿਆ ਸੀ ।
ਚਾਰ ਤੋਂ ਛੇ ਜੂਨ 1984 ਈਸਵੀ ਦੇ ਘੱਲੂਘਾਰੇ ਸਮੇਂ ਭਾਰਤੀ ਫੌਜ ਦੇ ਟੈਂਕਾਂ ਦੇ ਗੋਲਿਆਂ ਵੱਜਣ ਨਾਲ ਗੁੰਬਦ ਵਿੱਚ ਦੋ ਵੱਡੇ ਮਘੋਰੇ ਹੋ ਗਏ ਵੱਡੇ ਗੁੰਬਦ ਦੇ ਇੱਕ ਨੁੱਕਰ ਤੇ ਬਣੀ ਸੁਨਹਿਰੀ ਗੁੰਬਦ ਵਾਲੀ ਬੁਰਜੀ ਉਡ ਗਈ। ਤਿੰਨ ਮੰਜ਼ਿਲਾਂ ਦੇ ਅਗਲੇ ਹਿੱਸੇ ਦਾ ਭਾਰੀ ਨੁਕਸਾਨ ਹੋਇਆ ਤਖ਼ਤ ਸਾਹਿਬ ਉੱਪਰਲਾ ਸ਼ਸਤਰਾਂ ਵਾਲਾ ਸੁਨਹਿਰੀ ਬੰਗਲਾ ਵੀ ਉੱਡ ਗਿਆ। ਸਾਹਮਣੇ ਵਾਲੇ ਸੰਗ ਮਰਮਰੀ ਥੰਮ ਡਿੱਗ ਪਏ ਉੱਪਰਲੀਆਂ ਦੋਹਾਂ ਮੰਜ਼ਲਾਂ ਦੀਆਂ ਬਾਰੀਆਂ ਟੁੱਟ ਭੱਜ ਗਈਆਂ। ਭਾਵ ਇਹ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਬਹੁਤ ਭਾਰੀ ਨੁਕਸਾਨ ਹੋਇਆ। ਬਾਅਦ ਵਿੱਚ ਕੇਂਦਰੀ ਸਰਕਾਰ ਨੇ ਆਪਣੇ ਰਾਜ ਮਜ਼ਦੂਰ ਲਾ ਕੇ ਡਿਗੇ ਢੱਠੇ ਹਿੱਸੇ ਦੀ ਮੁਰੰਮਤ ਕਰਵਾਈ ਪਰ ਪੰਥ ਹਲਕਿਆਂ ਨੇ ਉਸ ਨੂੰ ਪ੍ਰਵਾਨ ਨਾ ਕੀਤਾ। ਪੰਜ ਸਿੰਘ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਪੰਥਕ ਫੈਸਲੇ ਅਨੁਸਾਰ ਪੁਰਾਣੀ ਇਮਾਰਤ ਢਾਹ ਕੇ ਨਵੀਂ ਇਮਾਰਤ ਉਸਾਰਨ ਦਾ ਫੈਸਲਾ ਕੀਤਾ ਗਿਆ। ਭੋਰੇ ਸਮੇਤ ਸਾਰੀ ਇਮਾਰਤ ਢਾ ਦਿੱਤੀ ਗਈ ਕਾਰ ਸੇਵਾ ਵਾਲੇ ਪੰਜ ਸੰਤਾਂ ਨੂੰ ਇਹ ਸੇਵਾ ਸੌਂਪੀ ਗਈ। ਅਸਲ ਥੜਾ ਜਿਸ ਦੀ ਪਹਿਲੀ ਇੱਟ ਅਰਦਾਸ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ ਸੀ ਤੇ ਕਿਸੇ ਰਾਜ ਨੇ ਹੱਥ ਨਹੀਂ ਸੀ ਲਾਇਆ ਸਿਰਫ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਬਣਾਇਆ ਸੀ ਤੇ ਜਿਸ ਇਤਿਹਾਸਕ ਥੜੀ ਦਾ ਨਾਮ ਸਤਿਗੁਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਰੱਖਿਆ ਸੀ ਇਹ ਥੜਾ ਨੀਹਾਂ ਤੋਂ ਉੱਪਰ ਤੱਕ ਠੋਸ ਤੇ ਬੜਾ ਹੀ ਪੁਖ਼ਤਾ ਸੀ। ਇਸ ਨੂੰ ਵੀ ਢਾਉਣ ਲੱਗੇ ਸਨ ਪੰਜ ਸਿੰਘ ਸਾਹਿਬਾਨ ਤੇ ਹੋਰ ਪੰਥ ਮੁਖੀਆਂ ਦੇ ਜ਼ੋਰ ਦੇਣ ਤੇ ਇਹ ਥੋੜਾ ਗੁਰੂ ਜੀ ਦੇ ਹੱਥਾਂ ਦੀ ਅਮਰ ਯਾਦਗਾਰ ਹੈ ਇਸ ਨੂੰ ਕਾਇਮ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਇਹ ਇਤਿਹਾਸਿਕ ਥੋੜਾ ਬਚਾ ਲਿਆ ਗਿਆ। ਨਵੀਂ ਇਮਾਰਤ ਪਹਿਲੀ ਇਮਾਰਤ ਨਾਲੋਂ ਵਧਾ ਦਿੱਤੀ ਗਈ ਹੈ। ਪਹਿਲੀ ਇਮਾਰਤ ਸਾਹਮਣੇ ਉਹ ਕੂੰਜਾ ਫੁੱਟ ਤੇ ਇੰਚ ਸੀ ਪਰ ਹੁਣ 77 ਫੁੱਟ ਕਰ ਦਿੱਤੀ ਗਈ ਹੈ। ਚੌੜਾਈ 41 ਫੁੱਟ ਇੰਚ ਸੀ ਜੋ ਹੁਣ 44 ਫੁੱਟ ਕਰ ਦਿੱਤੀ ਗਈ ਹੈ। ਬਾਕੀ ਉਸਾਰੀ ਪਰਿਕਰਮਾ ਦੇ ਫਰਸ਼ ਤੋਂ ਸੁਨਹਿਰੀ ਗੁੰਬਦ ਦੇ ਉੱਪਰਲੇ ਹਿੱਸੇ ਤੱਕ 85 ਫੁੱਟ 3 ਇੰਚ ਉਚਾਈ ਵਿੱਚ ਹੈ ਭੋਰੇ ਸਮੇਤ ਸਾਰੀਆਂ ਮੰਜ਼ਿਲਾਂ ਦੀਆਂ ਛੱਤਾਂ ਪਹਿਲਾਂ ਨਾਲੋਂ ਉੱਚੀਆਂ ਹੋ ਗਈਆਂ ਹਨ ਕੋਠਾ ਸਾਹਿਬ ਸਮੇਤ ਕਮਰਿਆਂ ਦੇ ਆਕਾਰ ਵੀ ਵੱਧ ਗਏ ਹਨ ਪੌੜੀਆਂ ਅੱਗੇ ਅੰਦਰ ਵਾਰੋਂ ਇੱਕ ਪਾਸਿਓਂ ਚੜਦੀਆਂ ਸਨ ਹੁਣ ਦੋ ਪਾਸਿਓਂ ਤੋਂ ਪੌੜੀਆਂ ਚੜਾ ਦਿੱਤੀਆਂ ਗਈਆਂ ਹਨ। ਅਕਾਲ ਸਰ ਖੂਹ ਪਹਿਲਾਂ ਇਮਾਰਤ ਦੇ ਬਾਹਰ ਵਾਰ ਸੀ ਹੁਣ ਅੰਦਰ ਵਾਰ ਕਰ ਦਿੱਤਾ ਗਿਆ ਹੈ ਗੁੰਬਦ ਉੱਪਰ ਸੋਨਾ ਚੜਾ ਦਿੱਤਾ ਗਿਆ ਹੈ। ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦਾ ਸਰਵੋੱਚ ਧਾਰਮਿਕ ਅਤੇ ਸੰਸਾਰਕ (ਮੀਰੀ) ਅਧਿਕਾਰ ਦਾ ਕੇਂਦਰ ਹੈ। ਅਕਾਲ ਤਖ਼ਤ ਸਾਹਿਬ ਸਿੱਖ ਧਰਮ ਵਿੱਚ ਨਿਆਂ, ਆਜ਼ਾਦੀ, ਸੱਚ, ਸਵੈ-ਮਾਣ ਅਤੇ ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹਨ ਦੀ ਪ੍ਰੇਰਣਾ ਦਾ ਪ੍ਰਤੀਕ ਹੈ।

ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਮੁੱਖ ਉਦੇਸ਼ ਸਿੱਖਾਂ ਨੂੰ ਇਹ ਸੰਦੇਸ਼ ਦੇਣਾ ਸੀ ਕਿ ਉਹ ਆਧਿਆਤਮਿਕਤਾ (ਪੀਰੀ) ਦੇ ਨਾਲ-ਨਾਲ ਸੰਸਾਰਕ ਜ਼ਿੰਮੇਵਾਰੀਆਂ (ਮੀਰੀ) ਵੀ ਨਿਭਾਉਣ। ਇੱਥੋਂ ਹੀ ਸਿੱਖ ਪੰਥ ਨਾਲ ਸੰਬੰਧਿਤ ਮਹੱਤਵਪੂਰਨ ਫ਼ੈਸਲੇ, ਗੁਰਮਤੇ ਅਤੇ ਪੰਥਕ ਹੁਕਮ ਜਾਰੀ ਕੀਤੇ ਜਾਂਦੇ ਹਨ। ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਏਕਤਾ, ਸਵੈ-ਸਨਮਾਨ ਅਤੇ ਨਿਆਂ ਦਾ ਕੇਂਦਰ ਹੈ। ਇਤਿਹਾਸ ਵਿੱਚ ਜਦੋਂ ਵੀ ਸਿੱਖ ਕੌਮ ਉੱਤੇ ਕੋਈ ਸੰਕਟ ਆਇਆ, ਅਕਾਲ ਤਖ਼ਤ ਸਾਹਿਬ ਨੇ ਪੰਥ ਨੂੰ ਦਿਸ਼ਾ ਅਤੇ ਅਗਵਾਈ ਪ੍ਰਦਾਨ ਕੀਤੀ। ਇਹ ਸਿੱਖਾਂ ਨੂੰ ਧਰਮ ਦੀ ਰੱਖਿਆ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਅਨਿਆਂ ਦੇ ਵਿਰੁੱਧ ਡਟਣ ਦੀ ਪ੍ਰੇਰਣਾ ਦਿੰਦਾ ਹੈ। ਅਕਾਲ ਤਖ਼ਤ ਸਾਹਿਬ ਕੇਵਲ ਇੱਕ ਇਮਾਰਤ ਨਹੀਂ, ਸਗੋਂ ਸਿੱਖ ਪੰਥ ਦੀ ਮਰਯਾਦਾ, ਸਰਬੱਤ ਦੇ ਭਲੇ, ਸਮਾਨਤਾ, ਨਿਆਂ ਅਤੇ ਚੜ੍ਹਦੀ ਕਲਾ ਦਾ ਜੀਵੰਤ ਪ੍ਰਤੀਕ ਹੈ। ਇਸ ਲਈ ਹਰ ਸਿੱਖ ਲਈ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਨਾ ਅਤੇ ਇਸ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨਾ ਬਹੁਤ ਮਹੱਤਵਪੂਰਨ ਹੈ।



Leave a Comment