SportsPro ਦੀ 2026 ਦੀ ਸਭ ਤੋਂ ਵੱਧ ਮਾਰਕੀਟੇਬਲ 50 ਖਿਡਾਰੀਆਂ ਦੀ ਸੂਚੀ ਵਿੱਚ ਗਿੱਲ 13ਵੇਂ ਸਥਾਨ ’ਤੇ; ਰੋਨਾਲਡੋ 14ਵੇਂ ਅਤੇ ਮੇਸੀ 27ਵੇਂ ਨੰਬਰ ’ਤੇ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਕੌਮਾਂਤਰੀ ਖੇਡ ਜਗਤ ਵਿੱਚ ਆਪਣੀ ਵਧਦੀ ਪਛਾਣ ਦਾ ਸਬੂਤ ਦਿੱਤਾ ਹੈ। ਯੂਕੇ ਦੀ ਪ੍ਰਸਿੱਧ ਸਪੋਰਟਸ ਮੀਡੀਆ ਕੰਪਨੀ ‘SportsPro’ ਵੱਲੋਂ ਜਾਰੀ ਸਾਲ 2026 ਦੇ ਦੁਨੀਆ ਦੇ 50 ਸਭ ਤੋਂ ਵੱਧ ਮਾਰਕੀਟੇਬਲ ਐਥਲੀਟਾਂ ਦੀ ਸੂਚੀ ਵਿੱਚ ਗਿੱਲ ਨੇ 13ਵਾਂ ਸਥਾਨ ਹਾਸਲ ਕੀਤਾ ਹੈ। ਇਸ ਰੈਂਕਿੰਗ ਵਿੱਚ ਉਨ੍ਹਾਂ ਨੇ ਫੁੱਟਬਾਲ ਦੇ ਦਿੱਗਜ ਖਿਡਾਰੀਆਂ ਕ੍ਰਿਸਟੀਆਨੋ ਰੋਨਾਲਡੋ, ਲਿਓਨਲ ਮੈਸੀ ਅਤੇ ਕਾਇਲਿਅਨ ਐਮਬਾਪੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਗਿੱਲ ਇਸ ਸੂਚੀ ਵਿੱਚ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਤੋਂ ਇੱਕ ਸਥਾਨ ਉੱਪਰ ਹਨ। ਰੋਨਾਲਡੋ ਨੂੰ 14ਵਾਂ, ਅਰਜਨਟੀਨਾ ਦੇ ਲਿਓਨਲ ਮੇਸੀ ਨੂੰ 27ਵਾਂ ਅਤੇ ਫਰਾਂਸ ਦੇ ਕਾਇਲਿਅਨ ਐਮਬਾਪੇ ਨੂੰ 19ਵਾਂ ਸਥਾਨ ਮਿਲਿਆ ਹੈ।
ਖਿਡਾਰੀਆਂ ਦੀ ਰੈਂਕਿੰਗ:
- ਸ਼ੁਭਮਨ ਗਿੱਲ – 13ਵਾਂ ਸਥਾਨ
- ਕ੍ਰਿਸਟੀਆਨੋ ਰੋਨਾਲਡੋ – 14ਵਾਂ ਸਥਾਨ
- ਕਾਇਲਿਅਨ ਐਮਬਾਪੇ – 19ਵਾਂ ਸਥਾਨ
- ਲਿਓਨਲ ਮੈਸੀ – 27ਵਾਂ ਸਥਾਨ
- ਐਮ.ਐਸ. ਧੋਨੀ – 83ਵਾਂ ਸਥਾਨ
- ਵਿਰਾਟ ਕੋਹਲੀ – 85ਵਾਂ ਸਥਾਨ
- ਰੋਹਿਤ ਸ਼ਰਮਾ – 90ਵਾਂ ਸਥਾਨ
ਇਸ ਸੂਚੀ ਵਿੱਚ ਟੈਨਿਸ ਖਿਡਾਰਨ ਆਰੀਨਾ ਸਬਾਲੇਂਕਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਫ੍ਰੀਸਟਾਈਲ ਸਕੀਅਰ ਈਲੀਨ ਗੂ ਦੂਜੇ, ਬਾਸਕਟਬਾਲ ਖਿਡਾਰੀ ਗਿਆਨਿਸ ਐਂਟੇਟੋਕੂਨਮਪੋ ਤੀਜੇ ਸਥਾਨ ਅਤੇ ਨਾਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਚੌਥੇ ਸਥਾਨ ’ਤੇ ਹਨ।
ਵਿਰਾਟ ਕੋਹਲੀ ਅਤੇ ਧੋਨੀ ਦੀ ਰੈਂਕਿੰਗ ਵੀ ਚਰਚਾ ਵਿੱਚ
ਇਸ ਰੈਂਕਿੰਗ ਨੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦਾ ਧਿਆਨ ਇਸ ਕਰਕੇ ਵੀ ਖਿੱਚਿਆ ਹੈ ਕਿਉਂਕਿ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਚੋਟੀ ਦੇ 50 ਖਿਡਾਰੀਆਂ ਵਿੱਚ ਜਗ੍ਹਾ ਨਹੀਂ ਮਿਲੀ। ਕੋਹਲੀ 85ਵੇਂ ਸਥਾਨ ’ਤੇ ਹਨ, ਜਦਕਿ ਰੋਹਿਤ ਸ਼ਰਮਾ 90ਵੇਂ ਅਤੇ ਮਹਿੰਦਰ ਸਿੰਘ ਧੋਨੀ 83ਵੇਂ ਸਥਾਨ ’ਤੇ ਹਨ। ਇਸ ਤਰ੍ਹਾਂ ਗਿੱਲ ਇਸ ਰੈਂਕਿੰਗ ਵਿੱਚ ਸਭ ਤੋਂ ਉੱਪਰ ਰਹਿਣ ਵਾਲੇ ਭਾਰਤੀ ਕ੍ਰਿਕਟਰ ਬਣੇ ਹਨ।
ਕਿਹੜੇ ਮਾਪਦੰਡਾਂ ’ਤੇ ਤੈਅ ਹੁੰਦੀ ਹੈ ਰੈਂਕਿੰਗ?
SportsPro ਵੱਲੋਂ ਖਿਡਾਰੀਆਂ ਦੀ ਮਾਰਕੀਟੇਬਿਲਟੀ ਦਾ ਮੁਲਾਂਕਣ ਤਿੰਨ ਮੁੱਖ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਬ੍ਰਾਂਡ ਇਕੁਇਟੀ (Brand Equity), ਮੋਮੈਂਟਮ (Momentum) ਅਤੇ ਕਮਰਸ਼ੀਅਲ ਟ੍ਰੈਜੈਕਟਰੀ (Commercial Trajectory) ਸ਼ਾਮਲ ਹਨ।
ਬ੍ਰਾਂਡ ਇਕੁਇਟੀ ਨੂੰ ਕੁੱਲ ਸਕੋਰ ਵਿੱਚ 45 ਫ਼ੀਸਦੀ ਮਹੱਤਵ ਦਿੱਤਾ ਜਾਂਦਾ ਹੈ। ਇਸ ਰਾਹੀਂ ਖਿਡਾਰੀ ਦੇ ਬ੍ਰਾਂਡ ਦੀ ਮਜ਼ਬੂਤੀ ਅਤੇ ਲੋਕਾਂ ਵਿੱਚ ਉਸ ਦੀ ਪਛਾਣ ਨੂੰ ਪਰਖਿਆ ਜਾਂਦਾ ਹੈ। ਮੋਮੈਂਟਮ ਦਾ ਹਿੱਸਾ 40 ਫ਼ੀਸਦੀ ਹੈ, ਜੋ ਖਿਡਾਰੀ ਦੀ ਮਾਰਕੀਟ ਵਿੱਚ ਵਧਦੀ ਪਹੁੰਚ ਅਤੇ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਟ੍ਰੈਜੈਕਟਰੀ ਨੂੰ 15 ਫ਼ੀਸਦੀ ਭਾਰ ਦਿੱਤਾ ਜਾਂਦਾ ਹੈ, ਜਿਸ ਵਿੱਚ ਖਿਡਾਰੀ ਦੀ ਭਵਿੱਖੀ ਵਪਾਰਕ ਸੰਭਾਵਨਾ ਦਾ ਮੁਲਾਂਕਣ ਹੁੰਦਾ ਹੈ।
ਸਾਲ 2026 ਦੀ ਇਸ ਰੈਂਕਿੰਗ ਲਈ 70 ਖੇਡਾਂ ਨਾਲ ਸਬੰਧਤ 1,202 ਖਿਡਾਰੀਆਂ ਦਾ ਅਧਿਐਨ ਕੀਤਾ ਗਿਆ। ਇਸ ਦੌਰਾਨ ਖਿਡਾਰੀਆਂ ਦੀ ਦਰਸ਼ਕਾਂ ਤੱਕ ਪਹੁੰਚ, ਇੰਟਰਨੈੱਟ ’ਤੇ ਉਨ੍ਹਾਂ ਬਾਰੇ ਕੀਤੀ ਜਾਣ ਵਾਲੀ ਖੋਜ, ਮੀਡੀਆ ਵਿੱਚ ਉਨ੍ਹਾਂ ਪ੍ਰਤੀ ਰੁਖ਼ ਅਤੇ ਵਪਾਰਕ ਸਾਂਝੇਦਾਰੀਆਂ ਵਰਗੇ ਪੱਖਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ।
ਗਿੱਲ ਦੀ ਵਧਦੀ ਬ੍ਰਾਂਡ ਵੈਲਿਊ ਦੇ ਕਾਰਨ
ਸ਼ੁਭਮਨ ਗਿੱਲ ਦੀ ਇਸ ਰੈਂਕਿੰਗ ਪਿੱਛੇ ਉਨ੍ਹਾਂ ਦੀ ਘੱਟ ਉਮਰ, ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਅਤੇ ਭਵਿੱਖ ਵਿੱਚ ਵੱਡਾ ਖਿਡਾਰੀ ਬਣੇ ਰਹਿਣ ਦੀ ਸੰਭਾਵਨਾ ਅਹਿਮ ਕਾਰਕ ਮੰਨੇ ਜਾ ਸਕਦੇ ਹਨ। 27 ਸਾਲਾ ਗਿੱਲ ਕੋਲ ਅਜੇ ਲੰਮਾ ਕ੍ਰਿਕਟ ਕਰੀਅਰ ਹੈ। ਇਸ ਕਾਰਨ ਵੱਡੇ ਬ੍ਰਾਂਡ ਉਨ੍ਹਾਂ ਨੂੰ ਲੰਬੇ ਸਮੇਂ ਦੀ ਵਪਾਰਕ ਸਾਂਝੇਦਾਰੀ ਲਈ ਇੱਕ ਸੰਭਾਵੀ ਚਿਹਰੇ ਵਜੋਂ ਦੇਖ ਸਕਦੇ ਹਨ।
ਇਸ ਤੋਂ ਇਲਾਵਾ ਮੈਦਾਨ ’ਤੇ ਉਨ੍ਹਾਂ ਦਾ ਪ੍ਰਦਰਸ਼ਨ, ਕਪਤਾਨ ਵਜੋਂ ਵਧਦੀ ਜ਼ਿੰਮੇਵਾਰੀ ਅਤੇ ਬ੍ਰਾਂਡਾਂ ਨਾਲ ਸਾਂਝੇਦਾਰੀਆਂ ਵੀ ਉਨ੍ਹਾਂ ਦੀ ਵਪਾਰਕ ਪਛਾਣ ਨੂੰ ਮਜ਼ਬੂਤ ਕਰ ਰਹੀਆਂ ਹਨ। ਵਿਵਾਦਾਂ ਤੋਂ ਦੂਰ ਰਹਿਣ ਵਾਲਾ ਅਕਸ ਵੀ ਕਿਸੇ ਖਿਡਾਰੀ ਨੂੰ ਬ੍ਰਾਂਡਾਂ ਲਈ ਆਕਰਸ਼ਕ ਬਣਾ ਸਕਦਾ ਹੈ।
ਗਿੱਲ ਦੀ ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਕ੍ਰਿਕਟ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਉਨ੍ਹਾਂ ਦੀ ਵਪਾਰਕ ਪਛਾਣ ਵੀ ਤੇਜ਼ੀ ਨਾਲ ਵਧ ਰਹੀ ਹੈ। ਰੋਨਾਲਡੋ, ਮੇਸੀ ਅਤੇ ਕੋਹਲੀ ਵਰਗੇ ਖੇਡ ਜਗਤ ਦੇ ਵੱਡੇ ਨਾਵਾਂ ਤੋਂ ਅੱਗੇ ਰਹਿਣਾ ਉਨ੍ਹਾਂ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ।



Leave a Comment